ਰਾਵਣ ਨੂੰ ਅਗਨ ਭੇਂਟ ਕਰਨ ਤੇ ਏਨਾ ਖ਼ਰਚ? 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

20 ਅਗੱਸਤ 2018 ਨੂੰ ਸਪੋਕਸਮੈਨ ਅਖ਼ਬਾਰ ਦੇ ਪੰਨਾ 2 ਤੇ ਪ੍ਰਕਾਸ਼ਿਤ ਪਹਿਲੀ ਖ਼ਬਰ, 'ਪੰਚਕੂਲਾ ਵਿਚ ਫੂਕਿਆ ਰਾਵਣ ਦਾ ਸੱਭ ਤੋਂ ਉੱਚਾ ਪੁਤਲਾ........

Ravana

20 ਅਗੱਸਤ 2018 ਨੂੰ ਸਪੋਕਸਮੈਨ ਅਖ਼ਬਾਰ ਦੇ ਪੰਨਾ 2 ਤੇ ਪ੍ਰਕਾਸ਼ਿਤ ਪਹਿਲੀ ਖ਼ਬਰ, 'ਪੰਚਕੂਲਾ ਵਿਚ ਫੂਕਿਆ ਰਾਵਣ ਦਾ ਸੱਭ ਤੋਂ ਉੱਚਾ ਪੁਤਲਾ।' ਖ਼ਬਰ ਵਿਚ ਦਸਿਆ ਗਿਆ ਹੈ ਕਿ ਇਸ 210 ਫੁੱਟ ਉੱਚੇ ਪੁਤਲੇ ਨੂੰ 40 ਕਾਰੀਗਰਾਂ ਨੇ ਪੰਜ ਮਹੀਨੇ ਕੰਮ ਕਰ ਕੇ 40 ਲੱਖ ਰੁਪਏ ਵਿਚ ਤਿਆਰ ਕੀਤਾ ਸੀ। ਕਿਹਾ ਗਿਆ ਕਿ ਇਹ ਪੁਤਲਾ ਸੱਭ ਤੋਂ ਉੱਚਾ ਪੁਤਲਾ ਸੀ। ਸੋਚਣ ਵਾਲੀ ਗੱਲ ਹੈ ਕਿ ਇਸ ਵਿਚ ਕਿੰਨਾ ਬਰੂਦ (ਪਟਾਕੇ) ਭਰਿਆ ਹੋਵੇਗਾ ਤੇ ਇਸ ਨੂੰ ਸਾੜਨ ਨਾਲ ਕਿੰਨੀਆਂ ਜ਼ਹਿਰੀਲੀਆਂ। ਗੈਸਾਂ ਵਾਤਾਵਰਣ ਵਿਚ ਫੈਲੀਆਂ ਹੋਣਗੀਆਂ। 40 ਲੱਖ ਰੁਪਏ ਦਾ ਮਟੀਰੀਅਲ ਅਤੇ ਮਿਹਨਤ ਕੁੱਝ ਪਲਾਂ ਵਿਚ ਹੀ ਰਾਖ ਦਾ ਢੇਰ ਬਣ ਗਏ ਹੋਣਗੇ।

ਇਕ ਪਾਸੇ ਅਸੀ ਫ਼ਜ਼ੂਲ ਖ਼ਰਚੀ ਉਤੇ ਅਰਬਾਂ ਰੁਪਏ ਬਰਬਾਦ ਕਰ ਰਹੇ ਹਾਂ, ਦੂਜੇ ਪਾਸੇ ਅਸਮਰਥ ਲੋਕ ਇਲਾਜ ਨਾ ਕਰਵਾ ਸਕਣ ਕਰ ਕੇ ਅਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਗ਼ਰੀਬੀ ਕਾਰਨ ਕਰੋੜਾਂ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਕੇ ਬਾਲ ਮਜ਼ਦੂਰੀ ਕਰ ਰਹੇ ਹਨ। ਅਜਿਹੇ ਮਾਹੌਲ ਵਿਚ ਅਜਿਹੀ ਸੋਚ ਤੇ ਤਰਸ ਹੀ ਕੀਤਾ ਜਾ ਸਕਦਾ ਹੈ। ਦੂਜੀ ਗੱਲ, ਕਿਸਾਨ ਮਜਬੂਰੀ ਕਾਰਨ ਪਰਾਲੀ ਸਾੜਦੇ ਹਨ। ਉਹ ਇਸ ਸਮੱਸਿਆ ਦੇ ਨਫ਼ੇ-ਨੁਕਸਾਨ ਤੋਂ ਚੰਗੀ ਤਰ੍ਹਾਂ ਵਾਕਫ਼ ਹਨ।

ਸਰਕਾਰ ਨੇ ਉਨ੍ਹਾਂ ਨੂੰ ਕੋਈ ਵੀ ਬਦਲ ਨਹੀਂ ਦਿਤਾ ਪਰ ਸਰਕਾਰਾਂ ਵਲੋਂ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਅੱਗੇ ਦੀਵਾਲੀ ਆ ਰਹੀ ਹੈ। ਦੀਵਾਲੀ ਤੇ ਕਰੋੜਾਂ ਅਰਬਾਂ ਦਾ ਬਰੂਦ ਫੂਕਿਆ ਜਾਵੇਗਾ। ਉਸ ਉਤੇ ਸਰਕਾਰ ਦੀ ਕੋਈ ਰੋਕ ਨਹੀਂ। ਸਾਰਾ ਨਜ਼ਲਾ ਕਿਸਾਨ ਤੇ ਹੀ ਝਾੜਿਆ ਜਾਂਦਾ ਹੈ। ਅਸੀ ਕਿਸਾਨਾਂ ਵਲੋਂ ਪਰਾਲੀ ਸਾੜਨ ਦੇ ਹੱਕ ਵਿਚ ਨਹੀਂ ਪਰ ਕਾਨੂੰਨ ਸੱਭ ਲਈ ਇਕ ਹੋਣਾ ਚਾਹੀਦਾ ਹੈ। ਮੀਡੀਆ ਨੂੰ ਇਹ ਮੁੱਦਾ ਪ੍ਰਮੁੱਖਤਾ ਨਾਲ ਚੁਕਣਾ ਚਾਹੀਦਾ ਹੈ। 

-ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505