ਗੁਰਦਾਸਪੁਰ : ਸਿਆਸੀ ਲੀਡਰ ਘਰ ਕਿਉਂ ਬੈਠੇ ਹਨ ਤੇ ਫ਼ਿਲਮੀ ਐਕਟਰਾਂ ਨੂੰ ਅੱਗੇ ਕਿਉਂ ਕਰ ਰਹੇ ਹਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਗੁਰਦਾਸਪੁਰ ਦਾ ਲੋਕ ਸਭਾ ਹਲਕਾ ਕਲ ਇਕ ਦਸਤਾਰ ਬੰਨ੍ਹੀ ਫ਼ਿਲਮੀ ਕਲਾਕਾਰ ਦੇ ਆਉਣ ਕਰ ਕੇ ਹਿਲ ਗਿਆ ਜਾਂ ਸਾਡੀ ਸਿਆਸੀ ਸੋਚ ਹੀ ਏਨੀ ਕਮਜ਼ੋਰ ਪੈ ਚੁੱਕੀ ਹੈ...

Pic-1

ਗੁਰਦਾਸਪੁਰ ਦਾ ਲੋਕ ਸਭਾ ਹਲਕਾ ਕਲ ਇਕ ਦਸਤਾਰ ਬੰਨ੍ਹੀ ਫ਼ਿਲਮੀ ਕਲਾਕਾਰ ਦੇ ਆਉਣ ਕਰ ਕੇ ਹਿਲ ਗਿਆ ਜਾਂ ਸਾਡੀ ਸਿਆਸੀ ਸੋਚ ਹੀ ਏਨੀ ਕਮਜ਼ੋਰ ਪੈ ਚੁੱਕੀ ਹੈ ਕਿ ਫ਼ਿਲਮੀ ਜਗਤ ਦੇ ਨਕਲੀ ਸਿਤਾਰੇ ਵੀ ਇਥੇ ਆ ਕੇ ਜਦੋਂ ਵੇਖਦੇ ਹਨ ਕਿ ਇਥੇ ਲੋਕ-ਲੀਡਰ ਤਾਂ ਰਿਹਾ ਕੋਈ ਨਹੀਂ, ਇਸ ਲਈ ਉਨ੍ਹਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਇਥੇ ਉਨ੍ਹਾਂ ਦੀ ਦਾਲ ਤਾਂ ਗੱਲ ਹੀ ਜਾਏਗੀ। ਅੱਤ ਦੀ ਗਰਮੀ ਵਿਚ ਲੋਕਾਂ ਦੀ ਭੀੜ ਸੰਨੀ ਦਿਉਲ ਨੂੰ ਸੁਣਨ ਲਈ ਉਡੀਕ ਲਾਈ ਬੈਠੀ ਰਹੀ ਅਤੇ ਲੋਕ ਟੀ.ਵੀ. ਅਤੇ ਸੋਸ਼ਲ ਮੀਡੀਆ ਤੇ ਉਸ ਦੇ ਫ਼ਿਲਮੀ ਡਾਇਲਾਗ ਸੁਣਨ ਲਈ ਕਮਲੇ ਹੋ ਰਹੇ ਸਨ।

ਜਿਥੇ ਗੁਰਦਾਸਪੁਰ ਤੇ ਬਾਕੀ ਪੰਜਾਬ ਵਿਚ ਵੀ ਲੋਕ ਇਸ 'ਸਿਤਾਰੇ' ਬਾਰੇ ਕਮਲੇ ਹੋਏ ਫਿਰਦੇ ਸਨ, ਉਥੇ ਜਿਸ ਮਹਾਂਨਗਰੀ ਮੁੰਬਈ ਤੋਂ ਸੰਨੀ ਆਏ ਹਨ, ਉਥੇ ਸਿਤਾਰਿਆਂ ਵਲੋਂ ਵਾਰ ਵਾਰ ਬੇਨਤੀਆਂ ਕਰਨ ਤੇ ਵੀ ਸਿਰਫ਼ 55% ਲੋਕ ਹੀ ਵੋਟ ਪਾਉਣ ਲਈ ਗਏ। ਜੋ ਲੋਕ ਸਿਤਾਰਿਆਂ ਨਾਲ ਰਹਿੰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਦੀ ਚਮਕ ਅੰਨ੍ਹਿਆਂ ਨਹੀਂ ਕਰਦੀ। ਉਹ ਜਾਣਦੇ ਹਨ ਕਿ ਇਨ੍ਹਾਂ 'ਚੋਂ ਕਈ ਕਲਾ ਦੇ ਧਨੀ ਵੀ ਹਨ ਪਰ ਇਨ੍ਹਾਂ ਦੀ ਕਲਾ ਇਕ ਕੀਮਤ ਦੇ ਕੇ ਖ਼ਰੀਦੀ ਵੀ ਜਾ ਸਕਦੀ ਹੈ। ਪਰ ਹਨ ਇਹ ਆਮ ਇਨਸਾਨ ਹੀ ਅਤੇ ਇਨ੍ਹਾਂ ਦੀ ਚਮਕ ਅਸਲੀ ਨਹੀਂ ਹੁੰਦੀ। 

ਸੰਨੀ ਦਿਉਲ ਨੇ ਅਪਣੇ ਪਹਿਲੇ ਭਾਸ਼ਣ ਵਿਚ ਸਾਫ਼-ਸਾਫ਼ ਕਹਿ ਦਿਤਾ ਸੀ ਕਿ ਨਾ ਉਨ੍ਹਾਂ ਨੂੰ ਸਿਆਸਤ ਆਉਂਦੀ ਹੈ ਅਤੇ ਨਾ ਉਨ੍ਹਾਂ ਨੂੰ ਗੁਰਦਾਸਪੁਰ ਬਾਰੇ ਕੁੱਝ ਪਤਾ ਹੀ ਹੈ ਅਤੇ ਨਾ ਉਹ ਇਥੋਂ ਦੇ ਲੋਕਾਂ ਦੇ ਮੁੱਦੇ ਜਾਣਦੇ ਹਨ ਤੇ ਉਹ ਸਿਰਫ਼ ਪ੍ਰਧਾਨ ਮੰਤਰੀ ਨੂੰ ਜਿਤਾਉਣ ਆਏ ਹਨ। ਇਹ ਸੱਭ ਆਖ ਕੇ ਉਹ ਵਾਪਸ ਮੁੰਬਈ ਪਰਤ ਗਏ ਅਤੇ ਫਿਰ 2 ਮਈ ਨੂੰ ਆਉਣਗੇ। ਉਨ੍ਹਾਂ ਨੂੰ ਅਪਣੇ ਕਿਸਮਤ ਦੇ ਸਿਤਾਰਿਆਂ ਉਤੇ ਏਨਾ ਵਿਸ਼ਵਾਸ ਹੈ ਕਿ ਉਹ ਸਮਝਦੇ ਹਨ ਕਿ ਉਨ੍ਹਾਂ ਵਾਸਤੇ 16-17 ਦਿਨ ਹੀ ਕਾਫੀ ਹਨ।

'ਬਾਰਡਰ' ਫ਼ਿਲਮ 'ਚ ਗਰਜਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਅਤੇ ਸੰਨੀ ਦਿਉਲ ਵਿਚ ਬਹੁਤ ਫ਼ਰਕ ਹੈ। ਇਕ ਸੱਚਾ ਫ਼ੌਜੀ ਸੀ ਅਤੇ ਦੂਜਾ ਇਕ ਵਧੀਆ ਕਲਾਕਾਰ ਤਾਂ ਹੈ ਪਰ ਭਾਜਪਾ ਵਾਲਿਆਂ ਨੂੰ ਕਿਉਂ ਲੱਗ ਰਿਹਾ ਹੈ ਕਿ ਉਹ ਸੰਨੀ ਦਿਉਲ ਦੀ ਫ਼ਿਲਮੀ ਚਮਕ ਦੇ ਸਹਾਰੇ ਹੀ ਚੋਣ ਜਿੱਤ ਲੈਣਗੇ? ਜਿਵੇਂ ਸੰਨੀ ਦਿਉਲ ਆਪ ਮੰਨਦੇ ਹਨ, ਉਨ੍ਹਾਂ ਨੂੰ ਗੁਰਦਾਸਪੁਰ ਦੀਆਂ ਸਮੱਸਿਆਵਾਂ ਬਾਰੇ ਕੁੱਝ ਵੀ ਨਹੀਂ ਪਤਾ, ਉਸੇ ਤਰ੍ਹਾਂ ਅੱਜ ਕੋਈ ਵੀ ਭਾਜਪਾ ਦਾ ਆਗੂ ਅਸਲ ਸਮੱਸਿਆਵਾਂ ਤੇ ਮੁੱਦਿਆਂ ਬਾਰੇ ਗੱਲ ਨਹੀਂ ਕਰ ਰਿਹਾ। ਜਾਂ ਤਾਂ 'ਮੋਦੀ ਜੀ ਦੀ ਸੈਨਾ' ਦੀ ਗੱਲ ਹੋ ਰਹੀ ਹੈ ਜਾਂ ਕਿਸੇ ਹੋਰ ਤਰ੍ਹਾਂ ਵੋਟਰਾਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ।

ਮੇਨਕਾ ਗਾਂਧੀ ਨੇ ਇਕ ਵਾਰੀ ਫਿਰ ਤੋਂ ਵੋਟਰਾਂ ਦੇ ਬੂਥਾਂ ਦੀਆਂ ਵੋਟਾਂ ਦੀ ਗਿਣਤੀ ਮੁਤਾਬਕ ਉਨ੍ਹਾਂ ਨੂੰ ਏ (80 ਤੋਂ ਵੱਧ) ਬੀ (60%), ਸੀ (40%), (20%) ਦੀਆਂ ਸ਼੍ਰੇਣੀਆਂ ਵਿਚ ਵੰਡਣ ਦੀ ਧਮਕੀ ਦਿਤੀ ਹੈ। ਅੰਮ੍ਰਿਤਸਰ ਦੇ ਹਰਦੀਪ ਸਿੰਘ ਪੁਰੀ ਆਖਦੇ ਹਨ ਕਿ ਮੈਂ ਮੰਤਰੀ ਹਾਂ, ਅਤੇ ਮੇਰੇ ਕੋਲ 1000 ਕਰੋੜ ਰੁਪਏ ਦਾ ਫ਼ੰਡ ਹੈ, ਜਿਸ ਦਾ ਮੈਂ ਇਸਤੇਮਾਲ ਨਹੀਂ ਕੀਤਾ ਅਤੇ ਮੈਨੂੰ (ਹਰਦੀਪ ਪੁਰੀ ਨੂੰ) ਵੋਟ ਪਾਈ ਤਾਂ ਜ਼ਾਹਰ ਹੈ ਕਿ ਉਸ ਪੈਸੇ ਦੀ ਵਰਤੋਂ ਮੇਰੀ ਮਰਜ਼ੀ ਮੁਤਾਬਕ ਹੋਵੇਗੀ। ਇਸੇ ਤਰ੍ਹਾਂ ਦੀਆਂ ਸੁਰਾਂ ਦੇਸ਼ ਭਰ 'ਚੋਂ ਨਿਕਲ ਕੇ ਆ ਰਹੀਆਂ ਹਨ। ਕੋਈ ਵੀ ਨੇਤਾ ਅੱਛੇ ਦਿਨ, ਨੌਕਰੀਆਂ, ਕਿਸਾਨਾਂ ਬਾਰੇ ਗੱਲ ਨਹੀਂ ਕਰ ਰਿਹਾ। 

ਭਾਜਪਾ ਸੰਨੀ ਦਿਉਲ, ਹੇਮਾ ਮਾਲਿਨੀ ਵਰਗੇ ਸਿਤਾਰਿਆਂ ਦੀ ਚਮਕ ਉਤੇ ਨਿਰਭਰ ਕਿਉਂ ਹੋ ਗਈ ਹੈ? ਕੀ ਉਹ ਸਮਝਦੀ ਹੈ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਏਨੀ ਕਮਜ਼ੋਰ ਰਹੀ ਹੈ ਕਿ ਉਨ੍ਹਾਂ ਕੋਲ ਅਪਣਾ ਢੰਡੋਰਾ ਪਿੱਟਣ ਲਈ ਇਕ ਵੀ ਪ੍ਰਾਪਤੀ ਨਹੀਂ ਹੈ ਜਿਸ ਕਾਰਨ ਉਹ ਸਿਤਾਰਿਆਂ ਦੀ ਮਦਦ ਲੈਣ ਲਈ ਮਜਬੂਰ ਹੋ ਰਹੀ ਹੈ? ਪਰ ਸਿਆਸਤਦਾਨਾਂ ਨਾਲੋਂ ਜ਼ਿਆਦਾ ਜਨਤਾ ਬਾਰੇ ਵੀ ਕੁੱਝ ਕਹਿਣਾ ਬਣਦਾ ਹੈ। ਕੀ ਅੱਜ ਪੰਜਾਬ ਦੇ ਨੌਜੁਆਨ ਏਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਇਕ  ਢਾਈ ਕਿੱਲੋ ਦਾ ਫ਼ਿਲਮੀ ਹੱਥ ਚਾਹੀਦਾ ਹੈ ਜੋ ਪੰਜਾਬ ਦੀ ਵਾਗਡੋਰ ਸੰਭਾਲ ਸਕੇ? ਕੀ ਜਨਤਾ ਏਨੀ ਭੋਲੀ ਹੈ ਕਿ ਵਿਨੋਦ ਖੰਨਾ ਤੋਂ ਬਾਅਦ ਉਹ ਹੁਣ ਸੰਨੀ ਦਿਉਲ ਨੂੰ ਮੌਕਾ ਦੇ ਦੇਵੇਗੀ?

ਸੰਨੀ ਦਿਉਲ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਹੁਣ ਪੱਗ ਬੰਨ੍ਹ ਕੇ ਆ ਰਹੇ ਹਨ ਜਦਕਿ ਉਹ ਸਿੱਖ ਹੀ ਨਹੀਂ ਹਨ। ਉਹ ਆਰੀਆ ਸਮਾਜੀ ਹਨ ਜੋ ਕਿ ਸਿੱਖੀ ਵਿਚ ਵਿਸ਼ਵਾਸ ਹੀ ਨਹੀਂ ਕਰਦੇ। ਕੀ ਦਸਤਾਰ ਨੂੰ ਇਕ ਭੇਖ ਵਾਂਗ ਇਸਤੇਮਾਲ ਕਰਨਾ ਗੁਰਦਾਸਪੁਰ ਅਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਪਹਿਲਾ ਯਤਨ ਨਹੀਂ?

ਅੱਜ ਕਾਂਗਰਸ ਅਪਣੇ ਰਵਾਇਤੀ ਮੁੱਦਿਆਂ ਨੂੰ ਹਵਾ ਦੇ ਰਹੀ ਹੈ, ਭਾਜਪਾ ਦੀਆਂ ਸੁਰਾਂ ਹਿੰਦੂਤਵ ਦੇ ਖ਼ਤਰੇ ਅਤੇ ਰਾਸ਼ਟਰਵਾਦ ਬਾਰੇ ਹਨ ਪਰ ਅਸਲ ਮੁੱਦਿਆਂ ਨੂੰ ਢੱਕਣ ਵਾਲਾ ਕੋਈ ਅਜਿਹਾ ਸਿਆਸਤਦਾਨ ਨਜ਼ਰ ਨਹੀਂ ਆ ਰਿਹਾ ਜੋ ਹਮਦਰਦੀ ਅਤੇ ਲੋਕਾਂ ਦੀ ਪ੍ਰਵਾਹ ਕਰਨ ਵਾਲਾ ਹੋਵੇ। ਇਨ੍ਹਾਂ ਹਾਲਾਤ 'ਚ ਕੀ ਸਿਤਾਰਿਆਂ ਦੀ ਚਮਕ ਨਾਲ ਵੋਟ ਮਿਲ ਜਾਵੇਗੀ? ਲੋਕਾਂ ਦੇ ਫ਼ੈਸਲੇ ਦੀ ਉਡੀਕ ਰਹੇਗੀ।  -ਨਿਮਰਤ ਕੌਰ