ਨਸ਼ਿਆਂ ਨੂੰ ਪੰਜਾਬ ਦੀ ਜਵਾਨੀ ਨਿਗਲਣ ਤੋਂ ਰੋਕਣ ਲਈ ਭੁੱਕੀ, ਅਫ਼ੀਮ ਨਹੀਂ ਸਿੰਥੈਟਿਕ ਨਸ਼ੇ ਬੰਦ ਕੀਤੇ ਜਾਣ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਫ਼ੀਮ ਨੂੰ ਤਾਂ ਕਈ ਦੇਸ਼ਾਂ ਵਿਚ ਅੱਜ ਵੀ ਇਕ ਦਵਾਈ ਵਾਂਗ ਵਰਤਿਆ ਜਾ ਰਿਹਾ ਹੈ। ਕੈਂਸਰ ਅਤੇ ਹੋਰ ਬਿਮਾਰੀਆਂ ਦਾ ਇਲਾਜ ਵੀ ਇਸ 'ਚੋਂ ਨਿਕਲ ਰਿਹਾ........

Drug Addiction

ਅਫ਼ੀਮ ਨੂੰ ਤਾਂ ਕਈ ਦੇਸ਼ਾਂ ਵਿਚ ਅੱਜ ਵੀ ਇਕ ਦਵਾਈ ਵਾਂਗ ਵਰਤਿਆ ਜਾ ਰਿਹਾ ਹੈ। ਕੈਂਸਰ ਅਤੇ ਹੋਰ ਬਿਮਾਰੀਆਂ ਦਾ ਇਲਾਜ ਵੀ ਇਸ 'ਚੋਂ ਨਿਕਲ ਰਿਹਾ ਹੈ। ਜੋ ਫ਼ਾਰਮਾਸਿਊਟੀਕਲ ਉਦਯੋਗ ਨੂੰ ਟੱਕਰ ਦੇਣ ਦੀ ਕਾਬਲੀਅਤ ਰਖਦਾ ਹੈ। ਇਸੇ ਕਰ ਕੇ ਅੰਤਰ-ਰਾਸ਼ਟਰੀ ਦਵਾਈ ਕੰਪਨੀਆਂ ਅਪਣੀ ਸਿਆਸੀ ਪਹੁੰਚ ਕਾਰਨ ਅਫ਼ੀਮ ਨੂੰ ਨਸ਼ਾ ਦਸ ਕੇ ਉਸ ਉਤੇ ਪਾਬੰਦੀ ਲਗਵਾਉਣ ਵਿਚ ਜੁਟੀਆਂ ਰਹਿੰਦੀਆਂ ਹਨ।

ਕੈਨੇਡਾ ਨੇ ਹਾਲ ਵਿਚ ਹੀ ਭੁੱਕੀ/ਮੈਰੀਜੁਆਨਾ ਤੋਂ ਪਾਬੰਦੀ ਹਟਾ ਦਿਤੀ ਹੈ ਅਤੇ ਹੁਣ ਅਮਰੀਕਾ ਦੀ, ਦਵਾਈ ਉਦਯੋਗ ਨੂੰ ਹੱਲਾਸ਼ੇਰੀ ਦੇਣ ਵਾਲੀ ਸਰਕਾਰੀ ਸੰਸਥਾ ਐਫ਼.ਡੀ.ਏ. ਨੇ ਅਫ਼ੀਮ ਤੋਂ ਬਣਦੀਆਂ ਦਵਾਈਆਂ ਨੂੰ ਅਪਣੀ ਹਮਾਇਤ ਵੀ ਦੇ ਦਿਤੀ ਹੈ।

ਅੱਜ ਸਾਰਾ ਪੰਜਾਬ ਇਕ-ਅਵਾਜ਼ ਹੋ ਕੇ ਨਸ਼ੇ ਵਿਰੁਧ ਆਵਾਜ਼ ਚੁਕ ਰਿਹਾ ਹੈ। 'ਮਰ ਜਾਉ ਜਾਂ ਵਿਰੋਧ ਕਰੋ' ਦਾ ਨਾਹਰਾ ਸਾਰੇ ਪੰਜਾਬ 'ਚ ਗੂੰਜ ਰਿਹਾ ਹੈ। ਹਰ ਰੋਜ਼ ਨੌਜਵਾਨਾਂ ਨੂੰ ਨਸ਼ੇ ਦੇ ਟੀਕੇ ਨਾਲ ਮਰਦੇ ਵੇਖ ਕੇ ਮਨ ਤੜਪ ਉਠਦਾ ਹੈ। ਕਦੇ ਕਿਸੇ ਮਾਂ ਦੇ ਕੀਰਨੇ ਸੁਣਨ ਨੂੰ ਮਿਲਦੇ ਹਨ ਅਤੇ ਕਦੇ ਕੋਈ ਬੱਚਾ ਅਪਣੇ ਮੁਰਦਾ ਬਾਪ ਨੂੰ ਉਠ ਪੈਣ ਲਈ ਵਿਰਲਾਪ ਕਰਦਾ, ਰੋ ਰੋ ਕੇ ਫਾਵਾ ਹੋਇਆ ਦਿਸਦਾ ਹੈ। ਨਸ਼ੇ ਦੀ ਤਬਾਹੀ ਪ੍ਰਵਾਰਾਂ ਨੂੰ ਤਾਂ ਝੰਜੋੜਦੀ ਹੀ ਹੈ ਅਤੇ ਇਸ ਦਾ ਪੰਜਾਬ ਵਲੋਂ ਇਕਜੁਟ ਹੋ ਕੇ ਕੀਤਾ ਜਾ ਰਿਹਾ ਵਿਰੋਧ ਇਹੀ ਦਸਦਾ ਹੈ ਕਿ ਆਖ਼ਰ ਪੰਜਾਬੀ ਕਿਸੇ ਮੁੱਦੇ ਉਤੇ ਤਾਂ ਇਕਜੁਟਤਾ ਵਿਖਾ ਰਹੇ ਹਨ। 

ਇਸ ਆਉਣ ਵਾਲੇ ਸੰਕਟ ਬਾਰੇ ਪੰਜਾਬ ਨੂੰ ਚੇਤਾਵਨੀਆਂ ਵੀ ਦਿਤੀਆਂ ਗਈਆਂ, ਆਵਾਜ਼ਾਂ ਵੀ ਚੁਕੀਆਂ ਗਈਆਂ ਤੇ ਪਿਛਲੀ ਸਰਕਾਰ ਵੀ ਇਸ ਮੁੱਦੇ ਤੇ ਲੋਕਾਂ ਦੇ ਮਨਾਂ ਤੋਂ ਉਤਰ ਗਈ, ਪਰ ਨਸ਼ੇ ਦੀ ਬਿਮਾਰੀ ਪੰਜਾਬ ਨੂੰ ਛਡਦੀ ਨਹੀਂ ਜਾਪਦੀ। ਇਥੇ ਇਹ ਵੀ ਸਮਝਣਾ ਪਵੇਗਾ ਕਿ ਪੰਜਾਬ ਨਾ ਤਾਂ ਭਾਰਤ ਦਾ ਇਕੱਲਾ ਸੂਬਾ ਹੈ ਜਿਥੇ ਨਸ਼ੇ ਦੀ ਸਮੱਸਿਆ ਫੈਲੀ ਹੋਈ ਹੈ ਅਤੇ ਨਾ ਭਾਰਤ ਕੋਈ ਇਕੱਲਾ ਦੇਸ਼ ਹੈ ਜਿਥੇ ਇਹ ਸੰਕਟ ਬਣਿਆ ਹੋਇਆ ਹੈ। ਭਾਰਤ ਦੇ ਸੱਭ ਤੋਂ ਖ਼ੁਸ਼ਹਾਲ ਸੂਬੇ ਕੇਰਲ, ਮਹਾਰਾਸ਼ਟਰ, ਮਣੀਪੁਰ, ਦਿੱਲੀ ਵੀ ਅਪਣੇ ਨੌਜਵਾਨਾਂ ਨੂੰ ਨਸ਼ੇ ਦੀ ਬਿਮਾਰੀ ਨਾਲ ਜੂਝਦੇ ਵੇਖ ਰਹੇ ਹਨ। ਅਮਰੀਕਾ, ਫ਼ਿਲੀਪੀਨਜ਼ ਵੀ ਨਸ਼ੇ ਦੀ ਮਾਰ ਹੇਠ ਹਨ।

ਜਦੋਂ ਨਸ਼ਿਆਂ ਦੀ ਤਸਕਰੀ ਦਾ ਲਾਂਘਾ ਪੰਜਾਬ ਵਿਚੋਂ ਲੰਘਦਾ ਹੈ ਤਾਂ ਜ਼ਾਹਰ ਹੈ ਕਿ ਪੰਜਾਬ ਖ਼ਤਰੇ ਵਿਚ ਪੈਣਾ ਹੀ ਸੀ। ਪਰ ਪੰਜਾਬ ਵਿਚ ਇਸ ਸਮੱਸਿਆ ਦਾ ਫੈਲਣਾ, ਪੰਜਾਬੀਆਂ ਦੇ ਫ਼ੌਲਾਦੀ ਕਿਰਦਾਰ ਸਾਹਮਣੇ, ਸਮਝ ਤੋਂ ਬਾਹਰ ਦੀ ਗੱਲ ਹੈ ਅਤੇ ਸ਼ਾਇਦ ਇਸੇ ਕਰ ਕੇ ਪੰਜਾਬ ਨੂੰ ਸਦਮਾ ਵੀ ਜ਼ਿਆਦਾ ਲਗਿਆ ਹੈ। ਪਰ ਇਸ ਦੇ ਸੱਚ ਨੂੰ ਸਮਝਣਾ ਵੀ ਜ਼ਰੂਰੀ ਹੈ ਤਾਕਿ ਪੰਜਾਬ ਦੀ ਤੜਪ ਕਿਸੇ ਸਫ਼ਲ ਇਲਾਜ ਨੂੰ ਹੱਥ ਪਾ ਸਕੇ। ਇਕ ਤਾਂ ਭੁੱਕੀ/ਮੈਰੀਜੁਆਨਾ ਜੋ ਕਿਸਾਨ ਦੀ ਕੁਦਰਤੀ ਦਵਾਈ ਹੈ, ਇਸ ਉਤੇ ਰੋਕ ਲਾਉਣ ਨਾਲ ਇਹ ਖ਼ਾਹਮਖ਼ਾਹ ਹੀ ਇਕ ਨਸ਼ਾ ਬਣਾ ਦਿਤੀ ਗਈ ਹੈ।

ਅਫ਼ੀਮ ਨੂੰ ਤਾਂ ਕਈ ਦੇਸ਼ਾਂ ਵਿਚ ਅੱਜ ਵੀ ਇਕ ਦਵਾਈ ਵਾਂਗ ਵਰਤਿਆ ਜਾ ਰਿਹਾ ਹੈ। ਕੈਂਸਰ ਅਤੇ ਹੋਰ ਬਿਮਾਰੀਆਂ ਦਾ ਇਲਾਜ ਵੀ ਇਸ 'ਚੋਂ ਨਿਕਲ ਰਿਹਾ ਹੈ ਜੋ ਫ਼ਾਰਮਾਸਿਊਟੀਕਲ ਉਦਯੋਗ ਨੂੰ ਟੱਕਰ ਦੇਣ ਦੀ ਕਾਬਲੀਅਤ ਰਖਦਾ ਹੈ। ਇਸੇ ਕਰ ਕੇ ਅੰਤਰ-ਰਾਸ਼ਟਰੀ ਦਵਾਈ ਕੰਪਨੀਆਂ ਅਪਣੀ ਸਿਆਸੀ ਪਹੁੰਚ ਕਾਰਨ ਅਫ਼ੀਮ ਨੂੰ ਨਸ਼ਾ ਦਸ ਕੇ ਉਸ ਉਤੇ ਪਾਬੰਦੀ ਲਗਵਾਉਣ ਵਿਚ ਜੁਟੀਆਂ ਰਹਿੰਦੀਆਂ ਹਨ। ਕੈਨੇਡਾ ਨੇ ਹਾਲ ਵਿਚ ਹੀ ਭੁੱਕੀ/ਮੈਰੀਜੁਆਨਾ ਤੋਂ ਪਾਬੰਦੀ ਹਟਾ ਦਿਤੀ ਹੈ

ਅਤੇ ਹੁਣ ਅਮਰੀਕਾ ਦੀ, ਦਵਾਈ ਉਦਯੋਗ ਨੂੰ ਹੱਲਾਸ਼ੇਰੀ ਦੇਣ ਵਾਲੀ ਸਰਕਾਰੀ ਸੰਸਥਾ ਐਫ਼.ਡੀ.ਏ. ਨੇ ਅਫ਼ੀਮ ਤੋਂ ਬਣਦੀਆਂ ਦਵਾਈਆਂ ਨੂੰ ਅਪਣੀ ਹਮਾਇਤ ਵੀ ਦੇ ਦਿਤੀ ਹੈ। ਅਤੇ ਪੰਜਾਬ ਜਾਂ ਦੁਨੀਆਂ ਭਰ ਵਿਚ ਨਸ਼ਿਆਂ ਕਾਰਨ ਜੋ ਮੌਤਾਂ ਹੋ ਰਹੀਆਂ ਹਨ, ਉਹ ਭੁੱਕੀ ਸਦਕਾ ਨਹੀਂ ਹੋ ਰਹੀਆਂ ਬਲਕਿ ਦਵਾਈਆਂ ਤੋਂ ਬਣੇ ਨਸ਼ਿਆਂ ਨਾਲ ਹੋ ਰਹੀਆਂ ਹਨ। ਪੰਜਾਬ ਸਿਰਫ਼ ਅਫ਼ਗਾਨਿਸਤਾਨ ਤੋਂ ਆਉਂਦੇ ਨਸ਼ੇ ਦਾ ਲਾਂਘਾ ਹੀ ਨਹੀਂ ਬਣ ਗਿਆ ਬਲਕਿ ਸਿੰਥੈਟਿਕ ਦਵਾਈਆਂ ਤੋਂ ਬਣੇ ਨਸ਼ੇ ਦੇ ਉਦਯੋਗ ਦਾ ਮਾਡਲ ਵੀ ਬਣ ਚੁੱਕਾ ਹੈ। ਅਫ਼ਸੋਸ ਪੰਜਾਬ ਦੇ ਇਸ ਨਸ਼ੇ ਦੇ ਧੰਦੇ ਵਿਚ ਸਿਆਸਤਦਾਨਾਂ ਅਤੇ ਪੁਲਿਸ ਦੀ ਸ਼ਮੂਲੀਅਤ

ਵਿਚ ਕੋਈ ਸ਼ੱਕ ਬਾਕੀ ਨਹੀਂ ਰਹਿ ਗਿਆ। ਪੰਜਾਬ ਦੇ ਉਸ ਵੇਲੇ ਦੇ ਸਿਆਸੀ ਪ੍ਰਭੂਆਂ ਵਲੋਂ ਇਸ ਸੱਚ ਨੂੰ ਲੁਕਾਉਣ ਵਾਸਤੇ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਮੌਤਾਂ ਦਾ ਕਾਰਨ 'ਦਿਲ ਦਾ ਦੌਰਾ' ਦੱਸ ਕੇ ਜਾਂਚ ਨੂੰ ਦਬਾਈ ਰੱਖਣ ਦੀ ਕੋਸ਼ਿਸ਼ ਅੱਜ ਵੀ ਹੋ ਰਹੀ ਹੈ। ਗੋਆ ਵਿਚ ਵੀ ਸਿਆਸਤਦਾਨਾਂ ਅਤੇ ਨਸ਼ਾ ਉਦਯੋਗ ਦੀ ਮਿਲੀਭੁਗਤ ਕਾਰਨ, ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਪੰਜਾਬ ਵਿਚ ਵੀ ਜਾਂਚ ਦੀ ਕਾਰਵਾਈ ਕਾਫ਼ੀ ਦੇਰ ਤੋਂ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਵਿਚ ਇਕ ਗੇਂਦ ਵਾਂਗ ਖੇਡੀ ਜਾ ਰਹੀ ਹੈ। ਇਸ ਸੱਚ ਦੇ ਸਾਹਮਣੇ ਆਉਣ ਨਾਲ ਕੁੱਝ ਸਿਆਸਤਦਾਨਾਂ,

ਅਫ਼ਸਰਾਂ ਅਤੇ ਪੁਲਿਸ ਵਾਲਿਆਂ ਦੇ ਨਾਮ ਸਾਹਮਣੇ ਜ਼ਰੂਰ ਆਉਣਗੇ। ਇਕ ਐਸ.ਐਸ.ਪੀ. ਅਤੇ ਏ.ਐਸ.ਆਈ. ਦੇ ਨਾਂ ਸਾਹਮਣੇ ਆਏ ਹਨ ਪਰ ਇਹ ਛੋਟੇ ਮੋਹਰੇ ਹਨ। ਇਸ ਨਸ਼ੇ ਦੀ ਖੇਡ ਦਾ ਵੱਡਾ ਸਰਗ਼ਨਾ ਜਦੋਂ ਤਕ ਫੜਿਆ ਨਹੀਂ ਜਾਵੇਗਾ, ਮੌਤਾਂ ਬੰਦ ਨਹੀਂ ਹੋਣ ਵਾਲੀਆਂ। ਇਸ ਵੇਲੇ ਭੁੱਕੀ ਦਾ ਜਿਹੜਾ ਮੁੱਦਾ ਹੈ, ਉਸ ਨੂੰ ਅਲੱਗ ਰੱਖ ਕੇ ਸਿਰਫ਼ ਅਤੇ ਸਿਰਫ਼ ਫ਼ਾਰਮਾਸਿਊਟੀਕਲ ਨਸ਼ਿਆਂ ਨੂੰ ਕਾਬੂ ਕਰਨ ਉਤੇ ਜ਼ੋਰ ਦੇਣ ਦੀ ਜ਼ਰੂਰਤ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਅੱਜ ਗੁਟਕੇ ਨੂੰ ਮੱਥੇ ਨਾਲ ਲਾ ਕੇ ਖਾਧੀ ਸਹੁੰ ਯਾਦ ਕਰਵਾ ਰਿਹਾ ਹੈ। ਹੁਣ ਮੁੱਖ ਮੰਤਰੀ ਨੂੰ ਅਪਣਾ ਵਾਅਦਾ ਪੂਰਾ ਕਰਨ ਵਿਚ ਦੇਰ ਨਹੀਂ ਹੋਣ ਦੇਣੀ ਚਾਹੀਦੀ। -ਨਿਮਰਤ ਕੌਰ