ਮਹਾਰਾਸ਼ਟਰ ਵਿਚ 'ਹਿੰਦੂਤਵ' ਦੇ ਨਵੇਂ ਅਰਥਾਂ ਨੂੰ ਲੈ ਕੇ ਕੀਤਾ ਜਾ ਰਿਹਾ ਨਵਾਂ ਤਜਰਬਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦੋ ਸਾਲ ਪਹਿਲਾਂ ਭਾਜਪਾ ਦਾ ਭਾਰਤ ਦੀ 71% ਲੋਕਾਂ ਵਾਲੀ ਧਰਤੀ ਤੇ ਰਾਜ ਚਲ ਰਿਹਾ ਸੀ ਅਤੇ ਅੱਜ ਉਹ ਰਾਜ 41% ਲੋਕਾਂ ਉਤੇ ਹੀ ਰਹਿ ਗਿਆ ਹੈ।

'Hindutva' in Maharashtra

ਆਖ਼ਰ ਮਹਾਰਾਸ਼ਟਰ ਨੂੰ ਸਰਕਾਰ ਮਿਲ ਹੀ ਗਈ ਅਤੇ 80 ਘੰਟੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਦਵਿੰਦਰ ਫੜਨਵੀਸ, ਜਾਂਦੇ-ਜਾਂਦੇ ਸ਼ਿਵ ਸੈਨਾ ਨੂੰ ਇਕ ਮਿਹਣਾ ਮਾਰ ਹੀ ਗਏ ਕਿ ਉਸ ਨੇ ਹਿੰਦੂਤਵ ਨਾਲ ਗ਼ੱਦਾਰੀ ਕੀਤੀ ਹੈ। ਵੈਸੇ ਇਹ ਹੈ ਤਾਂ ਇਹ ਸੱਚ ਹੀ ਕਿਉਂਕਿ ਜਦੋਂ ਸ਼ਿਵ ਸੈਨਾ ਅਤੇ ਭਾਜਪਾ ਦਾ ਗਠਜੋੜ ਜਿਤਿਆ ਸੀ ਤਾਂ ਉਸ ਦਾ ਵਾਅਦਾ ਹਿੰਦੂਤਵ ਦਾ ਰਾਜ ਕਾਇਮ ਕਰਨਾ ਸੀ ਅਤੇ ਉਨ੍ਹਾਂ ਠੀਕ ਹੀ ਕਿਹਾ ਸੀ ਕਿ ਭਾਜਪਾ ਜਿੱਤੀ ਹੀ 'ਹਿੰਦੂ ਵੋਟ' ਆਸਰੇ ਹੈ ਅਤੇ ਹੁਣ ਜਿਹੜੀ ਸਰਕਾਰ ਹੋਂਦ ਵਿਚ ਆ ਰਹੀ ਹੈ, ਉਸ ਦੀ ਸੋਚ ਤੇ ਯੋਜਨਾਵਾਂ ਬਹੁਤ ਵੱਖ ਹੋਣਗੀਆਂ।

ਇਸ ਨਵੇਂ ਮਹਾਂਗਠਜੋੜ ਵਿਚ ਕਿਸਾਨ ਦੇ ਦੁੱਖਾਂ ਤਕਲੀਫ਼ਾਂ ਦਾ ਖ਼ਿਆਲ ਰਖਿਆ ਜਾਵੇਗਾ, ਇਸ ਨਵੇਂ ਗਠਜੋੜ ਵਿਚ ਅਮੀਰ-ਗ਼ਰੀਬ ਦਰਮਿਆਨ ਫ਼ਾਸਲਾ ਘਟਾਉਣ ਵਾਸਤੇ ਗ਼ਰੀਬ ਦੀ ਆਮਦਨ ਤੈਅ ਕੀਤੀ ਜਾਵੇਗੀ। ਪਰ ਇਸ ਗਠਜੋੜ ਵਿਚ ਧਰਮ ਨਿਰਪੱਖਤਾ ਧਾਰਨ ਕੀਤੀ ਜਾਵੇਗੀ ਤੇ ਕਿਸੇ ਇਕ ਧਰਮ ਦੀ ਗੱਲ ਨਹੀਂ ਕੀਤੀ ਜਾਵੇਗੀ। ਸੋ ਸ਼ਿਵ ਸੈਨਾ ਨੇ ਜ਼ਰੂਰ ਹੀ ਹਿੰਦੂਤਵ ਨੂੰ ਇਕ ਪਾਸੇ ਰੱਖ ਕੇ ਇਕ ਦੂਜੇ ਸਿਆਸੀ ਫ਼ਲਸਫ਼ੇ ਨੂੰ ਅਪਣਾਇਆ ਹੈ। ਪਰ ਅੱਜ ਹਿੰਦੂਤਵ ਅਤੇ ਵਿਕਾਸ ਵੱਖੋ-ਵੱਖ ਰਾਹ ਕਿਉਂ ਬਣ ਗਏ ਹਨ?

ਕੀ 'ਹਿੰਦੂਤਵ' ਦੀ ਅਸਲ ਪਰਿਭਾਸ਼ਾ ਇਹ ਹੈ ਕਿ ਇਕ ਮੁੱਠੀ ਭਰ ਤਬਕਾ ਅਮੀਰ ਹੁੰਦਾ ਜਾਵੇ ਅਤੇ ਬਾਕੀ ਸਾਰੇ ਦੇਸ਼-ਭਗਤੀ ਦੇ ਨਾਹਰੇ ਮਾਰਦਿਆਂ ਹੇਠਾਂ ਹੀ ਧਸਦੇ ਜਾਣ?  ਇਹ ਸਵਾਲ ਸਿਆਸਤਦਾਨਾਂ ਵਾਸਤੇ ਨਹੀਂ ਸਗੋਂ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਇਨ੍ਹਾਂ ਦੋਹਾਂ ਨੂੰ ਇਕ-ਦੂਜੇ ਤੋਂ ਵਖਰਾ ਵੇਖਦੇ ਹਨ। ਇਕ ਐਲਾਨ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਗ਼ਰੀਬਾਂ ਨੇ ਅਪਣੀ ਦੇਸ਼-ਭਗਤੀ ਦੇ ਰੌਂਅ ਵਿਚ ਬੈਂਕਾਂ ਵਿਚ ਖਾਤੇ ਖੋਲ੍ਹ ਲਏ। ਇਕ ਗ਼ਰੀਬ ਕਿਸਾਨ ਪੈਸੇ ਜੋੜ ਰਿਹਾ ਸੀ ਅਤੇ ਉਸ ਨੇ 89000 ਰੁਪਏ ਜੋੜੇ ਜਿਸ ਨਾਲ ਉਸ ਨੇ ਜ਼ਮੀਨ ਲੈਣੀ ਸੀ। ਇਹ ਪੈਸੇ ਉਹ ਹਮੇਸ਼ਾ ਅਪਣੇ ਸਿਰਹਾਣੇ ਹੇਠ ਰਖਦਾ ਸੀ ਪਰ ਉਸ ਨੇ ਮੋਦੀ ਜੀ ਦੀ ਗੱਲ ਮੰਨਦਿਆਂ ਖਾਤਾ ਖੋਲ੍ਹ ਲਿਆ।

ਦੂਜੇ ਇਨਸਾਨ ਨੇ ਵੀ ਖਾਤਾ ਖੋਲ੍ਹਿਆ ਕਿ ਹੁਣ ਉਸ ਨੂੰ ਮੋਦੀ ਜੀ ਨੇ 15 ਲੱਖ ਰੁਪਏ ਭੇਜਣੇ ਹਨ, ਅਤੇ ਮੋਦੀ ਜੀ ਨੂੰ ਪੈਸੇ ਭੇਜਣ ਵਿਚ ਕਿਤੇ ਮੁਸ਼ਕਲ ਨਾ ਆਵੇ। ਕਿਸੇ ਗ਼ਲਤੀ ਨਾਲ ਉਸ ਦੇ ਖਾਤੇ ਨੂੰ ਦੂਜੇ ਗ਼ਰੀਬ ਕਿਸਾਨ ਨਾਲ ਜੋੜ ਦਿਤਾ ਗਿਆ। ਉਸ ਨੇ ਉਨ੍ਹਾਂ 89000 ਰੁਪਿਆਂ ਨੂੰ ਮੋਦੀ ਜੀ ਦਾ ਤੋਹਫ਼ਾ ਮੰਨ ਕੇ ਤੇ ਬੈਂਕ 'ਚੋਂ ਕਢਵਾ ਕੇ ਖ਼ਰਚ ਕਰ ਲਿਆ। ਹੁਣ ਦੋਵੇਂ ਹੀ ਰੋ ਰਹੇ ਹਨ ਅਤੇ ਮੋਦੀ ਜੀ ਤੋਂ ਨਿਆਂ ਮੰਗਦੇ ਹਨ।

ਇਹ ਤਾਂ 89000 ਰੁਪਏ ਦੀ ਗੱਲ ਹੈ ਪਰ ਜਿਸ ਦਿਨ ਬਾਕੀ ਦੇਸ਼ ਜਾਗੇਗਾ ਅਤੇ ਪੁੱਛੇਗਾ ਕਿ ਮੇਰਾ ਲੋਕਤੰਤਰ ਕਿਥੇ ਗਿਆ, ਮੇਰੀ ਆਰ.ਬੀ.ਆਈ. ਦੀ ਜਮ੍ਹਾਂ ਪੂੰਜੀ ਕਿਥੇ ਗਈ, ਮੇਰੇ ਦੇਸ਼ ਦੀ ਜੀ.ਡੀ.ਪੀ. ਕਿੱਥੇ ਗਈ, ਮੇਰੀ ਨੌਕਰੀ ਕਿਥੇ ਗਈ, ਮੇਰੇ ਦੇਸ਼ ਵਿਚ ਘੱਟਗਿਣਤੀਆਂ ਅਸੁਰੱਖਿਅਤ ਕਿਉਂ ਹਨ, ਮੇਰਾ ਸੀ.ਬੀ.ਆਈ. ਦੀ ਜਾਂਚ ਉਤੇ ਵਿਸ਼ਵਾਸ ਕਿਥੇ ਗਿਆ, ਮੇਰੀ ਸੁਪਰੀਮ ਕੋਰਟ ਦੀ ਸ਼ਾਨ ਕਿਥੇ ਗਈ, ਮੇਰੇ ਦੇਸ਼ ਦੀਆਂ ਅਲੀਗੜ੍ਹ, ਨਹਿਰੂ 'ਵਰਸਟੀ ਵਰਗੀਆਂ ਸੰਸਥਾਵਾਂ ਕਿਥੇ ਗਈਆਂ, ਮੇਰਾ ਨਿਰਪੱਖ ਮੀਡੀਆ ਕਿਥੇ ਗਿਆ ਤਾਂ ਕੀ ਉਹ ਇਹ ਸਮਝਾ ਸਕਣਗੇ ਕਿ 'ਰਾਮ ਰਾਜ' ਸਥਾਪਤ ਕਰਨ ਲਈ ਇਨ੍ਹਾਂ ਦੀ ਬਲੀ ਦੇਣੀ ਪੈ ਗਈ ਸੀ?

'ਰਾਮ ਰਾਜ' ਦਾ ਮਤਲਬ ਅੱਜ ਦੇ ਰਾਜ ਨੂੰ ਤਾਂ ਨਹੀਂ ਕਹਿ ਸਕਦੇ ਜਿਥੇ ਸੰਵਿਧਾਨ ਨੂੰ ਤੋੜ-ਮਰੋੜ ਕੇ ਚੋਰਾਂ ਵਾਂਗ ਰਾਤੋ-ਰਾਤ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸੱਤਾ ਦੀ ਕੁਰਸੀ ਚੁਰਾ ਲਈ ਜਾਂਦੀ ਹੈ। ਅੱਜ ਦੇ ਰਾਮ-ਰਾਜ ਵਿਚ ਤਾਂ ਆਮ ਇਨਸਾਨ ਦੀ ਸੁਣਵਾਈ ਹੀ ਮੁਮਕਿਨ ਨਹੀਂ। ਕੀ ਇਹ ਹੈ ਹਿੰਦੂਤਵ? ਦੋ ਸਾਲ ਪਹਿਲਾਂ ਭਾਜਪਾ ਦਾ ਭਾਰਤ ਦੀ 71% ਲੋਕਾਂ ਵਾਲੀ ਧਰਤੀ ਤੇ ਰਾਜ ਚਲ ਰਿਹਾ ਸੀ ਅਤੇ ਅੱਜ ਉਹ ਰਾਜ 41% ਲੋਕਾਂ ਉਤੇ ਹੀ ਰਹਿ ਗਿਆ ਹੈ।

ਸ਼ਾਇਦ ਹੁਣ ਲੋਕ ਵੀ ਸ਼ਿਵ ਸੈਨਾ ਵਾਂਗ ਇਸ 'ਹਿੰਦੂਤਵੀ' ਸਿਆਸਤ ਉਤੇ ਅੰਧ-ਵਿਸ਼ਵਾਸ ਵਰਗਾ ਵਿਸ਼ਵਾਸ ਕਰਨ ਤੋਂ ਬਾਹਰ ਨਿਕਲ ਕੇ ਨਵਾਂ ਦੌਰ ਸ਼ੁਰੂ ਕਰਨਾ ਚਾਹੁਣ ਲੱਗ ਪਏ ਹਨ। ਜੇ ਮਹਾਰਾਸ਼ਟਰ ਵਿਚ ਇਹ ਤਜਰਬਾ ਕਾਮਯਾਬ ਹੋ ਗਿਆ ਤਾਂ ਭਾਰਤ ਵਿਚ ਹਿੰਦੂਤਵ ਦੀ ਪਰਿਭਾਸ਼ਾ ਵੀ ਬਦਲਣੀ ਸ਼ੁਰੂ ਹੋ ਜਾਵੇਗੀ।  -ਨਿਮਰਤ ਕੌਰ