ਮਰਦ ਨੇ ਔਰਤ ਨੂੰ ਧਰਮ ਦੇ ਨਾਂ ਤੇ ਬਣਾਈਆਂ ਰਸਮਾਂ ਵਿਚ ਜਕੜੀ ਰਖਿਆ ਹੈ ਪਰ ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਮਾਹਰਾਂ ਨੇ ਵੀ ਇਸ ਤੇ ਟਿਪਣੀ ਕਰ ਕੇ ਜ਼ੋਰ ਨਾਲ ਆਖਿਆ ਕਿ ਹਿਜਾਬ ਦੀ ਇਸਲਾਮ ਧਰਮ ਵਿਚ ਕੋਈ ਥਾਂ ਨਹੀਂ ਤੇ ਇਹ ਸਿਰਫ਼ ਮਰਦ ਪ੍ਰਧਾਨ ਸਮਾਜ ਦੀ ਪ੍ਰਥਾ ਹੈ

Man has kept the woman in rituals made on the name of religion but

 

ਇਰਾਨ ਵਿਚ 20 ਸਾਲ ਦੀ ਮਾਸ਼ਾ ਅਮੀਨੀ ਦੀ ਮੌਤ ਦੇ ਬਾਅਦ 40ਵੇਂ ਦਿਨ ਚੀਚੀਬੋਮ ਈਰਾਨ ਨੇ ਅਪਣੀ ਸਰਕਾਰ ਨੂੰ ਹਿਲਾ ਕੇ ਰੱਖ ਦਿਤਾ ਹੈ। ਮਾਸ਼ਾ ਅਮੀਨੀ ਦੀ ਮੌਤ ਈਰਾਨ ਦੀ  ਪੁਲਿਸ ਦੇ ਹੱਥੋਂ 16 ਸਤੰਬਰ ਨੂੰ ਹੋਈ ਸੀ ਜਦ ਉਸ ਨੂੰ ਹਿਜਾਬ ਨਾ ਪਾਉਣ ਵਾਸਤੇ ਅਗਨ ਭੇਂਟ ਕਰ ਦਿਤਾ ਗਿਆ ਸੀ। ਈਰਾਨ ਵਿਚ ਮੌਜੂਦਾ ਰਾਸ਼ਟਰਪਤੀ ਨੇ ਔਰਤਾਂ ਨੂੰ ਹਿਜਾਬ ਬਿਨਾਂ ਘਰੋਂ ਬਾਹਰ ਨਿਕਲਣ ਵਿਰੁਧ ਇਕ ਕਠੋਰ ਨੀਤੀ ਅਪਣਾਈ ਹੋਈ ਹੈ। ਅਣਵਿਆਹੀਆਂ ਔਰਤਾਂ ਤੇ ਮਰਦ ਆਪਸ ਵਿਚ ਗੱਲਬਾਤ ਵੀ ਨਹੀਂ ਕਰ ਸਕਦੇ ਤੇ ਨਾ ਹੀ ਸਕੂਲਾਂ ਕਾਲਜਾਂ ਵਿਚ ਇਕੱਠੇ ਬੈਠ ਕੇ ਖਾਣਾ ਹੀ ਖਾ ਸਕਦੇ ਹਨ।

ਇਸ ਦਾ ਵਿਰੋਧ 2019 ਤੋਂ ਵਧੀ ਜਾ ਰਿਹਾ ਸੀ ਪਰ ਮਾਸ਼ਾ ਦੀ ਮੌਤ ਤੋਂ ਬਾਅਦ ਸਬਰ ਦਾ ਬੰਨ੍ਹ ਟੁੱਟ ਗਿਆ ਜਾਪਦਾ ਹੈ। ਮਾਸ਼ਾ ਦੇ ਚੀਚੀਬੋਮ ਤੇ ਨਾ ਸਿਰਫ਼ ਉਸ ਦੀ ਕਬਰ ਤੇ ਹਜ਼ਾਰਾਂ ਦਾ ਇਕੱਠ ਆਜ਼ਾਦੀ ਦੀ ਪੁਕਾਰ ਲੈ ਕੇ ਹੋਇਆ ਬਲਕਿ ਸਾਰਾ ਦੇਸ਼ ਬੰਦ ਰਾਹੀਂ ਅਪਣਾ ਰੋਸ ਵਿਖਾ ਰਿਹਾ ਸੀ। ਔਰਤਾਂ ਨੇ ਹਿਜਾਬ ਸਾੜੇ, ਅਪਣੇ ਕੇਸ ਕੱਟ ਕੇ ਮਾਸ਼ਾ ਨੂੰ ਸ਼ਰਧਾਂਜਲੀ ਦਿਤੀ ਜੋ ਸਾਰੀ ਦੁਨੀਆਂ ਵਿਚ ਫੈਲ ਗਈ ਤੇ ਯੂਰਪੀ ਸੰਸਦ ਵਿਚ ਇਕ ਐਮਪੀ ਨੇ ਅਪਣੇ ਕੇਸਾਂ ਦੀ ਕਟਾਈ ਕਰ ਕੇ ਮਾਸ਼ਾ ਨੂੰ ਸ਼ਰਧਾਂਜਲੀ ਦਿਤੀ।

ਮਾਹਰਾਂ ਨੇ ਵੀ ਇਸ ਤੇ ਟਿਪਣੀ ਕਰ ਕੇ ਜ਼ੋਰ ਨਾਲ ਆਖਿਆ ਕਿ ਹਿਜਾਬ ਦੀ ਇਸਲਾਮ ਧਰਮ ਵਿਚ ਕੋਈ ਥਾਂ ਨਹੀਂ ਤੇ ਇਹ ਸਿਰਫ਼ ਮਰਦ ਪ੍ਰਧਾਨ ਸਮਾਜ ਦੀ ਪ੍ਰਥਾ ਹੈ ਜੋ ਔਰਤਾਂ ਨੂੰ ਗੁਲਾਮ ਰਖਣਾ ਚਾਹੁੰਦੀ ਹੈ। ਇਹ ਤਸਵੀਰ ਕਿੰਨੀ ਅਜੀਬ ਲਗਦੀ ਹੈ ਜਦ ਇਸ ਦਾ ਮੇਲ ਅਪਣੇ ਭਾਰਤ ਨਾਲ ਕਰਦੇ ਹਾਂ। ਇਕ ਪਾਸੇ ਮਾਸ਼ਾ ਦੀ ਮੌਤ ’ਤੇ ਅਪਣੀਆਂ ਬੇਟੀਆਂ, ਭੈਣਾਂ, ਪਤਨੀਆਂ ਵਾਸਤੇ ਈਰਾਨੀ ਮਰਦ ਔਰਤਾਂ ਪ੍ਰਤੀ ਸਰਕਾਰ ਦੇ ਰਵਈਏ ਵਿਰੁਧ ਰੋਸ ਪ੍ਰਗਟ ਕਰ ਰਹੇ ਹਨ ਤੇ ਭਾਰਤ ਵਿਚ ਕਦੇ ਔਰਤਾਂ ਆਪ ਹਿਜਾਬ ਤੇ ਕਦੇ ਬਿੰਦੀ ਵਾਸਤੇ ਅਪਣੀਆਂ ਲੜਾਈਆਂ ਲੜਦੀਆਂ ਵੇਖੀਆਂ ਜਾਂਦੀਆਂ ਹਨ। ਉਨ੍ਹਾਂ ਵਾਸਤੇ ਆਜ਼ਾਦੀ ਦਾ ਮਤਲਬ ਇਰਾਨੀ ਮੁਸਲਮਾਨ ਔਰਤਾਂ ਤੋਂ ਬਿਲਕੁਲ ਉਲਟ ਹੈ।

ਮੰਨਿਆ ਕਿ ਹਰ ਨਾਗਰਿਕ ਨੂੰ ਅਪਣਾ ਧਰਮ ਅਪਣੀ ਸੋਚ ਮੁਤਾਬਕ ਮੰਨਣ ਤੇ ਰਖਣ ਦੀ ਆਜ਼ਾਦੀ ਚਾਹੀਦੀ ਹੈ ਪਰ ਮਾਹਰ ਆਪ ਮੰਨਦੇ ਹਨ ਕਿ ਹਿਜਾਬ ਦਾ ਇਸਲਾਮ ਧਰਮ ਨਾਲ ਕੋਈ ਸਬੰਧ ਨਹੀਂ ਤੇ ਸ਼ਾਇਦ ਬਿੰਦੀ ਦਾ ਵੀ ਹਿੰਦੂ ਧਰਮ ਵਿਚ ਕੋਈ ਇਕ ਪ੍ਰਮਾਣਤ ਕਾਨੂੰਨ ਨਹੀਂ। ਹਾਲ ਵਿਚ ਸ਼ਿਫ਼ਾਲੀ ਵੈਦਿਆ ਨਾਮ ਦੀ ਇਕ ਐਕਟੇਵਿਸਟ ਨੇ ਇਕ ਮੁਹਿੰਮ ਚਲਾਈ ਕਿ ਜਿਹੜੀ ਔਰਤ ਬਿੰਦੀ ਨਹੀਂ ਲਾਵੇਗੀ, ਉਸ ਨੂੰ ਹਿੰਦੂ ਤਿਉਹਾਰ, ਯਾਨੀ ਦੀਵਾਲੀ ਸਮਾਗਮਾਂ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਜੇ ਹਿੰਦੂ ਵਜੋਂ ਸਨਮਾਨ ਦਾ ਹੱਕਦਾਰ ਬਣਨਾ ਹੈ ਤਾਂ ਹਿੰਦੂ ਪ੍ਰਥਾ ਨੂੰ ਮੱਥੇ ਤੇ ਉਘਾੜ ਕੇ ਵਿਖਾਣਾ ਪਵੇਗਾ। ਯਾਨੀ ਭਾਰਤ ਵਿਚ ਔਰਤ ਆਪ ਗ਼ੁਲਾਮ ਰਹਿਣਾ ਚਾਹੁੰਦੀ ਹੈ। ਇਹ ਪ੍ਰਥਾਵਾਂ ਜੇ ਧਰਮਾਂ ਨਾਲ ਜੁੜੀਆਂ ਹੁੰਦੀਆਂ ਤਾਂ ਵੀ ਗੱਲ ਵਖਰੀ ਹੋਣੀ ਸੀ ਪਰ ਜੇ ਔਰਤ ਇਸ ਨੂੰ ਮਨ ਮਰਜ਼ੀ ਨਾਲ ਅਪਣਾਉਂਦੀ ਹੈ ਤਾਂ ਗੱਲ ਵਖਰੀ ਬਣ ਜਾਂਦੀ ਹੈ। ਜਿਸ ਨੂੰ ਭਾਰਤੀ ਔਰਤ ਅਪਣੀ ਚੋਣ ਮੰਨਦੀ ਹੈ, ਇਹ ਮਰਦ ਪ੍ਰਧਾਨ ਸੋਚ ਦੀ ਗੁਲਾਮੀ ਹੈ ਜਿਸ ਦੀਆਂ ਜ਼ੰਜੀਰਾਂ ਉਹ ਪਛਾਣ ਹੀ ਨਹੀਂ ਪਾ ਰਹੀ।

ਜੇ ਇਕ ਬਿੰਦੀ, ਹਿਜਾਬ ਤੇ ਕੜੇ ਨਾਲ ਤੁਸੀਂ ਇਕ ਬਿਹਤਰ ਸਿੱਖ, ਹਿੰਦੂ, ਮੁਸਲਮਾਨ ਬਣਦੇ ਹੋ ਤਾਂ ਗੱਲ ਹੋਰ ਹੁੰਦੀ ਜਾਂ ਬਿਹਤਰ ਪਤਨੀ ਵੀ ਬਣਦੇ ਤਾਂ ਕੋਈ ਵਿਰੋਧ ਨਾ ਕਰਦਾ ਪਰ ਜੇ ਗੱਲ ਸਾਡੇ ਸਮਾਜ ਦੀ ਕਰੀਏ ਤਾਂ ਵਿਆਹ ਜਿਸ ਰਫ਼ਤਾਰ ਨਾਲ ਟੁੱਟ ਰਹੇ ਹਨ, ਜਿੰਨੇ ਲੋਕ ਬੇਵਫ਼ਾਈ ਕਰ ਰਹੇ ਹਨ, ਜਿੰਨਾ ਕਲੇਸ਼ ਘਰਾਂ ਵਿਚ ਵਧ ਰਿਹਾ ਹੈ, ਸਾਨੂੰ ਅਪਣੀ ਸੋਚ ਬਾਰੇ ਮੁੜ ਤੋਂ ਵਿਚਾਰ ਕਰਨਾ ਪਵੇਗਾ। ਇਕ ਮੁਸਲਿਮ ਦੇਸ਼ ਦੇ ਮਰਦ ਅਪਣੀਆਂ ਨੌਜਵਾਨ ਬੇਟੀਆਂ ਤੇ ਭੈਣਾਂ ਦੀ ਆਜ਼ਾਦੀ ਵਾਸਤੇ ਆਪ ਗੋਲੀਆਂ ਖਾ ਰਹੇ ਹਨ ਤੇ ਭਾਰਤੀ ਮਰਦ ਨੂੰ ਵੀ ਅਪਣੇ ਘਰ ਦੀ ਬੇਟੀ ਉਤੇ ਮਰਦਾਂ ਵਲੋਂ ਠੋਸੇ ਗਏ ਰਸਮਾਂ ਦੇ ਬੰਧਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਤਾਕਿ ਅਗਲੀਆਂ ਪੀੜ੍ਹੀਆਂ ਅਸਲ ਆਜ਼ਾਦੀ ਵਲ ਕਦਮ ਵਧਾ ਸਕਣ ਤੇ ਉਸ ਦਾ ਅੰਨਦ ਮਾਣ ਸਕਣ।     - ਨਿਮਰਤ ਕੌਰ