ਪ੍ਰਵਾਸੀ ਕੈਦੀਆਂ ਦਾ ਕੱਚ-ਸੱਚ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਠਾਰਾਂ ਜੁਲਾਈ ਦੇ ਰੋਜ਼ਾਨਾ ਸਪੋਕਸਮੈਨ ਵਿਚ ਸਫ਼ਾ 7 ਉਤੇ ਅਮਰੀਕਾ ਦੀ ਸ਼ੈਰੀਡਨ ਜੇਲ ਦੇ 52 ਨਜ਼ਰਬੰਦ ਪੰਜਾਬੀਆਂ ਦੀ 'ਤਰਸਯੋਗ' ਹਾਲਤ ਬਾਰੇ ਦੁਖਦਾਈ ਖ਼ਬਰ ਛਪੀ ਹੈ।

Prisoners

ਅਠਾਰਾਂ ਜੁਲਾਈ ਦੇ ਰੋਜ਼ਾਨਾ ਸਪੋਕਸਮੈਨ ਵਿਚ ਸਫ਼ਾ 7 ਉਤੇ ਅਮਰੀਕਾ ਦੀ ਸ਼ੈਰੀਡਨ ਜੇਲ ਦੇ 52 ਨਜ਼ਰਬੰਦ ਪੰਜਾਬੀਆਂ ਦੀ 'ਤਰਸਯੋਗ' ਹਾਲਤ ਬਾਰੇ ਦੁਖਦਾਈ ਖ਼ਬਰ ਛਪੀ ਹੈ। ਏਜੰਟਾਂ ਨੂੰ ਮੂੰਹ ਮੰਗੇ ਲੱਖਾਂ ਰੁਪਏ ਦੇ ਕੇ ਅਪਣੀ ਜਾਨ ਜੋਖਮ ਵਿਚ ਪਾਉਂਦਿਆਂ ਗ਼ੈਰਕਾਨੂੰਨੀ ਤੌਰ ਤੇ ਅਮਰੀਕਾ ਦੀ ਸਰਹੱਦ ਟੱਪੇ ਇਨ੍ਹਾਂ ਅਭਾਗੇ ਪ੍ਰਵਾਸੀਆਂ ਦੀਆਂ ਅਜਿਹੀਆਂ ਖ਼ਬਰਾਂ ਇਧਰ-ਉਧਰ ਰੋਜ਼ ਹੀ ਛਪ ਰਹੀਆਂ ਹਨ। ਪੰਜਾਬੀ ਹੋਣ ਦੇ ਨਾਤੇ ਮੈਨੂੰ ਕੈਦੀਆਂ ਨਾਲ ਦਿਲੋਂ ਹਮਦਰਦੀ ਹੈ ਤੇ ਜੇ ਉਕਤ ਖ਼ਬਰ ਅਨੁਸਾਰ ਇਨ੍ਹਾਂ ਨਾਲ ਜੇਲ ਵਿਚ ਵਾਕਿਆ ਹੀ ਅਣਮਨੁੱਖੀ ਵਿਵਹਾਰ ਹੋ ਰਿਹਾ ਹੈ ਤਾਂ ਇਹ ਰੋਕਿਆ ਜਾਣਾ ਬਣਦਾ ਹੈ।

ਪਰ ਇਸ ਤਸਵੀਰ ਦਾ ਦੂਜਾ ਪਾਸਾ ਵੀ ਵੇਖਣਾ ਚਾਹੀਦਾ ਹੈ। ਮੈਨੂੰ ਅਮਰੀਕਾ ਵਿਚ ਰਹਿੰਦੇ ਹੋਏ 13 ਸਾਲ ਹੋ ਚਲੇ ਨੇ। ਭਾਵੇਂ ਮੇਰਾ ਜੇਲ ਪ੍ਰਸ਼ਾਸਨ ਨਾਲ ਕਦੇ ਵਾਹ ਨਹੀਂ ਪਿਆ ਪਰ ਪੁਲਿਸ ਨਾਲ ਅਕਸਰ ਮੇਲ-ਮਿਲਾਪ ਹੁੰਦਾ ਰਹਿੰਦਾ ਹੈ। ਲੰਮੇ ਚੌੜੇ ਅਮਰੀਕਾ ਦੀਆਂ ਪੰਦਰਾਂ ਕੁ ਸਟੇਟਾਂ ਵਿਚ ਹਵਾਈ ਯਾਤਰਾ ਰਾਹੀਂ ਜਾਣ ਦਾ ਵੀ ਮੌਕਾ ਮਿਲਿਆ ਪਰ ਮੈਨੂੰ ਕਦੇ ਵੀ ਕਿਸੇ ਸੁਰੱਖਿਆ ਅਧਿਕਾਰੀ ਨੇ ਪੱਗ ਕਰ ਕੇ ਪ੍ਰੇਸ਼ਾਨ ਨਹੀਂ ਕੀਤਾ। ਹਾਂ, ਇਥੋਂ ਦੇ ਜੇਲ ਮੈਨੁਅਲ ਅਨੁਸਾਰ ਕਿਸੇ ਕੈਦੀ ਨੂੰ ਵੀ ਸਿਰ ਤੇ ਕਪੜਾ ਵਗੈਰਾ ਬੰਨ੍ਹਣ ਦੀ ਇਜਾਜ਼ਤ ਨਹੀਂ ਦਿਤੀ ਜਾਂਦੀ।

ਸੋ ਉਕਤ 52 ਪੰਜਾਬੀ (ਜਿਨ੍ਹਾਂ ਵਿਚ ਬਹੁਤੇ ਸਿੱਖ ਦੱਸੇ ਜਾਂਦੇ ਨੇ) ਵੀ ਇਸੇ ਕਾਨੂੰਨ ਤਹਿਤ ਸਿਰੋਂ ਨੰਗੇ ਕੀਤੇ ਗਏ ਹੋਣਗੇ। ਪਰ ਇਸ ਕਾਨੂੰਨ ਦੀ ਪਾਲਣਾ ਨੂੰ ਧਾਰਮਕ ਰਗਤ ਦੇਣਾ ਮਹਿਜ਼ 'ਹਮਦਰਦੀ ਬਟੋਰਨੀ' ਹੀ ਮੰਨਿਆ ਜਾ ਸਕਦਾ ਹੈ। ਅਮਰੀਕਾ ਦਾ ਟਰੰਪ ਪ੍ਰਸ਼ਾਸਨ ਹੀ ਨਹੀਂ ਸਗੋਂ ਲਗਭਗ ਸਾਰੇ ਹੀ ਦੇਸ਼ਾਂ ਨੇ ਆਪੋ ਅਪਣੀ ਆਰਥਕ ਦਸ਼ਾ ਦੇ ਮੱਦੇਨਜ਼ਰ ਪ੍ਰਵਾਸੀਆਂ ਲਈ ਛਾਨਣਾ ਬਹੁਤ ਬਰੀਕ ਅਤੇ 'ਟਾਈਟ' ਕਰ ਦਿਤਾ ਹੋਇਆ ਹੈ। ਕਈ ਮੁਲਕਾਂ ਵਿਚ ਤਾਂ ਹੁਣ ਕਾਨੂੰਨੀ ਤੌਰ ਤੇ ਆਏ ਪ੍ਰਵਾਸੀਆਂ ਵਿਰੁਧ ਵੀ ਨੱਕ ਬੁੱਲ੍ਹ ਵੱਟੇ ਜਾ ਰਹੇ ਹਨ।

ਸੋ ਅਜਿਹੇ ਹਾਲਾਤ ਵਿਚ ਗ਼ੈਰਕਾਨੂੰਨੀ ਸਰਹੱਦਾਂ ਟੱਪਿਆਂ ਨੂੰ ਕਿਹੜੀ ਸਰਕਾਰ 'ਤੇਲ ਚੋਅ ਕੇ' ਦੇਸ਼ ਵਿਚ ਵਾੜੇ? ਰੱਬ ਕਰੇ ਕਿ ਖ਼ਬਰ ਵਿਚਲੇ 52 ਭਾਰਤੀ ਕੈਦੀਆਂ ਨੂੰ ਕਾਨੂੰਨੀ ਸਹਾਇਤਾ ਮਿਲੇ ਅਤੇ ਉਨ੍ਹਾਂ ਨੂੰ ਸੁੱਖ ਦਾ ਸਾਹ ਆਵੇ। ਪਰ ਇਸ ਦੇ ਉਲਟੇ ਪ੍ਰਤੀਕਰਮ ਵਜੋਂ ਦੇਸ਼ ਵਿਚ ਏਜੰਟ ਲਾਣੇ ਦੀ ਅੰਨ੍ਹੀ ਲੁੱਟ ਨੂੰ ਵੀ ਹੁਲਾਰਾ ਮਿਲੇਗਾ ਅਤੇ ਤਮਾਮ ਨੌਜਵਾਨਾਂ ਨੂੰ ਇਹ ਸੁਨੇਹਾ ਮਿਲੇਗਾ ਕਿ ਕਿਸੇ ਵੀ ਢੰਗ ਤਰੀਕੇ ਇਕ ਵਾਰ ਵਿਦੇਸ਼ ਦੀ ਧਰਤੀ ਉਤੇ ਪੈਰ ਰੱਖ ਹੋ ਜਾਣ, ਫਿਰ ਉਥੋਂ ਦੇ ਸਾਡੇ ਭਰਾ ਸਾਨੂੰ ਸਾਂਭ ਹੀ ਲੈਣਗੇ!

ਉਦੋਂ ਕਿੱਡੀ ਨਮੋਸ਼ੀ ਹੁੰਦੀ ਹੈ ਜਦੋਂ ਅਜਿਹੇ 'ਪਨਾਹ ਮੰਗਣ' ਵਾਲਿਆਂ ਨੂੰ ਗਰੀਨ ਕਾਰਡ ਮਿਲ ਜਾਣ ਉਤੇ ਭਾਰਤੀ ਅੰਬੈਸੀ ਵਿਚ ਗਿਆਂ ਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ 'ਦੇਸ਼ ਵਿਚ ਸਾਡੀ ਜਾਨ ਨੂੰ ਖ਼ਤਰਾ ਹੈ' ਦੀ ਰਟ ਅਦਾਲਤਾਂ ਵਿਚ ਲਗਾ ਕੇ 'ਪੱਕੇ ਹੋਣ' ਤੋਂ ਦੂਜੇ ਦਿਨ ਹੀ, ਤੁਸੀ ਇੰਡੀਆ ਜਾਣ ਲਈ ਕਾਹਲੇ ਪੈ ਜਾਂਦੇ ਹੋ ਤੇ ਦੇਸ਼ ਜਾਣ ਲਈ ਪਾਸਪੋਰਟ ਮੰਗਦੇ ਹੋ! ਸੋ ਭਰਾਵੋ ਵਿਦੇਸ਼ਾਂ ਨੂੰ ਜੀ ਸਦਕੇ ਆਉ, ਪਰ ਜਾਇਜ਼ ਤੇ ਕਾਨੂੰਨੀ ਢੰਗ ਵਰਤ ਕੇ ਹੀ!
-ਤਰਲੋਚਨ ਸਿੰਘ ਦੁਪਾਲਪੁਰ, ਯੂ.ਐਸ.ਏ, ਸੰਪਰਕ : 001-408-915-1268