ਬਾਦਲੀ ਅਕਾਲੀਆਂ ਸਾਹਮਣੇ ਹਿਸਾਬ ਦੇਣ ਵਾਲਾ ਦਿਨ ਆ ਗਿਆ ਪਰ ਆਨੇ ਬਹਾਨੇ ਇਸ ਨੂੰ ਟਾਲਣਾ ਚਾਹੁੰਦੇ ਸਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਰੱਖੇ ਜਾਣ ਮਗਰੋਂ ਵਿਧਾਨ ਸਭਾ ਇਕ ਜੰਗ ਦੇ ਮੈਦਾਨ ਵਿਚ ਬਦਲ ਗਈ..............

Chief Minister Capt Amarinder Singh speaking in the Vidhan Sabha

ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਰੱਖੇ ਜਾਣ ਮਗਰੋਂ ਵਿਧਾਨ ਸਭਾ ਇਕ ਜੰਗ ਦੇ ਮੈਦਾਨ ਵਿਚ ਬਦਲ ਗਈ। ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਇਕਜੁਟ ਹੋ ਕੇ ਅਕਾਲੀ-ਭਾਜਪਾ ਗਠਜੋੜ ਵਿਰੁਧ ਭੁਗਤੀਆਂ। ਵਿਧਾਇਕ ਫੂਲਕਾ ਨੇ ਬੜੀ ਚੰਗੀ ਤਰ੍ਹਾਂ '84 ਦੇ ਸਾਕੇ ਬਾਰੇ ਕਾਂਗਰਸ ਉਤੇ ਲੱਗੇ ਇਲਜ਼ਾਮਾਂ ਬਾਰੇ ਜ਼ਿਕਰ ਵੀ ਕੀਤਾ ਪਰ ਉਸ ਨੂੰ ਅੱਜ ਦੇ ਅਸਲ ਵਿਸ਼ੇ ਉਤੇ ਹੋ ਰਹੀ ਚਰਚਾ ਵਿਚ ਰੁਕਾਵਟ ਨਾ ਬਣਨ ਦਿਤਾ¸ਇਹ ਕਹਿ ਕੇ ਕਿ ਅੱਜ ਉਸ ਵਿਵਾਦ ਤੇ ਵਿਚਾਰ-ਵਟਾਂਦਰਾ ਕਰਨ ਦੀ ਜ਼ਰੂਰਤ ਨਹੀਂ।

ਵਿਧਾਨ ਸਭਾ ਅੱਜ ਸਿਰਫ਼ ਅਤੇ ਸਿਰਫ਼ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਉਤੇ ਧਿਆਨ ਕੇਂਦਰਤ ਕਰਨ ਨੂੰ ਤਿਆਰ ਸੀ ਅਤੇ ਇਸ ਏਕੇ ਅਤੇ ਇਕਜੁਟਤਾ ਨੂੰ ਵੇਖ ਕੇ ਅਕਾਲੀ ਇਸ ਮੈਦਾਨੇ ਜੰਗ ਤੋਂ ਭਗੌੜੇ ਹੋ ਗਏ। ਅਕਾਲੀ ਦਲ ਵਲੋਂ ਉਨ੍ਹਾਂ ਦੇ ਐਮ.ਐਲ.ਏਜ਼. ਦੀ ਗਿਣਤੀ ਦੇ ਹਿਸਾਬ, 2 ਘੰਟੇ 'ਚੋਂ ਸਿਰਫ਼ 14 ਮਿੰਟਾਂ ਦਾ ਸਮਾਂ ਦਿਤੇ ਜਾਣ ਨੂੰ ਘੱਟ ਦਸਦੇ ਹੋਏ ਸਦਨ ਤੋਂ ਬਾਹਰ ਨਿਕਲਣ ਦਾ ਫ਼ੈਸਲਾ ਕਰ ਦਿਤਾ। ਸਾਫ਼ ਸੀ ਕਿ ਉਨ੍ਹਾਂ ਕੋਲ ਨਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦਾ ਜਵਾਬ ਸੀ ਅਤੇ ਨਾ ਹੀ ਹਿੰਮਤ ਸੀ ਕਿ ਉਹ ਏਨੀ ਦੇਰ ਵਾਸਤੇ ਸਾਰੇ ਵਿਧਾਇਕਾਂ ਨੂੰ ਅਪਣੀ ਨਿੰਦਾ ਕਰਦੇ ਸੁਣ ਸਕਣ।

ਅਕਾਲੀ ਦਲ ਵਲੋਂ ਵਿਧਾਨ ਸਭਾ ਦੇ ਬਾਹਰ ਇਕ ਵਖਰਾ ਅਕਾਲੀ-ਬੀ.ਜੇ.ਪੀ. ਸੈਸ਼ਨ ਲਗਾਇਆ ਗਿਆ। ਇਹ ਸੈਸ਼ਨ ਨਾ ਸਿਰਫ਼ ਵਿਧਾਨ ਸਭਾ ਦੇ ਗੌਰਵ ਨੂੰ ਚੁਨੌਤੀ ਦੇਣ ਵਾਲੀ ਗੱਲ ਸੀ ਬਲਕਿ ਉਨ੍ਹਾਂ ਵਲੋਂ ਅਪਣੀ ਅਮੀਰੀ ਦਾ ਪ੍ਰਦਰਸ਼ਨ ਵੀ ਸੀ। ਇਸ ਨਕਲੀ ਸੈਸ਼ਨ ਵਿਚ ਅਕਾਲੀ ਦਲ ਵਲੋਂ ਅਪਣੇ ਜ਼ਰ-ਖ਼ਰੀਦ ਮੀਡੀਆ ਦੀ ਤਾਕਤ ਦਾ ਨੰਗਾ ਪ੍ਰਦਰਸ਼ਨ ਕਰਨ ਦਾ ਇਕ ਗ਼ਲਤ ਢੰਗ ਵਰਤਿਆ ਗਿਆ। ਜਦੋਂ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦੇ ਇਕੱਠੇ ਹੋ ਕੇ ਲੋਕਤੰਤਰ ਦੇ ਮੰਦਰ, ਵਿਧਾਨ ਸਭਾ ਵਿਚ ਬਹਿਸ ਕਰ ਰਹੇ ਸਨ ਤਾਂ ਅਕਾਲੀ ਬੀ.ਜੇ.ਪੀ. ਸੈਸ਼ਨ, ਬਾਦਲ ਪ੍ਰਵਾਰ ਦੇ ਚੈਨਲਾਂ ਉਤੇ ਸਿੱਧਾ ਪ੍ਰਸਾਰਤ ਕੀਤਾ ਜਾ ਰਿਹਾ ਸੀ।

ਅਕਾਲੀ ਦਲ ਦੇ ਸਿਰਫ਼ 13 ਮੈਂਬਰਾਂ ਨੇ ਨਾ ਕੇਵਲ ਨਕਲੀ ਸੈਸ਼ਨ ਹੀ ਚਲਾਇਆ ਬਲਕਿ ਇਕ ਮਤਾ ਵੀ ਪਾਸ ਕੀਤਾ ਗਿਆ ਜਿਥੇ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਨੂੰ ਰੱਦ ਕੀਤਾ ਗਿਆ। ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਹੋਈ ਸ਼ਰਮਨਾਕ ਹਾਰ ਵਿਚੋਂ ਵੀ ਲੋਕਾਂ ਦੀ ਨਾਰਾਜ਼ਗੀ ਸਮਝ ਨਾ ਆਈ, ਨਾ ਉਨ੍ਹਾਂ ਅੰਦਰ ਕੋਈ ਸੋਝੀ ਹੀ ਆਈ। ਉਨ੍ਹਾਂ ਨੂੰ ਅਪਣੀ ਦੌਲਤ ਦਾ ਹੰਕਾਰ ਹੈ ਜਿਸ ਕਾਰਨ ਉਹ ਅਪਣੇ ਹੀ ਨਿਜੀ ਚੈਨਲਾਂ ਰਾਹੀਂ ਲੋਕਾਂ ਵਿਚ ਅਪਣੀਆਂ ਮਨਘੜਤ ਕਹਾਣੀਆਂ ਪੇਸ਼ ਕਰ ਕੇ ਜਨਤਾ ਨੂੰ ਭੰਬਲਭੂਸੇ ਵਿਚ ਪਾ ਰਹੇ ਹਨ।

ਉਨ੍ਹਾਂ ਦੇ ਚੈਨਲ ਵਿਚ ਪਿਛਲੇ 2-3 ਦਿਨਾਂ ਤੋਂ ਲੋਕਾਂ ਨੂੰ ਭਾਵੁਕ ਬਣਾਉਣ ਲਈ ਮਨਜੀਤ ਸਿੰਘ ਜੀਕੇ ਅਤੇ ਰਾਹੁਲ ਗਾਂਧੀ ਦੇ '84 ਸਿੱਖ ਕਤਲੇਆਮ ਬਾਰੇ ਬਿਆਨਾਂ ਨੂੰ 'ਖ਼ਾਲਿਸਤਾਨੀਆਂ' ਅਤੇ ਕਾਂਗਰਸ ਦੀ ਸਾਜ਼ਸ਼ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਨੀ ਕਿ ਪਹਿਲਾਂ ਅਪਣੇ ਕਮਜ਼ੋਰ ਰਾਜ-ਕਾਲ ਅਤੇ ਪੰਜਾਬ ਦੀ ਆਰਥਕ ਤਬਾਹੀ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅਤੇ ਵੋਟਾਂ ਜਿੱਤਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਨਾਟਕ ਜਾਣ ਬੁਝ ਕੇ ਅਤੇ ਸੋਚੇ ਸਮਝੇ ਢੰਗ ਨਾਲ ਰਚ ਕੇ ਅਪਣੀ ਹੀ ਜਨਤਾ ਉਤੇ ਗੋਲੀ ਚਲਾਉਣ ਦਾ ਹੁਕਮ ਦਿਤਾ

ਅਤੇ ਅੱਜ ਜਦੋਂ ਸੱਚ ਸਾਹਮਣੇ ਆ ਰਿਹਾ ਹੈ ਤਾਂ ਹੁਣ ਮੁੜ ਤੋਂ ਲੋਕਾਂ ਨੂੰ ਭਾਵੁਕ ਕਰ ਕੇ ਗ਼ਲਤਫ਼ਹਿਮੀਆਂ ਘੜ ਕੇ ਫੈਲਾਈਆਂ ਜਾ ਰਹੀਆਂ ਹਨ। ਸੱਤਾ ਦੇ ਤਖ਼ਤੇ ਉਤੇ ਲਗਾਤਾਰ 10 ਸਾਲ ਬੈਠੇ ਰਹਿਣ ਮਗਰੋਂ ਅਤੇ ਐਸ.ਜੀ.ਪੀ.ਸੀ. ਅਪਣੇ ਕਬਜ਼ੇ ਹੇਠ ਹੋਣ ਕਰ ਕੇ ਅਕਾਲੀ ਦਲ (ਬਾਦਲ) ਪੰਜਾਬ ਦੇ ਲੋਕਾਂ ਨੂੰ ਸਿਰਫ਼ ਅਪਣਾ ਵੋਟ ਬੈਂਕ ਹੀ ਸਮਝਦਾ ਹੈ ਜਿਸ ਨੂੰ ਕਦੀ ਨਸ਼ੇ ਨਾਲ, ਕਦੇ ਸ਼ਰਾਬ ਨਾਲ, ਕਦੇ ਪੈਸੇ ਨਾਲ ਅਤੇ ਕਦੇ ਧਰਮ ਦੀ ਗੋਲੀ ਖਵਾ ਕੇ ਤੇ ਭਾਵੁਕ ਕਰ ਕੇ ਅਪਣੀ ਵੋਟ ਲੈ ਸਕਦਾ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਦਾ ਅੰਤਰ ਮੰਥਨ ਵਿਚ ਪੇਸ਼ ਕੀਤਾ ਗਿਆ

ਕਿ ਜਸਟਿਸ ਜ਼ੋਰਾ ਸਿੰਘ ਐਸ.ਆਈ.ਟੀ. ਦੌਰਾਨ 7 ਘੰਟੇ ਮੁੱਖ ਸਕੱਤਰ ਦੇ ਦਫ਼ਤਰ ਬਾਹਰ ਬੈਠੇ ਰਹੇ। ਇਸੇ ਕਰ ਕੇ ਹੀ ਸ਼ਾਇਦ ਉਹ ਜਸਟਿਸ ਜ਼ੋਰਾ ਸਿੰਘ ਦੀ ਰੀਪੋਰਟ ਮੰਨਦੇ ਹਨ ਪਰ ਜਸਟਿਸ ਕਾਟਜੂ ਜਾਂ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਨੂੰ ਨਹੀਂ ਮੰਨਦੇ। ਇਸ ਸੈਸ਼ਨ ਵਿਚ ਕਾਂਗਰਸ ਦੇ ਵਿਧਾਇਕਾਂ ਅੰਦਰ ਵੀ ਇਕ ਨਵਾਂ ਜੋਸ਼ ਵੇਖਿਆ ਗਿਆ। ਜਾਪਦਾ ਸੀ ਕਿ ਉਨ੍ਹਾਂ ਵਿਚ ਨਵੀਂ ਜਾਨ ਪੈ ਗਈ ਸੀ। (ਚਲਦਾ)  -ਨਿਮਰਤ ਕੌਰ