ਸਕੂਲਾਂ ਵਿਚ ਦੂਜੇ ਧਰਮ ਪ੍ਰਤੀ ਨਫ਼ਰਤ ਫੈਲਾਉਣ ਵਾਲੇ ਇਹ ਅਧਿਆਪਕ!

ਏਜੰਸੀ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਨਫ਼ਰਤ ਦੀ ਜਿਹੜੀ ਲਹਿਰ ਮੁਸਲਮਾਨਾਂ ਵਿਰੁਧ ਪੱਛਮ ਵਿਚ ਚੱਲੀ ਸੀ, ਉਹ ਹੁਣ ਭਾਰਤ ਦੇ ਆਮ ਆਦਮੀ ਦੇ ਦਿਮਾਗ਼ ਵਿਚ ਵਸ ਗਈ ਹੈ

File Photo

ਮੁਜ਼ੱਫ਼ਰਨਗਰ ਯੂਪੀ ਦੀ ਇਕ ਅਧਿਆਪਕਾ ਵਲੋਂ ਪੜ੍ਹਾਈ ਵਿਚ ਕਮਜ਼ੋਰ ਇਕ ਬੱਚੇ ਨੂੰ ਪੂਰੀ ਕਲਾਸ ਦੇ ਬਾਕੀ ਬੱਚਿਆਂ ਤੋਂ ਥੱਪੜ ਮਰਵਾਏ ਗਏ ਤੇ ਨਾਲ ਹੀ ਮੁਸਲਿਮ ਬੱਚੇ ਦੀ ਪੜ੍ਹਾਈ ਵਿਚ ਕਮਜ਼ੋਰੀ ਨੂੰ ਇਕ ਧਰਮ ਨੂੰ ਮੰਨਣ ਵਾਲੀਆਂ ਮਾਵਾਂ ਨਾਲ ਜੋੜ ਕੇ ਸਗੋਂ ਅਪਣੀ ਅਗਿਆਨਤਾ ਦਾ ਪ੍ਰਦਰਸ਼ਨ ਇਸ ਤਰ੍ਹਾਂ ਕੀਤਾ ਕਿ ਹਰ ਕੋਈ ਸਮਝਦਾ ਹੈ, ਉਹ ਅਧਿਆਪਕ ਅਖਵਾਉਣ ਦੇ ਕਾਬਲ ਹੀ ਨਹੀਂ।

ਇਸ ਵੀਡੀਉ ਦੇ ਸਾਹਮਣੇ ਆਉਣ ਨਾਲ ਫ਼ਿਰਕੂ ਸੋਚ ਨਾਲ ਜੁੜੀਆਂ, ਧਰਮ ਦੀਆਂ ਤਾਰਾਂ ਸਾਫ਼ ਨਜ਼ਰ ਆ ਰਹੀਆਂ ਹਨ ਜੋ ਨਾਲ ਨਾਲ ਇਹ ਵੀ ਦਰਸਾਉਂਦੀਆਂ ਹਨ ਕਿ ਇਕ ਨਾਲਾਇਕ ਅਧਿਆਪਕ ਦੇ ਹੱਥ ਵਿਚ ਫੜਾਈ ਗਈ ਆਉਂਦੇ ਭਲਕ ਦੀ ਸੰਭਾਲ ਸਾਡੇ ਭਵਿੱਖ ਨੂੰ ਕਿਸ ਤਰ੍ਹਾਂ ਤਬਾਹ ਕਰ ਕੇ ਰਹੇਗੀ। ਐਸੀ ਅਧਿਆਪਕਾ ਤੋਂ ਸਿਖਿਆ ਲੈਣ ਵਾਲਾ ਬੱਚਾ ਤਾਂ ਨਫ਼ਰਤ, ਅਗਿਆਨਤਾ ਦੀ ਦਲਦਲ ’ਚੋਂ ਨਿਕਲਿਆ ਕਮਜ਼ੋਰ ਨਾਗਰਿਕ ਹੀ ਬਣੇਗਾ ਤੇ ਇਸ ਨਾਲੋਂ ਤਾਂ ਅਨਪੜ੍ਹ ਹੀ ਬਿਹਤਰ ਰਹੇਗਾ।

ਨਫ਼ਰਤ ਦੀ ਜਿਹੜੀ ਲਹਿਰ ਮੁਸਲਮਾਨਾਂ ਵਿਰੁਧ ਪੱਛਮ ਵਿਚ ਚੱਲੀ ਸੀ, ਉਹ ਹੁਣ ਭਾਰਤ ਦੇ ਆਮ ਆਦਮੀ ਦੇ ਦਿਮਾਗ਼ ਵਿਚ ਵਸ ਗਈ ਹੈ। ਇਸ ਦਾ ਅਸਰ ਇਹ ਹੈ ਕਿ ਅੱਜ ਕਈ ਹਿੰਦੂ (ਜੋ ਕਿ ਇਸ ਦੇਸ਼ ਵਿਚ ਬਹੁਗਿਣਤੀ ਵਿਚ ਹਨ) ਮੰਨਦੇ ਹਨ ਕਿ ਉਨ੍ਹਾਂ ਦੀ ਆਬਾਦੀ ਨੂੰ 19 ਫ਼ੀ ਸਦੀ ਮੁਸਲਮਾਨਾਂ ਤੋਂ ਖ਼ਤਰਾ ਹੈ। ਅੱਜ ਦੀ ਨਫ਼ਰਤ ਨੇ ਆਮ ਇਨਸਾਨਾਂ ਦੇ ਦਿਮਾਗ਼ ਨੂੰ ਇਸ ਤਰ੍ਹਾਂ ਅੰਨ੍ਹਾ ਕਰ ਦਿਤਾ ਹੈ ਕਿ ਉਹ ਤੁਰਕ ਹਮਲਾਵਰਾਂ ਦਾ ਬਦਲਾ ਅੱਜ ਦੇ ਭਾਰਤੀ ਮੁਸਲਮਾਨਾਂ ਤੋਂ ਲੈਣਾ ਚਾਹ ਰਹੇ ਹਨ।

ਪਰ ਨਫ਼ਰਤ ਦੀ ਤਾਂ ਖ਼ਾਸੀਅਤ ਹੀ ਇਹ ਹੁੰਦੀ ਹੈ ਕਿ ਇਹ ਬੁੱਧੀ ਨੂੰ ਨਕਾਰਾ ਬਣਾ ਦੇਂਦੀ ਹੈ। ਨਫ਼ਰਤ ਦੇ ਦ੍ਰਿਸ਼ਟੀਕੋਣ ਤੋਂ ਇਕ ਗੁਲਾਬ ਨੂੰ ਵੇਖ ਕੇ ਵੀ ਸਿਰਫ਼ ਕੰਡੇ ਹੀ ਨਜ਼ਰ ਆਉਣਗੇ ਤੇ ਜੇ ਵੇਖਣ ਵਾਲਾ ਪਹਿਲਾਂ ਤੋਂ ਹੀ ਅਗਿਆਨਤਾ ਦਾ ਮਰੀਜ਼ ਹੋਵੇ ਤਾਂ ਫਿਰ ਉਸ ਨੂੰ ਤਾਂ ਗੁਲਾਬ ਨਜ਼ਰ ਹੀ ਨਹੀਂ ਆਵੇਗਾ। ਜੋ ਕੁੱਝ ਅਸੀ ਮੁਜ਼ੱਫਰਨਗਰ ਵਿਚ ਵੇਖਿਆ ਹੈ, ਉਹ ਸਾਡੀਆਂ ਦੋ ਕਮਜ਼ੋਰੀਆਂ ਦੇ ਮਿਲਾਪ ਦਾ ਨਤੀਜਾ ਹੈ। ਨਿਜੀ ਸਕੂਲਾਂ ਵਿਚ ਹੀ ਨਹੀਂ ਸਗੋਂ ਸਾਡੀ ਜ਼ਿਆਦਾਤਰ ਅਧਿਆਪਕ ਸ਼ੇ੍ਰਣੀ ਅਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਤਿਆਰ ਹੀ ਨਹੀਂ ਲਗਦੀ।

ਉਨ੍ਹਾਂ ਨੂੰ ਬੱਚੇ ਦੇ ਕੋਮਲ ਸਾਲਾਂ ਵਿਚ ਉਸ ਨਾਲ ਨਜਿੱਠਣ ਦਾ ਤਰੀਕਾ ਹੀ ਨਹੀਂ ਆਉਂਦਾ ਤੇ ਨਾ ਸਿਖਣ ਦੀ ਕੋਸ਼ਿਸ਼ ਹੀ ਕਰਦੇ ਹਨ। ਕਦੇ ਕੋਈ ਬੱਚਾ ਪੜ੍ਹਾਈ ਵਾਸਤੇ ਅਪਣੇ ਹਮ-ਉਮਰ ਹਾਣੀਆਂ ਕੋਲੋਂ ਬੇਇੱਜ਼ਤ ਹੋਣ ਤੋਂ ਬਾਅਦ ਪੜ੍ਹਾਈ ਵਾਸਤੇ ਪ੍ਰੇਰਤ ਵੀ ਕੀਤਾ ਜਾ ਸਕਦਾ ਹੈ? ਇਥੇ ਕਮਜ਼ੋਰੀ ਅਸਲ ਵਿਚ ਅਧਿਆਪਕਾ ਦੀ ਹੈ ਜੋ ਉਸ ਬੱਚੇ ਵਿਚ ਪੜ੍ਹਾਈ ਲਈ ਉਤਸ਼ਾਹ ਨਹੀਂ ਪੈਦਾ ਕਰ ਸਕੀ। ਹਰ ਬੱਚਾ ਅਲੱਗ ਹੁੰਦਾ ਹੈ ਤੇ ਉਸ ਨੂੰ ਸਿਖਾਉਣ ਦਾ ਤਰੀਕਾ ਵਖਰਾ ਹੁੰਦਾ ਹੈ। ਜਾਪਦਾ ਨਹੀਂ ਕਿ ਉਸ ਅਧਿਆਪਕ ਕੋਲ ਕੋਈ ਮਹਾਰਤ ਵੀ ਹੋਵੇਗੀ

ਪਰ ਜੇ ਚਾਰ ਪੈਸਿਆਂ ਨਾਲ ਸਕੂਲ ਬਣਾਉਣ ਦੀ ਇਜਾਜ਼ਤ ਮਿਲ ਜਾਵੇ ਤਾਂ ਫਿਰ ਉਨ੍ਹਾਂ ਵਿਚ ਪੜ੍ਹਾਉਣ ਵਾਲੇ ਇਸ ਤਰ੍ਹਾਂ ਦੇ ਹਲਕੇ ਕਮਜ਼ੋਰ ਅਧਿਆਪਕ ਹੀ ਮਿਲਣਗੇ। ਇਸ ਅਧਿਆਪਕ ਨੇ ਅਪਣੀ ਛੋਟੀ ਸੋਚ ਨੂੰ ਅਪਣੇ ਅਧਿਆਪਕ ਦੀ ਕੁਰਸੀ ਦੀ ਤਾਕਤ ਨਾਲ ਮਿਲਾ ਕੇ ਜੋ ਮਿਸ਼ਰਣ ਬਣਾਇਆ ਹੈ, ਉਹ ਸਾਡੇ ਸਕੂਲਾਂ ਵਿਚ ਆਮ ਹੀ ਵੇਖਿਆ ਜਾ ਸਕਦਾ ਹੈ। ਪਰ ਸੱਭ ਕੁੱਝ ਕੈਮਰੇ ਦੇ ਸਾਹਮਣੇ ਨਹੀਂ ਆਉਂਦਾ। ਇਹ ਸਨਸਨੀਖ਼ੇਜ਼ ਖ਼ਬਰ ਹੈ, ਸੁਰਖ਼ੀਆਂ ਵਿਚ ਰਹੇਗੀ ਪਰ ਬਦਲਾਅ ਨਹੀਂ ਆਉਣ ਵਾਲਾ ਕਿਉਂਕਿ ਸਿਖਿਆ ਨੂੰ ਅਸੀ ਵਪਾਰ ਬਣਾ ਦਿਤਾ ਹੈ।
- ਨਿਮਰਤ ਕੌਰ