ਸਾਰੇ ਹੀ ਅਕਾਲੀ ਲੀਡਰ (ਹਰ ਧੜੇ ਦੇ) ਸਿਆਸੀ ਅਧਰੰਗ ਦੇ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਿੱਖਾਂ ਵਲੋਂ ਬੋਲਣ ਵਾਲਾ ਹੀ ਕੋਈ ਨਹੀਂ ਰਿਹਾ

Giani Harpreet Singh

ਯੂ.ਏ.ਪੀ.ਏ. ਅਧੀਨ ਸਿੱਖ ਗਭਰੂਆਂ ਦੀਆਂ ਵਧਦੀਆਂ ਗ੍ਰਿਫ਼ਤਾਰੀਆਂ ਇਹੋ ਸੰਕੇਤ ਦਿੰਦੀਆਂ ਹਨ ਕਿ ਅੱਜ ਸਿੱਖਾਂ ਕੋਲ ਅਪਣੀ ਬੁਲੰਦ ਆਵਾਜ਼ ਨਹੀਂ ਰਹੀ ਜਿਸ ਕਾਰਨ ਕੋਈ ਵੀ ਸਾਜ਼ਸ਼ ਕਾਮਯਾਬ ਹੋ ਸਕਦੀ ਹੈ। ਜਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪੀੜਤ ਪ੍ਰਵਾਰ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਕ ਵਫ਼ਦ ਲੈ ਕੇ ਗਏ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਮਜਬੂਰਨ ਇਕ ਰਸਮੀ ਬਿਆਨ ਦੇ ਦਿਤਾ। ਪਰ ਜੇ ਦਿਲ ਵਿਚ ਸੱਚੀ ਪੀੜ ਹੁੰਦੀ ਤਾਂ ਕਿਸੇ ਵਫ਼ਦ ਨੂੰ ਉਨ੍ਹਾਂ ਕੋਲ ਜਾਣ ਦੀ ਜ਼ਰੂਰਤ ਹੀ ਨਾ ਪੈਂਦੀ, ਨਾ ਇਸ ਕਦਰ ਆਏ ਦਿਨ ਨੌਜਵਾਨ ਪੁਲਿਸ ਹੱਥੋਂ ਚੁਕੇ ਜਾਂਦੇ। ਇਹ ਦਰਦ ਕਿਸੇ ਵੀ ਅਕਾਲੀ ਦਲ ਦੇ ਕਿਸੇ ਵੀ ਧੜੇ ਦੇ ਲੀਡਰ ਦੇ ਦਿਲ ਜਾਂ ਮੂੰਹ ਵਿਚੋਂ ਨਿਕਲਦਾ ਨਹੀਂ ਵੇਖਿਆ।

ਅਪਣੇ ਪਿੰਡ ਨੂੰ ਜਾਂਦੀ ਵਧੀਆ ਸੜਕ ਦੀ ਹਾਲਤ ਵੇਖ, ਕੇਂਦਰੀ ਮੰਤਰੀ ਨੂੰ ਚਿੱਠੀ ਲਿਖਣ ਵਿਚ ਬੀਬੀ ਬਾਦਲ ਨੇ ਦੇਰੀ ਨਹੀਂ ਕੀਤੀ, ਪਰ ਅੱਜ ਵੀ ਇਸ ਮੁੱਦੇ 'ਤੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ, ਟਕਸਾਲੀ ਅਕਾਲੀ ਆਗੂਆਂ ਸਮੇਤ ਜੋ ਅਪਣੇ ਆਪ ਨੂੰ ਪੰਥਕ ਅਖਵਾਉਂਦੇ ਹਨ। ਉਹ ਅਪਣੇ ਆਪ ਲਈ ਖ਼ਤਰਾ ਨਹੀਂ ਸਹੇੜਨਾ ਚਾਹੁੰਦੇ। ਅੱਜ ਦੇ ਸਾਰੇ 'ਅਕਾਲੀ' ਅਕਾਲ ਪੁਰਖ ਤੋਂ ਤਾਂ ਬਿਲਕੁਲ ਨਹੀਂ ਡਰਦੇ ਪਰ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਦਾ ਖ਼ਿਆਲ ਵੀ ਉਨ੍ਹਾਂ ਨੂੰ ਕਾਂਬਾ ਛੇੜ ਦਿੰਦਾ ਹੈ। ਪਾਠਕ ਜਾਣਦੇ ਹੀ ਹਨ, ਅਜਿਹਾ ਕਿਉਂ ਹੈ? ਪਰ ਜੇ ਉਨ੍ਹਾਂ ਨੂੰ ਜ਼ਰਾ ਵੀ ਦਰਦ ਹੁੰਦਾ ਤਾਂ ਉਹ ਇਹ ਤਾਂ ਆਖ ਸਕਦੇ ਸਨ ਕਿ ਅਸੀ ਨੌਜਵਾਨਾਂ ਨਾਲ ਮਿਲ ਕੇ ਸਮਝਣ ਦਾ ਯਤਨ ਕਰਾਂਗੇ ਕਿ ਉਹ ਅਸਲ ਵਿਚ ਕਿਉਂ ਏਨੇ ਨਰਾਜ਼ ਹਨ ਅਤੇ ਇਸ ਦਾ ਹੱਲ ਕੀ ਕਢਿਆ ਜਾ ਸਕਦਾ ਹੈ।

ਪਰ ਇਥੇ ਸਿਰਫ਼ ਇਕੋ ਇਕ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ 'ਰਾਗ ਪੰਥ' ਦੀ ਹੇਕ ਲਾਈ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਆਜ਼ਾਦ ਕਰਵਾਇਆ ਜਾਣਾ ਹੈ। ਪਰ ਇਹ ਹੁੰਦਾ ਅਜੇ ਦਿਸ ਨਹੀਂ ਰਿਹਾ। ਸੁਖਪਾਲ ਸਿੰਘ ਖਹਿਰਾ ਨੂੰ ਐਸ.ਜੀ.ਪੀ.ਸੀ. ਦੀ ਕੁਰਸੀ ਦੀ ਲੋੜ ਨਹੀਂ ਪਈ, ਇਹ ਆਖਣ ਵਾਸਤੇ ਕਿ ਸੱਭ ਠੀਕ ਨਹੀਂ ਚਲ ਰਿਹਾ। ਹਰ ਰੋਜ਼ ਕੋਈ ਨਵਾਂ ਮੁੱਦਾ ਉਠ ਰਿਹਾ ਹੈ ਜੋ ਇਹ ਗੱਲ ਪੱਕੀ ਕਰਦਾ ਹੈ ਕਿ ਸਿੱਖਾਂ ਦਾ ਦੁਖੜਾ ਰੋਣ ਵਾਲਾ ਕੋਈ ਨਹੀਂ ਰਿਹਾ। ਅਫ਼ਗ਼ਾਨੀ ਸਿੱਖਾਂ ਦਾ ਮੁੱਦਾ ਹੋਵੇ ਜਾਂ ਸੌਦਾ ਸਾਧ ਨੂੰ ਭੇਜੀ ਪੁਸ਼ਾਕ ਦਾ ਹੋਵੇ, ਇਕ ਬਿਆਨ ਨਾਲ ਹੀ ਕੋਈ ਮਸਲਾ ਨਹੀਂ ਸੁਲਝਦਾ। ਸੂਝ-ਬੂਝ ਵਾਸਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ ਜੋ ਪੰਜਾਬ ਤੇ ਸਿੱਖਾਂ ਦਾ ਵਿਸ਼ੇਸ਼ ਗੁਣ ਹੈ। ਇਕ ਸਾਬਕਾ ਡੀ.ਜੀ.ਪੀ. ਨੇ ਵੱਡੇ ਦੋਸ਼ ਲਗਾਏ ਜੋ ਦੋਸ਼ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਦੁਹਰਾਏ ਜਾ ਰਹੇ ਹਨ।

ਪਰ ਅੱਜ 10 ਦਿਨਾਂ ਬਾਅਦ ਵੀ ਕੋਈ ਇਹ ਕਹਿਣ ਦੀ ਹਿੰਮਤ ਨਹੀਂ ਕਰ ਰਿਹਾ ਕਿ ਇਕ ਸਾਬਕਾ ਡੀ.ਜੀ.ਪੀ. ਇਸ ਤਰ੍ਹਾਂ ਕਹਿਣ ਦੀ ਜੁਰਅਤ ਕਿਵੇਂ ਕਰ ਸਕਦਾ ਹੈ? ਆਖ਼ਰਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਇੰਨਾ ਵੱਡਾ ਬਿਆਨ ਦੇਣਾ ਕੋਈ ਛੋਟੀ ਗੱਲ ਤਾਂ ਨਹੀਂ ਸੀ। ਜੇ ਗਿਆਨੀ ਹਰਪ੍ਰੀਤ ਸਿੰਘ ਇਸ ਵਿਵਾਦ ਦੇ ਸਿੱਖਾਂ ਤੇ ਸਿੱਖੀ ਨੂੰ ਹੋ ਰਹੇ ਨੁਕਸਾਨ ਬਾਰੇ ਸਮਝਦੇ ਹੁੰਦੇ ਜਾਂ ਉਸ ਦਾ ਦਰਦ ਮਹਿਸੂਸ ਕਰਦੇ ਤਾਂ ਉਹ ਹੁਣ ਤਕ ਸਾਬਕਾ ਡੀ.ਜੀ.ਪੀ. ਤੇ ਸੁਖਬੀਰ ਸਿੰਘ ਬਾਦਲ ਨੂੰ ਬੁਲਾ ਕੇ ਸੱਚ ਪਤਾ ਕਰਨ ਦਾ ਯਤਨ ਕਰਦੇ। ਪਰ ਉਹ ਚੁੱਪ-ਚਾਪ ਬੈਠੇ ਸਿਆਸਤ ਦੀ ਖੇਡ ਵਿਚ ਸਿੱਖਾਂ ਦੀ ਉਚ ਸੰਸਥਾ ਨੂੰ ਦਾਗ਼ੀ ਹੁੰਦਾ ਵੇਖ ਰਹੇ ਹਨ।
ਅੱਜ ਪੰਜਾਬ ਦਾ ਕਿਸਾਨ ਮੁਸ਼ਕਲਾਂ ਵਿਚ ਹੈ।

ਦੁਧ ਵੇਚਣ ਵਾਲੇ ਕਿਸਾਨ ਨੁਕਸਾਨ ਵਿਚ ਹਨ। ਉਨ੍ਹਾਂ ਨੂੰ ਅਜੇ ਵੀ ਅਪਣੀ ਪੂਰੀ ਲਾਗਤ ਨਹੀਂ ਮਿਲ ਰਹੀ ਪਰ ਜੇ ਐਸ.ਜੀ.ਪੀ.ਸੀ. ਫ਼ੈਸਲਾ ਕਰ ਲੈਂਦੀ ਕਿ ਉਹ ਸਾਰੇ ਲੰਗਰਾਂ ਵਿਚ ਪੰਜਾਬ ਦੇ ਕਿਸਾਨਾਂ ਦੀ ਉਪਜ ਹੀ ਲਾਵੇਗੀ ਤਾਂ ਕਿੰਨਾ ਫ਼ਾਇਦਾ ਹੋ ਸਕਦਾ ਸੀ। ਇਸ ਵਿਚ ਭਾਵੇਂ ਪੰਜਾਬ ਮਾਰਕਫ਼ੈੱਡ ਨੂੰ ਵੀ ਕੁੱਝ ਫ਼ਾਇਦਾ ਹੁੰਦਾ ਪਰ ਅਸਲ ਫ਼ਾਇਦਾ ਤਾਂ ਪੰਜਾਬ ਤੇ ਉਸ ਦੇ ਕਿਸਾਨਾਂ ਦਾ ਹੀ ਹੁੰਦਾ। ਪਰ ਇਥੇ ਵੀ ਸਿਆਸਤ ਨੂੰ ਅੱਗੇ ਰੱਖ ਕੇ ਉਨ੍ਹਾਂ ਲਈ ਇਹ ਸੋਚਣਾ ਜ਼ਰੂਰੀ ਹੈ ਕਿ ਕਾਂਗਰਸ ਸਰਕਾਰ ਜ਼ਰੂਰ ਹਾਰੇ, ਭਾਵੇਂ ਨਾਲ ਹੀ ਪੰਜਾਬ ਵੀ ਹਾਰ ਜਾਏ ਅਤੇ ਪੰਜਾਬ ਦੇ ਸਿੱਖ ਕਿਸਾਨ ਵੀ ਹਾਰ ਜਾਣ।

ਹਰ ਮੁੱਦੇ 'ਤੇ ਸਾਹਮਣੇ ਆ ਰਹੀ ਸਾਡੀ ਕਮਜ਼ੋਰੀ ਪਿੱਛੇ ਇਕ ਵੱਡਾ ਕਾਰਨ ਸਿੱਖ ਸੰਸਥਾਵਾਂ ਦੀ ਕਮਜ਼ੋਰੀ ਹੈ। ਅੱਜ ਜੇ ਐਸ.ਜੀ.ਪੀ.ਸੀ. ਤੇ ਅਕਾਲ ਤਖ਼ਤ ਉਤੇ ਸਿੱਖ ਧਰਮ ਵਾਸਤੇ ਦਰਦ ਰੱਖਣ ਵਾਲੇ ਸੁਸ਼ੋਭਿਤ ਹੁੰਦੇ ਤਾਂ ਸਾਡੀ ਗੋਲਕ ਦੀ ਤਾਕਤ ਨਾਲ ਖ਼ਾਲਸਾ ਸਕੂਲਾਂ ਕਾਲਜਾਂ ਨਾਲੋਂ ਬਿਹਤਰ ਕੋਈ ਹੋਰ ਵਿਦਿਅਕ ਅਦਾਰਾ ਨਾ ਹੁੰਦਾ, ਸਾਡੇ ਕਿਸਾਨ ਗੁਰੂ ਘਰਾਂ ਦੇ ਲੰਗਰਾਂ ਨਾਲ ਜੁੜੇ ਹੁੰਦੇ, ਨਸਲਕੁਸ਼ੀ ਦੀਆਂ ਵਿਧਵਾਵਾਂ ਦੇ ਅਪਣੇ ਘਰ ਹੁੰਦੇ। ਪਰ ਅੱਜ ਹਰ ਪੱਖੋਂ ਸਿੱਖ ਤੇ ਪੰਜਾਬੀ ਹਾਰ ਰਹੇ ਹਨ ਤੇ ਸਿੱਖ ਨਸਲਕੁਸ਼ੀ ਦਾ ਦੋਸ਼ ਬਹੁਗਿਣਤੀ ਕੌਮ ਉਤੇ ਲਗਾਉਣ ਦਾ ਯਤਨ ਕਰਦੇ ਹਨ ਜਦਕਿ ਸਿੱਖਾਂ ਨਾਲ ਜੋ ਵੀ ਬੁਰਾ ਹੋਇਆ, ਸਿੱਖ ਆਪ ਵੀ ਉਸ ਵਿਚ ਬਰਾਬਰ ਦੇ ਦੋਸ਼ੀ ਹਨ।        - ਨਿਮਰਤ ਕੌਰ