ਬੰਗਾਲ ਵਿਚ ਬੀਰਭੂਮ ਕਤਲੇਆਮ ਮਗਰੋਂ ਅਦਾਲਤਾਂ, ਸੀ.ਬੀ.ਆਈ. ਗਵਰਨਰ ਤੇ ਮੁੱਖ ਮੰਤਰੀ ਸਮੇਤ ......

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਿਸ ਤਰ੍ਹਾਂ ਬੰਗਾਲ ਵਿਚ ਲੜਾਈਆਂ ਹੋਈਆਂ ਇਸੇ ਤਰ੍ਹਾਂ ਯੂ.ਪੀ. ਵਿਚ ਬਾਬਰ ਨਾਮਕ ਇਕ ਮੁਸਲਮਾਨ ਨੂੰ ਉਸ ਦੇ ਗੁਆਂਢੀਆਂ ਦੀ ਫ਼ਿਰਕੂ ਭੀੜ ਨੇ ਯੋਗੀ ਦੀ ਜਿੱਤ ਮਨਾਉਣ ਬਦਲੇ ਮਾਰ ਮੁਕਾਇਆ।

Mamata Banerjee

 

ਬੰਗਾਲ ਦੀ ਵਿਧਾਨ ਸਭਾ ਵਿਚ ਟੀ.ਐਮ.ਸੀ. ਤੇ ਭਾਜਪਾ ਦੇ ਵਿਧਾਇਕਾਂ ਵਿਚਕਾਰ ਹੱਥੋਪਾਈ ਸ਼ੁਰੂ ਹੋ ਗਈ ਜਦ ਬੀਰਭੂਮ ਕਤਲੇਆਮ ਦਾ ਮੁੱਦਾ ਵਿਧਾਨ ਸਭਾ ਵਿਚ ਗੂੰਜਿਆ। ਨਰਿੰਦਰ ਮੋਦੀ ਨਾਲ ਲੜਨ ਵਾਲੀ ਸ਼ੇਰਨੀ ਇਸ ਮਾਮਲੇ ਦੀ ਜਾਂਚ ਵਿਚ ਸੀਬੀਆਈ ਦਾ ਦਖ਼ਲ ਨਹੀਂ ਚਾਹੁੰਦੀ। ਪਰ ਜਦ ਕਤਲੇਆਮ ਦਾ ਕਾਰਨ ਸਿਆਸੀ ਨਾ ਹੋਵੇ ਤੇ ਦੋਵੇਂ ਧਿਰਾਂ ਟੀ.ਐਮ.ਸੀ. ਦੀਆਂ ਹੀ ਹੋਣ ਤਾਂ ਕੀ ਸੂਬਾ ਸਰਕਾਰ ਸਹੀ ਜਾਂਚ ਕਰਵਾ ਸਕਦੀ ਹੈ? ਬੰਗਾਲ ਵਿਚ ਮਾਰੇ ਜਾਣ ਵਾਲੇ ਲੋਕ ਇਕੋ ਪਾਰਟੀ ਟੀ.ਐਮ.ਸੀ. ਦੇ ਤਾਕਤਵਰ ਵਰਕਰ ਸਨ ਜਿਨ੍ਹਾਂ ਨੂੰ ਪਿਛਲੇ ਦਸ ਸਾਲਾਂ ਵਿਚ ਬਹੁਤ ਚੜ੍ਹਤ ਪ੍ਰਾਪਤ ਹੋਈ। ਕਿਸ ਤਰ੍ਹਾਂ ਹੋਈ, ਕਿਸ ਨੇ ਕਰਵਾਈ, ਕਿਉਂ ਕਰਵਾਈ,  ਇਹ ਹੁਣ ਏਨਾ ਮਹੱਤਵਪੂਰਨ ਨਹੀਂ ਰਿਹਾ ਪਰ ਹਾਦਸੇ ਦੇ ਵਾਪਰਨ ਮਗਰੋਂ ਜੋ ਕੁੱਝ ਸਿਆਸਤ ਵਿਚ ਹੋ ਰਿਹਾ ਹੈ, ਉਹ ਦਰਸਾਉਂਦਾ ਹੈ ਕਿ ਸਾਡੇ ਦੇਸ਼ ਵਿਚ ਨਫ਼ਰਤ ਤੇ ਗ਼ਰੀਬੀ, ਸਾਡੀ ਗੰਦੀ ਸਿਆਸਤ ਦੇ ਹਥਿਆਰ ਬਣਦੇ ਜਾ ਰਹੇ ਹਨ।

 

ਮਮਤਾ ਬੈਨਰਜੀ ਨੇ ਘਟਨਾ ਸਥੱਲ ਦਾ ਦੌਰਾ ਕੀਤਾ ਅਤੇ ਅਪਣੀ ਹੀ ਪਾਰਟੀ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਵਾਇਆ ਤੇ ਪੂਰੇ ਸੂਬੇ ਵਿਚ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਲਾਸ਼ੀ ਲੈ ਕੇ ਜ਼ਬਤ ਕਰਨ ਦੇ ਹੁਕਮ ਦੇ ਦਿਤੇ। ਇਸ ਦੇ ਬਾਵਜੂਦ ਕਲਕੱਤਾ ਹਾਈ ਕੋਰਟ ਨੇ ਸੀ.ਬੀ.ਆਈ. ਜਾਂਚ ਦੇ ਹੁਕਮ ਦੇ ਦਿਤੇ। ਹੁਣ ਨਾ ਮੁੱਖ ਮੰਤਰੀ ਦਾ ਨਿਆਂ ਪਾਲਿਕਾ, ਨਾ ਗਵਰਨਰ ਅਤੇ ਨਾ ਸੀ.ਬੀ.ਆਈ. ਤੇ ਭਰੋਸਾ ਹੈ ਅਤੇ ਨਾ ਹੀ ਉਨ੍ਹਾਂ ਸਾਰਿਆਂ ਦਾ ਮੁੱਖ ਮੰਤਰੀ ਉਤੇ। ਇਸੇ ਕਰ ਕੇ ਬੰਗਾਲ ਵਿਧਾਨ ਸਭਾ ਮੁਰਗੇ-ਮੁਰਗੀਆਂ ਦੀ ਲੜਾਈ ਦਾ ਅਖਾੜਾ ਬਣ ਗਈ।

 

ਜਿਸ ਤਰ੍ਹਾਂ ਬੰਗਾਲ ਵਿਚ ਲੜਾਈਆਂ ਹੋਈਆਂ ਇਸੇ ਤਰ੍ਹਾਂ ਯੂ.ਪੀ. ਵਿਚ ਬਾਬਰ ਨਾਮਕ ਇਕ ਮੁਸਲਮਾਨ ਨੂੰ ਉਸ ਦੇ ਗੁਆਂਢੀਆਂ ਦੀ ਫ਼ਿਰਕੂ ਭੀੜ ਨੇ ਯੋਗੀ ਦੀ ਜਿੱਤ ਮਨਾਉਣ ਬਦਲੇ ਮਾਰ ਮੁਕਾਇਆ। ਉਨ੍ਹਾਂ ਕੋਲੋਂ ਅਪਣੀ ਹਾਰ ਅਤੇ ਭਾਜਪਾ ਦੀ ਜਿੱਤ ਤੇ ਇਕ ਮੁਸਲਮਾਨ ਵਲੋਂ ਲੱਡੂ ਵੰਡਣਾ ਬਰਦਾਸ਼ਤ ਨਾ ਹੋਇਆ। ਇਸ ਦਾ ਮਤਲਬ ਇਹ ਹੈ ਕਿ ਉਸ ਇਲਾਕੇ ਦੇ ਮੁਸਲਮਾਨ, ਯੋਗੀ ਆਦਿਤਿਯਾਨਾਥ ਨੂੰ ਅਪਣੇ ਦੁਸ਼ਮਣ ਮੰਨਦੇ ਹਨ। ਸਰਕਾਰ ਪ੍ਰਤੀ ਨਫ਼ਰਤ ਪਾਲੀ ਬੈਠੇ ਲੋਕਾਂ ਤੋਂ ਇਕ ਮੁਸਲਮਾਨ ਵਲੋਂ ਮਨਾਈ ਜਾਂਦੀ ਖ਼ੁਸ਼ੀ ਵੇਖ ਕੇ ਜਰ ਨਾ ਹੋਇਆ ਤੇ ਉਨ੍ਹਾਂ ਨੇ ਖ਼ੁਸ਼ੀ ਮਨਾਉਣ ਵਾਲੇ ਨੂੰ ਕੋਠੇ ਤੋਂ ਥੱਲੇ ਸੁੱਟ ਕੇ ਮਾਰ ਦਿਤਾ।

 

ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਹਰ ਵਾਰ ਕਤਲ ਤਕ ਗੱਲ ਨਹੀਂ ਪੁਜਦੀ ਪਰ ਆਪਸੀ ਝੜਪਾਂ ਤੇ ਦੋਸਤੀ ਵਿਚ ਦਰਾੜਾਂ ਜ਼ਰੂਰ ਵੱਧ ਰਹੀਆਂ ਹਨ। ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਅਨੁਪਮ ਖੇਰ ਨੇ ਭੱਦੀ ਸ਼ਬਦਾਵਲੀ ਨਾਲ ਸੰਬੋਧਨ ਕੀਤਾ, ਉਹ ਸਾਡੀ ਸਹਿਣਸ਼ੀਲਤਾ ਦੇ ਡਿਗਦੇ ਮਿਆਰ ਦਾ ਪ੍ਰਤੀਕ ਹੈ। ਹਰ ਕੋਈ ਇਕ ਦੂਜੇ ਨੂੰ ਅਪਣਾ ਦੁਸ਼ਮਣ ਜਾਂ ਵਿਰੋਧੀ ਸਮਝਦਾ ਹੈ, ਖ਼ਾਸ ਕਰ ਕੇ ਵਿਰੋਧੀ ਸਿਆਸੀ ਸੋਚ ਰੱਖਣ ਵਾਲੇ। ਸਾਡੇ ਸਮਾਜ ਵਿਚ ਹਰ ਅਪਰਾਧ ਨੂੰ ਧਰਮ ਜਾਂ ਚੋਣਾਂ ਦੇ ਨਜ਼ਰੀਏ ਤੋਂ ਵੇਖਣ ਦੀ ਸੋਚ ਵਧਦੀ ਜਾ ਰਹੀ ਹੈ। ਇਹ ਸਾਡੇ ਆਗੂਆਂ ਤੋਂ ਸ਼ੁਰੂ ਹੋ ਕੇ ਗ਼ਰੀਬ ਬਸਤੀਆਂ ਤਕ ਵਿਚ ਨਜ਼ਰ ਆ ਰਹੀ ਹੈ। ਮਾਮਲਾ ਬੀਰਭੂਮ ਜਾਂ ਯੂ.ਪੀ. ਦੇ ਬਾਬਰ ਦੀ ਹਿੰਸਾ ਦਾ ਹੋਵੇ, ਕੀ ਅੱਜ ਅਸੀ ਕਿਸੇ ਵੀ ਮਾਮਲੇ ਵਿਚ ਅਪਣੇ ਆਗੂਆਂ ਜਾਂ ਨਿਆਂ ਪਾਲਿਕਾ ਤੇ ਵਿਸ਼ਵਾਸ ਕਰ ਸਕਦੇ ਹਾਂ?

ਦੇਸ਼ ਵਿਚ ਨਫ਼ਰਤ ਦਾ ਮਾਹੌਲ ਅਪਣਾ ਭੱਦਾ ਚਿਹਰਾ ਵਿਖਾ ਰਿਹਾ ਹੈ। ਇਹ ਕਿਸੇ ਇਕ ਵੱਡੀ ਭੀੜ ਤੋਂ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਹੁਣ ਸਾਡੇ ਸਮਾਜ ਵਿਚ ਵਿਚਰਦੇ ਲੀਡਰ ਅਪਣੇ ਆਪ ਵਿਚ ਹੀ ਇਕ ਭੀੜ ਹਨ। ਅਸੀ ਅੱਜ ਸਿਆਣੀ ਗੱਲ ਨਾ ਅਪਣੇ ਚੁਣੇ ਨੁਮਾਇੰਦਿਆਂ ਤੋਂ ਵਿਧਾਨ ਸਭਾ ਜਾਂ ਸਦਨ ਵਿਚ ਸੁਣ ਸਕਦੇ ਹਾਂ ਤੇ ਨਾ ਸਮਾਜ ਵਿਚ ਵੱਡੀਆਂ ਹਸਤੀਆਂ ਤੋਂ। ਕਦੇ ਸੋਚਿਆ ਨਹੀਂ ਸੀ ਕਿ ਇਕ ਨਫ਼ਰਤ ਉਗਲਦੀ ਦਿਮਾਗ਼ੀ ਤੌਰ ਤੇ ਬਿਮਾਰ ਕੰਗਨਾ ਰਣੋਤ ਨੂੰ ਦੇਸ਼ ਦੀ ਸੱਭ ਤੋਂ ਵੱਡੀ ਸੁਰੱਖਿਆ ਛਤਰੀ ਮਿਲ ਜਾਏਗੀ ਤੇ ਆਮ ਇਨਸਾਨ ਨੂੰ ਕੰਗਣਾ ਵਰਗਿਆਂ ਦੀ ਫੈਲਾਈ ਨਫ਼ਰਤ ਦੀ ਅੱਗ ਦਾ ਸੇਕ ਅਪਣੇ ਪਿੰਡੇ ’ਤੇ ਸਹਾਰਨਾ ਹੋਵੇਗਾ। 
- ਨਿਮਰਤ ਕੌਰ