ਮਨਪ੍ਰੀਤ ਬਾਦਲ ਮਗਰੋਂ ਵਾਰੀ ਆ ਗਈ ਸੁਖਪਾਲ ਖਹਿਰਾ ਦੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਸੀ ਆਪ ਸਾਰੇ ਜਾਣਦੇ ਤੇ ਮੰਨਦੇ ਹਾਂ ਕਿ ਸਾਡੇ ਸਿਆਸਤਦਾਨਾਂ ਉਤੇ ਲਾਗੂ ਹੋਣ ਵਾਲੇ ਨਿਯਮ ਹੀ ਵਖਰੇ ਹੁੰਦੇ ਹਨ

photo

 

ਪਹਿਲਾਂ ਮਨਪ੍ਰੀਤ ਬਾਦਲ ਉਤੇ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਹੁਣ ਉਨ੍ਹਾਂ ਦੀ ਭਾਲ ਕਰ ਰਹੀ ਹੈ ਤਾਕਿ ਗ੍ਰਿਫ਼ਤਾਰ ਕਰ ਸਕੇ। ਅੱਜ ਤੜਕੇ 4:30 ਵਜੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਹੋ ਜਾਂਦੀ ਹੈ। ਇਲਜ਼ਾਮ ਚੋਣਾਂ ਦੇ ਖ਼ਰਚੇ ਖ਼ਾਤਰ ਕਿਸੇ ਨਸ਼ਾ ਤਸਕਰ ਨੂੰ ਸ਼ਹਿ ਦੇਣ ਦਾ ਹੈ। ਦੋਵਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੁਰਾਣੇ ਰਿਸ਼ਤੇ ਹਨ। ਮਨਪ੍ਰੀਤ ਬਾਦਲ ਮੁੱਖ ਮੰਤਰੀ ਮਾਨ ਨੂੰ ਸਿਆਸਤ ਵਿਚ ਲਿਆਉਣ ਵਾਲੇ ਸ਼ਖ਼ਸ ਹਨ ਤੇ ਖਹਿਰਾ ਤਾਂ ਆਮ ਆਦਮੀ ਪਾਰਟੀ ਵਿਚ ਮਾਨ ਸਾਹਿਬ ਦੇ ਨਾਲ ਸਨ। ਮਨਪ੍ਰੀਤ ਬਾਦਲ ਉਤੇ ਮਾਮਲਾ 65 ਲੱਖ ਰੁਪਏ ਦਾ ਹੈ ਜੋ ਕਿ ਇਕ ਵਿੱਤ ਮੰਤਰੀ ਵਾਸਤੇ ਬੜੀ ਛੋਟੀ ਜਹੀ ਰਕਮ ਹੈ।

ਅਸੀ ਆਪ ਸਾਰੇ ਜਾਣਦੇ ਤੇ ਮੰਨਦੇ ਹਾਂ ਕਿ ਸਾਡੇ ਸਿਆਸਤਦਾਨਾਂ ਉਤੇ ਲਾਗੂ ਹੋਣ ਵਾਲੇ ਨਿਯਮ ਹੀ ਵਖਰੇ ਹੁੰਦੇ ਹਨ। ਇਕ ਸਿਸਟਮ ਬਣਿਆ ਹੁੰਦਾ ਹੈ ਕਿ ਜਦ ਕੋਈ ਕਿਸੇ ਕੁਰਸੀ ’ਤੇ ਬੈਠਦਾ ਹੈ ਤਾਂ ਤਾਕਤ ਦੇ ਨਾਲ-ਨਾਲ ਇਕ ਤਹਿ-ਸ਼ੁਦਾ ਸਿਸਟਮ ਦੇ ਤਹਿਤ ਕੁੱਝ ਨਾ ਕੁੱਝ ਤਾਂ ਉਨ੍ਹਾਂ ਕੋਲ ਹਿੱਸਾ ਅਪਣੇ ਆਪ ਆਉਂਦਾ ਹੀ ਆਉਂਦਾ ਹੈ। ਜਿਸ ਕੁਰਸੀ ਉਤੇ ਬੈਠ ਕੇ ਲੱਖਾਂ ਕਰੋੜਾਂ ਦਾ ਲੈਣ-ਦੇਣ ਸਰਕਾਰ ਵਾਸਤੇ ਕਰਦੇ ਸਨ, ਤਾਂ ਫਿਰ ਅਪਣੇ ਵਾਸਤੇ ਕੁੱਝ ਲੱਖ ਦਾ ਮੁਨਾਫ਼ਾ ਹਾਸਲ ਕਰਨਾ ਕਿਹੜੀ ਵੱਡੀ ਗੱਲ ਹੈ?

ਇਥੇ ਮਾਸਟਰ ਤਾਰਾ ਸਿੰਘ ਜੀ ਦੀ ਗੱਲ ਯਾਦ ਆਉਂਦੀ ਹੈ ਜਿਨ੍ਹਾਂ ਦੇ ਕੁੜਤੇ ਦੀ ਇਕ ਜੇਬ ਅਕਾਲੀ ਦਲ ਵਾਸਤੇ ਆਏ ਪੈਸਿਆਂ ਦੀ ਹੁੰਦੀ ਸੀ ਤੇ ਦੂਜੀ ਇਨ੍ਹਾਂ ਦੀ ਨਿੱਜੀ। ਨਿਜੀ ਜੇਬ ਖਾਲੀ ਹੋ ਜਾਵੇ ਤਾਂ ਅਪਣੀ ਬੇਟੀ ਨੂੰ ਮਾਮੂਲੀ ਰਕਮ ਦੇਣੋਂ ਵੀ ਨਾਂਹ ਕਰ ਦੇਂਦੇ ਸਨ ਤੇ ਉਸੇ ਹੀ ਪਲ ਕਿਸੇ ਪੰਥਕ ਕਾਰਜ ਵਾਸਤੇ ਮੰਗਣ ਵਾਲੇ ਨੂੰ ਹਜ਼ਾਰਾਂ ਰੁਪਏ ਦੂਜੀ ਜੇਬ ਵਿਚੋਂ ਕੱਢ ਦੇਂਦੇ ਸਨ। ਜੇ ਉਸ ਨਜ਼ਰੀਏ ਨਾਲ ਵੇਖੀਏ ਤਾਂ 65 ਲੱਖ ਦੀ ਗੱਲ ਛੋਟੀ ਵੀ ਨਹੀਂ। ਪਰ ਸਾਡੀ ਨਜ਼ਰ ਹੀ ਧੁੰਦਲੀ ਹੋ ਗਈ ਹੈ। ਅਸੀ ਅਪਣੇ ਆਗੂਆਂ ਤੋਂ ਹੁਣ ਕੱਟੜ ਈਮਾਨਦਾਰੀ ਦੀ ਆਸ ਹੀ ਛੱਡ ਦਿਤੀ ਹੈ। 

ਪਰ ਸਵਾਲ ਇਹ ਹੈ ਕਿ ਅੱਜ ਦੇ ਪੰਜਾਬ ਦੇ ਸਿਆਸਤਦਾਨ ਮਾਸਟਰ ਤਾਰਾ ਸਿੰਘ ਦੇ ਦੱਸੇ ਰਾਹ ’ਤੇ ਕਿਉਂ ਨਹੀਂ ਚਲ ਸਕਦੇ? ਇਨ੍ਹਾਂ ਦੋਹਾਂ ਮਨਪ੍ਰੀਤ ਬਾਦਲ ਤੇ ਖਹਿਰਾ ਉਤੇ ਦਰਜ ਮਾਮਲਿਆਂ ਪਿੱਛੇ ਨਿੱਜੀ ਰੰਜਿਸ਼ ਦਾ ਹੱਥ ਹੋਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਪਰ ਹਰ ਇਨਸਾਨ ਅੰਦਰ ਮੁਢਲੇ ਅਹਿਸਾਸ ਦਾ ਹੋਣਾ ਤਾਂ ਲਾਜ਼ਮੀ ਹੈ। ਸਵਾਲ ਇਹ ਹੈ ਕਿ ਇਸ ਜਾਂਚ ਵਿਚ ਦਮ ਹੈ ਜਾਂ ਨਹੀਂ? ਕਾਂਗਰਸ ਦੇ ਆਗੂ ਖਹਿਰਾ ਸਾਹਿਬ ਦੇ ਹੱਕ ਵਿਚ ਤਾਂ ਨਿੱਤਰ ਰਹੇ ਹਨ ਪਰ ਇਹ ਮਾਮਲਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਹੀ ਦਰਜ ਕੀਤਾ ਸੀ। ਬੱਸ ਉਸੇ ਸਮੇਂ ਖਹਿਰਾ ਸਾਹਿਬ ਦੀ ਕਾਂਗਰਸ ਵਿਚ ਘਰ ਵਾਪਸੀ ਹੋ ਗਈ ਤੇ ਕੇਸ ਠੰਢੇ ਬਸਤੇ ਵਿਚ ਪਾ ਦਿਤਾ ਗਿਆ।

ਪਰ ਖਹਿਰਾ ਸਾਹਿਬ ਉਤੇ ਹੋਰਨਾਂ ਕਈਆਂ ਵਾਂਗ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦੇ ਇਲਜ਼ਾਮ ਹਨ। ਇਸ ਗੁੱਝੀ ਸਾਂਝ ਨੇ ਸਾਡੀ ਜਵਾਨੀ ਤੇ ਭਵਿਖ ਲਈ ਖ਼ਤਰਾ ਖੜਾ ਕਰ ਦਿਤਾ ਹੈ। ਭਾਵੇਂ ਇਸ ਜਾਂਚ ਦੀ ਸ਼ੁਰੂਆਤ ਕਰਨ ਪਿਛੇ ਖਹਿਰਾ ਸਾਹਿਬ ਵਲੋਂ ਅੱਜ ਦੀ ਸਰਕਾਰ ਵਿਰੁਧ ਨਿੱਜੀ ਤੌਰ ਦੇ ਬਿਆਨ ਹਨ, ਫ਼ਾਇਦਾ ਤਾਂ ਪੰਜਾਬ ਨੂੰ ਹੀ ਮਿਲੇਗਾ ਕਿਉਂਕਿ ਜਦ ਤਕ ਪੁਰਾਣੀਆਂ ਸੜੀਆਂ ਗਲੀਆਂ ਰਵਾਇਤਾਂ ਸਿਆਸੀ ਰੀਤਾਂ ਨਹੀਂ ਟੁਟਦੀਆਂ, ਬਦਲਾਅ ਨਹੀਂ ਆਵੇਗਾ। ਪਰ ਹਾਂ, ਅੱਜ ਦੀ ਸਰਕਾਰ ਨੂੰ ਯਾਦ ਰਖਣਾ ਪਵੇਗਾ ਕਿ ਜਿਹੜਾ ਰਾਹ ਉਨ੍ਹਾਂ ਨੇ ਚੁਣਿਆ ਹੈ, ਉਸ ਵਿਚ ਇਹ ਦੁਸ਼ਮਣੀਆਂ ਹੁਣ ਨਿੱਜੀ ਬਣਦੀਆਂ ਜਾ ਰਹੀਆਂ ਹਨ। ‘ਆਪ’ ਵਾਲੇ ਪਹਿਲਾਂ ਵੀ ਰਵਾਇਤੀ ਸਿਆਸਤਦਾਨਾਂ ਤੋਂ ਅਲੱਗ ਸਨ ਤੇ ਹੁਣ ਜੇ ਉਨ੍ਹਾਂ ਇਕ ਪੈਸੇ ਦੀ ਵੀ ਹੇਰਾ ਫੇਰੀ ਕੀਤੀ ਤਾਂ ਜਦ ਵੀ ਵਿਰੋਧੀ ਧਿਰ ਕੁਰਸੀ ਉਤੇ ਬੈਠੇਗੀ, ਤਾਂ ਹੁਣ ਦੇ ਲੀਡਰਾਂ ਦੀ ਛੋਟੀ ਛੋਟੀ ਗੱਲ ਨੂੰ ਫੜ ਕੇ ਵੀ ਗ੍ਰਿਫ਼ਤਾਰੀਆਂ ਕਰੇਗੀ। ਰਵਾਇਤ ਹੁਣ ਨਾ ਸਿਰਫ਼ ਵਿਰੋਧੀਆਂ ਵਾਸਤੇ ਬਲਕਿ ‘ਆਪ’ ਵਾਲਿਆਂ ਵਾਸਤੇ ਵੀ ਸਾਫ਼ ਹੋਵੇਗੀ। ਹਵਾ ਵਿਚ ਸਰਸਰਾਹਟ ਹੋ ਰਹੀ ਹੈ, ‘ਸੱਭ ਫੜੇ ਜਾਣਗੇ ਜੀ, ਸੱਭ ਫੜੇ ਜਾਣਗੇ’।
-ਨਿਮਰਤ ਕੌਰ