ਪ੍ਰਕਾਸ਼ ਸਿੰਘ ਬਾਦਲ ਅਤੇ ਹਰਕਿਸ਼ਨ ਸਿੰਘ ਸੁਰਜੀਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਕਾਲੀ ਲੀਡਰ ਕਿਸੇ ਵੇਲੇ ਜਮਾਂਦਰੂ ਆਗੂ ਮੰਨੇ ਜੋ 'ਟੈਂ ਨਾ ਮੰਨਣ ਕਿਸੇ ਦੀ' ਕਿਸਮ ਦੇ ਆਗੂ ਹੁੰਦੇ ਸਨ। ਅਕਾਲੀਆਂ ਨੇ ਚਾਬੀਆਂ ਦਾ ਮੋਰਚਾ ਅੰਗਰੇਜ਼ਾਂ ਵੇਲੇ....

Parkash Singh Badal and Harkishan Singh Surjit

ਅਕਾਲੀ ਲੀਡਰ ਕਿਸੇ ਵੇਲੇ ਜਮਾਂਦਰੂ ਆਗੂ ਮੰਨੇ ਜੋ 'ਟੈਂ ਨਾ ਮੰਨਣ ਕਿਸੇ ਦੀ' ਕਿਸਮ ਦੇ ਆਗੂ ਹੁੰਦੇ ਸਨ। ਅਕਾਲੀਆਂ ਨੇ ਚਾਬੀਆਂ ਦਾ ਮੋਰਚਾ ਅੰਗਰੇਜ਼ਾਂ ਵੇਲੇ ਜਿਤਿਆ। ਅੰਗਰੇਜ਼ ਡਿਪਟੀ ਕਮਿਸ਼ਨਰ ਚਾਬੀਆਂ ਵਾਪਸ ਕਰਨ ਅਕਾਲ ਤਖ਼ਤ ਤੇ ਆਇਆ। ਸਿੱਖਾਂ ਦੇ ਆਗੂ ਬਾਬਾ ਖੜਕ ਸਿੰਘ ਨੇ ਚਾਬੀ ਹੱਥ ਵਿਚ ਫੜਨ ਦੀ ਬਜਾਏ, ਚਾਂਦੀ ਦੀ ਜੁੱਤੀ ਅੱਗੇ ਕਰ ਦਿਤੀ ਤੇ ਕਿਹਾ ''ਚਾਬੀ ਜੁੱਤੀ ਵਿਚ ਪਾ ਦਿਉ।'' ਅੰਗਰੇਜ਼ ਨੂੰ ਈਨ ਮੰਨਣੀ ਪਈ। ਜਵਾਹਰ ਲਾਲ ਨਹਿਰੂ ਨੇ ਗਿ: ਗੁਰਮੁਖ ਸਿੰਘ ਰਾਹੀਂ ਮਾਸਟਰ ਤਾਰਾ ਸਿੰਘ ਨੂੰ ਜ਼ਰੂਰੀ ਗੱਲਬਾਤ ਲਈ ਅਪਣੀ ਸਰਕਾਰੀ ਕੋਠੀ ਤੇ ਬੁਲਾਇਆ। ਚਾਹ-ਪਾਣੀ ਪੀਣ ਪਿੱਛੋਂ, ਨਹਿਰੂ ਨੇ ਗੱਲ ਸ਼ੁਰੂ ਕੀਤੀ, ''ਮਾਸਟਰ ਜੀ, ਆਜ਼ਾਦੀ ਲਹਿਰ ਵਿਚ ਲੜਨ ਵਾਲਿਆਂ 'ਚੋਂ ਮੈਂ ਸੱਭ ਤੋਂ ਵੱਧ ਇੱਜ਼ਤ ਆਪ ਦੀ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਦੇਸ਼ ਨੂੰ ਅਗਵਾਈ ਦਿਉ ਤੇ ਸਾਰੇ ਦੇਸ਼ ਦੀ ਸੇਵਾ ਕਰੋ। ਉਪ-ਰਾਸ਼ਟਰਪਤੀ ਦਾ ਅਹੁਦਾ ਖ਼ਾਲੀ ਹੈ, ਗ੍ਰਹਿਣ ਕਰੋ, ਛੇਤੀ ਹੀ ਰਾਸ਼ਟਰਪਤੀ ਵੀ ਬਣਾ ਦਿਆਂਗੇ।''

ਮਾਸਟਰ ਤਾਰਾ ਸਿੰਘ ਦਾ ਜਵਾਬ ਸੀ, ''ਮੇਰਾ ਫ਼ਿਕਰ ਕਰਨ ਲਈ ਤੁਹਾਡਾ ਧਨਵਾਦ। ਪਰ ਦੇਸ਼ ਦੀ ਸੇਵਾ ਕਰਨ ਲਈ ਤੁਹਾਡੇ ਕੋਲ ਬੜੇ ਸਿਆਣੇ ਲੋਕ ਮੌਜੂਦ ਨੇ। ਪੰਜਾਬ ਤੇ ਪੰਥ ਦੀ ਸੇਵਾ 'ਚੋਂ ਜਿਹੜਾ ਸੁਖ ਮੈਨੂੰ ਮਿਲਦੈ, ਉਹੀ ਲੈਂਦੇ ਰਹਿਣ ਦਿਉ। ਤੁਸੀ ਉਪ-ਰਾਸ਼ਟਰਪਤੀ ਬਣਨ ਲਈ ਇਕ ਆਵਾਜ਼ ਤਾਂ ਮਾਰ ਕੇ ਵੇਖੋ, ਸੈਂਕੜੇ ਸਿਆਣੇ ਲੋਕ ਆ ਜਾਣਗੇ। ਪੰਜਾਬ ਤੇ ਪੰਥ ਦੀ ਸੇਵਾ ਕਰਨ ਵਾਲਿਆਂ ਲਈ ਪਹਿਲਾਂ ਹੀ ਬਹੁਤ ਕਮੀ ਹੈ।'' ਨਹਿਰੂ ਚਾਹੁੰਦਾ ਸੀ ਕਿ ਮਾ. ਤਾਰਾ ਸਿੰਘ ਨੂੰ ਦਿੱਲੀ ਲਿਆ ਕੇ ਅਕਾਲੀ ਮੋਰਚਿਆਂ, ਅੰਦੋਲਨਾਂ ਤੇ ਮੰਗਾਂ ਤੋਂ ਛੁਟਕਾਰਾ ਮਿਲ ਜਾਏ (ਜਿਵੇਂ ਹੁਣ ਦਿੱਲੀ ਵਾਲਿਆਂ ਨੂੰ ਮਿਲਿਆ ਹੋਇਆ ਹੈ) ਪਰ ਉਹ ਨਹੀਂ ਸੀ ਜਾਣਦਾ ਇਹ ਉਹ ਅਕਾਲੀ ਸਨ ਜੋ ਟੈਂ ਨਾ ਮੰਨਣ ਕਿਸੇ ਦੀ, ਖ਼ਾਸ ਤੌਰ ਤੇ ਹਾਕਮਾਂ ਦੀ।

ਸ. ਕਪੂਰ ਸਿੰਘ ਆਈ.ਸੀ.ਐਸ. ਨੂੰ ਅਕਾਲੀਆਂ ਨੇ ਪਾਰਲੀਮੈਂਟ ਦੀ ਟਿਕਟ ਦੇ ਕੇ ਚੋਣਾਂ ਵਿਚ ਖੜਾ ਕਰ ਦਿਤਾ। ਜਲਸਾ ਰਖਿਆ ਗਿਆ। 'ਸਿਆਣਿਆਂ' ਨੇ ਆ ਕੇ ਆਖਿਆ, ''ਤੁਸੀਂ ਫ਼ਲਾਣੀ ਫ਼ਲਾਣੀ ਗੱਲ ਤਕਰੀਰ ਵਿਚ ਨਾ ਕਹਿ ਦੇਣਾ। ਇਥੇ ਕਾਮਰੇਡਾਂ ਦਾ ਕਾਫ਼ੀ ਜ਼ੋਰ ਹੈ, ਵੋਟਾਂ ਗਵਾ ਬੈਠੋਗੇ।'' ਸ. ਕਪੂਰ ਸਿੰਘ ਨੇ ਸਟੇਜ ਤੇ ਜਾ ਕੇ ਇਹ ਗੱਲ ਸੱਭ ਤੋਂ ਪਹਿਲਾਂ ਕਹਿ ਦਿਤੀ ਤੇ ਬੋਲੇ, ''ਮੈਂ ਤਾਂ ਭਾਈ ਸੁੱਤਾ ਹੋਇਆ ਵੀ ਸੱਚ ਬੋਲਦਾ ਰਹਿੰਦਾ ਹਾਂ। ਇਹ ਮੈਨੂੰ ਕਹਿੰਦੇ ਨੇ, ਜਾਗਦਿਆਂ ਵੀ ਸੱਚ ਨਾ ਬੋਲਾਂ। ਭਾਈ ਵੋਟਾਂ ਦੇਣਾ ਨਾ ਦੇਣਾ ਤੁਹਾਡਾ ਕੰਮ ਤੇ ਸੱਚ ਬੋਲਣਾ ਮੇਰਾ ਕੰਮ। ਝੂਠ ਨਹੀਂ ਬੋਲਾਂਗਾ। ਸੱਚ ਸੁਣ ਕੇ ਵੋਟ ਪਾਇਉ ਨਾ ਪਾਇਉ, ਤੁਹਾਡੀ ਮਰਜ਼ੀ। ਨਾ ਮੈਂ ਪੰਥ ਬਾਰੇ ਸੋਚਣਾ ਛੱਡ ਸਕਦਾਂ, ਨਾ ਮੈਂ ਸੱਚ ਬੋਲਣੋਂ ਹੱਟ ਸਕਦਾਂ।'' ਤੇ ਫਿਰ ਉਨ੍ਹਾਂ ਨੇ ਕਾਂਗਰਸੀਆਂ, ਕਮਿਊਨਿਸਟਾਂ, ਜਨਸੰਘੀਆਂ ਤੇ ਅਕਾਲੀਆਂ ਬਾਰੇ ਉਹ 'ਸੱਚ' ਸੁਣਾਏ ਕਿ ਸ੍ਰੋਤੇ ਤਾਂ ਦੰਗ ਰਹਿ ਗਏ ਪਰ ਸਾਥੀ ਕੁੜ ਕੁੜ ਕਰਨ ਲੱਗੇ, ''ਹੁਣ ਨਾ ਦਿਤੀ ਵੋਟ ਇਨ੍ਹਾਂ ਨੇ ਸ. ਕਪੂਰ ਸਿੰਘ ਨੂੰ। ਸੱਚ ਬੋਲ ਲਿਐ ਇਸ ਪੜ੍ਹੇ ਲਿਖੇ ਸਰਦਾਰ ਨੇ, ਹੁਣ ਘਰ ਜਾ ਕੇ ਬਹਿ ਜਾਏ। ਵੋਟ ਨਹੀਂ ਮਿਲਣੀ ਇਹਨੂੰ।'' ਪਰ ਸ. ਕਪੂਰ ਸਿੰਘ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ। ਹਾਰਨ ਦਾ ਡਰ ਸਾਹਮਣੇ ਨਚਦਾ ਵੇਖ ਕੇ ਵੀ ਟੈਂ ਨਹੀਂ ਸੀ ਮੰਨਦੇ ਅਕਾਲੀ ਆਗੂ।

ਸ. ਹੁਕਮ ਸਿੰਘ ਮੈਂਬਰ ਪਾਰਲੀਮੈਂਟ ਸਨ। ਅੰਮ੍ਰਿਤਸਰੋਂ ਅਕਾਲੀ ਦਲ ਦੇ ਦਫ਼ਤਰ ਵਿਚੋਂ ਫ਼ੋਨ ਗਿਆ, ''ਮਾਸਟਰ ਜੀ ਦਾ ਫ਼ੁਰਮਾਨ ਹੈ ਕਿ ਆਪ ਦਾੜ੍ਹੀ ਖੋਲ੍ਹ ਦਿਉ ਤਾਂ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦਾ ਐਲਾਨ ਕਲ ਹੀ ਕਰ ਦਿਤਾ ਜਾਏਗਾ।'' ਸ. ਹੁਕਮ ਸਿੰਘ ਨੇ ਕਿਹਾ, ''ਮੈਂ ਚੰਗਾ ਅਕਾਲੀ ਹਾਂ ਤਾਂ ਪ੍ਰਧਾਨ ਬਣਾ ਦਿਉ, ਨਹੀਂ ਚੰਗਾ ਤਾਂ ਨਾ ਬਣਾਉ। ਪਰ ਸ਼ਰਤ ਕੋਈ ਨਾ ਰੱਖੋ। ਮੈਂ ਜਿਵੇਂ ਵੀ ਹਾਂ, ਉਸ ਨੂੰ ਉਸੇ ਤਰ੍ਹਾਂ ਪ੍ਰਵਾਨ ਕਰੋ ਜਾਂ ਛੱਡ ਦਿਉ। ਜੇ ਕਾਂਗਰਸ ਵਾਲੇ ਕਹਿਣ ਕਿ ਦਾੜ੍ਹੀ ਛਾਂਗ ਦਿਆਂ ਤਾਂ ਮੈਨੂੰ ਕਾਂਗਰਸ ਪ੍ਰਧਾਨ ਬਣਾ ਦੇਣਗੇ। ਕੀ ਮੈਂ ਮੰਨ ਲਵਾਂਗਾ ਉਨ੍ਹਾਂ ਦੀ ਸ਼ਰਤ? ਨਹੀਂ ਮੰਨਾਂਗਾ। ਤੁਸੀਂ ਵੀ ਸ਼ਰਤ ਨਾ ਰੱਖੋ, ਅੱਗੋਂ ਤੁਹਾਡੀ ਮਰਜ਼ੀ!
ਪ੍ਰਧਾਨਗੀ ਗਵਾ ਲਈ ਪਰ ਅਕਾਲੀ ਟੈਂ ਨਾ ਛੱਡੀ!

ਇਹ ਤਾਂ ਸੀ ਪੁਰਾਣੇ ਅਕਾਲੀਆਂ ਦੀ ਟੈਂ। ਪਰ ਪੰਜਾਬ ਦੇ ਸਿੱਖ ਆਗੂਆਂ 'ਚੋਂ ਕੇਂਦਰ ਵਿਚ ਜਿਸ ਦੀ ਸੱਭ ਤੋਂ ਵੱਧ ਚੱਲੀ, ਉਹ ਸੀ ਸੀ.ਪੀ.ਐਮ. ਦਾ ਆਗੂ ਹਰਕਿਸ਼ਨ ਸਿੰਘ ਸੁਰਜੀਤ। ਸ਼ਾਇਦ ਉਹ ਵੀ ਕਿਸੇ ਸਮੇਂ ਅਕਾਲੀ ਰਿਹਾ ਸੀ ਪਰ ਹੁਣ ਤਾਂ ਪੱਕਾ ਕਾਮਰੇਡ ਸੀ। ਜਿਥੇ ਕਿਤੇ ਦਿੱਲੀ ਦੇ ਲੀਡਰਾਂ ਵਿਚਕਾਰ ਮਤਭੇਦ ਪੈਦਾ ਹੋ ਜਾਂਦੇ, ਹਰਕਿਸ਼ਨ ਸਿੰਘ ਸੁਰਜੀਤ ਨੂੰ ਬੁਲਾ ਲੈਂਦੇ ਤੇ ਉਹ ਉਨ੍ਹਾਂ ਵਿਚਕਾਰ ਸਮਝੌਤਾ ਕਰਵਾ ਕੇ ਹੀ ਉਠਦਾ। ਜਿਥੇ ਕੋਈ ਵੀ ਸਫ਼ਲ ਨਹੀਂ ਸੀ ਹੁੰਦਾ, ਉਥੇ ਹਰਕਿਸ਼ਨ ਸਿੰਘ ਸੁਰਜੀਤ ਜ਼ਰੂਰ ਸਫ਼ਲ ਹੋ ਵਿਖਾਂਦਾ ਸੀ। ਉਸ ਦੀ ਮੌਤ ਮਗਰੋਂ ਸਾਰੀਆਂ ਹੀ ਪਾਰਟੀਆਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਕੋਲ ਸੁਰਜੀਤ ਵਰਗਾ ਕੋਈ 'ਵਿਚੋਲਾ' ਹੀ ਨਹੀਂ ਰਿਹਾ ਜੋ ਔਖੇ ਸੌਖੇ ਵੇਲੇ ਸੱਭ ਨੂੰ ਗਲਵਕੜੀ ਪਵਾ ਕੇ ਰਹਿੰਦਾ। ਇਹ ਵੀ ਜਿਸ ਨੂੰ ਜੋ ਚਾਹੁੰਦਾ, ਦਿੱਲੀ ਤੋਂ ਦਿਵਾ ਸਕਦਾ ਸੀ ਤੇ ਦਿਵਾਉਂਦਾ ਵੀ ਰਿਹਾ। ਰਾਮੂਵਾਲੀਆ ਨੂੰ ਪੁਛ ਕੇ ਵੇਖੋ, ਹਰਕਿਸ਼ਨ ਸਿੰਘ ਦਾ ਗੋਡਾ ਫੜਨ ਦੇ ਕਿੰਨੇ ਲਾਭ ਹੁੰਦੇ ਸਨ। ਪਰ ਇਹ ਵੀ ਸੱਚ ਹੈ ਕਿ ਅਪਣੀ ਪਾਰਟੀ ਸੀ.ਪੀ.ਐਮ. ਨੂੰ, ਸਮੁੰਦਰ ਵਿਚ ਡੁੱਬੀ ਨੂੰ ਉਹ 'ਸ਼ਕਤੀਸ਼ਾਲੀ ਵਿਚੋਲਾ' ਵੀ ਬਾਹਰ ਨਾ ਕੱਢ ਸਕਿਆ, ਨਾ ਕਿਸੇ ਹਾਕਮ ਧਿਰ ਦਾ ਭਾਈਵਾਲ ਹੀ ਬਣਾ ਸਕਿਆ।

ਸੁਰਜੀਤ ਤੋਂ ਬਾਅਦ ਰੀਟਾਇਰਡ ਅਕਾਲੀ ਆਗੂ ਸ. ਪ੍ਰਕਾਸ਼ ਸਿੰਘ ਪੰਜਾਬ ਦੇ ਨਵੇਂ 'ਸੁਰਜੀਤ' ਉਦੋਂ ਤੋਂ ਹੀ ਬਣੇ ਹੋਏ ਹਨ ਜਦੋਂ ਤੋਂ ਉਨ੍ਹਾਂ ਨੇ ਬੀ.ਜੇ.ਪੀ. ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਗੰਢ ਲਿਆ। ਉਨ੍ਹਾਂ ਦੀ ਵਿਚੋਲਗੀਰੀ ਤਾਂ ਸੁਰਜੀਤ ਤੋਂ ਕਿਤੇ ਅੱਗੇ ਲੰਘ ਗਈ ਹੈ ਤੇ ਕਈ ਗੁਪਤ ਵਿਚੋਲਗੀਰੀਆਂ ਦਾ ਸੱਚ ਦੋ-ਚਾਰ ਸਾਲ ਠਹਿਰ ਕੇ ਬਾਹਰ ਆਵੇਗਾ। ਇਹ ਵਿਚੋਲਗੀਰੀਆਂ ਬੜੇ ਉੱਚ ਪੱਧਰ ਦੀਆਂ, ਗੁਪਤ ਅਤੇ ਭੇਤ-ਭਰੀਆਂ ਹਨ ਜਿਨ੍ਹਾਂ ਬਾਰੇ ਅਖ਼ਬਾਰ ਵਿਚ ਜ਼ਿਕਰ ਕਰਨ ਤੇ ਵੀ ਪਾਬੰਦੀ ਹੈ। 'ਐਨ.ਡੀ.ਏ.' ਦੇ ਚੇਅਰਮੈਨ ਤੋਂ ਲੈ ਕੇ ਕਈ ਤਰ੍ਹਾਂ ਦੇ ਸਨਮਾਨ ਦੇਣ ਦੇ ਇਸ਼ਾਰੇ ਹਵਾ ਵਿਚ ਸੁੱਟੇ ਜਾਂਦੇ ਹਨ ਪਰ ਦਿੱਲੀ ਵਿਚ ਇਕ ਛੋਟੀ ਜਹੀ ਵਜ਼ਾਰਤ (ਨੂੰਹ ਜਾਂ ਪੁੱਤਰ 'ਚੋਂ ਇਕ ਵੇਲੇ ਇਕ ਨੂੰ) ਦੇ ਕੇ ਗੱਲ ਖ਼ਤਮ ਕਰ ਦਿਤੀ ਜਾਂਦੀ ਹੈ। ਉਨ੍ਹਾਂ ਦੀ ਪਾਰਟੀ ਨੂੰ ਕੋਈ ਮਹੱਤਵ ਨਹੀਂ ਦਿਤਾ ਜਾਂਦਾ।

ਹਰਿਆਣੇ ਵਿਚ ਉਨ੍ਹਾਂ ਦੇ ਸਾਹਿਬਜ਼ਾਦੇ ਨੇ ਇਨੈਲੋ ਨਾਲ ਰਲ ਕੇ ਚੋਣਾਂ ਲੜੀਆਂ ਤੇ ਬੀ.ਜੇ.ਪੀ. ਵਿਰੁਧ ਤਕਰੀਰਾਂ ਕੀਤੀਆਂ। ਜਦ ਬੀ.ਜੇ.ਪੀ. ਹਾਰ ਗਈ ਤਾਂ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਵਿਚੋਲਾ ਬਣਾਇਆ ਕਿ ਦੁਸ਼ਿਅੰਤ ਚੌਟਾਲਾ ਨਾਲ ਗੁਪਤ ਰਹਿ ਕੇ ਸਮਝੌਤਾ ਕਰਵਾ ਦੇਣ। ਹੁਣ ਉਹ ਇਨੈਲੋ ਨੂੰ ਭੁਲ ਕੇ ਦੁਸ਼ਿਅੰਤ (ਡਿਪਟੀ ਮੁੱਖ ਮੰਤਰੀ) ਨੂੰ ਅਪਣਾ ਖਾਸਮ ਖ਼ਾਸ ਦਸਦੇ ਹਨ ਤੇ ਸਹੁੰ ਚੁਕ ਸਮਾਗਮ ਵਿਚ ਦੋਹਾਂ ਨੇ ਉਨ੍ਹਾਂ ਨੂੰ ਸਟੇਜ ਤੇ ਵੀ ਬਿਠਾ ਦਿਤਾ। ਹਾਂ, ਇਥੋਂ ਤਕ ਤਾਂ ਸੁਰਜੀਤ ਵਾਲਾ ਹੀ ਹਾਲ ਹੈ। ਪਰ ਕੀ ਇਸ ਰੋਲ ਨਾਲ ਉਨ੍ਹਾਂ ਦੀ ਪਾਰਟੀ ਨੂੰ ਵੀ ਕੋਈ ਲਾਭ ਹੋਵੇਗਾ? 'ਸੁਰਜੀਤ' ਦਾ ਤਜਰਬਾ ਤਾਂ ਕੁੱਝ ਹੋਰ ਹੀ ਦਸਦਾ ਹੈ। ਵਿਚੋਲਿਆਂ ਦੀ ਵੱਡੀ ਮੰਗ ਅਤੇ ਪਹੁੰਚ ਦੇ ਬਾਵਜੂਦ, ਉਨ੍ਹਾਂ ਦੀ ਅਪਣੀ ਪਾਰਟੀ ਦਾ ਰੱਥ ਚਿੱਕੜ ਵਿਚ ਹੀ ਫਸਿਆ ਰਹਿੰਦਾ ਹੈ।