ਰਾਹੁਲ ਗਾਂਧੀ ਦਾ ਦਿਲ ਟੁਟ ਚੁੱਕਾ ਹੈ ਤੇ ਕਹਿ ਰਿਹਾ ਹੈ, ਇਥੋਂ ਉਡ ਜਾ ਭੋਲੇ ਪੰਛੀਆ, ਵੇ ਤੂੰ ਅਪਣੀ...
ਰਾਹੁਲ ਗਾਂਧੀ ਦਾ ਦਿਲ ਟੁਟ ਚੁੱਕਾ ਹੈ ਤੇ ਕਹਿ ਰਿਹਾ ਹੈ, ਇਥੋਂ ਉਡ ਜਾ ਭੋਲੇ ਪੰਛੀਆ, ਵੇ ਤੂੰ ਅਪਣੀ ਖ਼ੈਰ ਮਨਾ
ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇਣਾ ਚਾਹੁੰਦੇ ਹਨ ਪਰ ਕਾਂਗਰਸ ਉਨ੍ਹਾਂ ਤੋਂ ਬਗ਼ੈਰ ਅਪਣੇ ਭਵਿੱਖ ਬਾਰੇ ਚਿੰਤਤ ਹੈ। ਸੋ ਵੱਡੇ ਕਾਂਗਰਸੀ ਹਰ ਰੋਜ਼ ਉਨ੍ਹਾਂ ਦੇ ਦਰਵਾਜ਼ੇ ਤੇ ਦਸਤਕ ਦੇ ਰਹੇ ਹਨ। ਇਹ 2014 'ਚ ਵੀ ਹੋਇਆ ਸੀ ਜਦੋਂ ਰਾਹੁਲ ਗਵਾਚ ਗਏ ਸਨ। ਉਸ ਸਮੇਂ ਚਰਚਾਵਾਂ ਅਨੁਸਾਰ ਉਹ ਵਾਪਸ ਨਹੀਂ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਕ ਤਰ੍ਹਾਂ ਜ਼ਬਰਦਸਤੀ ਲਿਆਂਦਾ ਗਿਆ ਸੀ। ਰਾਹੁਲ ਗਾਂਧੀ ਇਕ ਗ਼ਰੀਬ ਪ੍ਰਵਾਰ ਤੋਂ ਨਹੀਂ ਹਨ। ਉਹ ਇਕ ਖ਼ਾਸਮ-ਖ਼ਾਸ ਪ੍ਰਵਾਰ ਤੋਂ ਹਨ ਜਿਸ ਨੇ ਤਾਕਤ ਵੀ ਵੇਖੀ ਅਤੇ ਉਸ ਤਾਕਤ ਬਦਲੇ ਅਪਣਿਆਂ ਦੀ ਦਰਦਨਾਕ ਮੌਤ ਵੀ ਵੇਖੀ।
ਇੰਦਰਾ ਗਾਂਧੀ, ਰਾਜੀਵ ਗਾਂਧੀ, ਸਾਡੇ ਵਾਸਤੇ ਕੁੱਝ ਵੀ ਹੋਣ, ਰਾਹੁਲ ਗਾਂਧੀ ਵਾਸਤੇ ਉਸ ਦਾ ਪ੍ਰਵਾਰ ਸਨ ਅਤੇ ਉਨ੍ਹਾਂ ਦੀ ਮਾਂ ਨੂੰ ਵੀ ਜ਼ਬਰਦਸਤੀ ਭਾਰਤ ਦੀ ਸੱਭ ਤੋਂ ਵੱਡੀ ਪਾਰਟੀ ਨੇ ਸਰਗਰਮ ਸਿਆਸਤ ਵਿਚ ਆਉਣ ਲਈ ਮਜਬੂਰ ਕੀਤਾ ਸੀ। ਸਿਆਸਤ ਭਾਵੇਂ ਰਾਹੁਲ ਗਾਂਧੀ ਦੇ ਖ਼ੂਨ ਵਿਚ ਰਹੀ ਹੋਵੇ, ਉਨ੍ਹਾਂ ਦੀ ਪਰਵਰਿਸ਼ ਵਿਚ ਨਹੀਂ ਸੀ। ਸੋਨੀਆ ਗਾਂਧੀ ਦੀ ਪਰਵਰਿਸ਼ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵਿਚ ਝਲਕਦੀ ਹੈ ਜੋ ਦੋਵੇਂ ਹੀ ਕੁਰਸੀ ਦੇ ਨਸ਼ੇ ਤੋਂ ਅਨਜਾਣ ਹਨ। ਭਾਰਤ ਨੇ ਰਾਹੁਲ ਗਾਂਧੀ ਨੂੰ ਜੋ ਫ਼ੈਸਲਾ ਸੁਣਾਇਆ ਹੈ, ਜ਼ਾਹਰ ਹੈ ਕਿ ਉਸ ਦਾ ਦਿਲ ਟੁਟ ਗਿਆ ਹੋਵੇਗਾ। ਰਾਹੁਲ ਗਾਂਧੀ ਨੂੰ ਇਸ ਸਮੇਂ ਉਹ 12 ਕਰੋੜ ਨਹੀਂ ਦਿਸ ਰਹੇ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਦਿਤੀ ਸਗੋਂ ਉਹ ਦਿਸ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ 'ਪੱਪੂ' ਸਮਝ ਕੇ ਨਕਾਰਿਆ ਹੈ।
2014 ਦੇ ਪੱਪੂ ਅੱਜ 2019 ਵਿਚ ਪਹਿਲਾਂ ਨਾਲੋਂ ਕਿਤੇ ਵਖਰੇ ਸਿਆਸਤਦਾਨ ਹਨ। ਪਰ ਉਹ ਅਜੇ ਵੀ ਦਿਲੋਂ ਸਿਆਸਤਦਾਨ ਨਹੀਂ ਬਣ ਸਕੇ। ਉਨ੍ਹਾਂ ਨੇ ਜ਼ਰੂਰ 2019 ਵਾਸਤੇ ਅਪਣੀ ਜਾਨ ਲਾ ਕੇ ਕੰਮ ਕੀਤਾ ਪਰ ਉਨ੍ਹਾਂ ਦਾ ਦਿਲ ਨਹੀਂ ਖੁਭਿਆ ਸਿਆਸਤ ਵਿਚ। ਉਹ ਚੋਣਾਂ ਦੌਰਾਨ ਵੀ ਅਪਣਾ ਰਸਤਾ ਲੱਭ ਰਹੇ ਸਨ ਅਤੇ ਹਰ ਚੋਣ ਪ੍ਰਚਾਰ ਤੋਂ ਬਾਅਦ ਉਨ੍ਹਾਂ ਵਿਚ ਵਿਸ਼ਵਾਸ ਵਧਦਾ ਸੀ। ਪਰ ਉਨ੍ਹਾਂ ਨੇ ਅਜਿਹੇ ਆਗੂ ਨਾਲ ਟੱਕਰ ਲੈ ਲਈ ਸੀ ਜਿਸ ਨੇ ਦਹਾਕਿਆਂ ਤਕ ਅਪਣੀ ਅਗਲੀ ਚਾਲ ਬਾਰੇ ਯੋਜਨਾ ਬਣਾਉਂਦਿਆਂ ਬਿਤਾਏ ਸਨ।
ਇਕ ਗੱਲ ਹੋਰ ਵੀ ਸਾਫ਼ ਹੈ ਕਿ ਰਾਹੁਲ ਗਾਂਧੀ ਅਪਣੀ ਦਾਦੀ ਜਾਂ ਪਿਤਾ ਵਰਗੇ ਨਹੀਂ। ਸ਼ਾਇਦ ਉਹ ਅਪਣੇ ਪੜਦਾਦਾ ਜਵਾਹਰ ਲਾਲ ਨਹਿਰੂ ਵਾਂਗ ਜ਼ਿਆਦਾ ਆਜ਼ਾਦ ਸੋਚ ਵਾਲੇ ਹਨ। ਲੋਕਾਂ ਨਾਲ ਰਾਬਤਾ ਬਣਾਉਣ ਵਾਲੇ ਨਹਿਰੂ ਨੂੰ 'ਚਾਚਾ' ਆਖਿਆ ਗਿਆ ਸੀ। ਪਰ ਨਹਿਰੂ ਨੂੰ ਵੀ ਸਿਆਸਤ ਨਾਲ ਪਿਆਰ ਸੀ। ਰਾਹੁਲ ਵਿਚ ਜੇ ਸਿਆਸਤ ਵਾਸਤੇ ਪਿਆਰ ਹੁੰਦਾ ਤਾਂ ਉਹ ਅਪਣਾ ਪੱਪੂ ਵਾਲਾ ਅਕਸ ਹਟਾ ਕੇ 'ਰਾਹੁਲ ਭਈਆ' ਜ਼ਰੂਰ ਬਣ ਜਾਂਦੇ।
ਕਾਂਗਰਸ ਕੋਲ ਅੱਜ ਰਾਹੁਲ ਦਾ ਬਦਲ ਕੋਈ ਨਹੀਂ ਪਰ ਕਾਂਗਰਸ ਕੋਲ ਨਹਿਰੂ ਤੋਂ ਬਾਅਦ ਵੀ ਲਾਲ ਬਹਾਦੁਰ ਸ਼ਾਸਤਰੀ ਨਹੀਂ ਸੀ। ਹਾਲਾਤ ਨੇ ਉਨ੍ਹਾਂ ਨੂੰ ਨੇਤਾ ਬਣਾ ਦਿਤਾ ਸੀ। ਨਰਸਿਮ੍ਹਾ ਰਾਉ ਤੇ ਡਾ. ਮਨਮੋਹਨ ਸਿੰਘ ਵੀ ਵੱਡੇ ਆਗੂ ਬਣ ਗਏ ਸਨ। ਜਦੋਂ ਕਿਸੇ ਨੂੰ ਕੰਮ ਕਰਨ ਦਾ ਮੌਕਾ ਦਿਤਾ ਜਾਵੇ ਤਾਂ ਇਕ ਆਗੂ ਨਾ ਚਾਹੁੰਦੇ ਹੋਏ ਵੀ ਅਪਣੀ ਥਾਂ ਬਣਾ ਲੈਂਦਾ ਹੈ। ਅੱਜ ਤੋਂ 6 ਸਾਲ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਕੌਣ ਜਾਣਦਾ ਸੀ, ਪਰ ਉਨ੍ਹਾਂ ਨੇ ਵੀ ਅਪਣੀ ਥਾਂ ਬਣਾ ਲਈ ਸੀ।
ਮੁਸ਼ਕਲ ਇਹ ਹੈ ਕਿ ਕਾਂਗਰਸ ਅਪਣੀ ਅਸਲੀਅਤ ਅੱਜ ਵੀ ਨਹੀਂ ਸਮਝ ਰਹੀ। ਉਹ ਅਪਣੇ ਪੁਰਾਣੇ ਰੁਤਬੇ ਦੇ ਨਸ਼ੇ ਵਿਚ ਚੂਰ ਹੋਈ ਬੈਠੀ ਹੈ। ਰਾਹੁਲ ਅੱਗੇ ਉਨ੍ਹਾਂ ਦੀ ਅਪਣੀ ਪਾਰਟੀ ਦੇ ਪੁਰਾਣੇ ਆਗੂਆਂ ਨੇ ਜ਼ਰੂਰ ਰੇੜਕੇ ਖੜੇ ਕੀਤੇ ਹੋਣਗੇ ਪਰ ਉਨ੍ਹਾਂ ਤੇ ਹਾਵੀ ਹੋਣਾ ਰਾਹੁਲ ਨੂੰ ਸ਼ਾਇਦ ਨਹੀਂ ਆਉਂਦਾ। ਅੱਜ ਕਾਂਗਰਸ ਜਿਸ ਮੋੜ ਉੱਤੇ ਆ ਖੜੀ ਹੋਈ ਹੈ, ਉਹ ਇਤਿਹਾਸ ਵਿਚ ਉਸ ਦੇ ਸਫ਼ਰ ਦਾ ਅੰਤ ਵੀ ਸਾਬਤ ਹੋ ਸਕਦਾ ਹੈ। ਜੇ ਰਾਹੁਲ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜਾਣ ਦੇਣਾ ਚਾਹੀਦਾ ਹੈ।
ਜ਼ਬਰਦਸਤੀ ਦੇ ਸਿਆਸਤਦਾਨ ਸਫ਼ਲ ਨਹੀਂ ਹੋ ਸਕਦੇ ਪਰ ਜੇ ਸਿਆਸਤ ਨੂੰ ਅਲਵਿਦਾ ਕਹਿਣਾ ਹੈ ਤਾਂ 100% ਤਿਆਗਣਾ ਹੋਵੇਗਾ। ਪਿੱਛੇ ਬੈਠ ਕੇ ਜ਼ਿੰਮੇਵਾਰੀ ਕਿਸੇ ਹੋਰ ਉੱਤੇ ਨਹੀਂ ਪਾ ਸਕਦੇ ਅਤੇ ਜੇ ਰਹਿਣਾ ਹੈ ਤਾਂ ਪੂਰੀ ਤਰ੍ਹਾਂ ਰਹਿਣ। ਸੰਸਦ ਵਿਚ 100% ਹਾਜ਼ਰੀ ਲਾ ਕੇ ਵਿਰੋਧੀ ਧਿਰ ਦੇ ਆਗੂ ਦੀ ਜ਼ਿੰਮੇਵਾਰੀ, ਬਗ਼ੈਰ ਕਿਸੇ ਨੋਟੰਕੀ ਤੋਂ ਨਿਭਾਉਣ। ਅਮੇਠੀ ਵਿਚ ਜਾ ਕੇ ਅਪਣੀ ਥਾਂ ਬਣਾਉਣ। ਸਾਰੀ ਕਾਂਗਰਸ ਵਿਚ ਅਪਣੀ ਸੋਚ ਬਗ਼ੈਰ ਕਿਸੇ ਰੋਕ ਟੋਕ ਤੋਂ ਲਾਗੂ ਕਰਨ। ਜੇ ਯੁਵਾ ਕਾਂਗਰਸ ਉਨ੍ਹਾਂ ਦਾ ਸੁਪਨਾ ਹੈ ਤਾਂ ਫਿਰ 100% ਉਸ ਨੂੰ ਲਾਗੂ ਕਰਨ।
ਅਤੇ ਫਿਰ ਸਾਰੀ ਕਾਂਗਰਸ ਨੂੰ ਵੀ 5 ਸਾਲਾਂ ਵਾਸਤੇ ਲੋਕਾਂ ਵਿਚ ਨਜ਼ਰ ਆਉਣਾ ਪਵੇਗਾ। ਹਰ ਪਿੰਡ, ਹਰ ਸ਼ਹਿਰ ਵਿਚ ਅਪਣੇ ਵੋਟਰਾਂ ਨਾਲ ਰਾਬਤਾ ਬਣਾਉਣਾ ਹੋਵੇਗਾ। ਜੇ ਕਾਂਗਰਸੀ ਕੰਮ ਕਰਨ ਵਾਸਤੇ ਤਿਆਰ ਹੋਣ ਤਾਂ ਹੀ ਉਨ੍ਹਾਂ ਦਾ ਬਚਾਅ ਹੋ ਸਕਦਾ ਹੈ। ਰਾਹੁਲ ਗਾਂਧੀ ਸਿਆਸਤ ਵਿਚ ਰਹਿਣ ਭਾਵੇਂ ਨਾ ਰਹਿਣ, ਸਿਆਸਤ ਨੂੰ ਇਕ ਤੇਜ਼ ਅਤੇ ਤਾਕਤਵਰ ਵਿਰੋਧੀ ਧਿਰ ਚਾਹੀਦੀ ਹੈ, ਜੋ ਦੇਸ਼ ਵਿਚ ਲੋਕਤੰਤਰ ਦੀ ਰਾਖੀ ਕਰ ਸਕੇ। ਅੱਜ ਕਾਂਗਰਸ ਦੇ ਭਵਿੱਖ ਬਾਰੇ ਜਿਹੜੀਆਂ ਚਿੰਤਾਵਾਂ ਉਠ ਰਹੀਆਂ ਹਨ, ਉਹ ਅਸਲ ਵਿਚ ਲੋਕਤੰਤਰ ਬਾਰੇ ਚਿੰਤਾਵਾਂ ਹਨ। ਭਾਰਤ ਦੀ ਸੱਭ ਤੋਂ ਪੁਰਾਣੀ ਪਾਰਟੀ ਦੀ ਹੋਂਦ ਬਚਾਉਣ ਦੇ ਨਾਲ ਨਾਲ, ਭਾਰਤ ਦੇ ਲੋਕਤੰਤਰ ਦਾ ਭਵਿੱਖ ਬਚਾਣਾ ਵੀ ਅੱਜ ਰਾਹੁਲ ਗਾਂਧੀ ਦੀ ਜ਼ਿੰਮੇਵਾਰੀ ਬਣਿਆ ਹੋਇਆ ਹੈ।
ਜੇ ਰਾਹੁਲ ਸਿਆਸਤ ਵਿਚ ਨਹੀਂ ਰਹਿਣਾ ਚਾਹੁੰਦੇ, ਜੇ ਕਾਂਗਰਸ ਕੋਲ ਕੋਈ ਹੋਰ ਸਮਰੱਥ ਆਗੂ ਨਹੀਂ ਹੈ ਤਾਂ ਫਿਰ ਕਿਉਂ ਨਹੀਂ ਸੂਬਾਈ ਪਾਰਟੀਆਂ ਨਾਲ ਇਕ ਮਹਾਂਗਠਜੋੜ ਬਣਾ ਕੇ ਸੰਘੀ ਸਿਸਟਮ ਵਲ ਕਦਮ ਚੁੱਕ ਲੈਂਦੇ? ਅੱਜ ਦੀ ਲੋੜ ਅਨੁਸਾਰ ਇਕ ਨਵੀਂ ਸੋਚ ਜ਼ਰੂਰੀ ਹੈ ਨਾ ਕਿ ਅਪਣੇ ਆਪ ਨੂੰ ਪੁਰਾਣੀ ਛਾਪ ਵਿਚ ਢਾਲਣ ਦੀ। ਨਵਾਂ ਭਾਰਤ, ਨਵਾਂ ਯੁਗ, ਨਵੀਂ ਸੋਚ। - ਨਿਮਰਤ ਕੌਰ