ਸੁਬਰਾਮਨੀਅਮ ਰਾਹੀਂ ਤਾਂ ਪੰਜਾਬ ਨੂੰ ਇਸ਼ਾਰਾ ਹੀ ਦਿਤਾ ਗਿਆ ਹੈ ਕਿ ਕਰਤਾਰਪੁਰ ਦੇ ਨਾਂ ਤੇ ਬਹੁਤੇ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੁਬਰਾਮਨੀਅਮ ਰਾਹੀਂ ਤਾਂ ਪੰਜਾਬ ਨੂੰ ਇਸ਼ਾਰਾ ਹੀ ਦਿਤਾ ਗਿਆ ਹੈ ਕਿ ਕਰਤਾਰਪੁਰ ਦੇ ਨਾਂ ਤੇ ਬਹੁਤੇ ਨਾ ਉਛਲੋ ਨਹੀਂ ਤਾਂ ਕਸ਼ਮੀਰ ਵਾਲਾ ਹਾਲ ਪੰਜਾਬ ਵਿਚ ਵੀ ਹੋ ਸਕਦਾ ਹੈ...

Punjab & Jammu Kashmir

ਅੱਜ ਜੇ ਅਸੀਂ ਸੀ.ਬੀ.ਆਈ. ਅਤੇ ਪੰਜਾਬ ਪੁਲਿਸ ਵਲੋਂ ਅਦਾਲਤ ਵਿਚ ਦਿਤੇ ਬਿਆਨਾਂ ਨੂੰ ਘੋਖੀਏ ਤਾਂ ਪੰਜਾਬ ਵਿਚ ‘ਵਿਦੇਸ਼ੀ ਹੱਥ’ ਪੰਜਾਬ ਦੀਆਂ ਸਰਕਾਰਾਂ ਉਤੇ ਹਾਵੀ ਹੋਣ ਵਿਚ ਕਾਮਯਾਬ ਹੋ ਰਿਹਾ ਹੈ। ਅਕਾਲੀ ਦਲ ਤਾਂ ਫਿਰ ਠੀਕ ਹੀ ਆਖਦਾ ਸੀ ਕਿ ਉਨ੍ਹਾਂ ਦਾ ਬਰਗਾੜੀ ਮਾਮਲੇ ਵਿਚ ਕੋਈ ਹੱਥ ਨਹੀਂ ਸੀ। ਪੰਜਾਬ ਸਰਕਾਰ ਦੇ ਕਾਨੂੰਨੀ ਵਿਭਾਗ ਸਦਕਾ ਅੱਜ ਤਕ ਜੋ ਵੀ ਕੁੰਵਰ ਵਿਜੇ ਪ੍ਰਤਾਪ ਦੀ ਐਸ.ਆਈ.ਟੀ ਰਾਹੀਂ ਅੱਜ ਤਕ ਮੁਲਜ਼ਮਾਂ ਨੂੰ ਫੜਨ ਦੀ ਮਿਹਨਤ ਕੀਤੀ ਗਈ ਸੀ, ਉਸ ਉਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿਤਾ ਗਿਆ ਹੈ। ਅੱਜ ਜੋ ਵੀ ਮੁਲਜ਼ਮ ਫੜਿਆ ਜਾਵੇਗਾ, ਉਸ ਨੂੰ ਸੀ.ਬੀ.ਆਈ. ਦਾ ਵਿਦੇਸ਼ੀ ਹੱਥ ਦੀ ਬਚਾਅ ਲਵੇਗਾ। ਐਸ.ਆਈ.ਟੀ. ਜਿਸ ਨੂੰ ਫੜਨ ਲਈ ਕਾਮਯਾਬ ਹੋਵੇਗੀ, ਉਸ ਦੇ ਹੱਕ ਵਿਚ ਸੀ.ਬੀ.ਆਈ. ਅਪਣਾ ਵਿਦੇਸ਼ੀ ਹੱਥ ਦੀ ਗਵਾਹੀ ਪੇਸ਼ ਕਰੇਗਾ।

ਬਰਗਾੜੀ, ਮੌੜ ਮੰਡੀ ਧਮਾਕਾ, ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ, ਸੱਭ ‘ਵਿਦੇਸ਼ੀ ਹੱਥ’ ਦਾ ਕਿ੍ਰਸ਼ਮਾ ਹੈ। ਸਾਡੀਆਂ ਸਰਕਾਰਾਂ ਬਿਲਕੁਲ ਮਾਸੂਮ ਸਾਬਤ ਹੋ ਰਹੀਆਂ ਹਨ ਅਤੇ ਅਜੇ ਵੀ ਜੇ ਨਸ਼ੇ ਦੇ ਵਧਦੇ ਫੁਲਦੇ ਕਾਰੋਬਾਰ ਨੂੰ ਵੇਖੀਏ ਤਾਂ ਸਰਕਾਰਾਂ ਦੇ ਕੰਮ ਨਾਲੋਂ ਜ਼ਿਆਦਾ ਜਨਤਾ ਨੂੰ ਉਨ੍ਹਾਂ ਦੀ ‘ਮਾਸੂਮੀਅਤ’ ਵਿਖਾਈ ਜਾ ਰਹੀ ਹੈ। ਜਿਸ ਤਰ੍ਹਾਂ ਕਦੇ ਕਦੇ ਖ਼ਬਰ ਆਉਂਦੀ ਹੈ ਕਿ ਪਾਕਿਸਤਾਨ ਤੋਂ ਪਾਣੀ ਛਡਿਆ ਗਿਆ ਹੈ, ਕਿਸੇ ਦਿਨ ਇਹ ਵੀ ਸੁਣਨ ਨੂੰ ਮਿਲ ਜਾਏਗਾ ਕਿ ਪੰਜਾਬ ਦੇ ਇਨ੍ਹਾਂ ਮਨੁੱਖੀ ਹੜ੍ਹਾਂ ਪਿੱਛੇ ਨਾ ਭਾਖੜਾ ਬੰਨ੍ਹ ਦਾ ਕਸੂਰ ਹੈ, ਨਾ ਰੇਤ ਮਾਫ਼ੀਆ ਦਾ ਬਲਕਿ ਫਿਰ ਤੋਂ ‘ਵਿਦੇਸ਼ੀ ਹੱਥ’ ਪੰਜਾਬ ਵਿਚ ਤਬਾਹੀ ਮਚਾ ਗਿਆ ਹੈ। ਹੁਣ ਇਸ ‘ਵਿਦੇਸ਼ੀ ਹੱਥ’ ਦਾ ਨਾਂ ਆਈ.ਐਸ.ਆਈ. ਹੈ, ਪਾਕਿਸਤਾਨ ਹੈ, ਇਮਰਾਨ ਖ਼ਾਨ ਹੈ, ਜੋ ਅੱਜ ਦੇ ਦਿਨ ਭਾਰਤ ਸਰਕਾਰ ਨਾਲ ਇਕ ਸ਼ਬਦੀ ਜੰਗ ਵਿਚ ਉਲਝਿਆ ਹੋਇਆ ਹੈ ਜਾਂ ਕੋਈ ਹੋਰ, ਇਹ ਤੇ ਅਜੇ ਸੀ.ਬੀ.ਆਈ. ਵੀ ਨਹੀਂ ਜਾਣਦੀ। ਗਰਮਾ ਗਰਮ ਬਿਆਨਾਂ ਰਾਹੀਂ, ਐਟਮੀ ਬੰਬਾਂ ਦੇ ਇਸਤੇਮਾਲ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਭਾਵੇਂ ਅਸਲ ਵਿਚ ਕਿਸੇ ਨੇ ਪ੍ਰਮਾਣੂ ਤਾਕਤ ਇਸਤੇਮਾਲ ਕਰਨ ਦੀ ਬੇਵਕੂਫ਼ੀ ਨਹੀਂ ਕਰਨੀ। ਪਰ ਇਸ ਲੜਾਈ ਵਿਚ ਪੰਜਾਬ ਇਕ ਮੋਹਰਾ ਜ਼ਰੂਰ ਬਣ ਸਕਦਾ ਹੈ।

ਕਸ਼ਮੀਰ ਵਿਚ ਅੱਜ 10 ਲੱਖ ਸੀ.ਆਰ.ਪੀ.ਐਫ਼. ਫ਼ੌਜ ਤੈਨਾਤ ਹੈ। ਕਸ਼ਮੀਰ ਦੀਆਂ ਸਰਹੱਦਾਂ ਨੂੰ ਚੀਨ ਦੀ ਵਿਸ਼ਾਲ ਕੰਧ ਨਾਲੋਂ ਜ਼ਿਆਦਾ ਸੁਰੱਖਿਅਤ ਕੀਤਾ ਗਿਆ ਹੈ। ਕੀਤਾ ਗਿਆ ਹੈ ਜਾਂ ਨਹੀਂ ਪਰ ਕਿਹਾ ਤਾਂ ਇਹੀ ਜਾ ਰਿਹਾ ਹੈ ਅਤੇ ਨਾਲ ਇਹ ਖ਼ਬਰਾਂ ਵੀ ਆ ਰਹੀਆਂ ਹਨ ਕਿ ਹੁਣ ਪੰਜਾਬ ਦੇ ਨਵੇਂ ਲਾਂਘੇ ’ਚ ਪਾਕਿਸਤਾਨ ਅਫ਼ਗ਼ਾਨੀ ਅਤਿਵਾਦੀਆਂ ਨੂੰ ਭਾਰਤ ’ਚ ਭੇਜੇਗਾ। ਸੁਬਰਾਮਨੀਅਮ ਸਵਾਮੀ, ਇਕ ਬੜੇ ਬੜਬੋਲੇ ਆਗੂ ਹਨ ਪਰ ਉਨ੍ਹਾਂ ਦੇ ਲਫ਼ਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਉਨ੍ਹਾਂ ਉਤੇ ਗ਼ੌਰ ਫ਼ੁਰਮਾਉਣ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਹੈ ਕਿ ਅੱਜ ਦੇ ਹਾਲਾਤ ਵਿਚ ਕਰਤਾਰਪੁਰ ਲਾਂਘਾ ਨਹੀਂ ਖੋਲ੍ਹਣਾ ਚਾਹੀਦਾ। ਸਿੱਖ ਕੌਮ ਭਾਵੁਕ ਹੋ ਗਈ ਇਹ ਸੁਣ ਕੇ। ਬਾਬਾ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਜਾਣ ਦਾ ਮੌਕਾ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ। ਪਰ ਭਾਵੁਕ ਹੋਏ ਬਗ਼ੈਰ ਸੁਬਰਾਮਨੀਅਮ ਸਵਾਮੀ ਦੇ ਸ਼ਬਦਾਂ ਵਿਚ ਛੁਪੇ ਉਸ ਇਸ਼ਾਰੇ ਨੂੰ ਸਮਝਣਾ ਚਾਹੀਦਾ ਹੈ ਕਿ ਕਰਤਾਰਪੁਰ ਦਾ ਲਾਂ ਲੈ ਕੇ ਬਹੁਤਾ ਨਾ ਉਛਲੋ ਨਹੀਂ ਤਾਂ ਕਸ਼ਮੀਰ ਵਰਗਾ ਕੁੱਝ ਇਥੇ ਵੀ ਹੋ ਸਕਦਾ ਹੈ (ਭਾਵੇਂ ਹਿੰਦ ਕਰੇ, ਭਾਵੇਂ ਪਾਕਿਸਤਾਨ) ਪਰ ਤਬਾਹੀ ਪੰਜਾਬ ਦੀ ਕਰ ਕੇ ਦੋਸ਼ ਸਿੱਖਾਂ ਸਿਰ ਹੀ ਮੜ੍ਹ ਦਿਤਾ ਜਾਏਗਾ। ਸਰਕਾਰ ਇਸ ਵੇਲੇ ਬੋਲ ਕੇ ਭਾਵੇਂ ਕੁੱਝ ਨਾ ਵੀ ਆਖੇ ਪਰ ਕਰਤਾਰਪੁਰ ਦੇ ਮਾਮਲੇ ਤੇ ਸਿੱਖਾਂ ਦੀ ਖ਼ੁਸ਼ੀ ਉਸ ਨੂੰ ਚੰਗੀ ਨਹੀਂ ਲੱਗ ਰਹੀ।

ਜੇ ਵਿਦੇਸ਼ਾਂ ਤੋਂ ਨਸ਼ਾ ਆ ਸਕਦਾ ਹੈ, ਜੇ ਵਿਦੇਸ਼ਾਂ ਤੋਂ ਲੋਕ ਆ ਕੇ ਬਰਗਾੜੀ ਕਾਂਡ ਰਚਾ ਸਕਦੇ ਹਨ ਤਾਂ ਕੀ ਉਹ ਭਾਰਤ ਤੋਂ ਬਦਲਾ ਲੈਣ ਲਈ ਪੰਜਾਬ ਨੂੰ ਮੁੜ ਤੋਂ ਇਸਤੇਮਾਲ ਨਹੀਂ ਕਰ ਸਕਦੇ? ਵੈਸੇ ਤਾਂ ਪਹਿਲਾਂ ਵੀ ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਵਿਚ ਬਹੁਤ ਚੋਰ ਮੋਰੀਆਂ ਹਨ, ਕੀ ਅਸੀ ਕਰਤਾਰਪੁਰ ਲਾਂਘੇ ਦੇ ਨਾਂ ਉਤੇ ਇਕ ਹੋਰ ਮੌਕਾ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਦਾ ਦੇਣਾ ਚਾਹੁੰਦੇ ਹਾਂ? ਮੋਦੀ ਸਰਕਾਰ ਅਤਿਵਾਦ ਵਿਰੁਧ ਕੇ.ਪੀ.ਐਸ. ਅਤੇ ਇੰਦਰਾ ਤੋਂ ਕਿਤੇ ਜ਼ਿਆਦਾ ਸਖ਼ਤ ਹੈ। ਅੱਜ 24 ਦਿਨ ਹੋ ਗਏ ਹਨ ਅਤੇ ਕਸ਼ਮੀਰ ਨੂੰ ਭਾਰਤ ਨੇ ਭੁਲਾ ਦਿਤਾ ਲਗਦਾ ਹੈ। ਕਸ਼ਮੀਰ ਦੀਆਂ ਰੀਪੋਰਟਾਂ ਵਿਦੇਸ਼ਾਂ ਤੋਂ ਆ ਰਹੀਆਂ ਹਨ ਜੋ ਦਸ ਰਹੀਆਂ ਹਨ ਕਿ ਹਰ ਮਰਦ, ਭਾਵੇਂ ਉਹ 70 ਸਾਲ ਦਾ ਹੀ ਹੋਵੇ, ਉਸ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਕੀ ਪੰਜਾਬ ਮੁੜ ਤੋਂ ਅਪਣੇ ਮੁੰਡਿਆਂ ਨੂੰ ਦਾਅ ਉਤੇ ਲਾਉਣਾ ਚਾਹੁੰਦਾ ਹੈ?

ਵਿਦੇਸ਼ੀ ਹੱਥ ਨੇ ਜੇ ਸਾਡੀਆਂ ਕਮਜ਼ੋਰ ਸਰਕਾਰਾਂ ਅਤੇ ਸਰਹੱਦ ਉਤੇ ਤਾਇਨਾਤ ਫ਼ੌਜੀਆਂ ਨੂੰ ਹਰਾ ਦਿਤਾ ਅਤੇ ਕਰਤਾਰਪੁਰ ਦੇ ਬਹਾਨੇ ਪੰਜਾਬ ਵਿਚ ਅਤਿਵਾਦ ਫੈਲਾ ਦਿਤਾ ਤਾਂ ਮੋਦੀ ਸਰਕਾਰ ਸਖ਼ਤੀ ਕਰਨ ਲਈ ਮਜਬੂਰ ਹੋ ਜਾਵੇਗੀ। ਕੀ ਤੁਸੀਂ ਇਹ ਮੌਕਾ ਦੇਣਾ ਚਾਹੋਗੇ ਜਾਂ ਜਦੋਂ ਤਕ ਕਸ਼ਮੀਰ ਦਾ ਮਾਮਲਾ ਸੁਲਝਦਾ ਨਹੀਂ, ਸੁਬਰਾਮਨੀਅਮ ਸਵਾਮੀ ਦੇ ਲਫ਼ਜ਼ਾਂ ਉਤੇ ਗ਼ੌਰ ਫ਼ੁਰਮਾ ਕੇ ‘ਵਿਦੇਸ਼ੀ ਤਾਕਤਾਂ’ ਦਾ ਰਸਤਾ ਬੰਦ ਰੱਖੋਗੇ? ਬਾਬਾ ਨਾਨਕ ਸਾਡੀਆਂ ਸੋਚਾਂ, ਸਾਡੇ ਦਿਲਾਂ ਵਿਚ ਰਹਿੰਦੇ ਹਨ। ਉਨ੍ਹਾਂ ਦੇ ਦਰਸ਼ਨ ਉਨ੍ਹਾਂ ਦੀ ਬਾਣੀ ਰਾਹੀਂ ਰੋਜ਼ ਹੁੰਦੇ ਹਨ। ਜਦ ਬਾਬਰ ਦੀ ਮਾਰ ਪਈ ਸੀ, ਜਦੋਂ ਇੰਦਰਾ ਦੀ ਮਾਰ ਪਈ ਸੀ, ਜਦੋਂ ਕੇ.ਪੀ.ਐਸ. ਦੀ ਮਾਰ ਪਈ ਸੀ, ਤਾਂ ਵੀ ਰੱਬ ਨੂੰ ਦਰਦ ਨਹੀਂ ਸੀ ਆਇਆ, ਨਾ ਹੁਣ ਹੀ ਆਏਗਾ।  -ਨਿਮਰਤ ਕੌਰ