'ਆਪ' ਪਾਰਟੀ ਬਣਾਈ ਵੀ ਕੇਜਰੀਵਾਲ ਨੇ ਤੇ ਉਸ ਦੀ ਕਬਰ ਵੀ ਉਹ ਆਪ ਹੀ ਪੁਟ ਰਹੇ ਹਨ, ਖ਼ਾਸਕਰ ਪੰਜਾਬ ਵਿਚ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਦਲਿਤ ਪੱਤਾ ਖੇਡਣ ਤੋਂ ਇਹ ਤਾਂ ਸਾਫ਼ ਹੈ ਕਿ ਹੁਣ 'ਆਪ' ਸਿਰਫ਼ ਦਿੱਲੀ ਵਿਚ ਅਪਣੇ ਆਪ ਨੂੰ ਮਹਾਂਗਠਜੋੜ ਵਿਚ ਸ਼ਾਮਲ ਕਰਨ ਵਾਸਤੇ ਜਾਤ-ਪਾਤ ਦੀ ਤੂਤਨੀ ਵਜਾ ਰਹੀ ਹੈ...........

Arvind Kejriwal

ਦਲਿਤ ਪੱਤਾ ਖੇਡਣ ਤੋਂ ਇਹ ਤਾਂ ਸਾਫ਼ ਹੈ ਕਿ ਹੁਣ 'ਆਪ' ਸਿਰਫ਼ ਦਿੱਲੀ ਵਿਚ ਅਪਣੇ ਆਪ ਨੂੰ ਮਹਾਂਗਠਜੋੜ ਵਿਚ ਸ਼ਾਮਲ ਕਰਨ ਵਾਸਤੇ ਜਾਤ-ਪਾਤ ਦੀ ਤੂਤਨੀ ਵਜਾ ਰਹੀ ਹੈ। ਸੁਖਪਾਲ ਖਹਿਰਾ ਨੂੰ ਕਢਣਾ ਸ਼ਾਇਦ ਕਾਂਗਰਸ ਕੋਲੋਂ ਬੰਦ ਦਰਵਾਜ਼ਿਆਂ ਪਿੱਛੇ ਮੰਗੀ ਜਾ ਰਹੀ ਮਾਫ਼ੀ ਵਲ ਇਸ਼ਾਰਾ ਹੈ ਜਾਂ ਹੁਣ ਪਾਰਟੀ ਦੀ ਪੰਜਾਬ ਸ਼ਾਖ਼ਾ ਨੂੰ ਬਾਹਰੋਂ ਮਿਲ ਰਹੇ ਸਮਰਥਨ ਨੂੰ ਬੰਦ ਕਰਨ ਦਾ ਇਕ ਤਰੀਕਾ ਹੀ ਹੈ।

ਪੰਜਾਬ ਦੀ ਆਮ ਆਦਮੀ ਪਾਰਟੀ ਜੇ ਅੱਜ ਸਿਆਸੀ ਤੂਫ਼ਾਨ ਵਿਚ ਘਿਰੀ ਹੋਈ ਹੈ ਤਾਂ ਉਸ ਲਈ ਸਿਰਫ਼ ਅਤੇ ਸਿਰਫ਼ ਅਰਵਿੰਦ ਕੇਜਰੀਵਾਲ ਦੀਆਂ ਨਿਜੀ ਲਾਲਸਾਵਾਂ ਹੀ ਜ਼ਿੰਮੇਵਾਰ ਹਨ। ਜਿਸ ਪੰਜਾਬ ਨੇ 'ਆਪ' ਨੂੰ ਦਿੱਲੀ ਤੋਂ ਬਾਹਰ, ਪਾਰਟੀ ਵਜੋਂ ਮਾਨਤਾ ਦਿਵਾਈ, ਇਕ ਰਾਸ਼ਟਰੀ ਪਾਰਟੀ ਬਣਨ ਦਾ ਮੌਕਾ ਦਿਤਾ ਤੇ ਸੰਸਦ ਵਿਚ ਬੈਠਣ ਦਾ ਅਵਸਰ ਦਿਤਾ, ਦਿੱਲੀ ਵਿਚ ਬੈਠੇ ਅਰਵਿੰਦ ਕੇਜਰੀਵਾਲ ਨੇ ਉਸੇ ਪੰਜਾਬ ਦੀ ਗਰਦਨ ਮਰੋੜ ਕੇ ਸਿਆਸੀ ਸਰਦਾਰੀ ਦਾ ਖ਼ਾਲੀ ਢੋਲ ਵਜਾਉਣ ਦੀ ਕੋਸ਼ਿਸ਼ ਵਿਚ, ਅਪਣੀ ਪੰਜਾਬ ਸ਼ਾਖ਼ਾ ਦਾ ਖ਼ੂਨ ਕਰਨ ਤੋਂ ਦੂਜੀ ਵਾਰ ਵੀ, ਸੰਕੋਚ ਨਹੀਂ ਕੀਤਾ। 

ਅਰਵਿੰਦ ਕੇਜਰੀਵਾਲ, ਜੋ ਕਿ 'ਆਪ' ਦੇ ਮਾਲਕ ਅਤੇ ਸੱਭ ਕੁੱਝ ਹਨ, ਨੇ ਪੰਜਾਬ ਦੀਆਂ ਚੋਣਾਂ ਵਿਚ ਹਾਰ ਦਾ ਮੂੰਹ ਵੇਖਣ ਮਗਰੋਂ ਬੜੀ ਛੇਤੀ ਸਮਝ ਲਿਆ ਕਿ ਉਹ ਸਿਰਫ਼ ਹੁਣ ਦਿੱਲੀ ਜੋਗੇ ਹੀ ਰਹਿ ਗਏ ਹਨ। ਇਸ ਵਿਚ ਉਨ੍ਹਾਂ ਨੇ ਭਾਜਪਾ ਨਾਲ ਲੜ ਕੇ ਵੀ ਵੇਖ ਲਿਆ ਅਤੇ ਭਾਜਪਾ, ਅਕਾਲੀ ਨੇਤਾਵਾਂ ਕੋਲੋਂ ਮਾਫ਼ੀਆਂ ਮੰਗ ਕੇ ਵੀ ਵੇਖ ਲਿਆ। ਅੰਤ ਵਿਚ ਲੋਕਾਂ ਵਲੋਂ ਦਿਤੀ ਤਾਕਤ ਅਤੇ ਅਦਾਲਤ ਵਲੋਂ ਸੰਵਿਧਾਨ ਦੀ ਕੀਤੀ ਠੀਕ ਪ੍ਰੀਭਾਸ਼ਾ ਹੀ ਸੀ ਜੋ ਉਨ੍ਹਾਂ ਦੇ ਕੰਮ ਆ ਸਕੀ। ਪਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਨਾਲ ਜੋ ਲੋਕ ਸ਼ੁਰੂ ਤੋਂ ਖੜੇ ਚਲੇ ਆ ਰਹੇ ਸਨ, ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਹੀ ਵਾਰ ਵਾਰ ਧੋਖਾ ਕੀਤਾ ਹੈ।

ਪਹਿਲਾਂ ਨਸ਼ੇ ਦੇ ਮੁੱਦੇ ਤੇ ਮਾਫ਼ੀਆਂ ਮੰਗ ਕੇ ਅਪਣੇ ਆਪ ਨੂੰ ਤਾਂ ਕਚਿਹਰੀਆਂ ਦੇ ਗੇੜਿਆਂ ਤੋਂ ਮੁਕਤ ਕਰਵਾ ਲਿਆ ਪਰ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਵੀ ਗਵਾ ਲਿਆ। ਪੰਜਾਬ ਵਿਚ ਨਸ਼ੇ ਵਿਰੁਧ ਲੜਾਈ ਇਸ ਗੱਲ ਦੀ ਮੰਗ ਕਰਦੀ ਹੈ ਕਿ ਪੰਜਾਬ ਦੀ ਵਿਰੋਧੀ ਧਿਰ ਚੌਕਸ ਰਹੇ ਪਰ ਇਸ ਤਰ੍ਹਾਂ ਮਾਫ਼ੀਆਂ ਮੰਗ ਕੇ ਉਸ ਲੜਾਈ ਨੂੰ ਕੇਜਰੀਵਾਲ ਨੇ ਕਮਜ਼ੋਰ ਹੀ ਕੀਤਾ। ਹੁਣ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੀ ਜੋ ਲੜਾਈ ਚਲ ਰਹੀ ਹੈ, ਉਸ ਤੋਂ ਇਹ ਸਾਫ਼ ਹੈ ਕਿ 'ਆਪ' ਦੇ ਦਿੱਲੀ ਵਿਚ ਬੈਠੇ ਆਗੂਆਂ ਨੂੰ ਪੰਜਾਬ ਨਾਲ ਕੋਈ ਮੋਹ ਨਹੀਂ। ਇਸ ਦਾ ਇਹ ਮਤਲਬ ਵੀ ਨਹੀਂ ਕਿ ਸੁਖਪਾਲ ਸਿੰਘ ਖਹਿਰਾ, ਚੀਮਾ ਤੋਂ ਬਿਹਤਰ ਆਗੂ ਹਨ।

ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਨੇ ਵਿਧਾਨ ਸਭਾ ਵਿਚ ਅਪਣੀ ਮਿਲੀਭੁਗਤ ਨਾਲ ਰੌਲਾ ਪਾਇਆ ਹੈ, ਇਸ ਨਾਲ ਪੰਜਾਬ ਦੇ ਅਸਲ ਮੁੱਦੇ ਓਨੇ ਉਜਾਗਰ ਨਹੀਂ ਹੋਏ ਜਿੰਨੀ ਇਨ੍ਹਾਂ ਦੁਹਾਂ ਨੂੰ ਅਪਣੇ ਨਾਵਾਂ ਨੂੰ ਸੁਰਖ਼ੀਆਂ ਵਿਚ ਬਣਾਈ ਰੱਖਣ ਵਿਚ ਸਹਾਇਤਾ ਮਿਲ ਗਈ। ਸੋ ਇਨ੍ਹਾਂ ਵਿਚੋਂ ਕੋਈ ਵੀ ਅੱਗੇ ਆਏ, ਹੁਣ ਇਸ ਕੇਜਰੀਵਾਲ-ਮਾਰੀ ਵਿਰੋਧੀ ਧਿਰ ਤੋਂ ਕਿਸੇ ਖ਼ਾਸ ਗੱਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਜਿਸ ਦਲਿਤ ਪੱਤੇ ਨੂੰ ਖੇਡ ਕੇ ਹੁਣ ਚੀਮਾ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਉਹ ਇਸ ਪਾਰਟੀ ਦੀ ਬੁਨਿਆਦੀ ਸੋਚ ਦੇ ਉਲਟ ਜਾਣ ਵਾਲੀ ਗੱਲ ਹੈ।

'ਆਪ' ਤਾਂ ਇਕ ਲੋਕ-ਕ੍ਰਾਂਤੀ ਸੀ ਜਿਸ ਵਿਚ ਜਾਤ-ਪਾਤ ਤੇ ਧਰਮ ਦੀ ਕੋਈ ਥਾਂ ਹੀ ਨਹੀਂ ਸੀ। ਫਿਰ ਉਹ ਅੱਜ ਦਲਿਤ ਕਾਰਡ ਕਿਉਂ ਖੇਡ ਰਹੇ ਹਨ? ਜੇ ਉਹ ਸੁਖਪਾਲ ਸਿੰਘ ਖਹਿਰਾ ਨੂੰ ਰੈਫ਼ਰੰਡਮ ਦਾ ਸਾਥ ਦੇਣ ਬਦਲੇ ਕਢਦੇ ਤਾਂ ਅਪਣੀ ਪਾਰਟੀ ਦੀ ਬੁਨਿਆਦੀ ਸੋਚ ਦਾ ਕੁੱਝ ਨਮੂਨਾ ਦੇ ਰਹੇ ਹੁੰਦੇ। ਦਲਿਤ ਪੱਤਾ ਖੇਡਣ ਤੋਂ ਇਹ ਤਾਂ ਸਾਫ਼ ਹੈ ਕਿ ਹੁਣ 'ਆਪ' ਸਿਰਫ਼ ਦਿੱਲੀ ਵਿਚ ਅਪਣੇ ਆਪ ਨੂੰ ਮਹਾਂਗਠਜੋੜ ਵਿਚ ਸ਼ਾਮਲ ਕਰਨ ਵਾਸਤੇ ਜਾਤ-ਪਾਤ ਦੀ ਤੂਤਨੀ ਵਜਾ ਰਹੀ ਹੈ। ਸੁਖਪਾਲ ਖਹਿਰਾ ਨੂੰ ਕਢਣਾ ਸ਼ਾਇਦ ਕਾਂਗਰਸ ਕੋਲੋਂ ਬੰਦ ਦਰਵਾਜ਼ਿਆਂ ਪਿੱਛੇ ਮੰਗੀ ਜਾ ਰਹੀ ਮਾਫ਼ੀ ਵਲ ਇਸ਼ਾਰਾ ਹੈ

ਜਾਂ ਹੁਣ ਪਾਰਟੀ ਦੀ ਪੰਜਾਬ ਸ਼ਾਖ਼ਾ ਨੂੰ ਬਾਹਰੋਂ ਮਿਲ ਰਹੇ ਸਮਰਥਨ ਨੂੰ ਬੰਦ ਕਰਨ ਦਾ ਇਕ ਤਰੀਕਾ ਹੀ ਹੈ। ਪਰ ਇਹ ਸਾਫ਼ ਹੈ ਕਿ ਹੁਣ ਦਿੱਲੀ ਵਾਲੇ, ਪੰਜਾਬ ਵਿਚ 'ਆਪ' ਨੂੰ ਜ਼ਿੰਦਾ ਰੱਖਣ ਦਾ ਕੰਮ ਵੀ ਨਹਂੀ ਕਰਨਾ ਚਾਹੁੰਦੇ। ਉਨ੍ਹਾਂ ਪੰਜਾਬ ਦੇ ਲੋਕਾਂ ਦੀ ਜਿੰਨੀ ਹਮਾਇਤ ਲੈਣੀ ਸੀ, ਲੈ ਲਈ। ਇਹ ਉਸ ਵੇਲੇ ਹੀ ਸਾਫ਼ ਹੋ ਗਿਆ ਸੀ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ 'ਆਪ' ਵਿਚੋਂ ਜ਼ਲੀਲ ਕਰ ਕੇ ਕਢਿਆ ਗਿਆ ਸੀ।'ਆਪ' ਨੇ ਲੋਕਾਂ ਵਿਚ ਉਠੇ ਬਦਲਾਅ ਦੇ ਜਜ਼ਬੇ ਨੂੰ ਖ਼ੂਰ ਵਰਤਿਆ ਅਤੇ ਹੁਣ ਪੰਜਾਬ ਵਾਪਸ ਦੋ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਹਵਾਲੇ ਕਰ ਦਿਤਾ ਗਿਆ ਹੈ।

ਜੋ ਲੋਕ 'ਆਪ' ਵਲ ਗਏ ਸਨ, ਉਨ੍ਹਾਂ ਨੇ ਤਾਂ ਅਪਣੇ ਲਈ ਦੂਜੀਆਂ ਪਾਰਟੀਆਂ ਲੱਭ ਲੈਣੀਆਂ ਹਨ ਪਰ ਇਸ ਪਾਰਟੀ ਨੇ ਅਪਣੇ ਕੁੱਝ ਚੰਗੇ ਨੇਤਾਵਾਂ ਦਾ ਅਕਸ ਵੀ ਖ਼ਰਾਬ ਕਰ ਕੇ ਰੱਖ ਦਿਤਾ ਹੈ। ਫੂਲਕਾ ਅਪਣੀ ਵਕਾਲਤ ਵਲ ਮੁੜ ਗਏ ਹਨ। ਭਗਵੰਤ ਮਾਨ ਨਵੀਂ ਪਾਰਟੀ ਦੀ ਭਾਲ ਵਿਚ ਹਨ। ਕੁੱਝ ਨੇ ਪੰਜ ਸਾਲ ਵਾਸਤੇ ਸੰਸਦ ਦੇ ਨਜ਼ਾਰੇ ਜ਼ਰੂਰ ਲੈ ਲਏ ਹਨ। ਸ਼ਾਇਦ ਧਰਮਵੀਰ ਗਾਂਧੀ ਵਰਗਾ ਕੋਈ ਹੋਰ ਨਹੀਂ ਹੋਵੇਗਾ ਜਿਨ੍ਹਾਂ ਅਪਣਾ ਕੰਮ ਪੂਰੀ ਲਗਨ ਨਾਲ ਕੀਤਾ।

ਪੰਜਾਬ ਦੇ ਇਹ ਸੰਸਦ ਮੈਂਬਰ ਹਾਈਕਮਾਂਡ ਦੀ ਇਸ ਹਮਾਕਤ ਤੋਂ ਬਾਅਦ ਵੀ ਅਸਤੀਫ਼ਾ ਨਹੀਂ ਦੇਣ ਵਾਲੇ ਕਿਉਂਕਿ ਚਾਰ ਸਾਲ ਲੋਕਾਂ ਦੀ ਪ੍ਰਤੀਨਿਧਤਾ ਕਰ ਲੈਣ ਮਗਰੋਂ ਕੋਈ ਹੋਰ ਪਾਰਟੀ ਉਨ੍ਹਾਂ ਨੂੰ ਪਨਾਹ ਦੇਣ ਵਾਲੀ ਵੀ ਨਹੀਂ ਹੈ। ਪਰ ਜੇ 'ਆਪ' ਅੱਜ ਚੋਣਾਂ ਵਿਚ ਨਿਤਰੇ ਤਾਂ ਸ਼ਾਇਦ ਇਕ ਵੀ ਸੀਟ ਜਿੱਤਣ ਦੀ ਤਾਕਤ ਨਹੀਂ ਰਖਦੀ। ਇਹ ਹੈ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਹੋਰਾਂ ਦੀਆਂ ਨਿਜੀ ਲਾਲਸਾਵਾਂ ਦਾ ਅੰਤ।         -ਨਿਮਰਤ ਕੌਰ