ਟੀ.ਵੀ. ਚੈਨਲਾਂ ਉਤੇ ਸਿਆਸੀ ਲੀਡਰਾਂ ਦੀ 'ਤੂੰ ਤੂੰ ਮੈਂ ਮੈਂ' ਸੱਸ ਨੂੰਹ ...
ਦੀ 'ਤੂੰ ਤੂੰ ਮੈਂ ਮੈਂ' ਨੂੰ ਮਾਤ ਪਾ ਰਹੀ ਹੈ!
ਅੱਜ ਅਖ਼ਬਾਰਾਂ ਦੇ ਯੁਗ ਨੂੰ ਖ਼ਾਤਮੇ ਵਲ ਵਧਦੇ ਵੇਖ ਕੇ ਆਉਣ ਵਾਲੇ ਸਮੇਂ ਦੀ ਪੱਤਰਕਾਰੀ ਵਲ ਧਿਆਨ ਚਲਾ ਜਾਂਦਾ ਹੈ। ਅਗਲਾ ਯੁਗ, ਅਖ਼ਬਾਰਾਂ ਦਾ ਨਹੀਂ, ਟੀ.ਵੀ. ਚੈਨਲਾਂ ਦਾ ਯੁਗ ਮੰਨਿਆ ਜਾ ਰਿਹਾ ਹੈ। ਤਕਨੀਕੀ ਤਰੱਕੀਆਂ ਅੱਗੇ ਤਾਂ ਸੱਭ ਨੂੰ ਝੁਕਣਾ ਹੀ ਪਵੇਗਾ ਪਰ ਜਿਸ ਤਰ੍ਹਾਂ ਅਖ਼ਬਾਰਾਂ ਦਾ ਰੋਹਬ ਅਤੇ ਗੰਭੀਰਤਾ ਵਾਲਾ ਚਿਹਰਾ ਮੋਹਰਾ ਬਣਿਆ ਆ ਰਿਹਾ ਹੈ, ਕੀ ਟੀ.ਵੀ. ਚੈਨਲਾਂ ਵਿਚ ਉਸ ਤਰ੍ਹਾਂ ਦੀ ਜ਼ਿੰਮੇਵਾਰੀ ਵਾਲੀ ਝਲਕ ਵੀ ਕਿਸੇ ਨੂੰ ਨਜ਼ਰ ਆ ਰਹੀ ਹੈ? ਟੀ.ਵੀ. ਚੈਨਲਾਂ ਉਤੇ ਟੀ.ਵੀ. ਪੱਤਰਕਾਰਾਂ ਵਲੋਂ ਹਰ ਰੋਜ਼ ਵਿਰੋਧੀਆਂ ਨੂੰ ਆਪਸ ਵਿਚ ਭਿੜਦੇ ਵਿਖਾਇਆ ਜਾਂਦਾ ਹੈ।
ਇਕ ਸਮਾਂ ਸੀ ਜਦੋਂ ਭਾਜਪਾ ਦੇ ਬੁਲਾਰਿਆਂ ਵਾਂਗ ਬੋਲਣ ਦੀ ਮੁਹਾਰਤ ਕਿਸੇ ਕੋਲ ਨਹੀਂ ਸੀ। ਉਹ ਸੱਚ ਅਤੇ ਝੂਠ ਇਕੋ ਹੀ ਲਹਿਜੇ ਵਿਚ ਬੋਲ ਜਾਂਦੇ ਸਨ ਅਤੇ ਮਾਹਰ ਤੇ ਵਿਰੋਧੀ ਹੱਥ ਮਲਦੇ ਰਹਿ ਜਾਂਦੇ ਸਨ। ਪਰ ਹੁਣ ਕਾਂਗਰਸ, 'ਆਪ' ਅਤੇ ਬਾਕੀ ਵਿਰੋਧੀ ਪਾਰਟੀਆਂ ਨੇ ਵੀ ਅਪਣੇ ਬੁਲਾਰਿਆਂ ਦੀ ਬੋਲੀ ਵਿਚ ਉਸੇ ਤਰ੍ਹਾਂ ਅੰਕੜਿਆਂ, ਗੁੱਸੇ ਅਤੇ ਹਮਲਾਵਰ ਰੁਖ਼ ਦਾ ਮਿਸ਼ਰਣ ਕਰ ਦਿਤਾ ਹੈ।
ਹਰ ਰੋਜ਼ ਇਕ ਵਿਵਾਦ ਸੁਰਖ਼ੀਆਂ 'ਚ ਛਾਇਆ ਹੁੰਦਾ ਹੈ ਅਤੇ ਭਾਰਤ ਦੇ ਸੱਭ ਤੋਂ ਬਿਹਤਰੀਨ ਸਿਆਸਤਦਾਨ ਅਤੇ ਪੱਤਰਕਾਰ ਇਸ ਵਿਵਾਦ ਵਿਚੋਂ ਚਟਖ਼ਾਰੇ ਲੈ ਕੇ ਸਵਾਦ ਲੈਣ ਲੱਗ ਜਾਂਦੇ ਹਨ। ਟੀ.ਵੀ. ਚੈਨਲਾਂ ਦਾ ਸੱਭ ਤੋਂ ਮਹਿੰਗਾ ਸਮਾਂ, ਜਾਂ ਤਾਂ ਹਰ ਰੋਜ਼ ਦੇ ਵਿਵਾਦਾਂ ਬਾਰੇ ਬਹਿਸ ਮੁਬਾਹਸੇ ਵਿਚ ਇਕ-ਦੂਜੇ ਦੀ ਆਵਾਜ਼ ਨੂੰ ਦਬਾਉਣ ਵਿਚ ਲੱਗ ਜਾਂਦਾ ਹੈ ਜਾਂ ਇਹੋ ਜਿਹੇ ਪ੍ਰੋਗਰਾਮ ਵਿਖਾਏ ਜਾਂਦੇ ਹਨ ਜਿਨ੍ਹਾਂ ਦਾ ਖ਼ਬਰਾਂ ਨਾਲ ਵਾਹ ਵਾਸਤਾ ਹੀ ਕੋਈ ਨਹੀਂ ਹੁੰਦਾ।
ਅੱਜ ਅਖ਼ਬਾਰਾਂ ਦੇ ਯੁਗ ਨੂੰ ਖ਼ਾਤਮੇ ਵਲ ਵਧਦੇ ਵੇਖ ਕੇ ਆਉਣ ਵਾਲੇ ਸਮੇਂ ਦੀ ਪੱਤਰਕਾਰੀ ਵਲ ਧਿਆਨ ਚਲਾ ਜਾਂਦਾ ਹੈ। ਅਗਲਾ ਯੁਗ, ਅਖ਼ਬਾਰਾਂ ਦਾ ਨਹੀਂ, ਟੀ.ਵੀ. ਚੈਨਲਾਂ ਦਾ ਯੁਗ ਮੰਨਿਆ ਜਾ ਰਿਹਾ ਹੈ। ਤਕਨੀਕੀ ਤਰੱਕੀਆਂ ਅੱਗੇ ਤਾਂ ਸੱਭ ਨੂੰ ਝੁਕਣਾ ਹੀ ਪਵੇਗਾ ਪਰ ਜਿਸ ਤਰ੍ਹਾਂ ਅਖ਼ਬਾਰਾਂ ਦਾ ਰੋਹਬ ਅਤੇ ਗੰਭੀਰਤਾ ਵਾਲਾ ਚਿਹਰਾ ਮੋਹਰਾ ਬਣਿਆ ਆ ਰਿਹਾ ਹੈ, ਕੀ ਟੀ.ਵੀ. ਚੈਨਲਾਂ ਵਿਚ ਵੀ ਉਸ ਤਰ੍ਹਾਂ ਦੀ ਜ਼ਿੰਮੇਵਾਰੀ ਵਾਲੀ ਝਲਕ ਕਿਸੇ ਨੂੰ ਨਜ਼ਰ ਆ ਰਹੀ ਹੈ?
ਟੀ.ਵੀ. ਚੈਨਲਾਂ ਉਤੇ ਟੀ.ਵੀ. ਪੱਤਰਕਾਰਾਂ ਵਲੋਂ ਹਰ ਰੋਜ਼ ਵਿਰੋਧੀਆਂ ਨੂੰ ਆਪਸ ਵਿਚ ਭਿੜਦੇ ਵਿਖਾਇਆ ਜਾਂਦਾ ਹੈ। ਇਕ ਸਮਾਂ ਸੀ ਜਦੋਂ ਭਾਜਪਾ ਦੇ ਬੁਲਾਰਿਆਂ ਵਾਂਗ ਬੋਲਣ ਦੀ ਮੁਹਾਰਤ ਕਿਸੇ ਕੋਲ ਨਹੀਂ ਸੀ। ਉਹ ਸੱਚ ਅਤੇ ਝੂਠ ਇਕੋ ਹੀ ਲਹਿਜੇ ਵਿਚ ਬੋਲ ਜਾਂਦੇ ਸਨ ਅਤੇ ਮਾਹਰ ਤੇ ਵਿਰੋਧੀ ਹੱਥ ਮਲਦੇ ਰਹਿ ਜਾਂਦੇ ਸਨ। ਪਰ ਹੁਣ ਕਾਂਗਰਸ, 'ਆਪ' ਅਤੇ ਬਾਕੀ ਵਿਰੋਧੀ ਪਾਰਟੀਆਂ ਨੇ ਵੀ ਅਪਣੇ ਬੁਲਾਰਿਆਂ ਦੀ ਬੋਲੀ ਵਿਚ ਉਸੇ ਤਰ੍ਹਾਂ ਅੰਕੜਿਆਂ, ਗੁੱਸੇ ਅਤੇ ਹਮਲਾਵਰ ਰੁਖ਼ ਦਾ ਮਿਸ਼ਰਣ ਕਰ ਦਿਤਾ ਹੈ।
ਰਾਤ 8 ਵਜੇ ਤੋਂ 9:30 ਵਜੇ ਤਕ ਇਸ ਤਰ੍ਹਾਂ ਦੇ ਪ੍ਰੋਗਰਾਮ ਚਲ ਰਹੇ ਹੁੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਦਿਮਾਗ਼ ਵਿਚ ਖਲਬਲੀ ਜਹੀ ਮੱਚ ਜਾਂਦੀ ਹੈ। ਕਿਸੇ ਚੈਨਲ ਉਤੇ ਜਾਨਵਰਾਂ ਵਾਂਗ ਭਿੜਦੇ ਲੋਕਾਂ ਵਲੋਂ ਕਿਸੇ ਫ਼ਾਲਤੂ ਮੁੱਦੇ ਨੂੰ ਲੈ ਕੇ, ਉਹ ਕੁੱਝ ਕਹਿ ਦਿਤਾ ਜਾਂਦਾ ਹੈ ਜਿਸ ਵਿਚ ਸੱਚ ਤਾਂ ਢੂੰਡਿਆਂ ਨਹੀਂ ਲਭਦਾ ਪਰ ਸਨਸਨੀ ਖ਼ੂਬ ਪੈਦਾ ਹੋ ਜਾਂਦੀ ਹੈ। ਜਿਹੜਾ ਕੋਈ ਇਸ ''ਸਿਆਸੀ ਤੂੰ ਤੂੰ ਮੈਂ ਮੈਂ'' ਤੋਂ ਅੱਕ ਜਾਂਦਾ ਹੈ, ਉਹ ਬਾਕੀ ਦੇ ਪ੍ਰੋਗਰਾਮ ਵੇਖਣ ਲਈ ਉਧਰ ਮੁਹਾਰਾਂ ਮੋੜਦਾ ਹੈ ਪਰ ਉਥੇ ਵੀ ਨਾਟਕਾਂ ਰਾਹੀਂ ਪ੍ਰਵਾਰਾਂ ਵਿਚ ਇਸੇ ਤਰ੍ਹਾਂ ਦੀ ਘਰੇਲੂ ਜੰਗ ਵਿਖਾਈ ਜਾ ਰਹੀ ਹੁੰਦੀ ਹੈ।
ਖ਼ਬਰਾਂ ਅਤੇ ਨਾਟਕਾਂ ਵਿਚ ਇਕ ਸਮਾਨਤਾ ਹੈ ਜੋ ਇਨ੍ਹਾਂ ਨੂੰ ਜੋੜਦੀ ਹੈ। ਇਹ ਕਿਸੇ ਤਰ੍ਹਾਂ ਵੀ ਇਨਸਾਨ ਵਿਚ ਕੁਦਰਤੀ ਹਮਦਰਦੀ ਤੇ ਪਿਆਰ ਨੂੰ ਵਧਾਉਣ ਦੇ ਯਤਨ ਨਹੀਂ ਕਰਦੇ ਸਗੋਂ ਭਰਮ ਵਧਾਉਣ ਦੀ ਭਰਪੂਰ ਕੋਸ਼ਿਸ਼ ਕਰਦੇ ਹਨ। ਇਹ ਕੱਟੜ ਸੋਚ ਨੂੰ ਵੀ ਉਕਸਾਉਂਦੇ ਹਨ। ਇਹ ਨਾਟਕ ਇਸ ਤਰ੍ਹਾਂ ਦੇ ਕਿਰਦਾਰ ਪੇਸ਼ ਕਰਦੇ ਹਨ ਜੋ ਅਪਣੇ ਪ੍ਰਵਾਰ ਵਿਚ ਰਾਜੇ ਦੇ ਦਰਬਾਰੀਆਂ ਵਰਗੀਆਂ ਲੜਾਈਆਂ ਅਤੇ ਸਾਜ਼ਸ਼ਾਂ ਘੜਦੇ ਰਹਿੰਦੇ ਹਨ। ਹੁਣ ਇਹੋ ਜਿਹੇ ਨਾਟਕ ਵੀ ਸਾਹਮਣੇ ਆ ਰਹੇ ਹਨ ਜੋ ਸਮਾਜ ਵਿਚ ਨਫ਼ਰਤ ਦੀ ਅੱਗ ਨੂੰ ਹਵਾ ਦੇਣ ਦਾ ਸੱਦਾ ਦਿੰਦੇ ਪ੍ਰਤੀਤ ਹੁੰਦੇ ਹਨ।
ਇਹ ਸ਼ਾਇਦ ਮੰਗ ਅਤੇ ਸਪਲਾਈ ਦੀ ਕਹਾਣੀ ਹੈ ਅਰਥਾਤ ਜਿਸ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਲੋਕਾਂ ਵਲੋਂ ਮੰਗ ਕੀਤੀ ਜਾਏਗੀ, ਉਸ ਤਰ੍ਹਾਂ ਦੇ ਪ੍ਰੋਗਰਾਮ ਹੀ ਤਾਂ ਚੈਨਲਾਂ ਵਾਲੇ ਦੇਣਗੇ। ਪਰ ਭਾਰਤੀਆਂ ਦੀ ਸੋਚ ਏਨੀ ਤੰਗ ਨਹੀਂ ਹੋ ਸਕਦੀ ਕਿ ਸਾਰੀ ਆਬਾਦੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੀ ਮੰਗਦੀ ਹੈ। ਭਾਰਤ ਵਿਚ ਬੜੇ ਆਤਮਕ ਅਤੇ ਧਾਰਮਕ ਫ਼ਲਸਫ਼ਿਆਂ ਨੇ ਜਨਮ ਲਿਆ ਹੈ ਅਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਸਾਰੇ ਹੀ ਫ਼ਲਸਫ਼ੇ, ਟੀ.ਵੀ. ਚੈਨਲਾਂ ਦੇ ਸਾਹਮਣੇ ਆ ਕੇ ਬੇਕਾਰ ਸਿੱਧ ਹੋ ਜਾਂਦੇ ਹਨ।
ਜੇ ਅੱਜ ਕਿਸੇ ਉਦਯੋਗ ਵਿਚ ਮੁਨਾਫ਼ਾ ਕਮਾਉਣ ਕਰ ਕੇ ਭਾਰਤ ਦੇ ਆਤਮਕ ਵਿਕਾਸ ਨੂੰ ਕੁਚਲਿਆ ਜਾ ਰਿਹਾ ਹੈ ਤਾਂ ਭਾਰਤ ਆਖ਼ਰ ਇਸ ਨੂੰ ਬੰਦ ਕਰਨ ਦੀ ਤਾਕਤ ਵੀ ਤਾਂ ਰਖਦਾ ਹੈ। ਇਕ ਬਟਨ ਨਾਲ ਹੀ ਉਹ ਸੋਚ ਬੰਦ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਭਾਰਤੀ ਲੇਖਕਾਂ ਉਤੇ ਜ਼ਿੰਮੇਵਾਰੀ ਅਤੇ ਸੰਜੀਦਗੀ ਦੀ ਬੰਦਿਸ਼ ਲਗਾਈ ਗਈ ਹੈ,
ਅੱਜ ਦੇ ਨਵੇਂ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਸਮੇਤ ਪੱਤਰਕਾਰਾਂ ਤੇ ਕਲਾਕਾਰਾਂ ਨੂੰ ਵੀ ਉਸੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਜ਼ਰੂਰੀ ਹੈ। ਅਖ਼ਬਾਰਾਂ ਨੂੰ ਨਾ ਆਪ ਫ਼ਜ਼ੂਲ ਗੱਲਾਂ ਲਿਖਣ ਦੀ ਆਗਿਆ ਦਿਤੀ ਜਾਂਦੀ ਸੀ, ਨਾ ਕਿਸੇ ਦੀਆਂ ਆਖੀਆਂ ਫ਼ਜ਼ੂਲ ਤੇ ਆਪਹੁਦਰੀਆਂ ਗੱਲਾਂ ਛਾਪਣ ਦੀ। ਇਸੇ ਨੂੰ ਅਖ਼ਬਾਰੀ ਯੁਗ ਦਾ ਸੰਜਮ ਜਾਂ ਅਨੁਸ਼ਾਸਨ ਕਿਹਾ ਜਾਂਦਾ ਸੀ। ਕੀ ਟੀ.ਵੀ. ਚੈਨਲਾਂ ਉਤੇ ਇਹ ਅਨੁਸ਼ਾਸਨ ਨਹੀਂ ਲਾਗੂ ਕੀਤਾ ਜਾ ਸਕੇਗਾ? -ਨਿਮਰਤ ਕੌਰ