Editorial: ਧਰਮ ਦੇ ਨਾਂਅ ਉਤੇ ਗ਼ੈਰ-ਇਨਸਾਨੀ ਕਾਰੇ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਧਰਮ ਦੇ ਨਾਂਅ ਉਤੇ ਗ਼ੈਰ-ਇਨਸਾਨੀ ਕਾਰੇ ਕਿਉਂ?

Why inhuman acts in the name of religion?

 

Editorial: ਗੁਰਦਾਸਪੁਰ ਵਿਚ ਅਪਣੇ ਆਪ ਨੂੰ ਪਾਸਟਰ ਅਖਵਾਉਣ ਵਾਲੇ ਇਕ ਠੱਗ ਵਲੋਂ ਇਕ ਬਿਮਾਰ ਸ਼ਖ਼ਸ ਨੂੰ ਉਸ ਦੀ ਬਿਮਾਰੀ ਦੇ ਇਲਾਜ ਲਈ ਡਾਕਟਰ ਕੋਲ ਭੇਜਣ ਦੀ ਥਾਂ ਉਸ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਸ ਅੰਦਰ ਭੂਤ-ਪ੍ਰੇਤ ਦਾ ਵਾਸ ਹੈ। ਉਸ ਢੌਂਗੀ ਪਾਸਟਰ ਨਾਲ 10 ਲੋਕ ਸਨ ਤੇ ਉਸ ਬਿਮਾਰ ਸ਼ਖ਼ਸ ਨੂੰ ਏਨਾ ਕੁਟਿਆ ਮਾਰਿਆ ਗਿਆ ਕਿ ਉਹ ਅਪਣੀ ਜਾਨ ਹੀ ਗਵਾ ਬੈਠਾ।

ਇਸ ਮਾਮਲੇ ਵਿਚ ਤਾਂ ਚਲੋ ਢੌਂਗੀ ਪਾਸਟਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਇਹ ਮੁੱਦਾ ਬਹੁਤ ਵੱਡਾ ਹੈ ਜਿਸ ਉਤੇ ਨਾ ਹੀ ਸਿੱਖ ਸਿਆਸਤ, ਨਾ ਐਸਜੀਪੀਸੀ ਤੇ ਨਾ ਹੀ ਸਰਕਾਰ ਧਿਆਨ ਦੇ ਰਹੀ ਹੈ। ਈਸਾਈ ਮੱਤ ਵਿਚ ਧਰਮ ਪਰਿਵਰਤਨ ਕਰਵਾਉਣ ਦੀ ਰੀਤ ਹੈ ਪਰ ਪੰਜਾਬ ਵਿਚ ਜਿਸ ਰਫ਼ਤਾਰ ਨਾਲ ਧਰਮ ਪਰਿਵਰਤਨ ਹੋ ਰਹੇ ਹਨ, ਉਹ ਚਿੰਤਾ ਦਾ ਵਿਸ਼ਾ ਹੈ।

ਦਿੱਲੀ ਵਿਚ ਇਕ ਦਸਤਾਵੇਜ਼ੀ ਪੇਸ਼ਕਸ਼ ਵਿਚ ‘‘ਪੰਜਾਬ ਵਿਚ ਈਸਾਈਅਤ ਦਾ ਜਾਦੂਈ ਉਭਾਰ’’ ਨੂੰ ਵਿਖਾਇਆ ਗਿਆ ਜਿਸ ਮੁਤਾਬਕ ਪੰਜਾਬ ਵਿਚ ਸਿੱਖਾਂ ਦੀ ਆਬਾਦੀ 67 ਤੋਂ ਘੱਟ ਕੇ, 50 ਫ਼ੀ ਸਦੀ ਰਹਿ ਗਈ ਹੈ। ਦਸਤਾਵੇਜ਼ੀ ਪੇਸ਼ਕਸ਼ ਅਨੁਸਾਰ ਵੱਖ-ਵੱਖ ਤਰੀਕਿਆਂ ਨਾਲ ਗ਼ਰੀਬਾਂ ਨੂੰ ਮਾਲੀ ਮਦਦ/ਇਲਾਜ ਦੇ ਬਹਾਨੇ ਸਿੱਖ ਧਰਮ ਨੂੰ ਈਸਾਈ ਧਰਮ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਇਸ ਰੁਝਾਨ ਵਿਚ ਪਹਿਲੀ ਕਮਜ਼ੋਰੀ ਸਿੱਖ ਧਾਰਮਕ ਆਗੂਆਂ ਤੇ ਪ੍ਰਚਾਰਕਾਂ ਦੀ ਹੈ ਜਿਨ੍ਹਾਂ ਨੇ ਸਿੱਖੀ ਦੀ ਸਮਾਨਤਾਵਾਦੀ ਤੇ ਸਹਾਇਤਾਵਾਦੀ ਸੋਚ ਨੂੰ ਲੋਕਾਂ ਤਕ ਪਹੁੰਚਾਉਣ ਦੇ ਸੰਜੀਦਾ ਯਤਨ ਨਹੀਂ ਕੀਤੇ।

ਜਿਹੜਾ ਸ਼ਖ਼ਸ ਸਿੱਖੀ ਨੂੰ ਸਮਝ ਜਾਂਦਾ ਹੈ, ਉਹ ਕਿਸੇ ਵੀ ਪੁਜਾਰੀ ਜਾਂ ਬਾਬੇ ਤੋਂ ਆਸ ਨਹੀਂ ਰੱਖ ਸਕਦਾ। ਦੂਜੀ ਕਮਜ਼ੋਰੀ ਇਹ ਹੈ ਕਿ ਜਿਹੜੀ ਗੋਲਕ ਗ਼ਰੀਬ ਵਾਸਤੇ ਖੁਲ੍ਹੀ ਹੋਣੀ ਚਾਹੀਦੀ ਸੀ, ਉਸ ’ਚੋਂ ਤਾਂ ਗ਼ਰੀਬ ਨੂੰ ਕੁੱਝ ਮਿਲਦਾ ਹੀ ਨਹੀਂ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੌਦਾ ਸਾਧ ਨੂੰ ਮੁਆਫ਼ੀ ਦੇਣ ਵਾਸਤੇ 80 ਲੱਖ ਰੁਪਏ ਇਸ਼ਤਿਹਾਰਾਂ ’ਤੇ ਖ਼ਰਚ ਕਰ ਸਕਦੀ ਹੈ ਪਰ ਕਿਸੇ ਗ਼ਰੀਬ ਵਾਸਤੇ ਇਨ੍ਹਾਂ ਨੇ ਇਕ ਪੈਸਾ ਵੀ ਖ਼ਰਚਿਆ ਹੋਵੇ, ਇਹ ਕਦੇ ਅਸੀ ਸੁਣਿਆ ਹੀ ਨਹੀਂ।

ਜੇ ਅੱਜ ਗੁਰੂ ਘਰਾਂ ’ਚੋਂ ਗ਼ਰੀਬ ਦੀ ਮਦਦ ਵਾਸਤੇ ਪੈਸੇ ਖ਼ਰਚੇ ਜਾ ਰਹੇ ਹੁੰਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ’ਚੋਂ ਮਿਆਰ ਦੀ ਸਿਖਿਆ ਮੁਫ਼ਤ ਮੁਹਈਆ ਕਰਵਾਈ ਜਾਂਦੀ ਤਾਂ ਗ਼ਰੀਬ ਕਦੇ ਵੀ ਕਿਸੇ ਹੋਰ ਧਰਮ ਵਲ ਨਜ਼ਰ ਚੁੱਕ ਕੇ ਨਾ ਵੇਖਦਾ। ਪੰਜਾਬ ਵਿਚ ਤਾਂ ਅਜਿਹੇ ਸਕੂਲ ਖੁਲ੍ਹ ਗਏ ਹਨ ਜਿਥੇ ਬੱਚਿਆਂ ਨੂੰ ਸਿੱਖੀ ਨਾਲੋਂ ਤੋੜਨ ਵਾਸਤੇ ਪੰਜਾਬੀ ਬੋਲਣ ਅਤੇ ਪੜ੍ਹਨ ’ਤੇ ਹੀ ਰੋਕ ਲਗਾ ਦਿਤੀ ਗਈ ਹੈ। ਸੋ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੇ ਬੱਚੇ ਪੰਜਾਬੀ ਹੀ ਨਹੀਂ ਪੜ੍ਹਨਗੇ ਤਾਂ ਉਹ ਸ਼ਬਦ ਗੁਰੂ ਨਾਲ ਕਿਵੇਂ ਜੁੜ ਸਕਣਗੇ?

ਤੀਜੀ ਸ਼੍ਰੇਣੀ ਜਿਸ ’ਤੇ ਆਸ ਰੱਖੀ ਜਾਂਦੀ ਹੈ, ਉਹ ਹੈ ਸਿਆਸਤਦਾਨ ਜਿਸ ਦੀ ਸੋਚ ਸਿਰਫ਼ ਵੋਟਾਂ ਤਕ ਹੀ ਸੀਮਤ ਹੁੰਦੀ ਹੈ। ਜੇ ਅਕਾਲੀ ਦਲ ਦੇ ਆਗੂ ਸੌਦਾ ਸਾਧ ਸਾਹਮਣੇ ਵੋਟਾਂ ਵਾਸਤੇ ਹੱਥ ਜੋੜ ਕੇ ਡਿੱਗ ਸਕਦੇ ਹਨ ਤਾਂ ਫਿਰ ਬਾਕੀ ਧਰਮ ਨਿਰਪੱਖਾਂ ਤੋਂ ਕੀ ਆਸ ਰਖੀਏ। ਇਸ ਚੱਕਰ ਵਿਚ ਪੰਜਾਬ ’ਚ ਕਈ ਤਰ੍ਹਾਂ ਦੇ ਢੌਂਗੀ ਧਾਰਮਕ ਅਸਥਾਨ, ਕਾਲੇ ਜਾਦੂ ਦਾ ਪ੍ਰਚਾਰ ਕਰਦੇ ਗਏ ਤੇ ਕਿਸੇ ਨੇ ਵੀ ਉਨ੍ਹਾਂ ’ਤੇ ਰੋਕ ਨਾ ਲਗਾਈ ਕਿਉਂਕਿ ਜਦ ਤਕ ਸਿਆਸਤਾਨਾਂ ਤੋਂ ਉਥੋਂ ਵੋਟ ਮਿਲਦੀ ਰਹੇਗੀ ਉਹ ਇਨ੍ਹਾਂ ਢੌਂਗੀ ਬਾਬਿਆਂ ਵਿਰੁਧ ਕੁੱਝ ਨਹੀਂ ਕਰ ਸਕਦੇ ਤੇ ਉਹ ਅਪਣੀ ਕੁਰਸੀ ਦੇ ਲਾਲਚ ਨਾਲ ਬੇਬਸ ਹੋ ਜਾਂਦੇ ਹਨ।

ਪਰ ਗੁਰਦਾਸਪੁਰ ਦੇ ਇਸ ਹਾਦਸੇ ਨੇ ਸੱਚ ਤੁਹਾਡੇ ਸਾਹਮਣੇ ਪੇਸ਼ ਕਰ ਦਿਤਾ ਹੈ। ਅਜੋਕੇ ਯੁੱਗ ਵਿਚ ਕਾਲੇ ਜਾਦੂ ਨੂੰ ਧਰਮ ਦਾ ਚੋਲਾ ਪਵਾ ਕੇ ਗ਼ਰੀਬ ਉਤੇ ਇਸਤੇਮਾਲ ਕੀਤਾ ਜਾ ਰਿਹਾ ਹੈ, ਇਹ ਸੱਚਮੁੱਚ ਚਿੰਤਾ ਦੀ ਗੱਲ ਹੈ। ਇਸੇ ਤਰ੍ਹਾਂ ਸਿੱਖਾਂ ਦੀ ਘਟਦੀ ਆਬਾਦੀ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਧਰਮ ਦੇ ਨਾਂ ’ਤੇ ਕੀਤੀ ਜਾਂਦੀ ਠੱਗੀ ਨੂੰ ਵੀ ਰੋਕਣਾ ਚਾਹੀਦਾ ਹੈ।
- ਨਿਮਰਤ ਕੌਰ