ਨਿਤਿਨ ਗਡਕਰੀ, ਮੋਦੀ ਦੇ ਬਦਲ ਵਜੋਂ ਪੇਸ਼ ਕੀਤੇ ਜਾਣ ਲੱਗ ਪਏ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਗਡਕਰੀ ਦਾ ਇਹ ਬਿਆਨ ਦੇਸ਼ ਵਿਚ ਹਰ ਥਾਂ ਚਰਚਾ ਵਿਚ ਹੈ ਅਤੇ ਉਹ ਚਾਹੁੰਦੇ ਤਾਂ ਇਕ ਪਲ ਵਿਚ ਅਪਣਾ ਨਿਸ਼ਾਨਾ ਸਪੱਸ਼ਟ ਕਰ ਸਕਦੇ ਸਨ........

Nitin Gadkari

ਗਡਕਰੀ ਦਾ ਇਹ ਬਿਆਨ ਦੇਸ਼ ਵਿਚ ਹਰ ਥਾਂ ਚਰਚਾ ਵਿਚ ਹੈ ਅਤੇ ਉਹ ਚਾਹੁੰਦੇ ਤਾਂ ਇਕ ਪਲ ਵਿਚ ਅਪਣਾ ਨਿਸ਼ਾਨਾ ਸਪੱਸ਼ਟ ਕਰ ਸਕਦੇ ਸਨ। ਸੋ ਉਨ੍ਹਾਂ ਦੇ ਇਸ ਬਿਆਨ ਮਗਰੋਂ ਉਨ੍ਹਾਂ ਦੀ ਚੁੱਪੀ ਸਾਫ਼ ਦਸਦੀ ਹੈ ਕਿ ਤੀਰ ਭਾਜਪਾ ਅਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਵਲ ਸੇਧ ਲਾ ਕੇ ਛਡਿਆ ਗਿਆ ਹੈ। ਉਨ੍ਹਾਂ ਨੇ ਅਪਣੇ ਬਿਆਨ ਵਿਚ ਪਾਰਟੀ ਦੀ ਨਹੀਂ ਬਲਕਿ ਅਪਣੀ ਤੁਲਨਾ ਮੋਦੀ ਜੀ ਨਾਲ ਕੀਤੀ ਜਦੋਂ ਉਨ੍ਹਾਂ ਕਿਹਾ ਕਿ 'ਮੈਂ ਜੋ ਆਖਦਾ ਹਾਂ 100% ਡੰਕੇ ਦੀ ਚੋਟ ਤੇ ਪੂਰਾ ਕਰ ਵਿਖਾਉਂਦਾ ਹਾਂ।'

ਨਿਤਿਨ ਗਡਕਰੀ ਵਲੋਂ ਬੜੇ ਸੋਚੇ ਸਮਝੇ ਢੰਗ ਨਾਲ, ਇਕ ਸਿਆਸੀ ਤੀਰ ਛਡਿਆ ਗਿਆ ਅਤੇ ਹੁਣ ਭਾਜਪਾ ਅਤੇ ਕਾਂਗਰਸ ਆਪਸ ਵਿਚ ਝਗੜ ਰਹੀਆਂ ਹਨ ਕਿ ਗਡਕਰੀ ਦੇ ਨਿਸ਼ਾਨੇ ਤੇ  ਕੌਣ ਸੀ। ਨਿਤਿਨ ਗਡਕਰੀ ਨੇ ਆਗੂਆਂ ਦਾ ਨਾਂ ਲਏ ਬਿਨਾਂ ਚੇਤਾਵਨੀ ਦਿਤੀ ਹੈ ਕਿ ਲੀਡਰ ਲੋਕ ਜਨਤਾ ਨੂੰ ਵੱਡੇ ਸੁਪਨੇ ਵਿਖਾ ਕੇ ਸੱਤਾ ਵਿਚ ਆ ਤਾਂ ਜਾਂਦੇ ਹਨ ਪਰ ਜਦੋਂ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਜਨਤਾ ਉਨ੍ਹਾਂ ਨੂੰ ਕੁਟਦੀ ਵੀ ਖ਼ੂਬ ਹੈ। ਭਾਜਪਾ ਦੇ ਬੁਲਾਰੇ ਆਖਦੇ ਹਨ ਕਿ ਇਹ ਟਿਪਣੀ ਗਡਕਰੀ ਨੇ ਕਾਂਗਰਸ ਨੂੰ ਸਮਝਾਉਣ ਲਈ ਕੀਤੀ ਸੀ।

ਗਡਕਰੀ ਦਾ ਇਹ ਬਿਆਨ ਦੇਸ਼ ਵਿਚ ਹਰ ਥਾਂ ਚਰਚਾ ਵਿਚ ਹੈ ਅਤੇ ਉਹ ਚਾਹੁੰਦੇ ਤਾਂ ਇਕ ਪਲ ਵਿਚ ਅਪਣਾ ਨਿਸ਼ਾਨਾ ਸਪੱਸ਼ਟ ਕਰ ਸਕਦੇ ਸਨ। ਸੋ ਉਨ੍ਹਾਂ ਦੇ ਇਸ ਬਿਆਨ ਮਗਰੋਂ ਉਨ੍ਹਾਂ ਦੀ ਚੁੱਪੀ ਸਾਫ਼ ਦਸਦੀ ਹੈ ਕਿ ਇਹ ਤੀਰ ਭਾਜਪਾ ਅਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਵਲ ਸੇਧ ਲਾ ਕੇ ਛਡਿਆ ਗਿਆ ਹੈ। ਉਨ੍ਹਾਂ ਨੇ ਅਪਣੇ ਬਿਆਨ ਵਿਚ ਪਾਰਟੀ ਦੀ ਨਹੀਂ ਬਲਕਿ ਅਪਣੀ ਤੁਲਨਾ ਮੋਦੀ ਜੀ ਨਾਲ ਕੀਤੀ ਜਦੋਂ ਉਨ੍ਹਾਂ ਕਿਹਾ ਕਿ 'ਮੈਂ ਜੋ ਆਖਦਾ ਹਾਂ 100% ਡੰਕੇ ਦੀ ਚੋਟ ਤੇ ਪੂਰਾ ਕਰ ਵਿਖਾਉਂਦਾ ਹਾਂ।' ਨਿਤਿਨ ਗਡਕਰੀ ਦੀ ਮੋਦੀ ਜੀ ਨਾਲ ਨਹੀਂ ਬਣਦੀ ਪਰ ਉਹ ਆਰ.ਐਸ.ਐਸ. ਦੇ ਬਹੁਤ ਚਹੇਤੇ ਹਨ।

ਉਨ੍ਹਾਂ ਦੇ ਇਸ ਬਿਆਨ ਪਿੱਛੇ ਨਾਗਪੁਰ ਦੀ ਚੇਤਾਵਨੀ ਲੁਕੀ ਹੋਈ ਹੈ ਜੋ ਕਿ ਮੋਦੀ-ਅਮਿਤ ਦੀ ਜੋੜੀ ਨੂੰ ਭੇਜੀ ਗਈ ਜਾਪਦੀ ਹੈ। ਯਾਦ ਕਰਵਾਇਆ ਜਾ ਰਿਹਾ ਹੈ ਕਿ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਨਿਭਾਉਣ ਦਾ ਸਮਾਂ ਆ ਗਿਆ ਹੈ। ਇਕ ਵਾਅਦਾ ਆਰ.ਐਸ.ਐਸ. ਨਾਲ ਮੰਦਰ ਬਣਾਉਣ ਬਾਰੇ ਕੀਤਾ ਗਿਆ ਸੀ ਅਤੇ ਦੂਜਾ ਜਨਤਾ ਨਾਲ ਵਿਕਾਸ ਦਾ। ਜਨਤਾ ਨੂੰ ਤਾਂ 'ਜੁਮਲਾ' ਦਸ ਕੇ ਕਹਾਣੀ ਬਦਲ ਦਿਤੀ ਗਈ ਹੈ ਅਤੇ ਵਿਚਾਰੀ ਜਨਤਾ ਹੁਣ ਰਾਸ਼ਟਰਵਾਦ ਦੇ ਬੁਖ਼ਾਰ ਵਿਚ ਇਕ ਹੋਰ ਜੁਮਲੇ ਵਿਚ ਫਸੀ ਹੋਈ ਹੈ। ਆਰ.ਐਸ.ਐਸ. ਨੂੰ ਸਬਰੀਮਾਲਾ ਮੁੱਦੇ ਨਾਲ ਪਰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਰਾਮ ਮੰਦਰ ਹੀ ਚਾਹੀਦਾ ਹੈ।

ਹੁਣ ਮੋਦੀ ਸਰਕਾਰ ਰਾਮ ਮੰਦਰ ਬਣਾਉਣ ਲਈ ਆਰਡੀਨੈਂਸ, ਚਾਹੁੰਦੀ ਹੋਈ ਵੀ, ਇਸ ਨੂੰ ਪਾਸ ਨਹੀਂ ਕਰ ਸਕਦੀ ਕਿਉਂਕਿ  ਸੁਪਰੀਮ ਕੋਰਟ ਨੇ ਵੀ ਠਾਣ ਲਿਆ ਜਾਪਦਾ ਹੈ ਕਿ ਉਹ ਇਸ ਮੁੱਦੇ ਤੇ ਛੇਤੀ ਸੁਣਵਾਈ ਨਹੀਂ ਕਰੇਗੀ, ਸ਼ਾਇਦ ਉਦੋਂ ਤਕ ਜਦੋਂ ਤਕ ਇਸ ਸਰਕਾਰ ਦੇ ਹੱਥ ਚੋਣਾਂ ਵਿਚ ਰੁੱਝੇ ਹੋਏ ਹਨ। ਜਿਸ ਘਬਰਾਹਟ ਵਿਚ ਇਸ ਵੇਲੇ ਸਰਕਾਰ ਘਿਰੀ ਹੋਈ ਹੈ, ਉਹ ਮੌਕਾ ਮਿਲਦਿਆਂ ਹੀ ਆਰਡੀਨੈਂਸ ਪਾਸ ਕਰ ਸਕਦੀ ਹੈ। ਪਰ ਗਡਕਰੀ ਦੇ ਵਾਰ ਤੋਂ ਸਾਫ਼ ਹੈ ਕਿ ਆਰ.ਐਸ.ਐਸ. ਨੂੰ ਇਸ ਕਾਨੂੰਨੀ ਦਾਅ-ਪੇਚ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਦਾ ਟੀਚਾ ਰਾਮ ਮੰਦਰ ਹੀ ਹੈ।

ਉਨ੍ਹਾਂ ਨੇ ਬਾਬਰੀ ਮਸਜਿਦ ਨੂੰ ਢਾਹੁਣ ਵੇਲੇ ਕਾਨੂੰਨੀ ਪ੍ਰਕਿਰਿਆ ਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ ਤਾਂ ਹੁਣ ਜਦੋਂ ਸਰਕਾਰ ਉਨ੍ਹਾਂ ਦੀ ਹੈ ਤਾਂ ਉਨ੍ਹਾਂ ਨੂੰ ਇਹ ਉਡੀਕ ਜਚ ਨਹੀਂ ਰਹੀ। ਪਰ ਜੇ ਮੋਦੀ ਜੀ ਅਪਣੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹਿ ਗਏ ਤਾਂ ਨਿਤਿਨ ਗਡਕਰੀ ਆਰ.ਐਸ.ਐਸ. ਦੀ ਅਗਲੀ ਪਸੰਦ ਹੋ ਸਕਦੇ ਹਨ। 
ਨਿਤਿਨ ਗਡਕਰੀ ਨੇ ਸਾਰੇ ਹੀ ਸੂਬਿਆਂ ਵਿਚ ਸੜਕਾਂ ਦਾ ਜਾਲ ਵਿਛਾਉਣ ਲਗਿਆਂ, ਪਾਰਟੀ ਦੀਆਂ ਹੱਦਾਂ ਤੋਂ ਉਪਰ ਉਠ ਕੇ, ਦੇਸ਼ ਦੇ ਕਿਸੇ ਵੱਡੇ ਆਗੂ ਵਾਂਗ ਅਪਣਾ ਕੰਮ ਕੀਤਾ ਹੈ। ਜੇ ਐਨ.ਡੀ.ਏ. ਅਗਲੀ ਵਾਰੀ ਪੂਰੀਆਂ ਸੀਟਾਂ ਨਾ ਜਿੱਤ ਸਕੀ ਤਾਂ ਨਿਤਿਨ ਗਡਕਰੀ ਵਰਗੇ ਚਿਹਰੇ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ

ਮਮਤਾ ਬੈਨਰਜੀ ਜਾਂ ਮਾਇਆਵਤੀ ਵੀ ਸਾਥ ਦੇ ਸਕਦੇ ਹਨ। ਇਨ੍ਹਾਂ ਦੋਹਾਂ ਨੂੰ ਰਾਹੁਲ ਗਾਂਧੀ ਨਾਲ ਕੋਈ ਖ਼ਾਸ ਲਗਾਅ ਨਹੀਂ ਅਤੇ ਇਹ ਨਿਤਿਨ ਗਡਕਰੀ ਨਾਲ ਖੜੇ ਹੋ ਕੇ ਭਾਜਪਾ ਦੀ ਹਮਾਇਤ ਵੀ ਕਰ ਸਕਦੀਆਂ ਹਨ। ਅੱਜ ਜਿੰਨੀ ਘਬਰਾਹਟ ਅਤੇ ਧੁੰਦਲਾਪਨ ਵਿਰੋਧੀਆਂ ਦੇ ਮਹਾਂਗਠਜੋੜ ਅਤੇ ਕਾਂਗਰਸ ਵਿਚ ਹੈ ਓਨੀ ਹੀ ਘਬਰਾਹਟ ਭਾਜਪਾ ਦੇ ਖ਼ੇਮੇ ਵਿਚ ਵੀ ਹੈ। 2019 ਦੀਆਂ ਚੋਣਾਂ ਤੋਂ ਬਾਅਦ ਹੀ ਇਹ ਧੁੰਦਲਾਪਨ ਸਾਫ਼ ਹੋ ਸਕੇਗਾ ਪਰ ਉਮੀਦ ਹੈ ਕਿ ਕਰਨਾਟਕ ਗਠਜੋੜ ਵਾਂਗ ਕਮਜ਼ੋਰ ਨਹੀਂ ਬਲਕਿ ਇਕ ਮਜ਼ਬੂਤ ਸਰਕਾਰ ਦੇਵੇਗਾ ਜੋ ਦੇਸ਼ ਨਾਲ ਕੀਤੇ ਵਾਅਦੇ ਨਿਭਾਉਣ ਦੀ ਕਾਬਲੀਅਤ ਰਖਦਾ ਹੋਵੇ।  -ਨਿਮਰਤ ਕੌਰ