Editorial: ਹੁਣ ਪੰਜਾਬ ਦੇ ਵਿਦਿਆਰਥੀ ਵੀ ਬਣੇ ਵਿਦੇਸ਼ਾਂ ਵਿਚ ਚੋਰੀ ਛੁਪੀ ਵੜਨ ਲਈ ਵੇਚਿਆ ਜਾਣ ਵਾਲਾ ਮਾਲ!!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਅੱਜ ਪੰਜਾਬ ਦੇ ਨੌਜੁਆਨਾਂ ਨੂੰ ਜਿਵੇਂ ਵਿਦੇਸ਼ਾਂ ਵਿਚ ਵੇਚ ਕੇ ਕੁੱਝ ਏਜੰਟਾਂ ਵਲੋਂ ਪੈਸੇ ਕਮਾਏ ਜਾ ਰਹੇ ਹਨ

Now the students of Punjab have also become goods to be sold for sneaking abroad Editorial im punjabi

Punjabi students have also become goods to be sold for sneaking abroad Editorial in punjabi : ਅੱਜ ਦੀਆਂ ਅਖ਼ਬਾਰਾਂ ਵਿਚ ਪੰਜਾਬ ਦੇ ਵਿਦਿਆਰਥੀਆਂ ਦੀ ਮਾੜੀ ਹਾਲਤ ਦੀ ਜੋ ਤਸਵੀਰ ਵੇਖਣ ਨੂੰ ਮਿਲੀ ਹੈ, ਉਹ ਸ਼ਰਮ ਦਿਵਾਉਣ ਵਾਲੀ ਹੈ। ਅਸੀ ਭਾਰਤ ਦੇ ‘ਬੜੇ ਅਮੀਰ’ ਤੇ ਐਸ਼ਪ੍ਰਸਤੀ ਵਾਲਾ ਜੀਵਨ ਬਤੀਤ ਕਰਨ ਵਾਲੇ ਲੋਕਾਂ ਵਿਚ ਗਿਣੇ ਜਾਂਦੇ ਹਾਂ ਪਰ ਜਦ ਸਾਡੇ ਕਿਸੇ ਇਕ ਹਿੱਸੇ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਜਾਏ ਤਾਂ ਕੁੱਝ ਕਰਨਾ ਤਾਂ ਕਿਤੇ ਰਿਹਾ, ਅਸੀ ਉਸ ਬਾਰੇ ਸੋਚਣਾ ਵੀ ਜ਼ਰੂਰੀ ਨਹੀਂ ਸਮਝਦੇ। ਅਫ਼ਗਾਨਿਸਤਾਨ ਦੇ ਸਾਰੇ ਹਿੰਦੂ-ਸਿੱਖ ਉਥੋਂ ਕੱਢ ਦਿਤੇ ਗਏ ਤੇ ਗੁਰਦਵਾਰੇ ਬੰਦ ਕਰ ਦਿਤੇ ਗਏ। ਉਹ ਰੀਫ਼ੀਊਜੀ ਬਣ ਕੇ ਭਾਰਤ ਵਿਚ ਆਏ ਤਾਂ ਨਾ ਹੀ ਭਾਰਤ ਸਰਕਾਰ ਨੇ ਤੇ ਨਾ ਹੀ ਪੰਜਾਬੀਆਂ ਜਾਂ ਸਿੱਖਾਂ ਦੀ ਕਿਸੇ ਜਥੇਬੰਦੀ ਨੇ ਉਨ੍ਹਾਂ ਦੀ ਮਦਦ ਲਈ ਜ਼ਰਾ ਜਿੰਨੀ ਹਰਕਤ ਵੀ ਕੀਤੀ ਤੇ ਉਨ੍ਹਾਂ ਚੋਂ 90% ਅਫ਼ਗਾਨੀ ਸਿੱਖ, ਦਿੱਲੀ ਛੱਡ ਕੇ ਕੈਨੇਡਾ ਵਿਚ ਜਾ ਵਸੇ ਹਨ, ਤੇ ਸੌਖੇ ਹੋ ਗਏ ਹਨ ਕਿਉਂਕਿ ਉਥੋਂ ਦੀ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜ ਲਈ।

‘ਲੰਗਰ’ ਵਿਖਾ ਕੇ ਅਸੀ ਦਾਅਵਾ ਕਰਦੇ ਹਾਂ ਕਿ ਦੁਨੀਆਂ ਦੇ ਹਰ ਬੰਦੇ ਨੂੰ ਸਾਡੇ ਲੰਗਰ ਵਿਚੋਂ ਮੁਫ਼ਤ ਭੋਜਨ ਮਿਲ ਸਕਦਾ ਹੈ। ਪਰ 1984 ਦੀਆਂ 300 ਸਿੱਖ ਵਿਧਵਾਵਾਂ ਦੀ ਮਦਦ ਕਰਨ ਦੀ ਵਾਰੀ ਆਈ ਤਾਂ ਦਿੱਲੀ ਦੇ ਧਨਾਢ ਸਿੱਖਾਂ ਤੋਂ ਲੈ ਕੇ ਦਿੱਲੀ ਦੇ ਗੁਰਦਵਾਰਾ ਪ੍ਰਬੰਧਕਾਂ ਸਮੇਤ, ਸਾਰੇ ਮੂੰਹ ਫੇਰ ਕੇ ਬੈਠ ਗਏ। ਕੁੱਝ ਲੋਕ ਉਨ੍ਹਾਂ ਦੇ ਨਾਂ ਤੇ ਵਿਦੇਸ਼ਾਂ ਵਿਚੋਂ ਪੈਸੇ ਉਗਰਾਹੁਣ ਲਈ ਵੀ ਗਏ ਪਰ ‘ਵਿਧਵਾ ਕਾਲੋਨੀ’ ਤਕ ਤਾਂ ਕੁੱਝ ਵੀ ਨਾ ਪਹੁੰਚਿਆ।

ਹੋਰ ਗੱਲਾਂ ਨੂੰ ਛੱਡ ਕੇ, ਅੱਜ ਪੰਜਾਬ ਦੇ ਨੌਜੁਆਨਾਂ ਨੂੰ ਜਿਵੇਂ ਵਿਦੇਸ਼ਾਂ ਵਿਚ ਵੇਚ ਕੇ ਕੁੱਝ ਏਜੰਟਾਂ ਵਲੋਂ ਪੈਸੇ ਕਮਾਏ ਜਾ ਰਹੇ ਹਨ, ਉਸ ਦੀ ਕਹਾਣੀ ਹੀ ਸੁਣ ਲਈਏ। ਇਨ੍ਹਾਂ ਨੌਜੁਆਨਾਂ ਨੂੰ ਇਥੇ ਕੰਮ ਰੁਜ਼ਗਾਰ ਨਹੀਂ ਮਿਲਦਾ ਤੇ ਉਹ ਵਿਦੇਸ਼ਾਂ ਵਲ ਦੌੜਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹੀ ਦਸਿਆ ਜਾਂਦਾ ਹੈ ਕਿ ਉਥੇ ਦੋ ਚਾਰ ਸਾਲ ਮਜ਼ਦੂਰੀ ਕਰ ਕੇ ਵੀ ਏਨੇ ਪੈਸੇ ਕਮਾਏ ਜਾ ਸਕਦੇ ਹਨ ਕਿ ਪੰਜ ਸਾਲ ਮਗਰੋਂ, ਪੰਜਾਬ ਵਿਚ ਮਕਾਨ ਬਣਾਇਆ ਜਾ ਸਕਦਾ ਹੈ ਤੇ ਵਿਦੇਸ਼ ਵਿਚ ਵੀ ਅਪਣੀ ਕਾਰ ਲਈ ਜਾ ਸਕਦੀ ਹੈ ਤੇ ਬੈਂਕ ਦੇ ਕਰਜ਼ੇ ਨਾਲ ਕਿਸਤਾਂ ਤੇ ਅਪਣਾ ਮਕਾਨ ਵੀ ਲਿਆ ਜਾ ਸਕਦਾ ਹੈ। 

ਇਨ੍ਹਾਂ ਸੁਪਨਿਆਂ ਦੀ ਪੂਰਤੀ ਉਨ੍ਹਾਂ ਨੂੰ ਇਥੇ ਤਾਂ ਹੁੰਦੀ ਨਹੀਂ ਦਿਸਦੀ ਤੇ ਉਹ ਕਿਸੇ ਵੀ ਤਰ੍ਹਾਂ ਅਮਰੀਕਾ, ਕੈਨੇਡਾ, ਆਸਟਰੇਲੀਆ ਜਾਂ ਇੰਗਲੈਂਡ ਵਿਚ ਪਹੁੰਚ ਕੇ ਅਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਨੂੰ ਅਜਿਹੇ ਏਜੰਟ ਟੱਕਰ ਜਾਂਦੇ ਹਨ ਜਿਹੜੇ ਉਨ੍ਹਾਂ ਨੂੰ ਦਸਦੇ ਹਨ ਕਿ ਸਿੱਧੇ ਰਸਤਿਉਂ ਤਾਂ ਹੁਣ ਅਮੀਰ ਦੇਸ਼ਾਂ ਵਿਚ ਜਾਣਾ ਸੰਭਵ ਨਹੀਂ ਕਿਉਂਕਿ ਉਨ੍ਹਾਂ ਦੀਆਂ ਸਰਕਾਰਾਂ ਨੂੰ ਹੁਣ ਭਾਰਤੀ ਮਜ਼ਦੂਰਾਂ ਦੀ ਲੋੜ ਹੀ ਨਹੀਂ, ਇਸ ਲਈ ਪਹਿਲਾਂ ਉਨ੍ਹਾਂ ਨੂੰ ਮੈਕਸੀਕੋ ਜਾਂ ਨਿਕਾਰਾਗੂਆ ਵਰਗੇ ਅਤਿ ਗ਼ਰੀਬ ਦੇਸ਼ਾਂ ਵਿਚ ਜਾਣਾ ਪਵੇਗਾ ਜਿਥੋਂ ਭਾਰਤੀ ਏਜੰਟਾਂ ਦੇ ਬੰਦੇ ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕਿਆ, ਅਮਰੀਕਾ ਜਾਂ ਕੈਨੇਡਾ ਵਿਚ ਚੋਰੀ ਛੁਪੇ ਪਹੁੰਚਾ ਦੇਣਗੇ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੋਰੀ ਛੁਪੇ ਦਾਖ਼ਲ ਹੋਣ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਨੌਜੁਆਨਾਂ ਲਈ ਨਰਕ ਦੇ ਦੁਆਰ ਖੁਲ੍ਹ ਜਾਂਦੇ ਹਨ। ਕਈ ਫੜੇ ਜਾਂਦੇ ਹਨ ਤੇ ਜੇਲ੍ਹ ਵਿਚ ਸੜਨ ਲਗਦੇ ਹਨ। ਕਈ ਅਮੀਰ ਦੇਸ਼ਾਂ ਵਿਚ ਦਾਖ਼ਲ ਹੋਣ ਦੀ ਇੰਤਜ਼ਾਰ ਵਿਚ ਭੁੱਖ, ਦੁਖ ਤੇ ਬੀਮਾਰੀਆਂ ਨਾਲ ਜੂਝਣ ਲਗਦੇ ਹਨ ਪਰ ਉਨ੍ਹਾਂ ਦੀ ਜੇਬ ਖ਼ਾਲੀ ਹੋ ਚੁੱਕੀ ਹੁੰਦੀ ਹੈ ਤੇ ਰੋਟੀ ਵੀ ਖਾਣੋਂ ਆਤੁਰ ਹੋ ਕੇ, ਜੰਗਲਾਂ ਵਿਚ ਰਹਿ ਕੇ ਕੰਦ ਮੂਲ ਤੇ ਘਾਹ ਖਾ ਕੇ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦਿਆਂ ਕਈ ਪ੍ਰਾਣ ਵੀ ਤਿਆਗ ਦੇਂਦੇ ਹਨ। ਅਜਿਹੇ ਹੀ 5 ਪੰਜਾਬੀ ਸਿੱਖ ਨੌਜੁਆਨਾਂ ਨੂੰ ਰੂਸ ਦੇ ਜੰਗਲਾਂ ਵਿਚੋਂ ਕੱਢ ਕੇ, ਸੰਤ ਸੀਚੇਵਾਲ ਦੇ ਯਤਨਾਂ ਨਾਲ, ਭਾਰਤ ਵਿਚ ਲਿਆਉਣ ਦੀ ਖ਼ਬਰ ਛਪੀ ਹੈ।

ਦੂਜੀ ਖ਼ਬਰ ਵਿਚ ਦਸਿਆ ਗਿਆ ਹੈ ਕਿ 303 ਭਾਰਤੀ ਨੌਜੁਆਨਾਂ ਨਾਲ ਲੱਦਿਆ ਇਕ ਹਵਾਈ ਜਹਾਜ਼ ਫ਼ਰਾਂਸ ਨੇ ਰੋਕ ਲਿਆ ਕਿਉਂਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਇਨ੍ਹਾਂ ਨੂੰ ਨਿਕਾਰਾਗੂਆ ਵਿਚ ਸੁਟ ਦਿਤਾ ਜਾਣਾ ਸੀ ਜਿਥੋਂ ਇਹ ਚੋਰੀ ਚੁਪੀ ਅਮੀਰ ਦੇਸ਼ਾਂ ਵਿਚ ਦਾਖ਼ਲ ਹੋਣ ਦੇ ਗੁਪਤ ਰਸਤੇ ਆਪੇ ਲੱਭ ਲੈਣਗੇ। ਇਨ੍ਹਾਂ ਤੋਂ ਏਜੰਟਾਂ ਨੇ ਭਾਰੀ ਰਕਮਾਂ ਲੈ ਲਈਆਂ ਸਨ। ਫ਼ਰਾਂਸ ਨੇ ਇਨ੍ਹਾਂ ’ਚੋਂ 276 ਨੂੰ ਪੁੱਛਗਿਛ ਮਗਰੋਂ ਵਾਪਸ ਭਾਰਤ ਭੇਜ ਦਿਤਾ ਹੈ ਤੇ ਕਰੋੜਾਂ ਰੁਪਏ ਬਰਬਾਦ ਕਰ ਕੇ ਇਹ ਵਾਪਸ ਟਕੇ ਵਾਲੀ ਥਾਂ ਤੇ ਆ ਗਏ ਹਨ। ਖ਼ਬਰ ਇਹ ਵੀ ਹੈ ਕਿ ਪਿਛਲੇ ਸਾਲ 96,917 ਨੌਜਵਾਨ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੁੰਦੇ ਫੜੇ ਗਏ। ਇਨ੍ਹਾਂ ਨੂੰ ਵੀ ਅੰਤ ਵਾਪਸ ਭਾਰਤ ਵਿਚ ਭੇਜ ਦਿਤਾ ਜਾਏਗਾ।

ਜਿਹੜੇ ਨਹੀਂ ਫੜੇ ਜਾਂਦੇ, ਉਨ੍ਹਾਂ ਨੂੰ ਅੱਗੋਂ ਕੰਮ ਰੁਜ਼ਗਾਰ ਨਹੀਂ ਮਿਲਦਾ ਤੇ ਉਹ ਮਰਨ ਵਾਲੀ ਹਾਲਤ ਵਿਚ ਹੀ ਪਹੁੰਚ ਜਾਂਦੇ ਹਨ। ਯਕੀਨਨ ਵਿਜੀਲੈਂਸ ਕਮਿਸ਼ਨ ਬਣਾ ਕੇ, ਬਾਹਰ ਭੇਜੇ ਜਾਣ ਵਾਲੇ ਪੰਜਾਬੀ ਨੌਜੁਆਨਾਂ ਬਾਰੇ ਪੂਰੀ ਜਾਦਕਾਰੀ ਤੇ ਉਸ ਦੀ ਪੁਣ-ਛਾਣ ਕਰਨ ਦਾ ਕੰਮ ਤਾਂ ਪੰਜਾਬ ਸਰਕਾਰ ਕਰ ਹੀ ਸਕਦੀ ਹੈ ਤਾਕਿ ਉਹ ਇਥੋਂ ਜਾ ਕੇ ਨਰਕ ਵਿਚ ਤਾਂ ਨਾ ਡਿੱਗਣ। ਇਸੇ ਤਰ੍ਹਾਂ ਸਾਡੀਆਂ ਅਰਬਾਂ ਦੇ ਬਜਟ ਵਾਲੀਆਂ ਜਥੇਦਬੰਦੀਆਂ ਨੂੰ ਪੰਜਾਬ ਦੇ ਨੌਜੁਆਨਾਂ ਨੂੰ ਇਥੇ ਹੀ ਟਿਕ ਕੇ ਅਪਣਾ ਭਵਿੱਖ ਸਵਾਰਨ ਦੇ ਯੋਗ ਬਣਾਉਣ ਲਈ ਵੀ ਕੁੱਝ ਪੈਸਾ ਵਖਰਾ ਰੱਖ ਦੇਣਾ ਚਾਹੀਦਾ ਹੈ। ਨੌਜੂਆਨਾਂ ਵਲ ਧਿਆਨ ਨਾ ਦੇਣ ਵਾਲੀਆਂ ਕੌਮਾਂ ਦਾ ਭਵਿੱਖ ਕਦੇ ਸੁਨਹਿਰੀ ਨਹੀਂ ਬਣ ਸਕਦਾ।  

(For more news apart from  Punjabi students have also become goods to be sold for sneaking abroad Editorial in punjabi , stay tuned to Rozana Spokesman)