Editorial: ਨਮੋਸ਼ੀਜਨਕ ਹੈ ਭਾਰਤ ਲਈ ਇੰਦੌਰ ਕਾਂਡ
ਦੋਸ਼ੀ ਵਿਅਕਤੀ ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕੁੱਝ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ
Indore incident is shameful for India Editorial: ਇੰਦੌਰ ਵਿਚ ਦੋ ਆਸਟ੍ਰੇਲੀਅਨ ਮਹਿਲਾ ਕ੍ਰਿਕਟਰਾਂ ਨਾਲ ਜਿਸਮਾਨੀ ਛੇੜਛਾੜ ਦੀ ਮੰਦਭਾਗੀ ਘਟਨਾ ਇਕ ਨਮੋਸ਼ੀਜਨਕ ਵਰਤਾਰਾ ਹੈ। ਇਸ ਕਾਰਨ ਸਮੁੱਚੇ ਰਾਸ਼ਟਰ ਨੂੰ ਸ਼ਰਮਸਾਰ ਹੋਣਾ ਪਿਆ ਹੈ। ਭਾਵੇਂ ਇੰਦੌਰ ਪੁਲੀਸ ਨੇ ਇਸ ਘਟਨਾ ਲਈ ਦੋਸ਼ੀ ਵਿਅਕਤੀ ਨੂੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕੁੱਝ ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ, ਫਿਰ ਵੀ ਅਜਿਹੀ ‘ਕਾਮਯਾਬੀ’ ਸਮੁੱਚੇ ਘਟਨਾਕ੍ਰਮ ਨਾਲ ਜੁੜੇ ਨਾਖ਼ੁਸ਼ਗਵਾਰ ਪ੍ਰਭਾਵਾਂ ਦੀ ਛਾਪ ਮਿਟਾਉਣ ਲਈ ਕਾਫ਼ੀ ਨਹੀਂ। ਉਪਰੋਂ ਸਿਆਸਤਦਾਨਾਂ ਦੀਆਂ ਅਸ਼ੋਭਨੀਕ ਟਿੱਪਣੀਆਂ ਅਤੇ ਘਟਨਾ ਦੇ ਸਿਆਸੀਕਰਨ ਦੀਆਂ ਕੁਚਾਲਾਂ ਨੇ ਸਾਡੇ ਅੰਦਰਲੀ ਗ਼ਲਾਜ਼ਤ ਨੂੰ ਹੋਰ ਵੀ ਵੱਧ ਬੇਪਰਦ ਕੀਤਾ ਹੈ। ਛੇੜਛਾੜ ਦੀ ਘਟਨਾ ਇੰਦੌਰ ਸ਼ਹਿਰ ਦੇ ਅਤਿ-ਕੁਲੀਨ ਇਲਾਕੇ ਵਿਚ ਹੋਈ, ਉਹ ਵੀ ਆਸਟ੍ਰੇਲੀਅਨ ਮਹਿਲਾ ਕ੍ਰਿਕਟ ਟੀਮ ਵਾਲੇ ਪੰਜ ਸਿਤਾਰਾ ਹੋਟਲ ਤੋਂ 400 ਮੀਟਰਾਂ ਦੇ ਫਾਸਲੇ ’ਤੇ। ਇਸ ਤੋਂ ਇਹ ਧਾਰਨਾ ਪੱਕੀ ਹੁੰਦੀ ਹੈ ਕਿ ਭਾਰਤ ਵਿਚ ਜਨਤਕ ਥਾਵਾਂ ਵੀ ਔਰਤਾਂ ਲਈ ਸੁਰੱਖਿਅਤ ਨਹੀਂ। ਜਿਸ ਅਪਰਾਧੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦੇ ਖ਼ਿਲਾਫ਼ 28 ਹੋਰ ਵੱਖ-ਵੱਖ ਕੇਸ ਦਰਜ ਦੱਸੇ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਇਕ ਕੇਸ ਵਿਚ ਮਾਮੂਲੀ ਸਜ਼ਾ ਤੋਂ ਇਲਾਵਾ ਬਾਕੀ ਸਾਰੇ ਮੁਕੱਦਮੇ ਸੁਣਵਾਈ-ਅਧੀਨ ਹਨ। ਇਹ ਸਾਡੇ ਨਿਆਂਤੰਤਰ ਦੀ ਨਾਅਹਿਲੀਅਤ ਦਾ ਸਬੂਤ ਨਹੀਂ ਤਾਂ ਹੋਰ ਕੀ ਹੈ? 24&7 ਨਿਊਜ਼ ਚੈਨਲਾਂ ਦੇ ਕੈਮਰਿਆਂ ਸਾਹਮਣੇ ਮੁਲਜ਼ਿਮ ਇਹ ਕਹਿੰਦਾ ਦੇਖਿਆ-ਸੁਣਿਆ ਜਾ ਸਕਦਾ ਹੈ ਕਿ ਉਹ ਤਾਂ ਦੋਵਾਂ ਕ੍ਰਿਕਟਰਾਂ ਦਾ ਪ੍ਰਸ਼ੰਸਕ ਸੀ ਅਤੇ ਉਨ੍ਹਾਂ ਨਾਲ ਸੈਲਫ਼ੀ ਲੈਣੀ ਚਾਹੁੰਦਾ ਸੀ, ਪਰ ਉਸ ਦੇ ਵਿਵਹਾਰ ਨੂੰ ਗ਼ਲਤ ਸਮਝ ਲਿਆ ਗਿਆ। ਦੂਜੇ ਪਾਸੇ, ਪੀੜਤ ਕ੍ਰਿਕਟਰਾਂ ਦਾ ਜਿਹੜਾ ਪੱਖ ਆਸਟ੍ਰੇਲੀਅਨ ਟੀਮ ਮੈਨੇਜਮੈਂਟ ਵਲੋਂ ਪੁਲੀਸ ਨੂੰ ਸੌਂਪਿਆ ਗਿਆ ਹੈ, ਉਹ ‘ਸੈਲਫ਼ੀ ਸਭਿਆਚਾਰ’ ਤੋਂ ਬਿਲਕੁਲ ਉਲਟ ਤਸਵੀਰ ਪੇਸ਼ ਕਰਦਾ ਹੈ। ਸੀਸੀਟੀਵੀ ਕੈਮਰੇ ਵੀ ਮੁਲਜ਼ਿਮ ਵਲੋਂ ਕ੍ਰਿਕਟਰਾਂ ਦਾ ਮੋਟਰਸਾਈਕਲ ’ਤੇ ਪਿੱਛਾ ਕੀਤੇ ਜਾਣ ਅਤੇ ਪੈਦਲ ਜਾ ਰਹੀਆਂ ਇਨ੍ਹਾਂ ਦੋਵਾਂ ਮਹਿਲਾਵਾਂ ਨੂੰ ਰੋਕੇ ਜਾਣ ਵਾਲੇ ਪੱਖ ਦੀ ਤਸਦੀਕ ਕਰਦੇ ਹਨ। ਅਜਿਹੇ ਸਬੂਤ ਸਰਕਾਰੀ ਪੱਖ ਵਲੋਂ ਸਖ਼ਤ ਕਾਰਵਾਈ ਛੇਤੀ ਤੋਂ ਛੇਤੀ ਕੀਤੇ ਜਾਣ ਦੀ ਮੰਗ ਨੂੰ ਬਲ ਬਖ਼ਸ਼ਦੇ ਹਨ।
ਜਿਵੇਂ ਕਿ ਸਾਡਾ ਰਾਸ਼ਟਰੀ ਰਾਜਸੀ ਸੁਭਾਅ ਬਣ ਚੁੱਕਾ ਹੈ, ਹਰ ਮੰਦਭਾਗੀ ਘਟਨਾ ਨੂੰ ਰਾਜਸੀ ਤੇ ਫ਼ਿਰਕੂ ਰੰਗਤ ਦਿਤੇ ਜਾਣ ਵਿਚ ਦੇਰ ਨਹੀਂ ਲਗਦੀ। ਮੱਧ ਪ੍ਰਦੇਸ਼ ਦੀ ਵਿੱਤੀ ਰਾਜਧਾਨੀ ਤੇ ਦੇਸ਼ ਦਾ ਸਭ ਤੋਂ ਸਵੱਛ ਸ਼ਹਿਰ ਹੋਣ ਦੇ ਬਾਵਜੂਦ ਇੰਦੌਰ ਉਪਰੋਕਤ ਰੁਝਾਨ ਦਾ ਅੱਪਵਾਦ ਨਹੀਂ। ਵਿਰੋਧੀ ਪਾਰਟੀਆਂ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਉੱਤੇ ਦੋਸ਼ ਲਾ ਰਹੀਆਂ ਹਨ ਕਿ ਅਮਨ-ਕਾਨੂੰਨ ਦੀ ਸਥਿਤੀ ਸੰਭਾਲਣੀ ਹੁਣ ਉਸ ਦੇ ਕੰਟਰੋਲ ਹੇਠ ਨਹੀਂ ਰਹੀ। ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਮੁਲਜ਼ਿਮ ਦੀ ਮੁਸਲਿਮ ਸ਼ਨਾਖ਼ਤ ਨੂੰ ਉਸ ਦੇ ਫ਼ਿਰਕੇ ਨਾਲ ਜੋੜ ਕੇ ਪੂਰੇ ਫ਼ਿਰਕੇ ਨੂੰ ਹੀ ‘ਹਵਸੀ’ ਤੇ ‘ਹੈਵਾਨੀ’ ਕੂਚੀ ਨਾਲ ਰੰਗਣ ਪੱਖੋਂ ਢਿੱਲ-ਮੱਠ ਨਹੀਂ ਦਿਖਾ ਰਹੀ। ਭਾਜਪਾ ਦੇ ਸੀਨੀਅਰ ਆਗੂ ਕੈਲਾਸ਼ ਵਿਜੈਵਰਗੀਆ, ਜੋ ਮੱਧ ਪ੍ਰਦੇਸ਼ ਦੇ ਸ਼ਹਿਰੀ ਵਿਕਾਸ ਮੰਤਰੀ ਹੋਣ ਤੋਂ ਇਲਾਵਾ ਇੰਦੌਰ ਖੇਤਰ ਦੇ ਬਾਹੂਬਲੀ ਵਜੋਂ ਵੀ ਜਾਣੇ ਜਾਂਦੇ ਹਨ, ਨੇ ਇਸ ਮੰਦਭਾਗੀ ਘਟਨਾ ਨੂੰ ‘ਆਸਟ੍ਰੇਲੀਅਨ ਮਹਿਲਾ ਕ੍ਰਿਕਟਰਾਂ ਸਮੇਤ ਸਾਡੇ ਸਾਰਿਆਂ ਲਈ ਸਬਕ’ ਦਸਿਆ ਹੈ। ਉਨ੍ਹਾਂ ਦਾ ਕਥਨ ਹੈ ਕਿ ‘ਆਸਟ੍ਰੇਲੀਅਨ ਕ੍ਰਿਕਟਰਾਂ ਨੂੰ ਬਿਨਾਂ ਸੁਰੱਖਿਆ ਗਾਰਡਾਂ ਦੇ ਸ਼ਾਪਿੰਗ ਕਰਨ ਲਈ ਹੋਟਲ ਤੋਂ ਬਾਹਰ ਹੀ ਨਹੀਂ ਸੀ ਜਾਣਾ ਚਾਹੀਦਾ।’ ਅਜਿਹੇ ਬਿਆਨ ਛੇੜਛਾੜ ਨਾਲ ਜੁੜੀ ਹਰ ਘਟਨਾ ਲਈ ਮਹਿਲਾਵਾਂ ਨੂੰ ਵੀ ਦੋਸ਼ੀ ਦੱਸਣ ਦੀ ਮਰਦਾਨਾ ਮਨੋਬਿਰਤੀ ਦੀ ਪ੍ਰਤੱਖ ਮਿਸਾਲ ਹਨ।
ਪੱਛਮੀ ਮੁਲਕ, ਭਾਰਤ ਨੂੰ ਯੂਰੋਪੀਅਨ ਮਹਿਲਾਵਾਂ ਲਈ ਸੁਰੱਖਿਅਤ ਦੇਸ਼ ਨਹੀਂ ਮੰਨਦੇ। ਇਸ ਦਾ ਅੰਦਾਜ਼ਾ ਉਨ੍ਹਾਂ ਵਲੋਂ ਸਮੇਂ-ਸਮੇਂ ਜਾਰੀ ‘ਮਸ਼ਵਰਿਆਂ’ (ਐਡਵਾਇਜ਼ਰੀਜ਼) ਤੋਂ ਲਾਇਆ ਜਾ ਸਕਦਾ ਹੈ। ਅਮਰੀਕਾ, ਕੈਨੇਡਾ, ਯੂ.ਕੇ., ਨੈਦਰਲੈਂਡਜ਼, ਜਰਮਨੀ ਤੇ ਸਵਿੱਟਜ਼ਰਲੈਂਡ ਵਲੋਂ ਹਰ ਛੇ ਮਹੀਨਿਆਂ ਬਾਅਦ ਐਡਵਾਇਜ਼ਰੀਜ਼ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਮਹਿਲਾਵਾਂ ਭਾਰਤ ਦੀ ਫੇਰੀ ਦੌਰਾਨ ਅਪਣੀ ਸੁਰੱਖਿਆ ਪ੍ਰਤੀ ਸਾਵਧਾਨ ਰਹਿਣ ਅਤੇ ਇਕੱਲਿਆਂ ਸਫ਼ਰ ਕਰਨ ਜਾਂ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ। ਅਜਿਹੇ ਮਸ਼ਵਰਿਆਂ ਦਾ ਭਾਰਤ ਸਰਕਾਰ ਵਿਰੋਧ ਕਰਦੀ ਆਈ ਹੈ। ਪਰ ਇੰਦੌਰ ਵਾਲੀ ਘਟਨਾ ਪੱਛਮੀ ਦੇਸ਼ਾਂ ਦੇ ਖ਼ਦਸ਼ਿਆਂ ਤੇ ਸੰਸਿਆਂ ਨੂੰ ਸਹੀ ਸਾਬਤ ਕਰਦੀ ਹੈ। ਸਿਰਫ਼ ਇੰਦੌਰ ਵਾਲੀ ਘਟਨਾ ਹੀ ਨਹੀਂ, ਟੈਕਸੀ ਚਾਲਕਾਂ ਜਾਂ ਹੋਟਲਾਂ ਦੇ ਕਾਰਿੰਦਿਆਂ ਵਲੋਂ ਇਕੱਲੀਆਂ ਵਿਦੇਸ਼ੀ ਮਹਿਲਾਵਾਂ ਨਾਲ ਬਲਾਤਕਾਰ ਜਾਂ ਕਤਲਾਂ ਦੇ ਇਸ ਸਾਲ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਵਾਪਰੇ 21 ਮਾਮਲੇ ਉਪਰੋਕਤ ਚਿਤਾਵਨੀਆਂ ਦੀ ਜਾਇਜ਼ਤਾ ਦਾ ਪ੍ਰਮਾਣ ਹਨ। ਅਜਿਹੀ ਜਾਇਜ਼ਤਾ ਨੂੰ ਅਮਰੀਕਾ ਜਾਂ ਹੋਰ ਪੱਛਮੀ ਦੇਸ਼ਾਂ ਵਿਚ ਵਿਦੇਸ਼ੀਆਂ ਨਾਲ ਬਲਾਤਕਾਰਾਂ ਜਾਂ ਹੱਤਿਆਵਾਂ ਦੇ ਅੰਕੜਿਆਂ ਨਾਲ ਤੁਲਨਾਉਣ ਦੇ ਸਰਕਾਰੀ ਤਰਜਮਾਨਾਂ ਦੇ ਯਤਨ, ਅਪਰਾਧ-ਬੋਧ ਦਾ ਇਜ਼ਹਾਰ ਵੱਧ ਹਨ, ਮਨੋਬਿਰਤੀ ਬਦਲਾਉਣ ਦੇ ਯਤਨਾਂ ਪ੍ਰਤੀ ਸੁਹਿਰਦਤਾ ਦਾ ਪ੍ਰਗਟਾਵਾ ਘੱਟ। ਦੇਵੀ-ਪੂਜਾ ਨੂੰ ਨਿਤਕ੍ਰਮ ਦਾ ਹਿੱਸਾ ਮੰਨਣ ਵਾਲੇ ਭਾਰਤ ਨੂੰ ਔਰਤ-ਜ਼ਾਤ ਦੇ ਹਿੱਤਾਂ, ਹੱਕਾਂ ਤੇ ਸੁਰੱਖਿਆ ਪ੍ਰਤੀ ਤਹਿ-ਦਿਲੋਂ ਸੁਹਿਰਦ ਤੇ ਸੰਜੀਦਾ ਹੋਣ ਦੀ ਲੋੜ ਹੈ। ਇਹ ਕਾਰਜ ਘਰੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਜ਼ਿੰਦਗੀ ਦੇ ਹਰ ਸ਼ੋਅ੍ਹਬੇ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਹੋ ਅਮਲ ਹੀ ਦੇਵੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ।