ਰਾਜੀਵ ਗਾਂਧੀ ਪ੍ਰਤੀ ਸਿੱਖਾਂ ਦੇ ਗੁੱਸੇ ਨੂੰ ਨਾ ਅਕਾਲੀ ਠੀਕ ਤਰ੍ਹਾਂ ਸਮਝ ਸਕੇ ਹਨ, ਨਾ ਕਾਂਗਰਸੀ
ਕਾਂਗਰਸ ਸਿੱਖ ਨਸਲਕੁਸ਼ੀ ਦੇ ਅਪਰਾਧੀਆਂ ਨੂੰ ਬਚਾ ਰਹੀ ਹੈ ਕਿਉਂਕਿ ਬਾਦਲ ਅਕਾਲੀ ਦਲ ਨੇ ਸਿੱਖ ਪੰਥ ਦੀ ਆਵਾਜ਼ ਨੂੰ ਖ਼ਤਮ ਕਰ ਕੇ ਰੱਖ ਦਿਤਾ ਹੈ......
ਕਾਂਗਰਸ ਸਿੱਖ ਨਸਲਕੁਸ਼ੀ ਦੇ ਅਪਰਾਧੀਆਂ ਨੂੰ ਬਚਾ ਰਹੀ ਹੈ ਕਿਉਂਕਿ ਬਾਦਲ ਅਕਾਲੀ ਦਲ ਨੇ ਸਿੱਖ ਪੰਥ ਦੀ ਆਵਾਜ਼ ਨੂੰ ਖ਼ਤਮ ਕਰ ਕੇ ਰੱਖ ਦਿਤਾ ਹੈ। ਜੇ ਅਪਣੀ ਕੌਮ ਦੀਆਂ ਲਾਸ਼ਾਂ ਉਤੇ ਮਹਿਲ ਉਸਾਰਨ ਵਾਲੇ ਬਾਦਲੀ ਅਕਾਲੀ, ਕਮਲਨਾਥ, ਸੱਜਣ ਕੁਮਾਰ, ਪੰਜਾਬ ਦੀ ਰਾਜਧਾਨੀ ਤੇ ਪੰਜਾਬ ਦੇ ਪਾਣੀਆਂ ਵਲੋਂ ਧਿਆਨ ਹਟਾਉਣ ਲਈ,
ਇਕ ਪੁਰਾਣੇ ਬੁੱਤ ਨੂੰ ਵਰਤਣ ਦਾ ਨਾਟਕ ਕਰ ਰਹੇ ਹਨ ਤਾਂ ਕਾਂਗਰਸ ਨੂੰ ਵੀ ਸਿੱਖ ਜਜ਼ਬਾਤ ਦੀ ਅਣਦੇਖੀ ਕਰਨ ਵਾਲਾ ਅਪਣਾ ਰਵਈਆ ਬਦਲਣਾ ਚਾਹੀਦਾ ਹੈ ਨਹੀਂ ਤਾਂ ਨਿਕਟ ਭਵਿੱਖ ਵਿਚ ਹੀ ਦੋਵੇਂ ਪਾਰਟੀਆਂ ਪੰਜਾਬ ਵਿਚ ਸਮਾਂ ਵਿਹਾ ਚੁਕੀਆਂ ਪਾਰਟੀਆਂ ਬਣ ਜਾਣਗੀਆਂ ਤੇ ਕੋਈ ਨਵੀਂ ਪਾਰਟੀ ਜਨਮ ਲੈ ਲਵੇਗੀ।
ਹੁਣ ਜਦ '84 ਦੇ ਸਿੱਖ ਕਤਲੇਆਮ ਦੇ ਅਪਰਾਧੀਆਂ ਨੂੰ ਸਜ਼ਾ ਹੋ ਗਈ ਹੈ ਤਾਂ '84 ਦੇ ਜ਼ਖ਼ਮ ਇਕ ਵਾਰ ਫਿਰ ਤੋਂ ਉਚੜਨੇ ਕੁਦਰਤੀ ਹੀ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਸੀ ਕਿ ਅਜੇ ਹੁਣੇ ਜਹੇ ਹੀ, ਇਕ ਲੋਕ-ਰਾਜੀ ਅਖਵਾਉਂਦੇ ਨਿਜ਼ਾਮ ਵਿਚ ਕਿਸ ਤਰ੍ਹਾਂ ਦੇ ਜ਼ਖ਼ਮ ਉਨ੍ਹਾਂ ਦੇ ਸ੍ਰੀਰਾਂ ਨਾਲੋਂ ਜ਼ਿਆਦਾ, ਸਾਰੀ ਕੌਮ ਦੀ ਆਤਮਾ ਉਤੇ ਫੱਟ ਲਗਾਏ ਗਏ ਸਨ ਜਿਨ੍ਹਾਂ ਨੂੰ ਅਣਦੇਖਿਆ ਹੀ ਕੀਤਾ ਜਾਂਦਾ ਰਿਹਾ ਹੈ। ਸੋ ਅੱਜ ਘਰ ਘਰ ਵਿਚ '84 ਦੀ ਨਸਲਕੁਸ਼ੀ ਦੀ ਗੱਲ ਜ਼ਰੂਰ ਹੋ ਰਹੀ ਹੈ। ਇਨ੍ਹਾਂ ਜ਼ਖ਼ਮਾਂ ਦੇ ਵੇਰਵੇ ਖੁਲ੍ਹਦਿਆਂ ਹੀ ਜੇ ਅੱਜ ਦੇ ਨੌਜਵਾਨ, ਰਾਜੀਵ ਗਾਂਧੀ ਪ੍ਰਤੀ ਨਫ਼ਰਤ ਦਾ ਪ੍ਰਦਰਸ਼ਨ ਕਰਦੇ ਹਨ
ਤਾਂ ਇਹ ਗੱਲ ਹਰ ਕਿਸੇ ਨੂੰ ਸਮਝ ਵਿਚ ਆ ਸਕਣ ਵਾਲੀ ਹੈ। ਆਖ਼ਰ ਸੱਜਣ ਕੁਮਾਰ ਵਰਗਿਆਂ ਨੂੰ ਉਸ ਤਕਰੀਰ ਤੋਂ ਹੀ ਹੱਲਾਸ਼ੇਰੀ ਮਿਲੀ ਸੀ ਜੋ ਰਾਜੀਵ ਗਾਂਧੀ ਨੇ ਦਿੱਲੀ ਵਿਚ ਸਿੱਖ ਕਤਲੇਆਮ ਬਾਰੇ ਕੀਤੀ ਸੀ ਤੇ ਕਿਹਾ ਸੀ, ''ਜਦੋਂ ਵੱਡਾ ਦਰਖ਼ਤ ਡਿਗਦਾ ਹੈ ਤਾਂ ਜ਼ਮੀਨ ਹਿਲਦੀ ਹੀ ਹੈ।'' ਰਾਜੀਵ ਗਾਂਧੀ ਚਾਹੇ ਕਤਲੇਆਮ ਕਰਵਾਉਣ ਲਈ ਖ਼ੁਦ ਗੁੰਡਿਆਂ ਨੂੰ ਲੈ ਕੇ ਸਿੱਖਾਂ ਦੇ ਘਰਾਂ ਵਲ ਨਹੀਂ ਸਨ ਗਏ ਪਰ ਇਹ ਮੁਮਕਿਨ ਹੀ ਨਹੀਂ ਕਿ ਉਹ ਉਨ੍ਹਾਂ ਦੀ ਨੱਕ ਥੱਲੇ ਹੋ ਰਹੇ ਕਤਲੇਆਮ ਤੋਂ ਅਨਜਾਣ ਸਨ। ਉਹ ਸਾਜ਼ਸ਼ ਦਾ ਹਿੱਸਾ ਨਾ ਹੁੰਦੇ ਤਾਂ ਮੁਮਕਿਨ ਨਾ ਹੁੰਦਾ ਕਿ ਸੱਜਣ ਕੁਮਾਰ ਕਾਂਗਰਸ ਦਾ ਹਿੱਸਾ ਰਹਿਣ ਦਿਤੇ ਜਾਂਦੇ।
ਸੋ ਜੇ ਸਿੱਖ ਨੌਜਵਾਨ ਰਾਜੀਵ ਗਾਂਧੀ ਦੇ ਬੁਤ ਨੂੰ ਕਾਲਾ ਕਰ ਕੇ ਉਸ ਦੇ ਹੱਥ ਲਾਲ ਕਰਦੇ ਹਨ ਤਾਂ ਉਨ੍ਹਾਂ ਦੇ ਜਜ਼ਬਾਤ ਨੂੰ ਸਮਝਣਾ ਚਾਹੀਦਾ ਹੈ। ਪਰ ਜਦੋਂ ਅਕਾਲੀ ਦਲ ਦੇ ਆਗੂ ਵੀ ਇਹੀ ਕੁੱਝ ਕਰਦੇ ਹਨ ਤਾਂ ਉਨ੍ਹਾਂ ਨੂੰ ਦੋਗਲੇ ਅਤੇ ਮੌਕਾਪ੍ਰਸਤ ਕਿਉਂ ਆਖਿਆ ਜਾਂਦਾ ਹੈ? ਕਿਉਂਕਿ ਉਹ ਇਨ੍ਹਾਂ 34 ਸਾਲਾਂ 'ਚੋਂ 15 ਸਾਲ ਸੱਤਾ ਉਤੇ ਕਾਬਜ਼ ਰਹੇ ਹਨ ਤੇ ਅਜੇ ਦੋ ਸਾਲ ਵੀ ਨਹੀਂ ਹੋਏ ਉਨ੍ਹਾਂ ਨੂੰ ਸੱਤਾ ਦੇ ਘੋੜੇ ਤੋਂ ਹੇਠਾਂ ਉਤਰਿਆਂ ਪਰ ਇਹ ਬੁੱਤ ਪਤਾ ਨਹੀਂ ਕਿੰਨੇ ਸਾਲਾਂ ਤੋਂ ਲੁਧਿਆਣਾ ਵਿਚ ਸਥਾਪਤ ਸੀ ਅਤੇ ਉਨ੍ਹਾਂ ਨੂੰ ਚੁਭਿਆ ਕਦੇ ਵੀ ਨਾ। ਕਿਉਂ?
34 ਸਾਲਾਂ ਵਿਚ ਜਿਸ 'ਪੰਥਕ' ਪਾਰਟੀ ਨੂੰ ਸਿੱਖ ਨਸਲਕੁਸ਼ੀ ਇਕ ਪਲ ਲਈ ਵੀ ਯਾਦ ਨਾ ਆਈ, ਅੱਜ ਉਨ੍ਹਾਂ ਵਲੋਂ ਇਹ ਕਰਤਬ ਨਿਰਾ ਪਖੰਡ ਹੀ ਜਾਪਦਾ ਹੈ। ਜਿਹੜੇ ਸੱਤਾ ਵਿਚ ਰਹਿ ਕੇ ਕਤਲੇਆਮ ਦੇ ਪੀੜਤਾਂ ਨੂੰ ਇਕ ਵਾਰ ਵੀ ਮਿਲਣ ਦਾ ਸਮਾਂ ਨਾ ਕੱਢ ਸਕੇ, ਅੱਜ ਉਨ੍ਹਾਂ ਵਲੋਂ ਹੀ ਪੀੜਤਾਂ ਵਾਸਤੇ ਛਾਤੀ ਪਿਟਣੀ, ਉਨ੍ਹਾਂ ਦੀ ਈਮਾਨਦਾਰੀ ਦਾ ਯਕੀਨ ਨਹੀਂ ਕਰਵਾ ਸਕਦੀ। ਇਹ ਜੋ ਪਖੰਡ ਰਚੇ ਜਾ ਰਹੇ ਹਨ, ਉਹ ਅਕਾਲੀ ਦਲ ਨੂੰ ਸਿੱਖਾਂ ਤੋਂ ਹੋਰ ਦੂਰ ਹੀ ਕਰਨਗੇ ਕਿਉਂਕਿ ਪਸ਼ਚਾਤਾਪ ਦੀ ਅਸਲ ਤੇ ਦਿਲੋਂ ਨਿਕਲੀ ਕੋਈ ਗੱਲ ਨਹੀਂ ਕਰ ਰਹੇ ਤੇ ਨਾਟਕਬਾਜ਼ੀ ਦੇ ਸਹਾਰੇ ਹੀ ਮੁੜ ਤੋਂ ਸਥਾਪਤ ਹੋ ਜਾਣਾ ਚਾਹੁੰਦੇ ਹਨ।
ਅੱਜ ਸੱਭ ਤੋਂ ਮਾੜੀ ਹਾਲਤ ਸਿੱਖ ਕੌਮ ਦੀ ਹੈ ਜੋ ਈਮਾਨਦਾਰ ਲੀਡਰ ਤੇ ਪ੍ਰਭਾਵਸ਼ਾਲੀ ਪੰਥਕ ਪਾਰਟੀ ਦੀ ਅਣਹੋਂਦ ਕਾਰਨ ਕੁੱਝ ਵੀ ਕਰਨੋਂ ਅਸਮਰਥ ਸਾਬਤ ਹੋ ਰਹੀ ਹੈ। ਜੇ ਇਸ ਕੋਲ ਪੁਰਾਣੇ ਅਕਾਲੀ ਲੀਡਰਾਂ ਵਰਗਾ ਕੋਈ ਲੀਡਰ ਹੁੰਦਾ ਤੇ ਪੁਰਾਣੀ ਪੰਥਕ ਪਾਰਟੀ ਹੁੰਦੀ ਤਾਂ ਉਹ ਕਾਂਗਰਸ ਨੂੰ ਮਜਬੂਰ ਕਰ ਦੇਂਦੀ ਕਿ ਉਹ ਕਮਲਨਾਥ ਵਰਗਿਆਂ ਨੂੰ ਪਾਰਟੀ 'ਚੋਂ ਕੱਢ ਦੇਵੇ। ਪੰਜਾਬ ਦੇ ਜ਼ਖ਼ਮ ਏਨੇ ਡੂੰਘੇ ਹਨ ਕਿ ਉਨ੍ਹਾਂ ਦੀ ਮਲ੍ਹਮ ਮੰਗ ਕਰਦੀ ਹੈ ਕਿ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਸੱਚ ਸਾਰੇ ਦੇਸ਼ ਦੇ ਸਾਹਮਣੇ ਲਿਆਂਦਾ ਜਾਵੇ।
ਇਹ ਜ਼ਖ਼ਮ ਮੰਗ ਕਰਦੇ ਹਨ ਕਿ ਕਾਂਗਰਸ ਅਪਣੇ ਇਨ੍ਹਾਂ ਦਾਗ਼ੀ ਆਗੂਆਂ ਨੂੰ ਖ਼ੁਦ ਨਕਾਰੇ ਅਤੇ ਸਿੱਖਾਂ ਤੋਂ ਲੱਖਾਂ ਵਾਰ ਮਾਫ਼ੀ ਮੰਗੇ। ਪਰ ਕਿਉਂਕਿ ਸਿੱਖਾਂ ਕੋਲ ਆਗੂ ਨਹੀਂ ਰਹੇ ਤੇ ਪਾਰਟੀ ਬਸ ਨਾਂ ਦੀ ਹੀ ਰਹਿ ਗਈ ਹੈ ਇਸ ਲਈ ਅੱਜ ਕਾਂਗਰਸ ਇਕ ਨਸਲਕੁਸ਼ੀ ਦੇ, ਅਦਾਲਤ ਵਲੋਂ ਸਾਬਤ ਕੀਤੇ ਜਾ ਚੁਕੇ ਦੋਸ਼ੀ ਕਮਲਨਾਥ ਨੂੰ ਮੁੱਖ ਮੰਤਰੀ ਬਣਾ ਰਹੀ ਹੈ ਅਤੇ ਸਿੱਖਾਂ ਕੋਲ ਉਸ ਦਾ ਅਸਰਦਾਰ ਵਿਰੋਧ ਕਰਨ ਵਾਲਾ ਢੰਗ ਦਾ ਆਗੂ ਵੀ ਕੋਈ ਨਹੀਂ। ਇਕ ਕਾਂਗਰਸੀ ਸਿੱਖ ਆਗੂ, ਅਪਣੀ ਪੱਗ ਨਾਲ ਰਾਜੀਵ ਗਾਂਧੀ ਦੇ ਬੁਤ ਨੂੰ ਸਾਫ਼ ਕਰਦਾ ਹੈ। ਉਸ ਸ਼ਖ਼ਸ ਨੂੰ ਤਾਂ ਸਿੱਖ ਅਖਵਾਉਣ ਦਾ ਹੱਕ ਵੀ ਨਹੀਂ ਦਿਤਾ ਜਾਣਾ ਚਾਹੀਦਾ।
ਰਾਜੀਵ ਗਾਂਧੀ ਦੇ ਲਫ਼ਜ਼ਾਂ ਨਾਲ ਧਰਤੀ ਨਹੀਂ ਕੰਬੀ ਸੀ ਬਲਕਿ ਸਿੱਖਾਂ ਉਤੇ ਜ਼ੁਲਮ ਤੇਜ਼ ਕਰ ਦੇਣ ਅਤੇ ਉਨ੍ਹਾਂ ਦਾ ਦਿੱਲੀ ਵਿਚ ਨਾਮੋ ਨਿਸ਼ਾਨ ਮਿਟਾ ਦੇਣ ਦਾ ਸੰਦੇਸ਼ ਮਿਲਿਆ ਸੀ। ਅਜਿਹਾ ਸੰਦੇਸ਼ ਦੇਣ ਵਾਲੇ ਰਾਜੀਵ ਗਾਂਧੀ ਦੇ ਬੁੱਤ ਨੂੰ ਸਿੱਖ ਦੀ ਪੱਗ ਨਾਲ ਸਾਫ਼ ਕਰਨ ਵਾਲੇ ਇਨਸਾਨ ਦੀ ਵੀ ਰੱਜ ਕੇ ਨਿਖੇਧੀ ਹੋਣੀ ਚਾਹੀਦੀ ਹੈ। ਹਿਟਲਰ ਦੀ ਤਾਰੀਫ਼ ਕਰਨ ਵਾਲੇ ਨੂੰ ਅੱਜ ਵੀ ਜੇਲ ਕੀਤੀ ਜਾਂਦੀ ਹੈ ਅਤੇ ਰਾਜੀਵ ਗਾਂਧੀ ਹਿਟਲਰ ਤੋਂ ਵੀ ਵੱਧ ਕੇ ਸਿੱਖਾਂ ਨਾਲ ਨਫ਼ਰਤ ਕਰਨ ਵਾਲਾ ਸੀ।
ਪਰ ਕਾਂਗਰਸ ਸਿੱਖ ਨਸਲਕੁਸ਼ੀ ਦੇ ਅਪਰਾਧੀਆਂ ਨੂੰ ਬਚਾ ਰਹੀ ਹੈ ਕਿਉਂਕਿ ਬਾਦਲ ਅਕਾਲੀ ਦਲ ਨੇ ਸਿੱਖ ਪੰਥ ਦੀ ਆਵਾਜ਼ ਨੂੰ ਖ਼ਤਮ ਕਰ ਕੇ ਰੱਖ ਦਿਤਾ ਹੈ।
ਜੇ ਅੱਜ ਅਪਣੀ ਕੌਮ ਦੀਆਂ ਲਾਸ਼ਾਂ ਉਤੇ ਮਹਿਲ ਉਸਾਰਨ ਵਾਲੇ ਬਾਦਲੀ ਅਕਾਲੀ, ਕਮਲ ਨਾਥ, ਸੱਜਣ ਕੁਮਾਰ, ਪੰਜਾਬ ਦੀ ਰਾਜਧਾਨੀ ਤੇ ਪੰਜਾਬ ਦੇ ਪਾਣੀਆਂ ਵਲੋਂ ਧਿਆਨ ਹਟਾਉਣ ਲਈ, ਇਕ ਪੁਰਾਣੇ ਬੁੱਤ ਨੂੰ ਵਰਤਣ ਦਾ ਨਾਟਕ ਕਰ ਰਹੇ ਹਨ ਤਾਂ ਕਾਂਗਰਸ ਨੂੰ ਵੀ ਸਿੱਖ ਜਜ਼ਬਾਤ ਦੀ ਅਣਦੇਖੀ ਕਰਨ ਵਾਲਾ ਅਪਣਾ ਰਵਈਆ ਬਦਲਣਾ ਚਾਹੀਦਾ ਹੈ ਨਹੀਂ ਤਾਂ ਨਿਕਟ ਭਵਿੱਖ ਵਿਚ ਹੀ ਦੋਵੇਂ ਪਾਰਟੀਆਂ ਪੰਜਾਬ ਵਿਚ ਸਮਾਂ ਵਿਹਾ ਚੁਕੀਆਂ ਪਾਰਟੀਆਂ ਬਣ ਜਾਣਗੀਆਂ ਤੇ ਕੋਈ ਨਵੀਂ ਪਾਰਟੀ ਜਨਮ ਲੈ ਲਵੇਗੀ। -ਨਿਮਰਤ ਕੌਰ