ਸੰਪਾਦਕੀ: ਅਮਰੀਕੀ ਤੇ ਚੀਨੀ ਆਗੂ ਅਪਣੇ ਲੋਕਾਂ ਨਾਲ ਕੀਤੇ ਵਾਅਦੇ ਕਰਨ ਵਿਚ ਬਹੁਤ ਅੱਗੇ ਤੇ ਭਾਰਤੀ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਮਰੀਕਾ, ਚੀਨ ਤੇ ਭਾਰਤ ਦੇ ਆਗੂ

Joe Biden and Xi Jinping

ਅਮਰੀਕਾ ਦੇ ਦੋਹਾਂ ਸਦਨਾਂ ਵਿਚ ਰਾਸ਼ਟਰਪਤੀ ਜੋਅ ਬਾਈਡਨ ਨੂੰ ਬੋਲਦਿਆਂ ਸੁਣ ਕੇ ਇਹ ਸਮਝ ਵਿਚ ਆਉਂਦਾ ਹੈ ਕਿ ਇਹ ਦੇਸ਼ ਦੁਨੀਆਂ ਦਾ ਸੱਭ ਤੋਂ ਤਾਕਤਵਰ ਦੇਸ਼ ਕਿਉਂ ਹੈ। ਇਸ ਸਮੇਂ ਦੇਸ਼ ਵਿਚ ਉਹ ਅਪਣੇ ਚੋਣ ਵਾਅਦਿਆਂ ਅਨੁਸਾਰ ਸਾਰੇ ਬਿਲ ਲੈ ਕੇ ਆਏ ਤੇ ਅਪਣੇ ਲੋਕਾਂ ਨਾਲ ਕੀਤੇ ਅਪਣੇ ਵਾਅਦੇ ਪੂਰੇ ਕਰ ਵਿਖਾਏ। ਅਮਰੀਕਾ ਵਿਚ 100 ਦਿਨਾਂ ਦੌਰਾਨ ਤਕਰੀਬਨ 70 ਫ਼ੀ ਸਦੀ ਆਬਾਦੀ ਦਾ ਕੋਵਿਡ ਟੀਕਾਕਰਨ ਪੂਰਾ ਕਰ ਕੇ ਉਨ੍ਹਾਂ ਅਪਣੇ ਦੇਸ਼ ਨੂੰ ਮੁੜ ਤੋਂ ਲੀਹ ’ਤੇ ਲਿਆ ਦਿਤਾ ਹੈ। ਦੇਸ਼ ਦੇ 80 ਫ਼ੀ ਸਦੀ ਬਜ਼ੁਰਗਾਂ ਦਾ ਟੀਕਾਕਰਨ ਕਰ ਕੇ ਉਨ੍ਹਾਂ ਨੇ ਅਪਣੀ ਕਮਜ਼ੋਰ ਆਬਾਦੀ ਨੂੰ ਵੀ ਸੁਰੱਖਿਅਤ ਕਰ ਲਿਆ ਹੈ।

ਇਹੀ ਨਹੀਂ ਉਨ੍ਹਾਂ ਨੇ ਅਮਰੀਕਾ ਵਿਚ ਗੰਨ ਕਲਚਰ ’ਤੇ ਕਾਬੂ ਪਾਉਣ, ਅਮੀਰਾਂ ਦਾ ਟੈਕਸ ਵਧਾਉਣ ਅਤੇ ਪਰਵਾਸੀਆਂ ਲਈ ਕਾਨੂੰਨਾਂ ਵਿਚ ਸੁਧਾਰ ਲਿਆਉਣ ਵਰਗੇ ਅਪਣੇ ਸਾਰੇ ਚੋਣ ਵਾਅਦੇ ਬਿਲਾਂ ਦੇ ਰੂਪ ਵਿਚ, ਅਮਰੀਕੀ ਸੰਸਦ ਵਿਚ ਪੇਸ਼ ਕਰ ਦਿਤੇ। ਪਰ ਸ਼ੁਰੂਆਤ ਵਿਚ ਹੀ ਉਨ੍ਹਾਂ ਨੇ ਮਹਿਲਾ ਉਪ ਰਾਸ਼ਟਰਪਤੀ ਤੇ ਮਹਿਲਾ ਸਪੀਕਰ ਨੂੰ ਸੰਬੋਧਨ ਕਰਦੇ ਆਖਿਆ ਕਿ ਉਹ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਔਰਤਾਂ ਨੂੰ ਇਨ੍ਹਾਂ ਅਹੁਦਿਆਂ ਤੇ ਸੁਸ਼ੋਭਤ ਹੋਣ ਦਾ ਮੌਕਾ ਦਿਤਾ ਹੈ।
ਕੀ ਅਸੀ ਸੋਚ ਸਕਦੇ ਹਾਂ ਕਿ ਭਾਰਤ ਵਿਚ ਵੀ ਕਦੇ ਅਜਿਹੇ ਸਿਆਸਤਦਾਨ ਆਉਣਗੇ ਜੋ ਕੁਰਸੀ ਤੇ ਬੈਠਦਿਆਂ ਹੀ ਲੋਕਾਂ ਨਾਲ ਕੀਤੇ ਅਪਣੇ ਸਾਰੇ ਵਾਅਦੇ ਪੂਰੇ ਕਰ ਵਿਖਾਉਣਗੇ ਤੇ ਇਹ ਨਹੀਂ ਕਹਿਣਗੇ ਕਿ ਉਨ੍ਹਾਂ ਨੇ ਤਾਂ ਐਵੇਂ ਜੁਮਲੇ ਸੁੱਟੇ ਸੀ? ਕੀ ਉਹ ਵੀ ਆਮ ਆਦਮੀ ਨਾਲ ਕੀਤੇ ਵਾਅਦੇ ਪੂਰੇ ਕਰਨਗੇ ਨਾਕਿ ਅਪਣੇ ਖਾਸਮ ਖਾਸ ਲੋਕਾਂ ਦੇ ਹੀ? ਇਹ ਤਾਂ ਖਾਸਮ ਖਾਸ ਦੀ ਪਰਿਭਾਸ਼ਾ ਬਦਲਣ ਵਾਲੀ ਸਿਆਸਤ ਹੈ। ਜੇ ਆਮ ਇਨਸਾਨ ਨਾਲ ਕੀਤੇ ਵਾਅਦੇ ਪੂਰੇ ਹੋ ਜਾਣ ਤਾਂ ਫਿਰ ਉਹ ਆਮ ਨਹੀਂ, ਖ਼ਾਸਮ ਖ਼ਾਸ ਹੀ ਬਣ ਗਿਆ।

ਅਮਰੀਕਾ ਦੇ ਇਨ੍ਹਾਂ ਸਿਆਸਤਦਾਨਾਂ ਵਲ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਭਾਵੇਂ ਇਹ ਵੀ ਹਨ ਤਾਂ ਇਨਸਾਨ ਹੀ ਪਰ ਇਨ੍ਹਾਂ ਵਿਚ ਅਜਿਹੀ ਸੋਚ ਕਿਸ ਤਰ੍ਹਾਂ ਪੈਦਾ ਹੋ ਜਾਂਦੀ ਹੈ? ਇਹ ਆਗੂ ਹਮਦਰਦ ਹਨ, ਦੂਰ ਅੰਦੇਸ਼ ਹਨ ਤੇ ਅਪਣੇ ਫ਼ਰਜ਼ਾਂ ’ਤੇ ਅਮਲ ਕਰਨ ਵਾਲੇ ਹਨ। ਦੁਨੀਆਂ ਦੀ ਦੂਸਰੀ ਤਾਕਤ, ਜਿਸ ਨਾਲ ਭਾਰਤ ਅਕਸਰ ਅਪਣਾ ਮੁਕਾਬਲਾ ਕਰਦਾ ਹੈ, ਉਹ ਦੇਸ਼, ਚੀਨ ਕਠੋਰ ਤੇ ਤਾਨਾਸ਼ਾਹ ਜ਼ਰੂਰ ਹੈ ਪਰ ਦੂਰ ਅੰਦੇਸ਼ੀ ਸੋਚ ਤੇ ਨੀਤੀ ਨਾਲ ਉਸ ਨੇ ਬੜੀਆਂ ਮੱਲਾਂ ਮਾਰ ਵਿਖਾਈਆਂ ਹਨ, ਖ਼ਾਸ ਕਰ ਕੇ ਅਪਣੀ ਆਰਥਕ ਤਾਕਤ ਵਧਾਉਣ ਦੇ ਮਾਮਲੇ ਵਿਚ ਅਤੇ ਅੱਜ ਉਨ੍ਹਾਂ ਦੀ ਛਾਲਾਂ ਮਾਰ ਕੇ ਵਧਦੀ ਆਬਾਦੀ ਪੰਜ ਦਹਾਕਿਆਂ ਦੀ ਮਿਹਨਤ ਤੋਂ ਬਾਅਦ ਕਾਬੂ ਹੇਠ ਆ ਗਈ ਹੈ।

2022 ਵਿਚ ਭਾਰਤ ਦੁਨੀਆਂ ਦਾ ਸੱਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੋਣ ਦੀ ਸ਼ੇਖ਼ੀ ਮਾਰ ਸਕਦਾ ਹੈ। ਭਾਰਤ ਚੀਨ ਦੀ ਤਾਕਤ ਨੂੰ ਚੁਨੌਤੀ ਨਹੀਂ ਦੇ ਸਕਿਆ ਪਰ ਚੀਨ ਅਪਣੀ ਸਿਆਣਪ ਤੇ ਦੂਰ ਅੰਦੇਸ਼ੀ ਸੋਚ ਸਦਕਾ ਦੁਨੀਆਂ ਦਾ ਹੁਣ ਸੱਭ ਤੋਂ ਵੱਡਾ ਲੋਕਤੰਤਰ ਬਣ ਜਾਵੇਗਾ। ਭਾਰਤ ਦੇ ਸਿਆਸਤਦਾਨ ਇਸ ਨੂੰ ਅਪਣੀ ਸਫ਼ਲਤਾ ਦਸਣਗੇ ਜਦਕਿ ਭਾਰਤ ਵਿਚ ਅਣਐਲਾਨੀ ਗ਼ੁਲਾਮੀ ਦਾ ਕਾਰਨ ਵੀ ਇਹੀ ਹੈ। ਸਾਡਾ ਦੇਸ਼ ਜਨਸੰਖਿਆ ਪੱਖੋਂ ਅੱਗੇ ਵਧ ਰਿਹਾ ਹੈ ਪਰ ਅਪਣੀ ਆਬਾਦੀ ਦੇ ਭਾਰ ਹੇਠ ਅਸੀ ਹੇਠਾਂ ਨੂੰ ਧਸਦੇ ਜਾ ਰਹੇ ਹਾਂ। ਤੁਸੀ ਸਾਡੇ ਅਰਥ ਸ਼ਾਸਤਰੀਆਂ ਤੇ ਲੀਡਰਾਂ ਦੇ 5 ਮਿਲੀਅਨ ਵਲ ਨਾ ਵੇਖੋ, ਤੁਸੀ ਵੇਖੋ ਕਿ ਇਕ ਆਮ ਇਨਸਾਨ ਦੀ ਜੇਬ ਵਿਚ ਕੀ ਆਉਂਦਾ ਹੈ।

ਤੁਹਾਡੀ ਆਮ ਰੋਜ਼ਾਨਾ ਜ਼ਿੰਦਗੀ ਵਿਚ ਸਰਕਾਰ ਤੁਹਾਨੂੰ ਕੀ ਸਹੂਲਤਾਂ ਦੇ ਰਹੀ ਹੈ, ਜਿਸ ਨਾਲ ਤੁਸੀ ਇਕ ਸਾਫ਼ ਵਾਤਾਵਰਣ ਵਿਚ ਰਹਿ ਸਕੇ ਅਤੇ ਜਿਥੇ ਕਾਨੂੰਨ ਤੇ ਨਿਆਂ ਵਿਕਾਊ ਨਾ ਹੋਵੇ। ਤੁਹਾਡੇ ਅਤੇ ਅਮੀਰ ਇਨਸਾਨ ਵਿਚ ਨਿਆਂ ਲੈਣ ਦੀ ਸ਼ਕਤੀ ਵਿਚ ਕੋਈ ਫ਼ਰਕ ਹੈ ਜਾਂ ਨਹੀਂ? ਕੀ ਅਮੀਰ-ਗ਼ਰੀਬ ਵਿਚ ਮੌਕਿਆਂ ਦੀ ਬਰਾਬਰੀ ਹੈ? ਕੀ ਤੁਹਾਨੂੰ ਕਿਸੇ ਸਿਆਸਤਦਾਨ ਅੰਦਰ ਦੂਰ ਅੰਦੇਸ਼ੀ ਸੋਚ ਵੀ ਨਜ਼ਰ ਆਉਂਦੀ ਹੈ? ਸਾਡੇ ਸਮਾਜ ਵਿਚ ਅਜਿਹੀਆਂ ਤਾਕਤਾਂ ਹਨ ਜੋ ਅਪਣੀਆਂ ਆਉਣ ਵਾਲੀਆਂ ਚਾਰ ਪੀੜ੍ਹੀਆਂ ਲਈ ਧਨ ਇਕੱਠਾ ਕਰ ਸਕਦੀਆਂ ਹਨ ਪਰ ਆਮ ਇਨਸਾਨ ਲਈ ਇਕ ਕਦਮ ਵੀ ਨਹੀਂ ਚੁੱਕ ਸਕਦੀਆਂ।

ਇਹ ਅਜਿਹੀਆਂ ਤਾਕਤਾਂ ਹਨ ਜੋ ਆਮ ਇਨਸਾਨ ਨੂੰ ਆਕਸੀਜਨ ਦੇਣ ਦਾ ਜਿਗਰਾ ਨਹੀਂ ਰਖਦੀਆਂ ਕਿਉਂਕਿ ਇਨ੍ਹਾਂ ਅੰਦਰ ਸਿਆਸੀ ਮਤਭੇਦ ਭਾਰੂ ਹੋਏ ਪਏ ਹਨ। ਸਾਡੇ ਦੇਸ਼ ਦੇ ਸਿਆਸਤਦਾਨਾਂ ਵਿਚ ਅਸਲ ਵਿਚ ਦੇਸ਼ ਪ੍ਰੇਮ ਹੈ ਹੀ ਨਹੀਂ ਕਿਉਂਕਿ ਉਹ ਸਿਰਫ਼ ਅਪਣੇ ਆਪ ਦੀ ਚੜ੍ਹਤ ਵੇਖਣ ਦੀ ਦੌੜ ਵਿਚ ਲੱਗੇ ਹੋਏ ਹਨ। ਫਿਰ ਬਦਲਾਅ ਕਿਸ ਤਰ੍ਹਾਂ ਆਵੇਗਾ? ਇਸ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਜੇ ਇਹੀ ਹਾਲ ਰਿਹਾ ਤਾਂ ਭਾਰਤ ਕਦੇ ਵੀ ਤਰੱਕੀ ਦੇ ਰਾਹ ’ਤੇ ਨਹੀਂ ਪੈ ਸਕੇਗਾ।           - ਨਿਮਰਤ ਕੌਰ