ਮੋਦੀ ਸਰਕਾਰ ਵਲੋਂ ਛਾਪੇ ਗਏ ਨੋਟਾਂ ਦਾ ਸਾਈਜ਼, ਰੰਗ, ਕੁਆਇਲਟੀ ਘਟੀਆ ਕਿਉਂ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਲੋਕ ਨੋਟਾਂ ਨੂੰ ਦੂਜਾ ਭਗਵਾਨ ਮੰਨਦੇ ਹਨ ਪਰ ਸਾਡੀ ਮਜਬੂਰੀ ਹੈ, ਅਸੀ ਮੋਦੀ ਸਰਕਾਰ ਵਲੋਂ ਛਾਪੇ ਗਏ ਨੋਟਾਂ ਦੀ ਨਿੰਦਿਆ ਕਰ ਰਹੇ ਹਾਂ......

Indian Currency

ਲੋਕ ਨੋਟਾਂ ਨੂੰ ਦੂਜਾ ਭਗਵਾਨ ਮੰਨਦੇ ਹਨ ਪਰ ਸਾਡੀ ਮਜਬੂਰੀ ਹੈ, ਅਸੀ ਮੋਦੀ ਸਰਕਾਰ ਵਲੋਂ ਛਾਪੇ ਗਏ ਨੋਟਾਂ ਦੀ ਨਿੰਦਿਆ ਕਰ ਰਹੇ ਹਾਂ। ਸੱਭ ਤੋਂ ਵੱਡਾ ਦੁੱਖ ਨੋਟਬੰਦੀ ਨੇ ਦਿਤਾ ਜੋ ਅਸੀ ਔਖੇ ਸੌਖੇ ਹੋ ਕੇ ਝੱਲ ਲਿਆ ਪਰ ਦੂਜਾ ਦੁੱਖ ਇਹ ਕਿ ਮੋਦੀ ਸਰਕਾਰ ਨੇ ਅਜਿਹੇ ਨੋਟ ਛਾਪ ਦਿਤੇ, ਜੋ ਸਾਨੂੰ ਹਰ ਰੋਜ਼ ਹਰ ਸਮੇਂ ਹਰ ਵਿਅਕਤੀ ਨੂੰ ਦੁੱਖ ਦੇ ਰਹੇ ਹਨ। ਦੋ ਹਜ਼ਾਰ ਰੁਪਏ ਦਾ ਨੋਟ ਛਾਪਿਆ, ਨੋਟ ਉਤੇ ਲਗਿਆ ਅਜਿਹਾ ਰੰਗ ਜਿਵੇਂ ਕਿਸੇ ਅਣਜਾਣ ਬੁੱਢੀ ਮਾਈ ਨੇ ਘਟੀਆ ਕਿਸਮ ਦਾ ਨੀਲ ਕਿਸੇ ਕੁੜਤੇ ਪਜਾਮੇ ਨੂੰ ਲਗਾ ਦਿਤਾ ਹੋਵੇ, ਕਿਤੇ ਵੱਧ ਕਿਤੇ ਘੱਟ।

ਨੋਟ ਦਾ ਰੰਗ ਗਿੱਲਾ ਹੋਣ ਉਤੇ ਉਤਰਦਾ ਹੈ। ਗ਼ਰੀਬ ਵਿਅਕਤੀ ਦੋ ਹਜ਼ਾਰ ਦਾ ਨੋਟ ਫੜ ਕੇ ਦੁਕਾਨਾਂ ਤੇ ਘੁੰਮਦਾ ਰਹਿੰਦਾ ਹੈ, ''ਛੁੱਟਾ ਹੈ ਨਹੀਂ, ਖੁਲਾ ਹੈ ਨਹੀਂ।'' ਹਜ਼ਾਰ ਰੁਪਏ ਦਾ ਨੋਟ ਸਾਨੂੰ ਲੋੜ ਸੀ, ਉਹ ਸਰਕਾਰ ਨੇ ਨਹੀਂ ਸੀ ਛਾਪਿਆ। ਦੋ ਹਜ਼ਾਰ ਦੇ ਨੋਟ ਦਾ ਫਾਇਦਾ ਜਮ੍ਹਾਂ ਖੋਰੀ ਵਾਲਿਆਂ ਨੇ ਉਠਾਇਆ। ਪੰਜ ਸੌ ਰੁਪਏ ਦਾ ਨੋਟ ਬਹੁਤ ਛੋਟੇ ਸਾਈਜ਼ ਵਿਚ ਛਾਪ ਦਿਤਾ।

ਪੰਜਾਹ-ਪੰਜਾਹ ਦੇ ਅਜਿਹੇ ਨੋਟ ਛਾਪ ਦਿਤੇ ਜਿਵੇਂ ਦੁਕਾਨ ਤੋਂ ਬੱਚੇ ਵਲੋਂ ਲਈ ਚੂਰਨ ਦੀ ਪੁੜੀ ਵਿਚੋਂ ਨਿਕਲੇ ਹੋਣ। ਕਰੰਸੀ ਦਾ ਰੋਅਬ ਹੋਣਾ ਵੀ ਜ਼ਰੂਰੀ ਹੈ ਪਰ ਮੋਦੀ ਸਰਕਾਰ ਕੋਈ ਵੀ ਨੋਟ ਠੀਕ ਨਹੀਂ ਛਾਪ ਸਕੀ। ਦੂਜੀ ਗੱਲ ਸਾਰੇ ਨੋਟਾਂ ਤੇ ਗਾਂਧੀ ਨੂੰ ਹੀ ਛਾਪਿਆ ਜਾਵੇਗਾ? ਸਾਡੇ ਸ਼ਹੀਦਾਂ ਤੇ ਦੂਜੇ ਆਗੂਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ? 

-ਭੁਪਿੰਦਰ ਸਿੰਘ ਬਾਠ, ਸੰਪਰਕ : 94176-82002