ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਨਾਲ ਦੋਸਤੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਏਗੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜੇ ਸਿਰਫ਼ ਸਰਹੱਦ ਦੀ ਸੁਰੱਖਿਆ ਦੀ ਗੱਲ ਹੁੰਦੀ ਤਾਂ ਬੀ.ਐਸ.ਐਫ਼ ਜੈਮਰ ਲਾ ਕੇ ਡਰੋਨ ਨੂੰ ਰੋਕ ਸਕਦੀ ਹੈ ਜਾਂ ਡਰੋਨ ਰੋਕਣ ਦਾ ਸਿਸਟਮ ਖ਼ਰੀਦ ਸਕਦੀ ਹੈ।

Captain Amarinder, Amit Shah

 

ਕੇਂਦਰ ਸਰਕਾਰ ਪੰਜਾਬ ਵਿਚ ਸ਼ਾਂਤੀ ਬਰਕਰਾਰ ਰਖਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਸਰਹੱਦਾਂ ਨੂੰ ਸੁਰੱਖਿਅਤ ਕਰਨ ਵਾਸਤੇ ਪੰਜਾਬ ਵਿਚ ਬੀ.ਐਸ.ਐਫ਼ ਦਾ ਕਾਰਜ-ਖੇਤਰ ਵਧਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਇੰਨੇ ਚਿੰਤਿਤ ਹਨ ਕਿ ਉਹ 81 ਸਾਲ ਦੀ ਉਮਰ ਵਿਚ ਇਕ ਨਵੀਂ ਪਾਰਟੀ ਬਣਾ ਕੇ, ਭਾਜਪਾ ਤੇ ਅਕਾਲੀ ਦਲ (ਢੀਂਡਸਾ) ਨਾਲ ਹੱਥ ਮਿਲਾਉਣ ਲਈ ਤਿਆਰ ਹਨ ਤਾਕਿ ਪੰਜਾਬ ਵਿਚ ਮੁੜ ਤੋਂ ਅਤਿਵਾਦ ਨਾ ਆ ਜਾਵੇ। ਇਸ ਪਿਛੇ ਉਨ੍ਹਾਂ ਵਲੋਂ ਕਾਰਨ ਇਹ ਦਸਿਆ ਗਿਆ ਹੈ ਕਿ ਪੰਜਾਬ ਵਿਚ ਖ਼ਾਲਿਸਤਾਨ ਤੇ ਆਈ.ਐਸ.ਆਈ. ਦੇ ਸਲੀਪਰ ਸੈੱਲ ਹਨ ਤੇ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ’ਤੇ ਐਨ.ਐਸ.ਏ. ਦੇ ਮੁਖੀ ਅਜੀਤ ਡੋਭਾਲ ਤੇ ਗ੍ਰਹਿ ਮੰਤਰੀ ਨੂੰ ਮੁੜ ਤੋਂ ਸੁਚੇਤ ਕਰਨ ਜਾ ਰਹੇ ਹਨ।

ਇਸ ਤੋਂ ਇਹ ਵੀ ਸਾਫ਼ ਹੋ ਗਿਆ ਹੈ ਕਿ ਬੀ.ਐਸ.ਐਫ਼ ਦਾ ਕਾਰਜ-ਖੇਤਰ ਵਧਾਉਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਸਹਿਮਤੀ ਪਹਿਲਾਂ ਹੀ ਦੇ ਦਿਤੀ ਹੋਵੇਗੀ ਕਿਉਂਕਿ ਅੱਜ ਉਹ ਆਪ ਕਹਿ ਰਹੇ ਹਨ ਕਿ ਪੰਜਾਬ ਵਿਚ ਸਥਿਤੀ ਗੰਭੀਰ ਹੈ ਤੇ ਕੇਂਦਰ ਦਾ ਕਦਮ ਸਹੀ ਹੈ। ਜੇ ਸਿਰਫ਼ ਸਰਹੱਦ ਦੀ ਸੁਰੱਖਿਆ ਦੀ ਗੱਲ ਹੁੰਦੀ ਤਾਂ ਬੀ.ਐਸ.ਐਫ਼ ਜੈਮਰ ਲਾ ਕੇ ਡਰੋਨ ਨੂੰ ਰੋਕ ਸਕਦੀ ਹੈ ਜਾਂ ਡਰੋਨ ਰੋਕਣ ਦਾ ਸਿਸਟਮ ਖ਼ਰੀਦ ਸਕਦੀ ਹੈ।

ਉਹ ਵਿਰੋਧੀਆਂ ’ਤੇ ਨਜ਼ਰ ਰੱਖਣ ਵਾਲੇ ਪੈਗਾਸਸ ਤੋਂ ਸਸਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੀ ਨਵੀਂ ਸਰਕਾਰ ’ਤੇ ਭਰੋਸਾ ਨਹੀਂ ਤੇ ਉਹ ਸਮਝਦੇ ਹਨ ਕਿ ਉਨ੍ਹਾਂ ਤੋਂ ਬਿਹਤਰ ਪੰਜਾਬ ਦੀ ਰਾਖੀ ਹੋਰ ਕੋਈ ਨਹੀਂ ਕਰ ਸਕਦਾ ਤੇ ਇਸ ਕਾਰਨ ਉਹ ਸਿਆਸਤ ਵਿਚ ਟਿਕੇ ਰਹਿਣ ਵਾਸਤੇ ਸੱਭ ਨਾਲ ਸਮਝੌਤਾ ਕਰਨ ਵਾਸਤੇ ਤਿਆਰ ਹਨ। ਇਹ ਵੀ ਹੋ ਸਕਦਾ ਹੈ ਕਿ ਇਸ ਵਾਰ ਪੰਜਾਬ ਵਿਚ ਸਮਝੌਤੇ ਪਹਿਲਾਂ ਹੀ ਹੋ ਜਾਣ ਤੇ ਕੁੱਝ ਸੀਟਾਂ ’ਤੇ ਕੈਪਟਨ ਦੀ ਨਵੀਂ ਪਾਰਟੀ, ਕੁੱਝ ’ਤੇ ਭਾਜਪਾ ਅਤੇ ਕੁੱਝ ’ਤੇ ਅਕਾਲੀ ਦਲ ਬਾਦਲ ਇਕ ਦੂਜੇ ਨੂੰ ਜਿਤਾ ਕੇ ਸੱਤਾ ਵਿਚ ਆ ਜਾਣ ਕਿਉਂਕਿ ਇਹ ਲੜਾਈ ਪੰਜਾਬ ਦੀ ਸੁਰੱਖਿਆ ਦੀ ਨਹੀਂ ਬਲਕਿ ਅੰਦਰਖਾਤੇ ਮਿਲ ਕੇ ਖੇਡੀ ਜਾ ਰਹੀ ਸਿਆਸਤ ਦੀ ਲੜਾਈ ਲਗਦੀ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਮੁਤਾਬਕ ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਕਈ ਵਾਅਦੇ ਪੂਰੇ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ੇ ਮਾਫ਼ ਕੀਤੇ, ਫ਼ਸਲ ਸਮੇਂ ਸਿਰ ਚੁਕਵਾਈ, ਕਿਸਾਨਾਂ ਨੂੰ ਸਮਰਥਨ ਦਿਤਾ ਤੇ ਸੂਬੇ ਵਿਚ ਸ਼ਾਂਤੀ ਦਾ ਮਾਹੌਲ ਬਣਾਇਆ। ਪੱਤਰਕਾਰੀ ਵਾਸਤੇ ਵੀ ਕੈਪਟਨ ਅਮਰਿੰਦਰ ਸਿੰਘ ਇਕ ਖੁਲ੍ਹਾ ਮਾਹੌਲ ਦਿੰਦੇ ਰਹੇ ਜਿਸ ਵਿਚ ਦਬਾਅ ਘੱਟ ਹੀ ਵੇਖਿਆ ਪਰ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਨਬਜ਼ ਟਟੋਲਣ ਵਿਚ ਨਾਕਾਮ ਰਹੇ ਜਿਸ ਵਿਚ ਕਮਜ਼ੋਰੀ ਉਨ੍ਹਾਂ ਦੇ ਸਲਾਹਕਾਰਾਂ ਦੀ ਹੈ ਜਾਂ ਉਨ੍ਹਾਂ ਦੀ ਚੰਡੀਗੜ੍ਹ ਤੋਂ ਬਾਹਰ ਨਾ ਨਿਕਲਣ ਦੀ। ਪਰ ਅੱਜ ਜਿਸ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਬੀ.ਐਸ.ਐਫ਼ ਦੀ ਤਾਕਤ ਵਧਾ ਰਹੇ ਹਨ, ਉਹ ਉਨ੍ਹਾਂ ਨੂੰ ਪੰਜਾਬ ਦੀ ਜਨਤਾ ਦੇ ਮਨਾਂ ਵਿਚੋਂ ਦੂਰ ਕਰ ਦੇਵੇਗਾ।

ਬੀ.ਐਸ.ਐਫ਼ ਦਾ ਕਿਰਦਾਰ ਬੰਗਾਲ ਦੀਆਂ ਚੋਣਾਂ ਵਿਚ ਨਜ਼ਰ ਆਇਆ ਸੀ ਜਿਥੇ ਇਸ ਨੇ ਬੀਜੇਪੀ ਦੀ ਰਖਿਆ ਕੀਤੀ, ਨਾਕਿ ਸਰਹੱਦ ਦੀ। ਜੇ ਇਸੇ ਮਨਸੂਬੇ ਨਾਲ ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਸਿੰਘ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰ ਰਹੇ ਹਨ ਤਾਂ ਇਹ ਪੰਜਾਬ ਦੀ ਤਰਾਸਦੀ ਹੀ ਮੰਨੀ ਜਾਵੇਗੀ ਕਿ ਆਖ਼ਰੀ ਸਿੱਖ ਮਹਾਰਾਜਾ ਅਪਣੇ ਸਿੱਖ ਨੌਜਵਾਨਾਂ ’ਤੇ ਖ਼ਾਲਿਸਤਾਨੀ ਹੋਣ ਦਾ ਠੱਪਾ ਲਗਾ ਰਿਹਾ ਹੈ।

ਪਿਛਲੇ ਚਾਰ ਸਾਲਾਂ ਵਿਚ ਯੂ.ਏ.ਪੀ.ਏ. ਵਿਚ ਕਈ ਵਾਰ ਪੰਜਾਬ ਦੇ ਨੌਜਵਾਨ ਚੁਕੇ ਗਏ ਤੇ ਉਨ੍ਹਾਂ ਉਤੇ ਤਸ਼ੱਦਦ ਹੋਇਆ। ਇਕ ਵੀ ਸਿੱਖ ਨੌਜਵਾਨ, ਅਤਿਵਾਦ ਨਾਲ ਜੁੜਿਆ ਹੋਇਆ ਸਾਬਤ ਨਹੀਂ ਹੋਇਆ ਪਰ ਸੂਬੇ ਵਿਚ ਅਤਿਵਾਦ ਤੇ ਖ਼ਾਲਿਸਤਾਨ ਦੀ ਗੱਲ ਫਿਰ ਤੋਂ ਛੇੜੀ ਜਾ ਰਹੀ ਹੈ। ਅੱਜ ਇਸ ਆਵਾਜ਼ ਨੂੰ ਉੱਚੀ ਸੁਰ ਨਾਲ, ਪੰਜਾਬ ਦੇ ਹਿੰਦੂਆਂ ਅੰਦਰ ਡਰ ਪੈਦਾ ਕਰ ਕੇ, ਵੋਟਾਂ ਵਾਸਤੇ ਇਹ ਖੇਡ ਖੇਡੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੁਣ ਅਮਿਤ ਸ਼ਾਹ ਨਾਲ ਮਿਲ ਕੇ ਕਿਸਾਨਾਂ ਵਾਸਤੇ ਖੇਤੀ ਕਾਨੂੰਨ ਵੀ ਰੱਦ ਕਰਵਾਉਣ ਦੀ ਗੱਲ ਜਨਤਕ ਕਰ ਗਏ ਹਨ, ਜਿਸ ਦਾ ਮਤਲਬ ਹੈ ਕਿ ਕਾਨੂੰਨ ਰੱਦ ਹੋਣ ਵਾਲੇ ਹੀ ਹਨ ਜਦਕਿ ਬਤੌਰ ਮੁੱਖ ਮੰਤਰੀ ਉਹ ਕਿਸਾਨਾਂ ਵਾਸਤੇ ਕਦੇ ਕੇਂਦਰ ਕੋਲ ਨਹੀਂ ਸਨ ਗਏ। 

Amrinder Singh Raja Warring

ਕੈਪਟਨ ਅਮਰਿੰਦਰ ਸਿੰਘ, ਸੂਬੇ ਦੀ ਸੁਰੱਖਿਆ ਤੋਂ ਇਲਾਵਾ ਅੱਜ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਕਿਉਂ ਨਹੀਂ? ਜਦ ਇਕ ਤੇਜ਼ ਟਰਾਂਸਪੋਰਟ ਮੰਤਰੀ ਦੇ ਇਕ ਮਹੀਨੇ ਦੇ ਕੰਮ ਨਾਲ ਹੀ ਖ਼ਜ਼ਾਨੇ ਨੂੰ 40 ਕਰੋੜ ਦਾ ਫ਼ਾਇਦਾ ਹੋ ਰਿਹਾ ਹੈ ਤਾਂ ਇਹ ਤਾਂ ਖ਼ੁਸ਼ੀ ਦੀ ਗੱਲ ਹੈ। ਜਦ ਮੌਜੂਦਾ ਮੁੱਖ ਮੰਤਰੀ ਲੋਕਾਂ ਦੀ ਗੱਲ ਸੁਣਨ, ਉਨ੍ਹਾਂ ਕੋਲ ਜਾਂਦਾ ਹੈ ਤਾਂ ਕੈਪਟਨ ਸਾਹਿਬ ਵਾਸਤੇ ਤਾਂ ਇਹ ਫ਼ਖ਼ਰ ਕਰਨ ਵਾਲੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਨੀਰੀ ਉਨ੍ਹਾਂ ਨੇ ਹੀ ਤਾਂ ਤਿਆਰ ਕੀਤੀ ਸੀ। ਜੇ ਉਹ ਅਸਲ ਵਿਚ ਅਪਣੇ ਸੂਬੇ ਵਿਚ ਸ਼ਰਾਬ, ਰੇਤਾ, ਕੇਬਲ, ਟਰਾਂਸਪੋਰਟ ਮਾਫ਼ੀਆ ਦੀ ਮਾਰ ਹੇਠ ਲੋਕਾਂ ਨੂੰ ਦਬਦੇ ਵੇਖਦੇ ਤਾਂ ਉਹ ਜ਼ਰੂਰ ਅਪਣੇ ਸੂਬੇ ਵਾਸਤੇ ਇਕ ਵਖਰੀ ਲੜਾਈ ਲੜਦੇ।

ਜੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਉਨ੍ਹਾਂ ਨੂੰ ਸਹੀ ਤਸਵੀਰ ਵਿਖਾਉਂਦੇ ਤਾਂ ਕੈਪਟਨ ਆਪ ਜ਼ਰੂਰ ਸੂਬੇ ਵਿਚ ਜਾਂਦੇ ਤੇ ਨੌਕਰਸ਼ਾਹੀ ਵਲੋਂ ਤਿਆਰ ਕੀਤੀ ਰੀਪੋਰਟ ਨਾਲ ਹੀ ਸੰਤੁਸ਼ਟ ਨਾ ਹੁੰਦੇ। ਅੱਜ ਵੀ ਜੇ ਉਨ੍ਹਾਂ ਨੂੰ ਲੋਕਾਂ ਦੇ ਦਿਲ ਦੀ ਗੱਲ ਪਹੁੰਚਾਈ ਜਾਵੇ ਤਾਂ ਉਹ ਇਸ ਤਰ੍ਹਾਂ ਅਪਣੇ ਸੂਬੇ ਨਾਲ ਸਿਆਸਤ ਨਹੀਂ ਖੇਡਣਗੇ ਕਿਉਂਕਿ ਪ੍ਰਜਾ ਬਿਨਾਂ ਰਾਜਾ ਵੀ ਮੁਕੰਮਲ ਨਹੀਂ ਹੁੰਦਾ। ਉਹ ਪ੍ਰਜਾ ਤਾਂ ਨਹੀਂ ਸਨ ਬਦਲ ਸਕਦੇ ਪਰ ਅਪਣੇ ਸਲਾਹਕਾਰਾਂ ਨੂੰ ਬਦਲ ਕੇ, ਜ਼ਰੂਰ ਕੁੱਝ ਸੱਚੀਆਂ ਆਵਾਜ਼ਾਂ ਸੁਣਨ ਦੀ ਕੋਸ਼ਿਸ਼ ਕਰ ਸਕਦੇ ਸਨ।                                            -ਨਿਮਰਤ ਕੌਰ