ਕੀ ਸਰਕਾਰਾਂ ਦਾ ਕੁਹਾੜਾ ਸਿਰਫ਼ ਕਿਸਾਨਾਂ ਉਤੇ ਚੱਲਣ ਲਈ ਹੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਦੀ ਪਰਾਲੀ ਦਾ ਮੁੱਦਾ ਸਾਡੇ ਸਾਹਮਣੇ ਗੰਭੀਰ ਰੂਪ ਧਾਰਨ ਕਰੀ ਖੜਾ ਹੈ........

Farmers Burning Paddy Straw

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਦੀ ਪਰਾਲੀ ਦਾ ਮੁੱਦਾ ਸਾਡੇ ਸਾਹਮਣੇ ਗੰਭੀਰ ਰੂਪ ਧਾਰਨ ਕਰੀ ਖੜਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅਪਣਾ ਕੰਮ ਛੱਡ ਕੇ ਧਰਨੇ ਲਾਉਣ ਲਈ ਮਜਬੂਰ ਹੈ ਕਿਉਂਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਸਹਿਮਤ ਨਹੀਂ ਕਰ ਸਕੀ। ਇਥੇ ਕੁੱਝ ਗੱਲਾਂ ਧਿਆਨ ਦੇਣ ਯੋਗ ਹਨ। ਸੱਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪਰਾਲੀ ਸਾੜਨਾ ਕਿਸਾਨ ਦੀ ਮਜਬੂਰੀ ਹੈ। ਦੂਜੀ ਜਿਹੜੀ ਨੋਟ ਕਰਨ ਵਾਲੀ ਗੱਲ ਹੈ, ਉਹ ਇਹ ਕਿ ਕਿਸਾਨਾਂ ਵਲੋਂ ਪਰਾਲੀ ਸਾੜ ਕੇ ਹੋਣ ਵਾਲੇ ਪ੍ਰਦੂਸ਼ਣ ਦੀ ਸਮਾਂ-ਸੀਮਾ ਪੂਰੇ ਸਾਲ ਵਿਚ ਸਿਰਫ਼ 40 ਕੁ ਦਿਨ ਹੈ।

ਮਤਲਬ 20 ਦਿਨ ਹਾੜੀ ਵੇਲੇ ਅਤੇ 20 ਦਿਨ ਸਾਉਣੀ ਵੇਲੇ। ਹੁਣ ਤੁਸੀ ਵੇਖੋ ਕਿ ਮਜਬੂਰੀਵਸ 40 ਕੁ ਦਿਨ ਹੋਣ ਵਾਲੇ ਪ੍ਰਦੂਸ਼ਣ ਉਤੇ ਕਿੰਨਾ ਰੌਲਾ ਪੈ ਰਿਹਾ ਹੈ ਅਤੇ ਦੁਸਹਿਰੇ ਵਾਲੇ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਰਾਵਣ ਸਾੜ ਕੇ ਜੋ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ, ਉਸ ਬਾਰੇ ਕੋਈ ਕੁੱਝ ਨਹੀਂ ਬੋਲਦਾ ਸਗੋਂ ਸਰਕਾਰ ਦੇ ਮੰਤਰੀ ਆਪ ਮੁੱਖ ਮਹਿਮਾਨ ਬਣ ਕੇ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਦੇ ਹਨ। ਕਈ ਥਾਵਾਂ ਤੇ ਆਪ ਇਹ ਲੋਕ ਰਿਮੋਟ ਦਾ ਬਟਨ ਨੱਪ ਕੇ ਰਾਵਣ ਨੂੰ ਅੱਗ ਲਗਾਉਂਦੇ ਹਨ, ਮਤਲਬ ਆਪ ਪ੍ਰਦੂਸ਼ਣ ਫੈਲਾਉਂਦੇ ਹਨ।

ਇਥੇ ਹੀ ਬੱਸ ਨਹੀਂ ਬਲਕਿ ਦੁਸਹਿਰੇ ਵਾਲੇ ਦਿਨ ਤੋਂ ਸ਼ੁਰੂ ਹੋ ਕੇ ਦੀਵਾਲੀ ਤਕ ਜਾਂ ਫਿਰ ਗੁਰਪੁਰਬ ਤਕ ਲਗਾਤਾਰ ਪਟਾਕਿਆਂ ਤੋਂ ਹੋਣ ਵਾਲਾ ਪ੍ਰਦੂਸ਼ਣ ਜਾਰੀ ਰਹਿੰਦਾ ਹੈ। ਪਟਾਕਿਆਂ ਦਾ ਧੂਆਂ ਪਰਾਲੀ ਦੇ ਧੂੰਏਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ। ਇਸ ਧੂੰਏਂ ਤੋਂ ਹੋਣ ਵਾਲਾ ਪ੍ਰਦੂਸ਼ਣ ਮਜਬੂਰੀ ਕਰ ਕੇ ਨਹੀਂ ਬਲਕਿ ਜਾਣ-ਬੁੱਝ ਕੇ ਫੈਲਾਇਆ ਜਾਂਦਾ ਹੈ। ਕੀ ਸਰਕਾਰਾਂ ਦਾ ਕੁਹਾੜਾ ਸਿਰਫ਼ ਕਿਸਾਨਾਂ ਲਈ ਹੀ ਹੈ?

-ਬਹਾਦਰ ਸ਼ਰਮਾ, ਸੰਪਰਕ : 95172-70892