ਸੁਖਦੇਵ ਸਿੰਘ ਢੀਂਡਸਾ ਤੇ ਫੂਲਕਾ ਦਾ ਇਸ ਸਮੇਂ 'ਰਾਸ਼ਟਰੀ ਸਨਮਾਨ' ਸ਼ੱਕ ਨਾਲ ਵੇਖਿਆ ਜਾਣਾ ਲਾਜ਼ਮੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਐਡਵੋਕੇਟ ਫੂਲਕਾ ਨੂੰ ਸਨਮਾਨਤ ਕਰਨ ਦੇ ਨਾਲ ਹੀ, ਇਸ ਸਾਲ ਭਾਰਤ ਰਤਨ ਨਾਨਾਜੀ ਦੇਸ਼ਮੁਖ ਨੂੰ ਦਿਤਾ ਗਿਆ ਹੈ........

Sukhdev Singh Dhindsa

ਐਡਵੋਕੇਟ ਫੂਲਕਾ ਨੂੰ ਸਨਮਾਨਤ ਕਰਨ ਦੇ ਨਾਲ ਹੀ, ਇਸ ਸਾਲ ਭਾਰਤ ਰਤਨ ਨਾਨਾਜੀ ਦੇਸ਼ਮੁਖ ਨੂੰ ਦਿਤਾ ਗਿਆ ਹੈ। ਨਾਨਾਜੀ ਦੇਸ਼ਮੁਖ ਆਰ.ਐਸ.ਐਸ. ਦੇ ਮੁੱਖ ਬੁਲਾਰੇ ਹਨ ਜਿਨ੍ਹਾਂ ਨੇ ਖੁਲ੍ਹੇਆਮ ਇੰਦਰਾ ਗਾਂਧੀ ਨੂੰ ਸ਼ਹੀਦ ਆਖਿਆ, ਦਰਬਾਰ ਸਾਹਿਬ ਉਤੇ ਹਮਲੇ ਨੂੰ ਸਰਾਹਿਆ ਅਤੇ ਦਿੱਲੀ ਨਸਲਕੁਸ਼ੀ ਨੂੰ ਸਹੀ ਦਸਦਿਆਂ ਆਖਿਆ ਸੀ ਕਿ ਇਹ ਸਿੱਖਾਂ ਨੇ ਅਪਣੇ ਉਤੇ ਆਪ ਬੁਲਾਈ ਹੈ।

ਐਡਵੋਕੇਟ ਫੂਲਕਾ ਅਤੇ ਨਾਨਾਜੀ ਦੇਸ਼ਮੁਖ ਦਾ ਇਕੋ ਸਮੇਂ ਇਕ ਹੀ ਦੁਰਘਟਨਾ ਲਈ ਸਨਮਾਨ ਕਰਨਾ ਜਚਦਾ ਨਹੀਂ। ਕੀ ਫੂਲਕਾ ਜੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਪਣਾ ਮੋਹਰਾ ਬਣਾ ਕੇ ਵਰਤਣ ਦਾ ਰਸਤਾ ਖੋਜਿਆ ਜਾ ਰਿਹਾ ਹੈ? ਨਵੀਨ ਪਟਨਾਇਕ ਦੀ ਭੈਣ ਮੀਰਾ ਪਟਨਾਇਕ ਵਲੋਂ ਰਾਸ਼ਟਰੀ ਸਨਮਾਨ ਲੈਣ ਤੋਂ ਇਨਕਾਰ ਕਰਨ ਦਾ ਫ਼ੈਸਲਾ ਸਵਾਗਤਯੋਗ ਹੈ। ਉਨ੍ਹਾਂ ਅਪਣੀ ਨਿਜੀ ਵਾਹਵਾਹ ਤੇ ਭਵਿੱਖ ਨੂੰ ਅਪਣੇ ਸੂਬੇ ਦੇ ਭਵਿੱਖ ਤੇ ਰਾਜ ਦੀ ਪ੍ਰਤਿਭਾ ਉਤੇ ਹਾਵੀ ਨਹੀਂ ਹੋਣ ਦਿਤਾ। 

ਜਿਥੇ ਸਿੱਖ ਸ਼ਖ਼ਸੀਅਤਾਂ ਨੂੰ ਰਾਸ਼ਟਰੀ ਸਨਮਾਨ ਮਿਲਣ ਤੇ ਮਾਣ ਹੁੰਦਾ ਹੈ, ਉਥੇ ਕੁੱਝ ਸਵਾਲ ਵੀ ਉਠ ਖੜੇ ਹੁੰਦੇ ਹਨ ਜੋ ਹੁਣ ਮਨ ਨੂੰ ਸਤਾ ਰਹੇ ਹਨ। ਐਡਵੋਕੇਟ ਫੂਲਕਾ, ਜੋ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ ਰਹੇ ਹਨ ਅਤੇ ਅਜੇ ਵੀ ਕਾਨੂੰਨੀ ਤੌਰ ਤੇ 'ਆਪ' ਦੇ ਵਿਧਾਇਕ ਹਨ, ਨੂੰ '84 ਨਸਲਕੁਸ਼ੀ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕੰਮ ਕਰਨ ਬਦਲੇ, ਰਾਸ਼ਟਰੀ ਸਨਮਾਨ ਮਿਲਿਆ ਹੈ। ਪਰ ਫਿਰ ਸੀ.ਬੀ.ਆਈ. ਦੇ ਵਕੀਲ ਰਾਜਿੰਦਰ ਸਿੰਘ ਚੀਮਾ ਨੂੰ ਵੀ ਸਨਮਾਨ ਦੇਣਾ ਬਣਦਾ ਸੀ ਕਿਉਂਕਿ ਸੀ.ਬੀ.ਆਈ. ਦੇ ਇਸ ਵਕੀਲ ਦੀ ਅਣਥੱਕ ਮਿਹਨਤ ਤੋਂ ਬਗ਼ੈਰ '84 ਦੇ ਨਸਲਕੁਸ਼ੀ ਪੀੜਤਾਂ ਲਈ ਨਿਆਂ ਮੁਮਕਿਨ ਨਹੀਂ ਸੀ।

ਐਡਵੋਕੇਟ ਚੀਮਾ ਨੇ ਕਦੇ ਸਿਆਸੀ ਰੰਗਤ ਵਿਚ ਰੰਗੇ ਜਾ ਕੇ ਅਪਣੀ ਮਸ਼ਹੂਰੀ ਵਲ ਧਿਆਨ ਨਹੀਂ ਦਿਤਾ¸ਸ਼ਾਇਦ ਇਸੇ ਕਰ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। '84 ਦੇ ਪੀੜਤਾਂ ਲਈ ਲੜਨ ਵਾਲਿਆਂ ਨੂੰ ਸਨਮਾਨ ਦਿਤੇ ਜਾਣ ਦੀ ਗੱਲ ਜਚਦੀ ਨਹੀਂ ਕਿਉਂਕਿ ਐਡਵੋਕੇਟ ਫੂਲਕਾ ਨੂੰ ਸਨਮਾਨਤ ਕਰਨ ਦੇ ਨਾਲ ਹੀ, ਇਸ ਸਾਲ ਭਾਰਤ ਰਤਨ ਨਾਨਾਜੀ ਦੇਸ਼ਮੁਖ ਨੂੰ ਦਿਤਾ ਗਿਆ ਹੈ। ਨਾਨਾਜੀ ਦੇਸ਼ਮੁਖ ਆਰ.ਐਸ.ਐਸ. ਦੇ ਮੁੱਖ ਬੁਲਾਰੇ ਹਨ ਜਿਨ੍ਹਾਂ ਨੇ ਖੁਲੇਆਮ ਇੰਦਰਾ ਗਾਂਧੀ ਨੂੰ ਸ਼ਹੀਦ ਆਖਿਆ, ਦਰਬਾਰ ਸਾਹਿਬ ਉਤੇ ਹਮਲੇ ਨੂੰ ਸਰਾਹਿਆ ਅਤੇ ਦਿੱਲੀ ਨਸਲਕੁਸ਼ੀ ਨੂੰ ਸਹੀ ਦਸਦਿਆਂ ਆਖਿਆ ਸੀ ਕਿ ਇਹ ਸਿੱਖਾਂ ਨੇ ਵਾਜ ਮਾਰ ਕੇ ਆਪ ਬੁਲਾਈ ਹੈ। ਐਡਵੋਕੇਟ ਫੂਲਕਾ ਅਤੇ ਨਾਨਾਜੀ ਦੇਸ਼ਮੁਖ ਦਾ ਇਕੋ ਸਮੇਂ ਇਕ ਹੀ ਦੁਰਘਟਨਾ ਲਈ ਸਨਮਾਨ ਕਰਨਾ ਜਚਦਾ ਨਹੀਂ

ਕਿਉਂਕਿ '84 ਬਾਰੇ ਦੋਵੇਂ ਇਕ ਦੂਜ ਦੇ ਉਲਟ ਬੋਲ ਚੁਕ ਹਨ। ਕੀ ਫੂਲਕਾ ਜੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਪਣਾ ਮੋਹਰਾ ਬਣਾ ਕੇ ਵਰਤਣ ਦਾ ਰਸਤਾ ਖੋਜਿਆ ਜਾ ਰਿਹਾ ਹੈ? ਦੂਜੇ ਪਾਸੇ ਪਾਸੇ ਸੁਖਦੇਵ ਸਿੰਘ ਢੀਂਡਸਾ ਲਈ ਪਦਮਸ੍ਰੀ ਕਿਸ ਨੇ ਮੰਗਿਆ? ਕੀ ਅਕਾਲੀ ਦਲ (ਬਾਦਲ) ਨੇ ਉਨ੍ਹਾਂ ਦਾ ਨਾਂ ਭੇਜਿਆ? ਮੁਮਕਿਨ ਹੀ ਨਹੀਂ ਕਿਉਂਕਿ ਢੀਂਡਸਾ ਪਰਵਾਰ ਵਲੋਂ ਬਾਦਲ ਪਰਵਾਰ ਵਿਰੁਧ ਬਗ਼ਾਵਤ ਦੇ ਸੁਰ ਉੱਚੇ ਹੋ ਰਹੇ ਹਨ। ਪਰਮਿੰਦਰ ਸਿੰਘ ਢੀਂਡਸਾ ਅਪਣੇ ਪਿਤਾ ਵਲੋਂ ਪਾਰਟੀ ਛੱਡਣ ਤੋਂ ਬਾਅਦ ਵੀ ਬਾਦਲ ਪਰਵਾਰ ਨਾਲ ਵਫ਼ਾਦਾਰੀ ਨਿਭਾ ਰਹੇ ਸਨ ਪਰ ਹਾਲ ਹੀ ਵਿਚ ਉਨ੍ਹਾਂ ਸੰਗਰੂਰ ਤੋਂ ਲੋਕ ਸਭਾ ਚੋਣਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿਤਾ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਉਤੇ ਕਰਾਰਾ ਵਾਰ ਕੀਤਾ ਹੈ। ਹੁਣ ਕੀ ਭਾਜਪਾ ਵਲੋਂ ਬਾਦਲ ਪਰਵਾਰ ਦੇ ਮੁਕਾਬਲੇ, ਅਕਾਲੀ ਦਲ ਵਿਚ ਢੀਂਡਸਾ ਪਰਵਾਰ ਨੂੰ ਅੱਗੇ ਕਰ ਕੇ ਸਿਆਸਤ ਖੇਡੀ ਜਾ ਰਹੀ ਹੈ? ਭਾਜਪਾ ਅਪਣੇ ਦਮ ਤੇ ਪੰਜਾਬ ਵਿਚ ਪੈਰ ਨਹੀਂ ਜਮਾ ਸਕਦੀ ਅਤੇ ਉਸ ਨੂੰ ਅਕਾਲੀ ਦਲ ਦੀ ਮਦਦ ਚਾਹੀਦੀ ਹੁੰਦੀ ਹੈ। ਪਰ ਅਕਾਲੀ ਦਲ ਹੁਣ ਸਿੱਖਾਂ ਦੀ ਨੁਮਾਇੰਦਾ ਪਾਰਟੀ ਵੀ ਨਹੀਂ ਰਹੀ ਅਤੇ ਇਸ ਗਠਜੋੜ ਨੇ ਸਿੱਖ ਧਰਮ ਵਿਚ ਬਹੁਤ ਕਮਜ਼ੋਰੀਆਂ ਪੈਦਾ ਕਰ ਦਿਤੀਆਂ ਹਨ। ਨਾਨਕਸ਼ਾਹੀ ਕੈਲੰਡਰ ਨੇ ਇਸ ਹੱਥੋਂ ਸੱਭ ਤੋਂ ਵੱਧ ਪੀੜ ਸਹੀ ਹੈ।

ਭਾਜਪਾ ਦੇ ਨਾਲ ਆਰ.ਐਸ.ਐਸ. ਵੀ ਸਿੱਖ ਸਿਆਸਤ ਅਤੇ ਸਿੱਖ ਧਰਮ ਅੰਦਰ ਦਖ਼ਲਅੰਦਾਜ਼ ਹੋ ਚੁੱਕੀ ਹੈ। ਬਾਦਲ ਪਰਵਾਰ ਦੇ ਕਮਜ਼ੋਰ ਹੁੰਦਿਆਂ ਹੀ, ਭਾਜਪਾ ਵੀ ਪੰਜਾਬ ਵਿਚ ਕਮਜ਼ੋਰ ਪੈ ਗਈ ਹੈ। ਜੇ ਢੀਂਡਸਾ ਪਰਵਾਰ ਟਕਸਾਲੀ ਆਗੂਆਂ ਨਾਲ ਹੱਥ ਮਿਲਾ ਲੈਂਦਾ ਹੈ ਤਾਂ ਪੰਜਾਬ ਵਿਚ 2019 ਵਿਚ ਅਕਾਲੀ ਦਲ ਬਾਦਲ ਲਈ ਇਕ ਵੀ ਸੀਟ ਜਿਤਣੀ ਮੁਮਕਿਨ ਨਹੀਂ ਰਹੇਗੀ। ਅੱਜ ਜਿਸ ਮੋੜ ਤੇ ਪੰਜਾਬ ਦੀ ਸਿਆਸਤ ਅਤੇ ਸਿੱਖ ਧਰਮ ਦੀਆਂ ਸੰਸਥਾਵਾਂ ਆ ਖੜੀਆਂ ਹੋਈਆਂ ਹਨ, ਉਹ ਮੋੜ ਸਿੱਖ ਵਿਚਾਰਧਾਰਾ ਅਤੇ ਆਤਮ-ਸਨਮਾਨ ਵਲ ਜਾਂਦਾ ਹੈ ਜਾਂ ਸਿਆਸੀ ਤਾਕਤ ਹਾਸਲ ਕਰਨ ਲਈ ਧਰਮ ਨੂੰ ਕੁਰਬਾਨ ਕਰ ਦੇਣ ਵਲ?

ਇਹ ਮੋੜ ਬੜੀਆਂ ਔਕੜਾਂ ਝੇਲਣ ਮਗਰੋਂ ਆਇਆ ਹੈ। ਉਮੀਦ ਹੈ ਕਿ ਜਿਸ ਉਥਲ-ਪੁਥਲ 'ਚੋਂ ਅੱਜ ਸਿੱਖ ਧਰਮ ਲੰਘ ਰਿਹਾ ਹੈ, ਉਸ ਦਾ ਸਿੱਟਾ ਸਿਆਸਤਦਾਨਾਂ ਤੋਂ ਆਜ਼ਾਦੀ-ਪ੍ਰਾਪਤੀ ਹੀ ਨਿਕਲੇਗਾ। ਬਾਦਲ ਪਰਵਾਰ ਨਾਲ ਕਿਸੇ ਦੀ ਕੋਈ ਨਿਜੀ ਰੰਜਿਸ਼ ਨਹੀਂ ਪਰ ਬਾਦਲ ਪਰਵਾਰ ਸਿਆਸਤਦਾਨਾਂ ਦੀ ਧਰਮ ਵਿਚ ਦਖ਼ਲਅੰਦਾਜ਼ੀ ਦਾ ਪ੍ਰਤੀਕ ਬਣ ਗਿਆ ਹੈ। ਮਕਸਦ ਬਾਦਲ ਪਰਵਾਰ ਨੂੰ ਹਟਾ ਕੇ ਕੁੱਝ ਹੋਰ ਪਰਵਾਰਾਂ ਨੂੰ ਹਾਵੀ ਕਰਨ ਦਾ ਨਹੀਂ ਸੀ ਅਤੇ ਨਾ ਕਿਸੇ ਹੋਰ ਸਿਆਸਤਦਾਨ ਨੂੰ ਸ਼੍ਰੋਮਣੀ ਕਮੇਟੀ ਉਤੇ ਹਾਵੀ ਕਰਵਾਉਣਾ ਹੀ ਕਿਸੇ ਦਾ ਕੋਈ ਮਕਸਦ ਹੈ।

ਸ਼ਖ਼ਸੀਅਤਾਂ ਸਿੱਖੀ ਤੋਂ ਵੱਡੀਆਂ ਨਹੀਂ ਹੋ ਸਕਦੀਆਂ। ਹੁਣ ਸਿਸਟਮ ਵਿਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਲਿਆਉਣ ਦੀ ਜ਼ਰੂਰਤ ਹੈ ਕਿ ਸਿਆਸਤ ਦੇ ਖਿਡਾਰੀ ਕਦੇ ਵੀ ਸਿੱਖ ਵਿਚਾਰਧਾਰਾ ਅਤੇ ਸੰਗਤ ਨਾਲੋਂ ਵੱਡੇ ਨਾ ਦਰਸਾਏ ਜਾ ਸਕਣ।  ਇਨ੍ਹਾਂ ਹਾਲਾਤ ਵਿਚ ਨਵੀਨ ਪਟਨਾਇਕ ਦੀ ਭੈਣ ਮੀਰਾ ਪਟਨਾਇਕ ਵਲੋਂ ਰਾਸ਼ਟਰੀ ਸਨਮਾਨ ਲੈਣ ਤੋਂ ਇਨਕਾਰ ਕਰਨ ਦਾ ਫ਼ੈਸਲਾ ਸਵਾਗਤਯੋਗ ਹੈ। ਉਨ੍ਹਾਂ ਅਪਣੀ ਨਿਜੀ ਵਾਹਵਾਹ ਤੇ ਭਵਿੱਖ ਨੂੰ ਅਪਣੇ ਸੂਬੇ ਦੇ ਭਵਿੱਖ ਤੇ ਰਾਜ ਦੀ ਪ੍ਰਤਿਭਾ ਉਤੇ ਹਾਵੀ ਨਹੀਂ ਹੋਣ ਦਿਤਾ।  -ਨਿਮਰਤ ਕੌਰ