ਅੰਮ੍ਰਿਤਪਾਲ ਸਿੰਘ ਵਲੋਂ ‘ਪ੍ਰਗਟ’ ਹੋਣ ਮਗਰੋਂ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੰਮ੍ਰਿਤਪਾਲ ਸਿੰਘ ਦੇ ਅਚਾਨਕ ‘ਪ੍ਰਗਟ’ ਹੋ ਜਾਣ ਨਾਲ ਬਹੁਤੀਆਂ ਗੱਲਾਂ ਬੀਤੇ ਸਮੇਂ ਦੀਆਂ ਗੱਲਾਂ ਬਣ ਜਾਂਦੀਆਂ ਹਨ।

Amritpal Singh

 

ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਕਾਰ ਸ਼ਬਦੀ ਜੰਗ  ਛਿੜ ਗਈ ਹੈ ਜੋ ਕਿ ਸਿਧਾਂਤਕ ਨਹੀਂ ਹੈ ਜਾਂ ਕਿਸੇ ਐਸੀ ਵਿਚਾਰਧਾਰਾ ਨੂੰ ਲੈ ਕੇ ਨਹੀਂ ਛਿੜੀ ਜਿਸ ਨਾਲ ਪੰਜਾਬ ਜਾਂ ਸਿੱਖ ਕੌਮ ਦਾ ਫ਼ਾਇਦਾ ਹੋਣ ਜਾ ਰਿਹਾ ਹੋਵੇ। ਖ਼ੈਰ, ਅੰਮ੍ਰਿਤਪਾਲ ਸਿੰਘ ਦੇ ਅਚਾਨਕ ‘ਪ੍ਰਗਟ’ ਹੋ ਜਾਣ ਨਾਲ ਬਹੁਤੀਆਂ ਗੱਲਾਂ ਬੀਤੇ ਸਮੇਂ ਦੀਆਂ ਗੱਲਾਂ ਬਣ ਜਾਂਦੀਆਂ ਹਨ। ਅੰਮ੍ਰਿਤਪਾਲ ਨੇ ਬਹਿਸ ਨੂੰ ਇਹ ਮੰਗ ਕਰ ਕੇ ਨਵਾਂ ਮੋੜ ਦੇ ਦਿਤਾ ਹੈ ਕਿ ਮਾਮਲਾ ਵਿਸਾਖੀ ਸਮੇਂ ਸਰਬੱਤ ਖ਼ਾਲਸਾ ਸੱਦ ਕੇ ਵਿਚਾਰਿਆ ਜਾਵੇ।

‘ਸਰਬੱਤ ਖ਼ਾਲਸਾ’, ਅੱਜ ਦੇ ਹਾਲਾਤ ਵਿਚ ਉਹੀ ਕੁੱਝ ਕਰੇਗਾ ਜੋ ਅਕਾਲ ਤਖ਼ਤ ’ਤੇ ਹੋਈ ਮੀਟਿੰਗ ਨੇ ਕੀਤਾ ਅਰਥਾਤ ਅਲਟੀਮੇਟਮ ਵਰਗੀਆਂ ਗੱਲਾਂ ਹੀ ਹੋਣਗੀਆਂ ਤੇ ਖ਼ੂਬ ਗਰਮੀ ਪੈਦਾ ਕੀਤੀ ਜਾਵੇਗੀ। ਸਿੱਖ ਕੌਮ ਦੇ ਵਿਦਵਾਨਾਂ ਨੂੰ ਸ਼ਾਂਤ ਮਾਹੌਲ ਵਿਚ ਚਰਚਾ ਕਰ ਕੇ ਨਿਰਣੇ ਲੈਣ ਯੋਗ ਬਣਾਉਣ ਦਾ ਮਾਹੌਲ ਬਿਲਕੁਲ ਵੀ ਨਹੀਂ ਬਣਾਇਆ ਜਾ ਸਕੇਗਾ। ਦੂਜਾ, ਸਚਮੁੱਚ ਦੇ ਗੰਭੀਰ ਵਿਦਵਾਨ ਜੋ ਸਿੱਖਾਂ ਦੇ ਭਵਿੱਖ ਬਾਰੇ ਚਿੰਤਿਤ ਹਨ, ਇਸ ਸਮੇਂ ਕਿਸੇ ਖਾੜਕੂ ਦੇ ਆਖੇ ਸੱਦੇ ਗਏ ‘ਸਰਬੱਤ ਖ਼ਾਲਸਾ’ ਵਿਚ ਸ਼ਾਮਲ ਹੋਣ ਲਈ ਤਿਆਰ ਹੋਣਗੇ ਵੀ, ਇਹ ਕਹਿਣਾ ਵੀ ਆਸਾਨ ਨਹੀਂ ਹੋਵੇਗਾ।

ਗੰਭੀਰ ਅਤੇ ਦੂਰ-ਦ੍ਰਿਸ਼ਟੀ ਵਾਲੇ ਸਿੱਖ ਵਿਦਵਾਨਾਂ ਦੀ ਚਿੰਤਾ ਇਸ ਵੇਲੇ ਇਹੀ ਹੈ ਕਿ ਹਾਲਾਤ ਉਹ ਮੋੜ ਲੈ ਲੈਣ ਜਿਸ ਦੇ ਨਤੀਜੇ ਵਜੋਂ :

  • 1984 ਵਾਲਾ ਘਲੂਘਾਰਾ ਮੁੜ ਤੋਂ ਨਾ ਵਾਪਰ ਸਕੇ।
  • ਅਕਾਲ ਤਖ਼ਤ ਦੀ ਨਿਗਰਾਨੀ ਹੇਠ ਅਕਾਲੀ ਪਾਰਟੀ ਅਰਥਾਤ ਪੰਥਕ ਪਾਰਟੀ ਮੁੜ ਤੋਂ ਅੰਮ੍ਰਿਤਸਰ ਵਿਖੇ ਟਿਕ ਕੇ, ਸਿੱਖ ਰਾਜਨੀਤੀ ਦੀਆਂ ਵਾਗਾਂ ਸੰਭਾਲ ਲਵੇ ਤੇ ਇਸ ਉਤੇ ਕਿਸੇ ਇਕ ਪ੍ਰਵਾਰ ਦਾ ਕਬਜ਼ਾ ਨਾ ਰਹਿਣ ਦਿਤਾ ਜਾਵੇ ਜਿਸ ਮਗਰੋਂ ਦੂਜੇ ਛੋਟੇ ਜੱਥੇ ਇਸ ਪੰਥਕ ਪਾਰਟੀ ਦੀ ਸਲਾਹ ਤੇ ਪ੍ਰਵਾਨਗੀ ਬਿਨਾਂ ਕੌਮ ਨੂੰ ਕੋਈ ਵਖਰਾ ਸੰਘਰਸ਼ੀ ਪ੍ਰੋਗਰਾਮ ਨਾ ਦੇ ਸਕੇ।
  • ਨਾਨਕ ਸਿਧਾਂਤ ਦੀ ਰੌਸ਼ਨੀ ਵਿਚ ਜਥੇਦਾਰ ਦੀਆਂ ਤਾਕਤਾਂ ਨਿਸ਼ਚਿਤ ਹੋਣ, ਸ਼੍ਰੋਮਣੀ ਕਮੇਟੀ ਨੂੰ ‘ਵੋਟ-ਰਾਜ’ ਤੋਂ ਮੁਕਤ ਕਰ ਕੇ ਸਚਮੁਚ ਦੀ ‘ਸਿੱਖ ਪਾਰਲੀਮੈਂਟ’ ਬਣਾ ਦਿਤਾ ਜਾਵੇ ਤਾਕਿ ਧਰਮ ਨੂੰ ‘ਵੋਟ’ ਦੀ ਅਧੀਨਗੀ ਤੋਂ ਮੁਕਤ ਕੀਤਾ ਜਾਵੇ ਜਿਵੇਂ ਕਿ ਦੁਨੀਆਂ ਦੇ ਬਾਕੀ ਸਾਰੇ ਧਰਮ ਇਸ ਧਰਮ-ਮਾਰੂ ਗੰਦੇ ਸਿਸਟਮ ਤੋਂ ਮੁਕਤ ਹਨ।
  • ਧਰਮ ਪ੍ਰਚਾਰ (ਹਕੀਕੀ ਧਰਮ ਪ੍ਰਚਾਰ) ਦੀ ਲਹਿਰ ਠਾਠਾਂ ਮਾਰਦੀ ਦਿਸੇ ਜਿਸ ਤੋਂ ਅਭਿੱਜ ਕੋਈ ਨਾ ਰਹਿ ਸਕੇ। ‘ਵੋਟਾਂ’ ਉਤੇ ਨਿਰਭਰ ਹੋਣ ਵਾਲੀ ਸ਼੍ਰੋਮਣੀ ਕਮੇਟੀ ਹਕੀਕੀ ਧਰਮ ਪ੍ਰਚਾਰ ਕਰ ਹੀ ਨਹੀਂ ਸਕਦੀ ਜਿਵੇਂ ਕਿ ਸੰਤ ਭਿੰਡਰਾਵਾਲਿਆਂ ਤੇ ਕਈ ਹੋਰਨਾਂ ਨੇ ਕਰ ਕੇ ਵਿਖਾਇਆ - ਖ਼ਾਸ ਤੌਰ ਤੇ ਸਿੱਖ ਵਿਰੋਧੀ ਸੰਪਰਦਾਵਾਂ ਜਿਵੇਂ ਸਫ਼ਲ ਹੋ ਕੇ ਵਿਖਾ ਚੁਕੀਆਂ ਹਨ।

ਹਾਲ ਦੀ ਘੜੀ ਇਸ ਮਸਲੇ ਤੇ ਜ਼ਿਆਦਾ ਕੁੱਝ ਨਹੀਂ ਕਹਿਣਾ ਚਾਹੀਦਾ ਤਾਕਿ ਗੰਭੀਰ ਹੋ ਕੇ, ਸ਼ਾਂਤ ਮਾਹੌਲ ਵਿਚ ਕੌਮ ਦੇ ਭਵਿੱਖ ਬਾਰੇ ਸੋਚਿਆ ਜਾ ਸਕੇ, ਸਿੱਖੀ ਤੇ ਇਸ ਦੀਆਂ ਸੰਸਥਾਵਾਂ ਹੋਰ ਬਲਵਾਨ ਹੋ ਕੇ ਨਿਤਰਨ ਜੋ ਗੁਰੂ ਨਾਨਕ ਸਾਹਿਬ ਦੇ ਲਾਏ ਬੂਟੇ ਨੂੰ ਨਾਨਕੀ ਸਿਧਾਂਤ ਦਾ ਸਾਫ਼ ਸੁਥਰਾ ਪਾਣੀ ਦੇ ਕੇ ਸੂਰਜ ਨਾਲੋਂ ਉੱਚਾ ਲਿਜਾ ਸਕਣ ਤੇ ਵਕਤੀ ਜਾਂ ਨਿਜੀ ਫ਼ਾਇਦਿਆਂ ਤਕ ਹੀ ਨਾ ਟਿਕੀਆਂ ਰਹਿਣ।              
- ਨਿਮਰਤ ਕੌਰ