Ajit Pawar Tragedy: ਹਵਾਬਾਜ਼ੀ ਨਿਯਮਾਂ ਪ੍ਰਤੀ ਸਖ਼ਤਾਈ ਦੀ ਲੋੜ
ਹਾਦਸੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਮੁਕੰਮਲ ਹੌਣ 'ਤੇ ਇਹ ਸੱਚ ਸਾਹਮਣੇ ਆਵੇਗਾ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ।
ਜੂਨ 2025 ਦੇ ਅਹਿਮਦਾਬਾਦ (ਏਅਰ ਇੰਡੀਆ) ਹਵਾਈ ਹਾਦਸੇ ਦੇ ਪ੍ਰਸੰਗ ਵਿਚ ਲੋਕ ਸਭਾ ਦੇ ਸਪੀਕਰ ਵਲੋਂ ਗਠਿਤ ਸੰਸਦੀ ਕਮੇਟੀ ਨੇ ਅਗੱਸਤ 2025 ਵਿਚ ਪੇਸ਼ ਕੀਤੀ ਅਪਣੀ ਰਿਪੋਰਟ ਵਿਚ ਚਿਤਾਵਨੀ ਦਿੱਤੀ ਸੀ ਕਿ ਜਿੰਨੀ ਤੇਜ਼ੀ ਨਾਲ ਪ੍ਰਾਈਵੇਟ ਤੇ ਚਾਰਟਰਡ ਹਵਾਈ ਜਹਾਜ਼ਾਂ ਦੀ ਵਰਤੋਂ ਵੱਧ ਰਹੀ ਹੈ, ਓਨੀ ਤੇਜ਼ੀ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਢਾਂਚੇ ਦੇ ਵਿਸਥਾਰ ਵਿਚ ਨਜ਼ਰ ਨਹੀਂ ਆ ਰਹੀ। ਜਨਤਾ ਦਲ (ਯੂ) ਦੇ ਆਗੂ ਸੰਜਯ ਝਾਅ ਦੀ ਅਗਵਾਈ ਵਾਲੀ ਇਸ ਕਮੇਟੀ ਨੇ ਭਾਰਤੀ ਹਵਾਬਾਜ਼ੀ ਅਥਾਰਟੀ (ਏ.ਏ.ਏ.ਆਈ) ਅਤੇ ਹਵਾਬਾਜ਼ੀ ਸੁਰੱਖਿਆ ਡਾਇਰੈਕਟੋਰੇਟ ਨੂੰ ਪ੍ਰਾਈਵੇਟ ਤੇ ਚਾਰਟਰਡ ਹਵਾਬਾਜ਼ੀ ਖੇਤਰ ਉਪਰ ਨਿਗਰਾਨੀ ਵਧਾਉਣ ਅਤੇ ਨਿਯਮਾਂ-ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਸਿਫ਼ਾਰਸ਼ ਕੀਤੀ ਸੀ।
ਬੁੱਧਵਾਰ ਨੂੰ ਬਾਰਾਮਤੀ ਹਵਾਈ ਅੱਡੇ ਉੱਤੇ ਹੋਏ ਹਾਦਸੇ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ ਪੰਜ ਲੋਕਾਂ ਦੀਆਂ ਜਾਨਾਂ ਜਾਣ ਦਾ ਮਾਮਲਾ ਸੰਸਦੀ ਸਿਲੈਕਟ ਕਮੇਟੀ ਦੀ ਚਿਤਾਵਨੀ ਨੂੰ ਸੱਚਾ ਸਾਬਤ ਕਰਦਾ ਹੈ। ਇਹ ਹਾਦਸਾ ਧੁੰਦਲੇ ਮੌਸਮ ਵਿਚ ਚਾਰਟਰਡ ਜਹਾਜ਼ (ਲੀਅਰਜੈੱਟ 45) ਨੂੰ ਬਾਰਾਮਤੀ ਹਵਾਈ ਪੱਟੀ ਉੱਤੇ ਉਤਾਰਨ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਮ੍ਰਿਤਕਾਂ ਵਿਚ ਅਜੀਤ ਪਵਾਰ ਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਫ਼ਸਰ (ਪੀ.ਐਸ.ਓ.) ਤੋਂ ਇਲਾਵਾ ਜਹਾਜ਼ੀ ਅਮਲੇ ਦੇ ਤਿੰਨ ਮੈਂਬਰ ਸ਼ਾਮਲ ਸਨ।
ਹਾਦਸੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਮੁਕੰਮਲ ਹੌਣ ’ਤੇ ਇਹ ਸੱਚ ਸਾਹਮਣੇ ਆਵੇਗਾ ਕਿ ਹਾਦਸੇ ਦਾ ਅਸਲ ਕਾਰਨ ਕੀ ਸੀ। ਇਸ ਸਥਿਤੀ ਦੇ ਬਾਵਜੂਦ ਮੁੱਢਲੇ ਅਨੁਮਾਨਾਂ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਫ਼ਿਜ਼ਾ ਵਿਚ ਧੁੰਦ ਹੋਣ ਕਾਰਨ ਜਹਾਜ਼ ਦੇ ਦੋਵੇਂ ਪਾਇਲਟ, ਬਾਰਾਮਤੀ ਹਵਾਈ ਅੱਡੇ ਦੀ ਹਵਾਈ ਪੱਟੀ ਦੀ ਸ਼ਨਾਖ਼ਤ ਕਰਨ ਵਿਚ ਨਾਕਾਮ ਰਹੇ। ਇਕ ਪਾਇਲਟ ਦੇ ਆਖ਼ਰੀ ਸ਼ਬਦ, ਜੋ ਹਵਾਈ ਅੱਡੇ ਦੇ ਏਅਰ ਕੰਟਰੋਲ ਟਾਵਰ (ਏ.ਸੀ.ਟੀ.) ਨੇ ਰਿਕਾਰਡ ਕੀਤੇ, ਇਹੋ ਦਰਸਾਉਂਦੇ ਹਨ ਕਿ ਜਹਾਜ਼ ਗ਼ਲਤ ਥਾਂ ’ਤੇ ਲੈਂਡ ਕੀਤਾ।
ਬਾਰਾਮਤੀ, ਪੂਨੇ ਜ਼ਿਲ੍ਹੇ ਦੀ ਤਹਿਸੀਲ ਹੈ। ਮਹਾਰਾਸ਼ਟਰ ਦੇ ਇਸ ਇਲਾਕੇ ਵਿਚ ਸਰਦੀਆਂ ਜਾਂ ਮੌਨਸੂਨ ਦੇ ਦਿਨਾਂ ਦੌਰਾਨ ਸਵੇਰੇ-ਸ਼ਾਮ ਗਹਿਰੀ ਧੁੰਦ ਪਸਰੀ ਹੋਣੀ ਆਮ ਮੌਸਮੀ ਵਰਤਾਰਾ ਹੈ। ਬਾਰਾਮਤੀ ਹਵਾਈ ਅੱਡਾ ਸੁਵਿਧਾਵਾਂ ਦੀ ਦਰਜਾਬੰਦੀ ਪੱਖੋਂ ਚੌਥੇ ਦਰਜ਼ੇ ਵਿਚ ਆਉਂਦਾ ਹੈ। ਉਹ ਬੁਨਿਆਦੀ ਨੇਵੀਗੇਸ਼ਨ ਸਹੂਲਤਾਂ, ਖ਼ਾਸ ਤੌਰ ’ਤੇ ਆਧੁਨਿਕ ਏਅਰ ਟਰੈਫ਼ਿਕ ਕੰਟਰੋਲ (ਏ.ਟੀ.ਸੀ.) ਸੇਵਾਵਾਂ ਤੋਂ ਵਿਹੂਣਾ ਹੈ। ਜਿਹੜਾ ਕੰਟਰੋਲ ਟਾਵਰ ਉੱਥੇ ਹੈ, ਉਸ ਦਾ ਕੰਮ ਦੋ ਸਥਾਨਕ ਹਵਾਬਾਜ਼ੀ ਸਿਖਲਾਈ ਸਕੂਲਾਂ ਦੇ ਕੈਡੇਟਾਂ ਵਲੋਂ ਚਲਾਇਆ ਜਾਂਦਾ ਹੈ। ਕਿਉਂਕਿ ਉਹ ਅਜੇ ਹਵਾਬਾਜ਼ੀ ਦੇ ਸਿਖਿਆਰਥੀ ਹੀ ਹਨ, ਇਸ ਕਰ ਕੇ ਉਨ੍ਹਾਂ ਵਲੋਂ ਸੇਵਾਵਾਂ ਪ੍ਰਦਾਨ ਕਰਦਿਆਂ ਗ਼ਲਤੀ ਹੋਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਹੋਰਨਾਂ ਸਹੂਲਤਾਂ ਦੀ ਘਾਟ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਹਵਾਈ ਅੱਡੇ ਕੋਲ ਅਪਣਾ ਇਕ ਵੀ ਅੱਗ-ਬੁਝਾਊ ਇੰਜਣ ਨਹੀਂ।
ਅਜਿਹੀ ਬੁਨਿਆਦੀ ਸਹੂਲਤ ਦੀ ਅਣਹੋਂਦ ਵੀ ਹਾਦਸਾਗ੍ਰਸਤ ਜਹਾਜ਼ ਨੂੰ ਲੱਗੀ ਅੱਗ ਉੱਤੇ ਕਾਬੂ ਪਾਉਣ ਵਿਚ ਦੇਰੀ ਦੀ ਅਹਿਮ ਵਜ੍ਹਾ ਬਣੀ। ਭਾਰਤ ਵਿਚ ਅਜਿਹੇ ‘ਕੰਟਰੋਲ-ਰਹਿਤ’ ਹਵਾਈ ਅੱਡਿਆਂ ਦੀ ਗਿਣਤੀ 150 ਦੇ ਆਸ-ਪਾਸ ਦੱਸੀ ਜਾਂਦੀ ਹੈ। ਭਾਰਤ ਵਾਂਗ ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਵਿਚ ਵੀ ਅਜਿਹੇ ਹਵਾਈ ਅੱਡੇ ਹਨ ਜੋ ਬੁਨਿਆਦੀ ਤੌਰ ’ਤੇ ਛੋਟੇ ਜਹਾਜ਼ਾਂ ਦੇ ਉਤਰਨ-ਚੜ੍ਹਨ ਵਾਸਤੇ ਵਰਤੇ ਜਾਂਦੇ ਹਨ। ਇਨ੍ਹਾਂ ਅੱਡਿਆਂ ਦੀ ਵਰਤੋਂ ਖ਼ਤਰੇ ਤੋਂ ਖ਼ਾਲੀ ਕਦੇ ਵੀ ਨਹੀਂ ਹੁੰਦੀ। ਇਸ ਦੇ ਬਾਵਜੂਦ ਚਾਰਟਰਡ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਇਨ੍ਹਾਂ ਰਾਹੀਂ ਚੰਗਾ-ਚੋਖਾ ਕਾਰੋਬਾਰ ਕਰਦੀਆਂ ਆਈਆਂ ਹਨ।
ਇਸ ਕਾਰੋਬਾਰ ਦਾ ਪਾਸਾਰ-ਵਿਸਥਾਰ ਵੀ ਪਿਛਲੇ ਡੇਢ ਦਹਾਕੇ ਤੋਂ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਇਨ੍ਹਾਂ ਦੇ ਮੁੱਖ ਗਾਹਕਾਂ ਵਿਚ ਵੱਡੇ ਸਨਅਤਕਾਰਾਂ ਤੇ ਕਾਰੋਬਾਰੀਆਂ ਤੋਂ ਇਲਾਵਾ ਸਿਆਸਤਦਾਨ, ਖ਼ਾਸ ਤੌਰ ’ਤੇ ਹੁਕਮਰਾਨ ਧਿਰਾਂ ਨਾਲ ਜੁੜੇ ਸਿਆਸਤਦਾਨ ਸ਼ਾਮਲ ਹਨ। ਗਾਹਕਾਂ ਦਾ ਇਸ ਕਿਸਮ ਦਾ ਪ੍ਰੋਫ਼ਾਈਲ ਹੀ, ਅਕਸਰ, ਇਨ੍ਹਾਂ ਕੰਪਨੀਆਂ ਨੂੰ ਸੁਰੱਖਿਆ ਨਿਯਮਾਂ ਦੀ ਅਣਦੇਖੀ ਦੇ ਰਾਹ ਪਾਉਂਦਾ ਆਇਆ ਹੈ। ਲੀਅਰਜੈੱਟ-45 ਦੀ ਇਕ ਪਾਇਲਟ ਦਾ ਲਾਇਸੈਂਸ ਪਿਛਲੇ ਸਾਲ ਜੂਨ ਮਹੀਨੇ ਤੋਂ ਹੁਣ ਤਕ ਰਿਨਿਊ ਹੀ ਨਾ ਹੋਣਾ ਉਪਰੋਕਤ ਰਵੱਈਏ ਦੀ ਇਕ ਮਿਸਾਲ ਹੈ।
ਅਜੀਤ ਪਵਾਰ, ਜੋ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮੁਖੀ ਸਨ, ਪਹਿਲੇ ਸਿਆਸਤਦਾਨ ਨਹੀਂ ਜੋ ਹਵਾਈ ਹਾਦਸੇ ਕਾਰਨ ਜਾਨ ਗੁਆ ਬੈਠੇ। 1980 ਤੋਂ ਲੈ ਕੇ ਹੁਣ ਤਕ ਘੱਟੋਘਟ 9 ਸਿਆਸਤਦਾਨ ਅਜਿਹੀ ਹੋਣੀ ਦਾ ਸ਼ਿਕਾਰ ਹੋ ਚੁੱਕੇ ਹਨ ਜਿਨ੍ਹਾਂ ਵਿਚ ਰਾਹੁਲ ਗਾਂਧੀ ਦੇ ਚਾਚਾ ਸੰਜਯ ਗਾਂਧੀ, ਸਾਬਕਾ ਸ਼ਹਿਰੀ ਹਵਾਬਾਜ਼ੀ ਮੰਤਰੀ ਮਾਧਵ ਰਾਓ ਸਿੰਧੀਆ, ਲੋਕ ਸਭਾ ਦੇ ਸਪੀਕਰ ਜੀ.ਐਮ.ਸੀ. ਬਾਲਾਯੋਗੀ, ਨਾਮਵਰ ਸਨਅਤਕਾਰ ਤੇ ਹਰਿਆਣਾ ਦੇ ਤੱਤਕਾਲੀ ਬਿਜਲੀ ਮੰਤਰੀ ਓਮ ਪ੍ਰਕਾਸ਼ ਜਿੰਦਲ, ਇਸੇ ਰਾਜ ਦੇ ਤੱਤਕਾਲੀ ਖੇਤੀ ਮੰਤਰੀ ਸੁਰੇਂਦਰ ਸਿੰਘ, ਆਂਧਰਾ ਪ੍ਰਦੇਸ਼ ਦੇ ਤੱਤਕਾਲੀ ਮੁੱਖ ਮੰਤਰੀ ਵਾਈ.ਐਸ. ਰਾਜਸ਼ੇਖਰ ਰੈੱਡੀ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਨੀ ਸ਼ਾਮਲ ਹਨ।
ਅਜੀਤ ਪਵਾਰ ਐਨ.ਸੀ.ਪੀ. ਦੇ ਸੰਸਥਾਪਕ ਤੇ ਸ਼ਾਤਿਰ ਸਿਆਸਤਦਾਨ ਸ਼ਰਦ ਪਵਾਰ ਦੇ ਸਿਆਸੀ ਵਾਰਿਸ ਛੇ ਸਾਲ ਪਹਿਲਾਂ ਤਕ ਮੰਨੇ ਜਾਂਦੇ ਸਨ। ਪਰ ਸੀਨੀਅਰ ਪਵਾਰ ਵਲੋਂ ਭਤੀਜੇ ਅਜੀਤ ਦੀ ਥਾਂ ਅਪਣੀ ਬੇਟੀ ਸੁਪ੍ਰੀਆ ਸੁਲੇ ਵਲ ਝੁਕਾਅ ਵਧਾ ਦੇਣ ਕਾਰਨ ਹੀ ਭਤੀਜੇ ਨੇ ਭਾਜਪਾ ਨਾਲ ਰਲ ਕੇ ਚਾਚੇ ਨੂੰ ਗੁੱਠੇ ਲਾਉਣ ਦੀ ਰਣਨੀਤੀ ਅਪਣਾਈ ਜੋ ਕਾਮਯਾਬ ਰਹੀ। ਇਸ ਕਾਮਯਾਬੀ ਨੇ ਐਨ.ਸੀ.ਪੀ. ਦੇ ਉਨ੍ਹਾਂ ਵਾਲੇ ਗੁੱਟ ਨੂੰ ਅਸਲ ਐਨ.ਸੀ.ਪੀ. ਵਾਲਾ ਦਰਜਾ ਪਹਿਲਾਂ ਚੋਣ ਕਮਿਸ਼ਨ ਅਤੇ ਫਿਰ ਸੁਪਰੀਮ ਕੋਰਟ ਪਾਸੋਂ ਦਿਵਾਇਆ।
ਹੁਣ ਚਾਚੇ-ਭਤੀਜੇ ਦਰਮਿਆਨ ਸੁਲ੍ਹਾ ਵਾਲੀ ਫ਼ਿਜ਼ਾ ਉਸਰਦੀ ਜਾ ਰਹੀ ਸੀ ਕਿ ਅਜੀਤ ਪਵਾਰ ਨੂੰ ਹੋਣੀ ਨੇ ਗ੍ਰਸ ਲਿਆ ਹੈ। ਇਸ ਕਾਰਨ ਉਨ੍ਹਾਂ ਵਾਲੀ ਪਾਰਟੀ ਜਿੱਥੇ ‘ਬੇ-ਮੁਖੀ’ ਹੋਈ ਹੈ, ਉਥੇ ਇਸ ਦੇ ਸਿਆਸੀ ਭਵਿੱਖ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਏ ਹਨ। ਬਹਰਹਾਲ, ਭਵਿੱਖ ਬਾਰੇ ਕਿਆਫ਼ੇਬਾਜ਼ੀ ਕਰਨ ਦੀ ਥਾਂ ਇਸ ਵੇਲੇ ਧਿਆਨ ਹਵਾਬਾਜ਼ੀ ਸੁਰੱਖਿਆ ਨਿਯਮਾਂ ਵਲ ਕੇਂਦ੍ਰਿਤ ਹੋਣਾ ਚਾਹੀਦਾ ਹੈ। ਅਜੀਤ ਪਵਾਰ ਵਾਲਾ ਹਾਦਸਾ ਇਹ ਸਿੱਧਾ-ਸਪਸ਼ਟ ਸੁਨੇਹਾ ਹੈ ਕਿ ਇਨ੍ਹਾਂ ਨਿਯਮਾਂ ਨੂੰ ਵੱਧ ਸਖ਼ਤ ਬਣਾਉਣ ਅਤੇ ਓਨੀ ਹੀ ਕਰੜਾਈ ਨਾਲ ਲਾਗੂ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ। ਇਹ ਕਾਰਜ ਭਵਿੱਖ ਤਕ ਮੁਲਤਵੀ ਨਹੀਂ ਕੀਤਾ ਜਾ ਸਕਦਾ; ਅੱਜ ਤੋਂ ਹੀ ਆਰੰਭ ਹੋ ਜਾਣਾ ਚਾਹੀਦਾ ਹੈ।