ਬਲਾਤਕਾਰੀਆਂ ਤੇ ਕਾਤਲਾਂ ਨੂੰ ਜਨਤਾ ਹੀ ਅਸਲ ਸਜ਼ਾ ਦੇ ਸਕਦੀ ਹੈ ਪਰ ਭਾਰਤੀ ਵੋਟਰ ਤਾਂ ਕੁੱਝ ਹੋਰ ਵੀ ਕਰ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪਰ ਜੇ ਜਨਤਾ ਹੀ ਇਸ ਤਰ੍ਹਾਂ ਦੇ ਅਪਰਾਧੀਆਂ ਦੇ ਕਹਿਣ ’ਤੇ ਵੋਟ ਪਾਵੇਗੀ ਤਾਂ ਫਿਰ ਗ਼ਲਤੀ ਸਿਆਸਤਦਾਨਾਂ ਦੀ ਨਹੀਂ ਮੰਨੀ ਜਾਵੇਗੀ

File Photos

 

ਬਿਲਕਿਸ ਬਾਨੋ ਦੀ ਦਰਦਨਾਕ ਕਹਾਣੀ ਜਦ ਵੀ ਕੋਈ ਆਮ ਇਨਸਾਨ ਸੁਣਦਾ ਹੈ ਤਾਂ ਉਸ ਦਾ ਦਿਲ ਦਹਿਲ ਜਾਂਦਾ ਹੈ। ਉਸ ਔਰਤ ਦੇ ਪ੍ਰਵਾਰ ਦੇ 7 ਜੀਆਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਨ੍ਹਾਂ ਵਿਚ ਉਸ ਦੀ ਤਿੰਨ ਸਾਲ ਦੀ ਬੇਟੀ ਵੀ ਸੀ। ਉਹ ਆਪ ਪੰਜ ਮਹੀਨੇ ਦੀ ਗਰਭਵਤੀ ਸੀ ਜਦ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਜਿਸ ਕਾਰਨ ਬਿਲਕਿਸ ਬਾਨੋ ਅਪਣੇ ਪੇਟ ਵਿਚ ਪਲ ਰਿਹਾ ਬੱਚਾ ਵੀ ਗਵਾ ਬੈਠੀ। ਅਜਿਹਾ ਘਿਨੌਣਾ ਪਾਪ ਕਰਨ ਵਾਲੇ 11 ਅਪਰਾਧੀਆਂ ਨੂੰ ਸਜ਼ਾਵਾਂ ਮਿਲੀਆਂ ਪਰ ਪਿਛਲੇ ਸਾਲ 15 ਅਗੱਸਤ ਨੂੰ ਸਜ਼ਾ ਮੁਆਫ਼ ਕਰਨ ਦੀ ਪ੍ਰਕਿਰਿਆ ਵਿਚ ਇਨ੍ਹਾਂ 11 ਆਦਮੀਆਂ ਨੂੰ 15 ਸਾਲਾਂ ਵਿਚ ਹੀ ਰਿਹਾਅ ਕਰ ਦਿਤਾ ਗਿਆ। ਜੇ ਪੂਰੀ ਤਰ੍ਹਾਂ ਸਜ਼ਾ ਭੁਗਤਣੀ ਪੈਂਦੀ ਤਾਂ ਇਨ੍ਹਾਂ ਨੂੰ 34 ਸਾਲ ਤਾਂ ਸਜ਼ਾ ਕਟਣੀ ਹੀ ਪੈਂਦੀ। ਇਨ੍ਹਾਂ ਨੂੰ ਲਗਾਤਾਰ ਪੈਰੋਲ ਵੀ ਮਿਲਦੀ ਰਹੀ ਹੈ।

ਗੁਜਰਾਤ ਚੋਣਾਂ ਵਿਚ ਇਹਨਾਂ ਨੂੰ ਮੰਚਾਂ ’ਤੇ ਬੁਲਾ ਕੇ ਨਿਵਾਜਿਆ ਗਿਆ ਜਿਵੇਂ ਇਨ੍ਹਾਂ ਨੇ ਕੋਈ ਮਾਅਰਕੇ ਵਾਲਾ ਕਾਰਨਾਮਾ ਕੀਤਾ ਹੋਵੇ। ਜਿਸ ਪੈਨਲ ਨੇ ਇਨ੍ਹਾਂ ਨੂੰ ਰਾਹਤ ਦਿਤੀ, ਉਸ ਨੇ ਲਿਖਿਆ ਕਿ ‘ਇਨ੍ਹਾਂ ਸੰਸਕਾਰੀ ਬ੍ਰਾਹਮਣਾਂ ਨੇ ਜੇਲ੍ਹ ਵਿਚ ਚੰਗਾ ਚਾਲ ਚਲਣ ਵਿਖਾਇਆ’ ਪਰ ਬਿਲਕਿਸ ਬਾਨੋ ਮੁਤਾਬਕ ਇਹ ਜਦ ਤੋਂ ਬਾਹਰ ਆਏ ਹਨ, ਇਨ੍ਹਾਂ ਨੇ ਉਸ ਲਈ ਖ਼ਤਰਾ ਹੀ ਖੜਾ ਕੀਤਾ ਹੈ। ਇਸੇ ਤਰ੍ਹਾਂ ਸੌਦਾ ਸਾਧ ਨੂੰ ਵੀ ਹਰਿਆਣਾ ਦੇ ਸਿਆਸਤਦਾਨਾਂ ਵਲੋਂ ਵਾਰ ਵਾਰ ਜੇਲ੍ਹ ’ਚੋਂ ਪੈਰੋਲ ਮਿਲਦੀ ਹੈ ਤੇ ਸਿਆਸਤਦਾਨ ਉਸ ਦੇ ਸਾਹਮਣੇ ਚੋਣਾਂ ਵਕਤ ਹੱਥ ਜੋੜ ਖੜੇ ਹੋ ਜਾਂਦੇ ਹਨ। ਉਹ ਵੀ ਬਲਾਤਕਾਰੀ ਕਾਤਲ ਹੈ ਜਿਸ ਨੂੰ ਪੰਜਾਬ ਵਿਚ ਸਿੱਖ ਧਰਮ ਦਾ ਦੋਸ਼ੀ ਮੰਨਿਆ ਜਾਂਦਾ ਹੈ। ਉਹ ਅੱਜ ਵੀ ਜੇਲ੍ਹ ਤੋਂ ਪੈਰੋਲ ਤੇ ਆ ਕੇ ਸਿੱਖ ਜਜ਼ਬਾਤ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦਾ ਹੈ ਪਰ ਫਿਰ ਵੀ ਉਹ ਵੋਟਾਂ ਦੇ ਭਿਖਾਰੀ ਸਿਆਸਤਦਾਨਾਂ ਨੂੰ ਚੰਗਾ ਲਗਦਾ ਹੈ।

ਇਨ੍ਹਾਂ 11 ਬਲਾਤਕਾਰੀਆਂ ਤੇ ਕਾਤਲਾਂ ਅਤੇ ਸੌਦਾ ਸਾਧ (ਜੋ ਬਲਾਤਕਾਰੀ ਤੇ ਕਾਤਲ ਵੀ ਸਾਬਤ ਹੋ ਚੁਕਾ ਹੈ) ਬਾਰੇ ਨਿਆਂਪਾਲਿਕਾ ਨੇ ਇਨ੍ਹਾਂ ਉਤੇ ਲੱਗੇ ਗੰਭੀਰ ਦੋਸ਼ਾਂ ਉਤੇ, ਛਾਣ ਬੀਣ ਕਰਨਾ/ਕਰਵਾਉਣਾ ਮਗਰੋਂ ਅਪਣੀ ਮੋਹਰ ਲਗਾ ਦਿਤੀ ਹੈ। ਇਸ ਲਈ ਉਸ ਬਾਰੇ ਕੋਈ ਸਵਾਲ ਨਹੀਂ ਕਰਨਾ ਬਣਦਾ। ਸਵਾਲ ਸਿਆਸਤਦਾਨਾਂ ਬਾਰੇ ਵੀ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਸ਼ੇ੍ਰਣੀ ਵੋਟ ਦੀ ਐਨੀ ਭੁੱਖੀ ਹੁੰਦੀ ਹੈ ਕਿ ਵੋਟਾਂ ਲਈ ਕਿਸੇ ਵੀ ਹੱਦ ਤਕ ਹੇਠਾਂ ਡਿਗ ਸਕਦੀ ਹੈ ਤਾਕਿ ਉਸ ਦੀ ਕੁਰਸੀ ਬਚੀ ਰਹੇ।

ਪਰ ਸਵਾਲ ਭਾਰਤ ਦੀ ਜਨਤਾ ਨੂੰ ਕਰਨਾ ਬਾਕੀ ਹੈ। ਕੀ ਤੁਸੀ ਇਸ ਕਦਰ ਲਾਪ੍ਰਵਾਹ ਹੋ ਚੁੱਕੇ ਹੋ ਕਿ ਤੁਹਾਨੂੰ ਬਲਾਤਕਾਰੀ ਕਾਤਲਾਂ ਦੇ ਪਿੱਛੇ ਲੱਗਣ ਵਿਚ ਹੁਣ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ? ਇਕ ਲੋਕਤੰਤਰੀ ਦੇਸ਼ ਦੀ ਰੂਹ ਉਸ ਦੀ ਜਨਤਾ ਵਿਚ ਵਸਦੀ ਹੈ ਜੋ ਅਪਣੇ ਸਿਆਸਤਦਾਨਾਂ ਨੂੰ ਵੋਟ ਦੇ ਕੇ ਚੁਣਦੀ ਹੈ। ਪਰ ਜੇ ਜਨਤਾ ਹੀ ਇਸ ਤਰ੍ਹਾਂ ਦੇ ਅਪਰਾਧੀਆਂ ਦੇ ਕਹਿਣ ’ਤੇ ਵੋਟ ਪਾਵੇਗੀ ਤਾਂ ਫਿਰ ਗ਼ਲਤੀ ਸਿਆਸਤਦਾਨਾਂ ਦੀ ਨਹੀਂ ਮੰਨੀ ਜਾਵੇਗੀ। ਜੇ ਕਿਸੇ ਵੀ ਭਾਰਤੀ ਨਾਗਰਿਕ ਨੂੰ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਤੇ ਉਸ ਦੇ ਪ੍ਰਵਾਰ ਦੇ ਕਾਤਲਾਂ ਵਿਚ ਬ੍ਰਾਹਮਣੀ ਸੰਸਕਾਰ ਝਲਕਦੇ ਨਜ਼ਰ ਆਉਂਦੇ ਹਨ, ਸਿਰਫ਼ ਇਸ ਕਰ ਕੇ ਕਿ ਬਿਲਕਿਸ ਬਾਨੋ ਮੁਸਲਮਾਨ ਹੈ, ਜੇ ਸਾਧ ਬਾਰੇ ਨਹੀਂ ਮੰਨਿਆ ਜਾ ਰਿਹਾ ਕਿ ਉਸ ਨੇ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਸਾਡੇ ਦੇਸ਼ ਦੀ ਰੂਹ ਮਰ ਚੁੱਕੀ ਹੈ।

- ਨਿਮਰਤ ਕੌਰ