ਹਾਰ ਤੋਂ ਬਾਅਦ ਦਾ ਅਕਾਲੀ ਦਲ : ਦੂਜੀਆਂ ਪਾਰਟੀਆਂ ਵਰਗੀ ਹੀ ਹਾਲਤ ਹੈ
ਚੋਣਾਂ ਦੇ ਨਤੀਜਿਆਂ ਕਾਰਨ ਜਿਥੇ ਹਰ ਕਮਜ਼ੋਰ ਪਾਰਟੀ ਅਪਣੇ ਅੰਦਰ ਝਾਕ ਕੇ ਅਪਣੀਆਂ ਗ਼ਲਤੀਆਂ ਲੱਭ ਰਹੀ ਹੈ, ਅਕਾਲੀ ਦਲ ਦੇ ਅੰਦਰ ਮੰਥਨ ਕਰਨ ਦੇ ਸੁਝਾਅ ਨਾਲ ਹੀ...
ਚੋਣਾਂ ਦੇ ਨਤੀਜਿਆਂ ਕਾਰਨ ਜਿਥੇ ਹਰ ਕਮਜ਼ੋਰ ਪਾਰਟੀ ਅਪਣੇ ਅੰਦਰ ਝਾਕ ਕੇ ਅਪਣੀਆਂ ਗ਼ਲਤੀਆਂ ਲੱਭ ਰਹੀ ਹੈ, ਅਕਾਲੀ ਦਲ ਦੇ ਅੰਦਰ ਮੰਥਨ ਕਰਨ ਦੇ ਸੁਝਾਅ ਨਾਲ ਹੀ ਪਾਰਟੀ ਵਿਚ ਲੜਾਈਆਂ ਸ਼ੁਰੂ ਹੋ ਗਈਆਂ ਹਨ। ਮਨਜੀਤ ਸਿੰਘ ਜੀ.ਕੇ., ਦਿੱਲੀ ਗੁਰਦਵਾਰਾ ਕਮੇਟੀ 'ਚੋਂ ਅਪਣੇ ਵਿਰੁਧ ਭ੍ਰਿਸ਼ਟਚਾਰ ਦੇ ਇਲਜ਼ਾਮਾਂ ਕਾਰਨ ਅਸਤੀਫ਼ਾ ਦੇ ਕੇ ਕਈ ਮਹੀਨਿਆਂ ਤੋਂ ਘਰ ਬੈਠੇ ਸਨ ਪਰ ਚੋਣਾਂ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਦੀ ਹਾਰ ਨੂੰ ਸ਼ਰਮਨਾਕ ਹਾਰ ਦੱਸ ਕੇ, ਇਸ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਆਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿਤਾ ਗਿਆ।
ਹੁਣ ਮੁੜ ਤੋਂ ਸਾਰੀਆਂ ਅੰਦਰ ਦੀਆਂ ਗੱਲਾਂ ਬਾਹਰ ਕਢੀਆਂ ਜਾ ਰਹੀਆਂ ਹਨ। ਸੌਦਾ ਸਾਧ ਨੂੰ ਮਾਫ਼ੀ ਦੇਣੀ ਗ਼ਲਤ ਸੀ, ਕਿਸ ਨੇ ਦਿਤੀ? ਬਰਗਾੜੀ 'ਚ ਗੋਲੀਆਂ ਚੱਲਣ ਦਾ ਕਾਰਨ ਕੀ ਸੀ ਅਤੇ ਫਿਰ ਗੁਰੂ ਘਰ ਦੇ ਲੰਗਰਾਂ ਦੇ ਕਰੋੜਾਂ ਖ਼ਰਚੇ ਅਤੇ ਘਪਲੇ। ਸਿਆਸੀ ਰੈਲੀਆਂ ਅਤੇ ਲੰਗਰਾਂ ਦੀ ਵਰਤੋਂ ਅਤੇ ਫਿਰ ਪ੍ਰਧਾਨ ਦੀ ਆਪਸੀ ਤੂੰ ਤੂੰ-ਮੈਂ ਮੈਂ। ਜਿਸ ਨੂੰ ਵੀ ਬਾਹਰ ਕਢਿਆ ਜਾਂਦਾ ਹੈ, ਉਹ ਅੰਦਰ ਦਾ ਸੱਚ ਦੱਸਣ ਲਗਦਾ ਹੈ। 'ਸਮਾਂ ਆਉਣ ਤੇ' ਸੱਭ ਕੁੱਝ ਦੱਸਣਗੇ, ਆਖਦੇ ਹਨ ਮਨਜੀਤ ਸਿੰਘ ਜੀ.ਕੇ.। ਕਿਹੜੇ ਸਮੇਂ ਦੀ ਗੱਲ ਕਰਦੇ ਹਨ? ਜਦੋਂ ਉਹ ਗੁਰੂ ਘਰਾਂ ਦੇ ਮੁੱਖ ਸੇਵਾਦਾਰ ਹੋਣ ਨਾਤੇ, ਸੱਭ ਕੁੱਝ ਵੇਖ ਰਹੇ ਸਨ ਅਤੇ ਉਨ੍ਹਾਂ ਸਾਹਮਣੇ ਕਰੋੜਾਂ ਦੇ ਘਪਲੇ ਹੋ ਰਹੇ ਸਨ, ਉਦੋਂ ਕਿਉਂ ਨਾ ਬੋਲੇ?
ਇਸੇ ਤਰ੍ਹਾਂ ਟਕਸਾਲੀ ਆਗੂ ਅਕਾਲੀ ਦਲ 'ਚੋਂ ਬਾਹਰ ਆਏ ਸਨ ਅਤੇ ਕਈ ਗੱਲਾਂ ਆਖੀਆਂ ਸਨ ਪਰ ਉਨ੍ਹਾਂ ਦੀ ਗੱਲ ਦਾ ਕੋਈ ਵੱਡਾ ਅਸਰ ਨਾ ਹੋਇਆ ਕਿਉਂਕਿ ਬੜੀ ਦੇਰ ਬਾਅਦ ਆਏ ਸਨ। ਇਨ੍ਹਾਂ 'ਚੋਂ ਕੋਈ ਉਸ ਸਮੇਂ ਨਹੀਂ ਸੀ ਬੋਲਿਆ ਜਦੋਂ ਸੌਦਾ ਸਾਧ ਨੂੰ ਮਾਫ਼ੀ ਦਿਤੀ ਗਈ ਸੀ ਅਤੇ ਲੱਖਾਂ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚੋਂ ਯਾਨੀ ਕਿ ਸਿੱਖਾਂ ਦੀ ਗੋਲਕ 'ਚੋਂ ਖ਼ਰਚ ਕੇ ਸੌਦਾ ਸਾਧ ਦੇ ਨਿਰਦੋਸ਼ ਹੋਣ ਬਾਰੇ ਛਾਪੇ ਗਏ ਸਨ। ਇਨ੍ਹਾਂ 'ਚੋਂ ਕੋਈ ਉਸ ਦਿਨ ਨਹੀਂ ਬੋਲਿਆ ਜਦੋਂ ਕਿਸੇ ਗੁਰੂ ਘਰ ਤੋਂ ਲੰਗਰ ਲੈ ਕੇ ਰੈਲੀ ਵਲ ਗੱਡੀ ਨਿਕਲਦੀ ਹੈ। ਇਨ੍ਹਾਂ 'ਚੋਂ ਕੋਈ ਉਸ ਦਿਨ ਨਹੀਂ ਬੋਲਦਾ ਜਦੋਂ ਗੋਲਕ ਵਿਚ ਪਿਆ ਆਮ ਸਿੱਖਾਂ ਦਾ ਰੁਪਿਆ ਜੋੜ ਜੋੜ ਕੇ ਸਿੱਖ ਧਰਮ ਵਿਰੁਧ ਹੀ ਵਰਤਿਆ ਜਾਂਦਾ ਹੈ।
ਅੱਜ ਵੀ ਕੋਈ ਇਹ ਨਹੀਂ ਆਖਦਾ ਕਿ ਗੁਰੂ ਨਾਨਕ ਦੀ ਸੋਚ ਵਿਰੁਧ ਜਾ ਕੇ 'ਨਕਲੀ ਨਾਨਕਸ਼ਾਹੀ ਕੈਲੰਡਰ' ਰਾਹੀਂ ਸਿੱਖ ਕੌਮ 'ਚ ਉਹ ਗ਼ਲਤ ਰੀਤਾਂ ਵਾੜੀਆਂ ਜਾ ਰਹੀਆਂ ਹਨ ਜੋ ਧਰਮ ਦੀ ਬੁਨਿਆਦ ਨੂੰ ਹੀ ਖੋਖਲਾ ਕਰ ਰਹੀਆਂ ਹਨ। ਬਸ ਜਦੋਂ ਸਿਆਸੀ ਚੜ੍ਹਤ ਫਿੱਕੀ ਪੈਂਦੀ ਦਿਸਦੀ ਹੈ ਤਾਂ ਫਿਰ ਸੱਭ ਕੁੱਝ ਬਾਹਰ ਆਉਣ ਲਗਦਾ ਹੈ। ਕਿਸੇ ਨੂੰ ਸੀਟ ਨਹੀਂ ਮਿਲੀ ਤਾਂ ਕੁੱਝ ਬੋਲ ਦਿਤਾ, ਕਿਸੇ ਨੂੰ ਪ੍ਰਧਾਨਗੀ ਤੋਂ ਹਟਾ ਦਿਤਾ ਤਾਂ ਕੁੱਝ ਬੋਲ ਦਿਤਾ। ਪਹਿਲਾਂ ਸਿਰਫ਼ ਗੋਲਕ ਦੇ ਲਾਲਚ 'ਚ ਪਾਪ ਦੇ ਪੰਘੂੜੇ ਵਿਚ ਬੈਠੇ ਝੂਟੇ ਲੈਂਦੇ ਰਹਿੰਦੇ ਹਨ, ਹੁਣ ਕੁਰਸੀ ਹੀ ਸੱਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੀ ਹੈ।
ਪਹਿਲਾਂ ਗੁਰੂ ਘਰਾਂ ਉਤੇ ਕਬਜ਼ਾ, ਗੋਲਕ ਵਾਸਤੇ ਕੀਤਾ ਜਾਂਦਾ ਹੈ ਅਤੇ ਫਿਰ ਸਿਆਸਤ ਵਿਚ ਜਾਣ ਵਾਸਤੇ ਗੋਲਕ ਦੇ ਇਸ ਪੈਸੇ ਦਾ ਇਸਤੇਮਾਲ ਕੀਤਾ ਜਾਣ ਲਗਦਾ ਹੈ ਅਤੇ ਨਾਲ ਨਾਲ ਸਿੱਖ ਧਰਮ ਦੀ ਸੋਚ ਨੂੰ ਹੀ ਵੇਚ ਦਿਤਾ ਜਾਂਦਾ ਹੈ। ਲੱਖਾਂ ਸਿੱਖ ਰੋਜ਼ ਦਰਬਾਰ ਸਾਹਿਬ ਜਾਂਦੇ ਹਨ, ਕਿੰਨਿਆਂ ਨੂੰ ਚੁਭਿਆ ਕਿ ਉਥੇ ਜੋ ਮੀਨਾਕਾਰੀ ਕੀਤੀ ਗਈ ਹੈ, ਉਹ ਪੂਰੀ ਤਰ੍ਹਾਂ ਗ਼ਲਤ ਹੈ? ਬਾਬਿਆਂ ਵਲੋਂ ਬ੍ਰਾਹਮਣਵਾਦ ਦਾ ਪ੍ਰਚਾਰ ਨਕਾਸ਼ੀ ਰਾਹੀਂ ਹੋ ਰਿਹਾ ਹੈ। ਸੱਭ ਚੁਪਚਾਪ ਅਪਣੀ ਅਪਣੀ ਕੁਰਸੀ ਦੀ ਪਹਿਰੇਦਾਰੀ ਕਰ ਰਹੇ ਹਨ, ਨਾਕਿ ਸਿੱਖ ਫ਼ਲਸਫ਼ੇ ਦੀ। ਹਾਲ ਹੀ ਵਿਚ ਗੁਜਰਾਤ 'ਚ ਬਾਬਾ ਨਾਨਕ ਦੀ ਮੂਰਤੀ ਦੀ ਸਥਾਪਨਾ ਦੀ ਖ਼ਬਰ ਆ ਰਹੀ ਸੀ, ਕੋਈ ਬੋਲਿਆ?
ਕਿਸੇ ਹੋਰ ਨੂੰ ਸਿਆਸੀ ਨੁਕਸਾਨ ਹੋਵੇਗਾ ਤਾਂ ਹੀ ਕੋਈ ਬੋਲੇਗਾ ਨਹੀਂ ਤਾਂ ਸੱਭ ਅੰਦਰੋਂ ਮਿਲੇ ਹੋਏ ਹਨ। ਬਾਦਲ ਪ੍ਰਵਾਰ ਦੇ ਮੁਖੀ ਹਨ ਤਾਂ ਸੱਭ ਤੋਂ ਜ਼ਿਆਦਾ ਇਲਜ਼ਾਮ ਉਨ੍ਹਾਂ ਦੇ ਮੱਥੇ ਮੜ੍ਹਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਮੁਖੀ ਵੀ ਤਾਂ ਇਨ੍ਹਾਂ ਸੱਭ ਨੇ ਮਿਲ ਕੇ ਬਣਾਇਆ ਸੀ। ਫਿਰ ਕਿਸ ਉਤੇ ਭਰੋਸਾ ਕੀਤਾ ਜਾਵੇ? ਅਸਲ ਜ਼ਿੰਮੇਵਾਰੀ ਕਿਸ ਦੀ ਹੈ? 'ਸਮਾਂ' ਆ ਚੁੱਕਾ ਹੈ ਕਿ ਹੁਣ ਇਨ੍ਹਾਂ ਆਪਸੀ ਝੜਪਾਂ, ਗੰਦੀ ਸਿਆਸਤ, ਲੰਗਰਾਂ ਦੀ ਚੋਰੀ ਦੇ ਇਲਜ਼ਾਮਾਂ ਤੋਂ ਧਰਮ ਨੂੰ ਬਚਾਇਆ ਜਾਵੇ। ਸਾਰੀ ਦੁਨੀਆਂ ਸਾਹਮਣੇ ਕਿਸ ਤਰ੍ਹਾਂ ਦਾ ਅਕਸ ਬਣਾਇਆ ਜਾ ਰਿਹਾ ਹੈ? ਇਕ ਅਜਿਹੀ ਕੌਮ ਜੋ ਸਿਆਸੀ ਲਾਭਾਂ ਲਈ ਗੁਰੂ ਦੀ ਗੋਲਕ ਵਰਤ ਕੇ ਸਬਜ਼ੀਆਂ ਦੀ ਚੋਰੀ ਕਰਨ ਤੋਂ ਵੀ ਨਹੀਂ ਡਰਦੀ? - ਨਿਮਰਤ ਕੌਰ