ਬੀਤੇ ਯੁਗ ਦੇ ਵੰਡ-ਪਾਊ ਕਾਨੂੰਨਾਂ ਦੇ ਰਚੇਤਾ ਮਨੂ ਮਹਾਰਾਜ ਦਾ ਮਾਡਰਨ ਸੰਵਿਧਾਨ ਤੇ ਨਵੇਂ ਯੁਗ ਦੇ ਇਨਸਾਫ਼ ਦੇ ....
ਮਨੂੰ ਸਮ੍ਰਿਤੀ ਉਨ੍ਹਾਂ ਗ਼ਲਤੀਆਂ ਨਾਲ ਭਰਪੂਰ ਹੈ ਜਿਨ੍ਹਾਂ ਨੇ ਸਾਡੇ ਸਮਾਜ ਵਿਚ ਹੁਣ ਤਕ ਬਰਾਬਰੀ ਨਹੀਂ ਆਉਣ ਦਿਤੀ।
ਜਿਸ ਥਾਂ ’ਤੇ ਇਨਸਾਫ਼ ਦੀ ਦੇਵੀ ਇਨਸਾਫ਼ ਦਾ ਤਰਾਜ਼ੂ ਹੱਥ ਵਿਚ ਫੜੀ ਖੜੀ ਹੋਵੇ, ਉਸ ਦੇ ਸਾਹਮਣੇ ਮਨੂ (ਮਨੂੰ ਸਮ੍ਰਿਤੀ ਦੇ ਲੇਖਕ) ਦਾ ਬੁੱਤ ਲਗਾਉਣਾ ਮਾਡਰਨ ਇੰਡੀਆ ਦੇ ਮਾਡਰਨ ਸੰਵਿਧਾਨ ਪ੍ਰਤੀ ਸ਼ੰਕਾ ਖੜਾ ਕਰਨ ਵਾਲੀ ਗੱਲ ਹੀ ਤਾਂ ਹੈ। ਅੱਜ ਤੋਂ 30 ਸਾਲ ਪਹਿਲਾਂ, 1989 ਵਿਚ ਰਾਜਸਥਾਨ ਦੀ ਹਾਈ ਕੋਰਟ ਦੇ ਸਾਹਮਣੇ ਮਨੂੰ ਦਾ ਬੁੱਤ ਲਗਾਇਆ ਗਿਆ ਭਾਵ ਸੰਵਿਧਾਨ ਦੀ ਸਥਾਪਨਾ ਦੇ 49 ਸਾਲ ਬਾਅਦ ਉਸ ਦਾ ਬੁੱਤ ਲਗਾਇਆ ਗਿਆ ਜਿਸ ਦੀ ਹਰ ਸੋਚ ਨੂੰ ਸਾਡੇ ਸੰਵਿਧਾਨ ਨੇ ਪੂਰੀ ਤਰ੍ਹਾਂ ਨਕਾਰ ਦਿਤਾ ਹੋਇਆ ਹੈ।
ਬਾਬਾ ਸਾਹਿਬ ਅੰਬੇਦਕਰ ਨੇ ਅੱਜ ਤੋਂ 107 ਸਾਲ ਪਹਿਲਾਂ 1916 ਵਿਚ ਲਿਖਿਆ ਸੀ ਕਿ ‘‘ਮੈਂ ਮਨੂੰ ’ਤੇ ਬਹੁਤ ਹਾਵੀ ਹਾਂ ਪਰ ਮੈਨੂੰ ਯਕੀਨ ਹੈ ਕਿ ਮੇਰੀ ਸਾਰੀ ਤਾਕਤ ਇਸ ਦੇ ਭੂਤ ਨੂੰ ਤਬਾਹ ਕਰਨ ਲਈ ਕਾਫ਼ੀ ਨਹੀਂ। ’’ ਮਨੂੰ ਇਕ ਸ੍ਰੀਰ-ਰਹਿਤ ਆਤਮਾ ਵਾਂਗ ਜ਼ਿੰਦਾ ਹੈ ਤੇ ਲੋਕ ਇਸ ਨੂੰ ਭੇਟਾਵਾਂ ਦੇਂਦੇ ਸਨ ਤੇ ਉਨ੍ਹਾਂ ਨੂੰ ਡਰ ਸੀ ਕਿ ਮਨੂੰ ਅਜੇ ਬਹੁਤ ਚਿਰ ਜ਼ਿੰਦਾ ਰਹੇਗਾ। ਜਦ 2018 ਵਿਚ ਪਾਰਲੀਮੈਂਟ ਸਟਰੀਟ ਵਿਚ ਕੁੱਝ ਬ੍ਰਾਹਮਣ (ਆਜ਼ਾਦ ਸੈਨਾ) ਬਾਬਾ ਸਾਹਿਬ ਵਿਰੁਧ ਨਾਹਰੇ ਲਗਾਉਂਦੇ, ਸੰਵਿਧਾਨ ਦੀ ਕਾਪੀ ਸਾੜ ਕੇ ਰਾਖਵਾਂਕਰਨ ਖ਼ਿਲਾਫ਼ ਅਪਣਾ ਵਿਰੋਧ ਦਰਜ ਕਰਵਾ ਰਹੇ ਸਨ ਤਾਂ ਬਾਬਾ ਸਾਹਿਬ ਦੇ ਆਖੇ ਸ਼ਬਦ ਵੀ ਸਹੀ ਸਾਬਤ ਹੋ ਰਹੇ ਸਨ।
ਅੱਜ ਮਨੂੰ ਦੇ ਬੁਤ ਨੂੰ ਰਾਜਸਥਾਨ ਹਾਈ ਕੋਰਟ ਦੇ ਸਾਹਮਣਿਉਂ ਹਟਾਉਣ ਦੀ ਮੰਗ ਵਿਰੁਧ ਕਈ ਆਵਾਜ਼ਾਂ ਉਠਦੀਆਂ ਹਨ ਕਿ ਇਤਿਹਾਸ ਨੂੰ ਨਹੀਂ ਛੇੜਨਾ ਚਾਹੀਦਾ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਇਤਿਹਾਸ ਦੀਆਂ ਗ਼ਲਤੀਆਂ ਨੂੰ ਵੀ ਜੱਫੀ ਪਾਈ ਰਖਣੀ ਚਾਹੀਦੀ ਹੈ? ਪਰ ਗ਼ਲਤੀਆਂ ਸੁਧਾਰਨ ਤੋਂ ਪਹਿਲਾਂ ਇਹ ਤਾਂ ਮੰਨਣਾ ਪਵੇਗਾ ਕਿ ਮਨੂੰ ਸਮ੍ਰਿਤੀ ਉਨ੍ਹਾਂ ਗ਼ਲਤੀਆਂ ਨਾਲ ਭਰਪੂਰ ਹੈ ਜਿਨ੍ਹਾਂ ਨੇ ਸਾਡੇ ਸਮਾਜ ਵਿਚ ਹੁਣ ਤਕ ਬਰਾਬਰੀ ਨਹੀਂ ਆਉਣ ਦਿਤੀ। ਮਨੂੰ ਸਿਮ੍ਰਿਤੀ ਨਾ ਸਿਰਫ਼ ਚਾਰ ਜਾਤਾਂ ਵਿਚ ਹਿੰਦੁਸਤਾਨ ਨੂੰ ਵੰਡਦੀ ਹੈ ਬਲਕਿ ਔਰਤਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਉਣ ਦੀ ਰੀਤ ਦੀ ਬੁਨਿਆਦ ਵੀ ਰਖਦੀ ਹੈ।
ਮਨੂੰ ਸਿਮ੍ਰਤੀ ਨੂੰ ਲਿਖਣ ਵਾਲਾ ਬ੍ਰਾਹਮਣ ਸੀ ਜਾਂ ਰਾਜੇ ਦਾ ਖ਼ਾਸਮ ਖ਼ਾਸ ਬੰਦਾ ਸੀ, ਇਸ ਬਾਰੇ ਕਈ ਅੰਦਾਜ਼ੇ ਹਨ ਪਰ ਇਹ ਸਾਫ਼ ਹੈ ਕਿ ਉਹ ਇਨਸਾਨ ਦੇ ਅੰਦਰ ਦੀ ਹੈਵਾਨੀਅਤ ਨੂੰ ਪਛਾਣ ਗਿਆ ਸੀ। ਇਹ ਉਹ ਹੈਵਾਨੀਅਤ ਹੈ ਜੋ ਗੋਰਿਆਂ ਨੇ ਅਪਣੀ ਗੋਰੀ ਚਮੜੀ ਨੂੰ ਬਿਹਤਰ ਸਾਬਤ ਕਰਨ ਵਾਸਤੇ ਦੁਨੀਆਂ ਨੂੰ ਕਾਲੇ, ਪੀਲੇ ਤੇ ਭੂਰਿਆਂ ਵਿਚ ਵੰਡ ਦਿਤਾ ਸੀ। ਇਹੀ ਉਹ ਸੋਚ ਹੈ ਜੋ ਹਿਟਲਰ ਦੇ ਅੰਦਰ ਜਾਗੀ ਜਿਸ ਨੇ ਯਹੂਦੀਆਂ ਨੂੰ ਅਸ਼ੁਧ ਸਾਬਤ ਕਰ ਕੇ ਉਨ੍ਹਾਂ ਨੂੰ ਅਜਿਹੇ ਤਸੀਹੇ ਦਿਤੇੇ ਕਿ ਸੁਣ ਕੇ ਅੱਜ ਤਕ ਰੂਹਾਂ ਕੰਬ ਜਾਂਦੀਆਂ ਹਨ।
ਹਾਕਮਾਂ ਵਲੋਂ ਤਸੀਹੇ ਹਰ ਦੌਰ ਵਿਚ ਢਾਹੇ ਗਏ ਹਨ। ਰਾਜਿਆਂ ਦੀ ਸੋਚ ਵਿਚ ਹੈਵਾਨੀਅਤ ਦਾ ਵੱਡਾ ਅੰਸ਼ ਹੁੰਦਾ ਹੈ, ਭਾਵੇਂ ਉਹ ਮੁਗ਼ਲ ਹੋਣ, ਅੰਗਰੇਜ਼, ਚੀਨੀ ਤੇ ਭਾਵੇਂ ਸਪੇਨਿਸ਼ ਹੋਣ, ਮਨੂੰ ਸਿਮ੍ਰਤੀ, ਹਿਟਲਰ ਜਾਂ ਗੋਰੇ-ਕਾਲੇ ਦੀ ਵੰਡ ਨੇ ਹਰ ਆਮ ਇਨਸਾਨ ਨੂੰ ਰਾਜਾ ਬਣਨ ਦਾ ਮੌਕਾ ਦਿਤਾ। ਇਕ ਕਮਜ਼ੋਰ, ਗ਼ਰੀਬ ਬ੍ਰਾਹਮਣ ਵੀ ਕਿਸੇ ਹੋਰ ਉਤੇ ਉਸ ਦੀ ਨੀਵੀਂ ਜਾਤ ਕਾਰਨ ਤਸੀਹੇ ਢਾਹ ਸਕਦਾ ਸੀ। ਹਰ ਆਦਮੀ ਅਪਣੇ ਘਰ ਵਿਚ ਔਰਤ ’ਤੇ ਜ਼ੁਲਮ ਕਰ ਸਕਦਾ ਸੀ। ਹਰ ਆਦਮੀ ਅਪਣੀ ਪਤਨੀ ਦਾ ਬਲਾਤਕਾਰ ਕਰ ਸਕਦਾ ਸੀ ਤੇ ਉਸ ਨੂੰ ਅਪਣੀ ਜ਼ਮੀਨ ਜਾਇਦਾਦ ’ਚੋਂ ਬੇਦਖ਼ਲ ਕਰ ਸਕਦਾ ਸੀ। ਹਰ ‘ਉੱਚ ਜਾਤੀ ਦਾ ਪ੍ਰਵਾਰ’ ਛੋਟੀ ਜਾਤੀ ਤੋਂ ਮੁਫ਼ਤ ਵਿਚ ਕੰਮ ਕਰਵਾ ਸਕਦਾ ਸੀ।
ਆਖਿਆ ਜਾਂਦਾ ਹੈ ਕਿ ਇਸ ਸਮੇਂ ਮਾਹੌਲ ਸਹੀ ਨਹੀਂ ਇਸ ਗੱਲ ਨੂੰ ਛੇੜਨ ਦਾ ਪਰ ਜਦ ਗੁਰੂ ਗ੍ਰੰਥ ਸਾਹਿਬ ਦੇ ਮੁਖ ਸੰਦੇਸ਼ ਦੀ ਅਵਹੇਲਣਾ ਕਰ ਕੇ ਜਾਤ ਪਾਤ ਨੂੰ ਚੁਕਿਆ ਜਾ ਰਿਹਾ ਹੈ ਤਾਂ ਜਾਪਦਾ ਹੈ ਕਿ ਸਮਾਂ ਤਾਂ ਸ਼ਾਇਦ ਬਹੁਤ ਦੂਰ ਨਿਕਲ ਚੁੱਕਾ ਹੈ। ਜਿਹੜੇ ਸੱਜਣ ਅਪਣੇ ਅੰਦਰ ਵੱਸ ਚੁਕੀ ਹੈਵਾਨੀਅਤ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਉਹ ਜਾਤ, Çਲੰਗ, ਪੈਸੇ ਦੀਆਂ ਲਕੀਰਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਹਨ। ਤੇ ਮਨੂੰ ਦਾ ਬੁੱਤ ਹਟਾਉਣਾ ਨਿਆਂਪਾਲਿਕਾ ਦੀ ਨੈਤਿਕ ਤੇ ਸੰਵਿਧਾਨਕ ਜ਼ਿੰਮੇਵਾਰੀ ਹੈ, ਜੇ ਉਹ ਸੰਵਿਧਾਨ ਨੂੰ ਸੱਭ ਤੋਂ ਉਪਰ ਮੰਨਦੀ ਹੈ ਪਰ ਜੇ ਨਹੀਂ ਮੰਨਦੀ ਤਾਂ ਰੱਬ ਰਾਖਾ।
- ਨਿਮਰਤ ਕੌਰ