ਡਾਕਟਰੀ ਪੇਸ਼ੇ ਵਿਚ ਵੜ ਆਈਆਂ ਕਾਲੀਆਂ ਭੇਡਾਂ ਇਲਾਜ ਕਰਨ ਦੀ ਬਜਾਏ, ਮਨੁੱਖ ਨੂੰ ਬੀਮਾਰ ਬਣਾ ਰਹੀਆਂ ਹਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਇਹ ਲੋਕ ਇਥੇ ਹੀ ਨਹੀਂ ਰੁਕ ਜਾਂਦੇ। ਆਪ੍ਰੇਸ਼ਨ ਕਰਨ ਵੇਲੇ, ਇਹ ਹਲਕਾ ਸਮਾਨ, ਖ਼ਰਾਬ ਜਾਂ ਪੁਰਾਣਾ ਸਮਾਨ ਪਾ ਰਹੇ ਹਨ........

Operation Theatre

ਪਰ ਇਹ ਲੋਕ ਇਥੇ ਹੀ ਨਹੀਂ ਰੁਕ ਜਾਂਦੇ। ਆਪ੍ਰੇਸ਼ਨ ਕਰਨ ਵੇਲੇ, ਇਹ ਹਲਕਾ ਸਮਾਨ, ਖ਼ਰਾਬ ਜਾਂ ਪੁਰਾਣਾ ਸਮਾਨ ਪਾ ਰਹੇ ਹਨ ਜਿਸ ਨਾਲ ਮਰੀਜ਼ ਨੂੰ ਮੁੜ ਮੁੜ ਸਰਜਰੀ ਕਰਵਾਉਣੀ ਪੈ ਰਹੀ ਹੈ। ਮਜ਼ੇਦਾਰ ਗੱਲ ਇਹ ਕਿ ਕੋਈ ਵੀ ਡਾਕਟਰ ਜਾਂ ਹਸਪਤਾਲ ਇਹ ਨਹੀਂ ਮੰਨਦਾ ਕਿ ਗ਼ਲਤੀ ਉਸ ਦੀ ਸੀ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਜਿਸਮ ਨੇ ਨਵੇਂ ਪੁਰਜ਼ੇ ਨੂੰ ਕਬੂਲਿਆ ਨਹੀਂ ਅਤੇ ਹੁਣ ਤੁਹਾਨੂੰ ਮੁੜ ਬਦਲਵਾਉਣੇ ਪੈਣਗੇ। ਖ਼ਰਚਾ ਫਿਰ ਮਰੀਜ਼ ਸਿਰ ਪੈ ਜਾਂਦਾ ਹੈ। 

ਅਜਕਲ ਗੋਡੇ ਬਦਲਣਾ ਇਕ ਫ਼ੈਸ਼ਨ ਹੀ ਬਣ ਗਿਆ ਹੈ। ਇਸ ਨਵੇਂ ਫ਼ੈਸ਼ਨ ਪਿੱਛੇ ਦਾ ਸੱਚ ਕੌਮਾਂਤਰੀ ਖੋਜੀ ਪੱਤਰਕਾਰਾਂ ਦੇ ਸੰਗਠਨ ਨੇ ਜੱਗ-ਜ਼ਾਹਰ ਕੀਤਾ ਹੈ। 36 ਦੇਸ਼ਾਂ ਵਿਚ ਇਸ ਸੰਗਠਨ ਨੇ ਡੂੰਘੀ ਖੋਜ ਕੀਤੀ ਅਤੇ ਕਈ ਭੇਤਾਂ ਤੋਂ ਪਰਦਾ ਚੁਕਿਆ। ਇੰਪਲਾਂਟ ਫ਼ਾਈਲਜ਼ ਯਾਨੀ ਕਿ ਉਨ੍ਹਾਂ ਆਪਰੇਸ਼ਨਾਂ ਦਾ ਸੱਚ ਜੋ ਤੁਹਾਡੇ ਜਿਸਮ ਵਿਚ ਨਵੇਂ ਪੁਰਜ਼ੇ ਪਾਉਂਦੇ ਹਨ ਜਿਵੇਂ ਦਿਲ ਦੇ ਆਪਰੇਸ਼ਨ, ਗੋਡੇ ਬਦਲਣਾ, ਚੂਲੇ ਦੀ ਹੱਡੀ ਬਦਲਣਾ, ਔਰਤਾਂ ਦੀਆਂ ਛਾਤੀਆਂ ਆਦਿ ਦੀਆਂ ਫ਼ਾਈਲਾਂ ਡਾਕਟਰੀ ਪੇਸ਼ੇ ਵਿਚ ਵੜ ਆਈ 'ਵਪਾਰਕ' ਰੁਚੀ ਤੋਂ ਪਰਦਾ ਹਟਾਉਂਦੀਆਂ ਹਨ।

ਡਾਕਟਰੀ ਪੇਸ਼ੇ ਵਿਚ ਭ੍ਰਿਸ਼ਟਾਚਾਰ ਵਧਦਾ ਹੀ ਜਾ ਰਿਹਾ ਹੈ। ਇਹ ਹੁਣ ਇਕ ਅਜਿਹਾ ਵਪਾਰ ਬਣਦਾ ਜਾ ਰਿਹਾ ਹੈ ਜੋ ਸਿਰਫ਼ ਅਤੇ ਸਿਰਫ਼ ਮੁਨਾਫ਼ੇ ਬਾਰੇ ਸੋਚਦਾ ਹੈ। ਦਵਾਈਆਂ, ਫ਼ਾਲਤੂ ਜਾਂਚ, ਸਕੈਨਿੰਗ ਆਦਿ ਬਾਰੇ ਪਹਿਲਾਂ ਹੀ ਬੜੀਆਂ ਸਚਾਈਆਂ ਸਾਹਮਣੇ ਆ ਚੁਕੀਆਂ ਹਨ ਪਰ ਹੁਣ ਇਹ ਇਕ ਨਵਾਂ ਹੀ ਪਹਿਲੂ ਸਾਹਮਣੇ ਆਇਆ ਹੈ। ਤੁਹਾਡੇ ਜਿਸਮ ਦਾ ਕੋਈ ਹਿੱਸਾ (ਦਿਲ, ਗੋਡਾ ਆਦਿ) ਦਵਾਈ ਜਾਂ ਕਸਰਤ ਨਾਲ ਠੀਕ ਵੀ ਹੋ ਸਕਦਾ ਹੈ, ਤਾਂ ਵੀ ਉਸ ਨੂੰ ਬਦਲਣ ਦੀ ਕਾਹਲ ਕੀਤੀ ਜਾਂਦੀ ਹੈ ਕਿਉਂਕਿ ਜਿੰਨੇ ਵੱਧ ਗੋਡੇ ਬਦਲੇ ਜਾਣਗੇ, ਓਨਾ ਹੀ ਮੁਨਾਫ਼ਾ ਵੱਧ ਹੋਵੇਗਾ।

ਇਸ ਦਾ ਪ੍ਰਗਟਾਵਾ ਤਦ ਹੋਇਆ ਜਦ ਅਮਰੀਕਾ ਦੀ ਇਕ ਵੱਡੀ ਕੰਪਨੀ ਮੈਡੀਟਰੋਨਿਕ ਨੇ ਭਾਰਤ ਵਿਚ ਅਪਣਾ ਕੰਮ ਸ਼ੁਰੂ ਕੀਤਾ ਅਤੇ ਫਿਰ ਪੂਰੇ ਭਾਰਤ ਵਿਚ ਅਪਣੇ ਹਸਪਤਾਲ ਖੋਲ੍ਹ ਲਏ। ਹੁਣ ਇਹ ਹਰ ਗ਼ਰੀਬ ਵਾਸਤੇ ਇਕ ਤੰਦਰੁਸਤ ਦਿਲ ਲੈ ਕੇ ਆਏ ਸਨ ਅਤੇ ਗ਼ਰੀਬਾਂ ਵਾਸਤੇ ਕਰਜ਼ੇ ਦਾ ਪ੍ਰਬੰਧ ਵੀ ਕਰਵਾਉਂਦੇ ਸਨ। 
ਪਰ ਇਹ ਕੰਪਨੀ 2017 ਵਿਚ ਬੰਦ ਹੋ ਗਈ ਕਿਉਂਕਿ ਇਸ ਉਤੇ ਜੋ ਇਲਜ਼ਾਮ ਲਾਏ ਜਾ ਰਹੇ ਸਨ, ਉਹ ਸੱਚੇ ਨਿਕਲੇ। ਇਹ ਕੰਪਨੀ ਭਾਰਤ ਦੇ ਗ਼ਰੀਬਾਂ ਦੀ ਬੇਵਸੀ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਲੋੜ ਤੋਂ ਬਗ਼ੈਰ ਹੀ ਦਿਲ ਦੇ ਆਪਰੇਸ਼ਨ ਕਰਵਾ ਰਹੀ ਸੀ।

ਇਹੀ ਨਹੀਂ, ਇਨ੍ਹਾਂ ਦੇ ਹਰ ਹਸਪਤਾਲ ਲਈ ਅੰਗ-ਬਦਲੀ ਦੇ 'ਟਾਰਗੇਟ' (ਟੀਚੇ) ਮਿੱਥੇ ਹੋਏ ਸਨ। ਜਿਵੇਂ ਇਕ ਹਸਪਤਾਲ ਲਈ ਦਿਨ ਵਿਚ 30 ਮਰੀਜ਼ਾਂ ਨੂੰ ਸਟੰਟ ਪਾਉਣੇ ਅਤੇ ਨਾਲ ਹੀ ਸਟੰਟ ਖ਼ਰੀਦਣ ਤੇ ਲਗਵਾਉਣ ਲਈ ਕਰਜ਼ਾ ਦਿਵਾਉਣਾ। ਹੁਣ ਜੇ ਇਕ ਡਾਕਟਰ ਆਖੇ ਕਿ ਜੇ ਸਰਜਰੀ ਨਾ ਕਰਵਾਈ ਤਾਂ ਮਰੀਜ਼ ਬਚ ਨਹੀਂ ਸਕੇਗਾ ਤਾਂ ਪ੍ਰਵਾਰ ਅਪਣਾ ਸੱਭ ਕੁੱਝ ਦਾਅ ਤੇ ਲਾ ਕੇ ਵੀ ਪੈਸੇ ਇਕੱਠੇ ਕਰਨ ਲੱਗ ਪੈਂਦਾ ਹੈ। ਇਸੇ ਤਰ੍ਹਾਂ ਨਵੇਂ ਗੋਡੇ, ਚੂਲੇ ਆਦਿ ਸ੍ਰੀਰ ਵਿਚ ਪਾ ਦੇਣਾ ਆਮ ਗੱਲ ਹੋ ਗਈ ਹੈ। ਪਰ ਇਹ ਲੋਕ ਇਥੇ ਹੀ ਨਹੀਂ ਰੁਕ ਜਾਂਦੇ।

ਆਪ੍ਰੇਸ਼ਨ ਕਰਨ ਵੇਲੇ, ਇਹ ਹਲਕਾ ਸਮਾਨ, ਖ਼ਰਾਬ ਜਾਂ ਪੁਰਾਣਾ ਸਮਾਨ ਪਾ ਰਹੇ ਹਨ ਜਿਸ ਨਾਲ ਮਰੀਜ਼ ਨੂੰ ਮੁੜ ਮੁੜ ਸਰਜਰੀ ਕਰਵਾਉਣੀ ਪੈ ਰਹੀ ਹੈ। ਮਜ਼ੇਦਾਰ ਗੱਲ ਇਹ ਕਿ ਕੋਈ ਵੀ ਡਾਕਟਰ ਜਾਂ ਹਸਪਤਾਲ ਇਹ ਨਹੀਂ ਮੰਨਦਾ ਕਿ ਗ਼ਲਤੀ ਉਸ ਦੀ ਸੀ। ਮਰੀਜ਼ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਜਿਸਮ ਨੇ ਨਵੇਂ ਪੁਰਜ਼ੇ ਨੂੰ ਕਬੂਲਿਆ ਨਹੀਂ ਅਤੇ ਹੁਣ ਤੁਹਾਨੂੰ ਮੁੜ ਬਦਲਵਾਉਣੇ ਪੈਣਗੇ। ਖ਼ਰਚਾ ਫਿਰ ਮਰੀਜ਼ ਸਿਰ ਪੈ ਜਾਂਦਾ ਹੈ। ਖ਼ਤਰਾ ਇਥੇ ਆ ਕੇ ਵੀ ਖ਼ਤਮ ਨਹੀਂ ਹੋ ਜਾਂਦਾ। ਇਸ ਨਾਲ ਪਿਛਲੇ 10 ਸਾਲਾਂ ਵਿਚ 54 ਲੱਖ ਲੋਕ ਇਸ ਡਾਕਟਰੀ ਛਲ-ਕਪਟ ਨਾਲ ਜਾਂ ਤਾਂ ਮਰ ਗਏ ਜਾਂ ਉਨ੍ਹਾਂ ਦਾ ਉਮਰ ਭਰ ਲਈ ਨੁਕਸਾਨ ਹੋ ਗਿਆ।

ਏਮਜ਼ ਦੇ ਇਕ ਡਾਕਟਰ ਸੀ.ਐਸ. ਯਾਦਵ, ਦੇਸ਼ ਭਰ ਵਿਚੋਂ ਵਿਗਾੜੇ ਗਏ ਸਰਜਰੀ ਦੇ ਮਾਮਲਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕੋਲ ਇਕ ਮਰੀਜ਼ ਆਇਆ ਜੋ ਇਕ ਛੋਟੇ ਜਹੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। 'ਵਪਾਰੀ' ਡਾਕਟਰ ਨੇ ਗ਼ਲਤ ਸਮਾਨ ਲਾ ਕੇ ਮੁਨਾਫ਼ਾ ਤਾਂ ਕਮਾ ਲਿਆ ਪਰ ਉਸ ਮਰੀਜ਼ ਦੀ ਨੌਕਰੀ ਚਲੀ ਗਈ। ਸਾਰੀ ਕਮਾਈ ਵੀ ਗਈ ਅਤੇ ਦੋ ਵਾਰੀ ਕਮਰ ਦੀ ਹੱਡੀ ਵੀ ਬਦਲੀ ਜਾ ਚੁੱਕੀ ਹੈ ਅਤੇ ਅਜੇ ਵੀ ਠੀਕ ਨਹੀਂ ਹੋਇਆ। ਹੁਣ ਉਹ ਡਾਕਟਰ ਯਾਦਵ ਉਤੇ ਉਮੀਦ ਲਾਈ ਬੈਠਾ ਹੈ ਪਰ ਭਾਰਤ ਵਿਚ ਕਿੰਨੇ ਡਾ. ਯਾਦਵ ਬਚੇ ਹਨ? 

ਇਹ ਕੰਮ ਕਿਉਂ ਵੱਧ-ਫੁਲ ਰਿਹਾ ਹੈ? ਭਾਰਤ ਕੋਲ ਅੱਜ ਤਕ ਵਿਦੇਸ਼ਾਂ ਦੀ ਤਰਜ਼ ਤੇ, ਅਪਣੇ ਡਾਕਟਰੀ ਕੰਮ ਉਤੇ ਨਜ਼ਰ ਰੱਖਣ ਵਾਸਤੇ ਇਕ ਸੰਸਥਾ ਨਹੀਂ ਬਣ ਸਕੀ। ਦਵਾਈਆਂ ਵਾਸਤੇ ਐਫ਼.ਡੀ.ਏ. ਦਾ ਸਰਟੀਫ਼ੀਕੇਟ ਚਲਦਾ ਹੈ। ਦੁਨੀਆਂ ਭਰ ਤੋਂ ਵੱਡੇ ਵਪਾਰ ਘਰਾਣੇ, ਜਿਵੇਂ ਜੌਨਸਨ ਐਂਡ ਜੌਨਸਨ, ਐਬਟ, ਫ਼ਿਲਿਪਸ ਆਦਿ ਭਾਰਤ ਵਿਚ ਲਾਭ ਕਮਾਉਣ ਵਾਸਤੇ ਆਉਂਦੇ ਹਨ ਅਤੇ ਇਨ੍ਹਾਂ ਦਾ ਸਾਥ ਭਾਰਤ ਦੇ ਵੱਡੇ ਵਪਾਰੀ ਦਿੰਦੇ ਹਨ।

ਕਰਜ਼ਾ ਹੋਵੇ, ਬੀਮਾ ਹੋਵੇ, ਸੱਭ ਤੁਹਾਡੀ ਬਿਮਾਰੀ 'ਚੋਂ ਅਪਣੀ ਅਮੀਰੀ ਭਾਲਦੇ ਹਨ। ਪਰ ਇਸ ਸਥਿਤੀ ਦਾ ਸੱਭ ਤੋਂ ਵੱਡਾ ਕਸੂਰਵਾਰ ਡਾਕਟਰ ਹੁੰਦਾ ਹੈ ਜਿਸ ਨੂੰ ਲੋਕ ਤਾਂ 'ਦੂਜਾ ਰੱਬ' ਕਹਿਣ ਤਕ ਚਲੇ ਜਾਂਦੇ ਹਨ ਪਰ ਕੰਮ ਉਸ ਦਾ ਮਜਬੂਰ ਲੋਕਾਂ ਦਾ ਲਹੂ ਨਿਚੋੜ ਕੇ ਆਪ ਅਮੀਰ ਬਣਨ ਤਕ ਹੀ ਸੀਮਤ ਹੁੰਦਾ ਹੈ। ਜੇ ਪੜ੍ਹੇ-ਲਿਖੇ ਤਬਕੇ ਨੇ ਹੀ ਸੱਭ ਤੋਂ ਵੱਧ ਧੋਖਾ ਕਰਨਾ ਹੈ ਤਾਂ ਫਿਰ ਇਸ ਪੜ੍ਹਾਈ ਦਾ ਕੀ ਫ਼ਾਇਦਾ?  -ਨਿਮਰਤ ਕੌਰ