ਯੋਗੀ ਆਦਿਤਿਆਨਾਥ ਦੇ ਰਾਜ ਵਿਚ ਬਲਾਤਕਾਰੀ ਨਾਲ ਹਮਦਰਦੀ ਤੇ ਪੀੜਤ ਲਈ ਮੌਤ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਿਸ ਸਮੇਂ ਬੱਚੀਆਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ, ਉਸੇ ਸਮੇਂ ਸਰਕਾਰ ਦੇ ਅਪਣੇ ਹੀ ਇਕ ਅਹਿਮ ਆਗੂ ਯੋਗੀ ਆਦਿਤਿਆਨਾਥ ਦਾ...

Unnao rape case

ਜਿਸ ਸਮੇਂ ਬੱਚੀਆਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ, ਉਸੇ ਸਮੇਂ ਸਰਕਾਰ ਦੇ ਅਪਣੇ ਹੀ ਇਕ ਅਹਿਮ ਆਗੂ ਯੋਗੀ ਆਦਿਤਿਆਨਾਥ ਦਾ ਬੱਚੀਆਂ ਦੇ ਬਲਾਤਕਾਰੀਆਂ ਪ੍ਰਤੀ ਰਵਈਆ ਦੰਦ ਕਥਾ ਬਣਿਆ ਹੋਇਆ ਹੈ। ਪਿਛਲੇ ਸਾਲ ਇਕ ਨਾਬਾਲਗ਼ਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਅਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੁੱਖ ਮੰਤਰੀ ਦੇ ਇਕ ਵਿਧਾਇਕ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਦੇ ਪਿਤਾ ਨੂੰ ਮਾਰਿਆ ਕੁਟਿਆ। ਜਦੋਂ ਪਿਤਾ ਨੇ ਸ਼ਿਕਾਇਤ ਕੀਤੀ ਤਾਂ ਪਿਤਾ ਨੂੰ ਹੀ ਜੇਲ ਵਿਚ ਬੰਦ ਕਰਵਾ ਦਿਤਾ ਗਿਆ। ਪਿਤਾ ਨੂੰ ਹਿਰਾਸਤ ਵਿਚ ਫਿਰ ਮਾਰਿਆ ਗਿਆ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ।

ਜਦੋਂ ਮਾਂ-ਬੇਟੀ ਨੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨੇ ਅਪਣੇ ਵਿਧਾਇਕ ਕੁਲਦੀਪ ਸੇਂਗਰ ਵਿਰੁਧ ਪਰਚਾ ਦਰਜ ਕਰਵਾ ਦਿਤਾ ਅਤੇ ਉਸ ਨੂੰ ਜੇਲ ਵਿਚ ਪਾ ਦਿਤਾ। ਵਿਧਾਇਕ ਦੀ ਸਰਕਾਰ ਤਕ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸਾਕਸ਼ੀ ਮਹਾਰਾਜ ਸੰਸਦ ਮੈਂਬਰ ਬਣਨ ਤੋਂ ਬਾਅਦ ਉਨਾਉ ਦੇ ਵਿਧਾਇਕ ਨੂੰ ਜੇਲ ਵਿਚ ਮਦਦ ਅਤੇ ਸਾਥ ਦੇਣ ਬਦਲੇ ਸ਼ੁਕਰਾਨਾ ਅਦਾ ਕਰਨ ਗਏ ਸਨ। ਖ਼ੈਰ, ਇਸ ਵਿਧਾਇਕ ਨੂੰ ਜੇਲ ਵਿਚ ਗਏ ਨੂੰ ਤਕਰੀਬਨ ਇਕ ਸਾਲ ਹੋ ਗਿਆ ਹੈ ਅਤੇ ਪੀੜਤਾ ਮੁਤਾਬਕ ਵਿਧਾਇਕ ਸੇਂਗਰ ਉਸ ਉਤੇ ਦਬਾਅ ਪਾਉਂਦਾ ਰਿਹਾ।

ਪਰ ਪਿਛਲੇ ਦਿਨੀਂ ਕੁੜੀ ਅਤੇ ਉਸ ਦੇ ਪ੍ਰਵਾਰ ਨੂੰ ਮਾਰਨ ਦੀ ਕੋਸ਼ਿਸ਼ ਵਿਚ ਇਕ ਹਾਦਸਾ ਰਚਾਇਆ ਗਿਆ ਜਿਸ ਵਿਚ ਕੁੜੀ ਦੀ ਚਾਚੀ ਅਤੇ ਮਾਸੀ ਮਾਰੀਆਂ ਗਈਆਂ ਅਤੇ ਕੁੜੀ ਗੰਭੀਰ ਹਾਲਤ ਵਿਚ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕੁੜੀ ਦੀ ਹਿਫ਼ਾਜ਼ਤ ਵਾਸਤੇ ਲਾਇਆ ਗਿਆ ਸੀ ਉਨ੍ਹਾਂ ਨੇ ਹੀ ਵਿਧਾਇਕ ਨੂੰ ਦਸਿਆ ਕਿ ਕੁੜੀ ਨੂੰ 'ਹਾਦਸੇ' ਵਿਚ ਕਿਥੇ ਮਰਵਾਇਆ ਜਾ ਸਕਦਾ ਹੈ। ਰੌਲਾ ਪੈਣ ਤੇ ਵਿਧਾਇਕ ਉਤੇ ਕਤਲ ਦਾ ਮਾਮਲਾ ਦਰਜ ਤਾਂ ਹੋ ਗਿਆ ਅਤੇ ਸੀ.ਬੀ.ਆਈ. ਕੋਲੋਂ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਪਰ ਜਿਸ ਵਿਧਾਇਕ ਦੀ ਮਦਦ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਜੁਟੀ ਹੋਈ ਹੋਵੇ 'ਪਾਲਤੂ ਤੋਤਾ' ਉਸ ਦਾ ਕੀ ਵਿਗਾੜ ਸਕਦਾ ਹੈ?

ਕੇਂਦਰ ਵਿਚ ਉੱਤਰ ਪ੍ਰਦੇਸ਼ ਦੀ ਹੀ ਸੱਭ ਤੋਂ ਤੇਜ਼ ਤਰਾਰ ਸੰਸਦ ਮੈਂਬਰ ਅਤੇ ਮਹਿਲਾ ਤੇ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਬੱਚੀਆਂ ਨੂੰ ਬਚਾਉਣ ਵਾਸਤੇ ਕਾਨੂੰਨ ਨੂੰ ਸੋਧ ਰਹੀ ਹੈ ਅਤੇ ਕਾਨੂੰਨ ਵਿਚ ਸੱਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਪੀੜਤਾ ਦਾ ਬਿਆਨ ਲੈਣ ਵਿਚ ਦੇਰੀ ਕੀਤੀ ਜਾਂਦੀ ਹੈ ਅਤੇ ਇਕ ਬਲਾਤਕਾਰੀ ਨੂੰ ਪੀੜਤਾ ਉਤੇ ਦਬਾਅ ਬਣਾਉਣ ਦਾ ਮੌਕਾ ਦਿਤਾ ਜਾਂਦਾ ਹੈ। ਇਸ ਪੀੜਤਾ ਦਾ ਵੀ ਪਿਛਲੇ ਇਕ ਸਾਲ ਵਿਚ ਬਿਆਨ ਨਹੀਂ ਲਿਆ ਗਿਆ। ਜੇ ਅੱਜ ਇਹ 17 ਸਾਲ ਦੀ ਬੱਚੀ ਮਰ ਜਾਂਦੀ ਹੈ ਤਾਂ ਉਹ ਵਿਧਾਇਕ ਬਰੀ ਹੋ ਜਾਵੇਗਾ ਕਿਉਂਕਿ ਉਸ ਵਿਰੁਧ ਪੀੜਤਾ ਦਾ ਬਿਆਨ ਹੀ ਫ਼ਾਈਲ ਵਿਚ ਨਹੀਂ ਹੋਵੇਗਾ।

ਕੀ ਸਮ੍ਰਿਤੀ ਇਰਾਨੀ ਅੱਜ ਅਪਣੀ ਪਾਰਟੀ ਦੇ ਇਕ ਬਲਾਤਕਾਰੀ ਵਿਧਾਇਕ ਬਾਰੇ ਕੁੱਝ ਕਰ ਸਕਦੇ ਹਨ? ਕੀ ਉਨ੍ਹਾਂ ਨੂੰ ਇਸ 'ਹਿੰਦੂ' ਬੱਚੀ ਉਤੇ ਤਰਸ ਆਵੇਗਾ ਅਤੇ ਕੀ ਉਸ ਵਾਸਤੇ ਅਪਣੀ ਆਵਾਜ਼ ਉੱਚੀ ਕਰਨਗੇ? ਇਹ ਮਾਮਲਾ ਦਿੱਲੀ ਦੀ ਨਿਰਭੈ ਤੋਂ ਵੀ ਬਦਤਰ ਹੈ। ਫ਼ਰਕ ਸਿਰਫ਼ ਇਹ ਹੈ ਕਿ ਪੀੜਤਾ ਬੱਚ ਗਈ ਹੈ। ਜੇ ਮਰ ਗਈ ਹੁੰਦੀ ਤਾਂ ਉਸ ਦੀ ਪੂਜਾ ਹੋ ਰਹੀ ਹੁੰਦੀ, ਪਰ ਜ਼ਿੰਦਾ ਪੀੜਤਾ ਨੂੰ ਸਰਕਾਰ ਆਪ ਮਾਰ ਦੇਣ 'ਚ ਮਦਦ ਕਰਦੀ ਹੈ।

ਯੋਗੀ ਆਦਿਤਿਆਨਾਥ ਦੇ ਸ਼ਾਸਨਕਾਲ ਵਿਚ ਉੱਤਰ ਪ੍ਰਦੇਸ਼ ਗੁੰਡਾਰਾਜ ਨਹੀਂ ਬਲਕਿ ਜੰਗਲ ਰਾਜ ਬਣ ਚੁੱਕਾ ਹੈ। ਉਹ 'ਠੋਕੋ ਨੀਤੀ' ਅਪਣਾ ਕੇ ਅਪਰਾਧ ਨੂੰ ਖ਼ਤਮ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਜਦ ਅਪਰਾਧ ਖ਼ਤਮ ਕਰਨ ਵਾਲੇ ਹੀ ਅਪਰਾਧੀ ਬਣ ਜਾਣ ਤਾਂ ਕੀ ਕੀਤਾ ਜਾਵੇਗਾ? ਜੇ ਕਿਸੇ ਘੱਟਗਿਣਤੀ ਜਾਂ ਦਲਿਤ ਨੂੰ ਇਹ ਫ਼ਿਰਕੂ ਸੈਨਾ ਮਾਰਦੀ ਹੈ ਤਾਂ ਚੁੱਪੀ ਧਾਰਨ ਕਰਨ ਵਾਲੇ ਦੱਸਣ ਕਿ ਅੱਜ ਤਾਂ ਇਕ ਹਿੰਦੂ ਬੇਟੀ ਨੂੰ ਇਕ ਹਿੰਦੂ ਵਿਧਾਇਕ ਨੇ ਬਰਬਾਦ ਕਰ ਕੇ ਰੱਖ ਦਿਤਾ ਹੈ। ਇਸ 17 ਸਾਲ ਦੀ ਬੱਚੀ ਦੇ ਅਪਰਾਧੀ ਨੂੰ ਮਾਫ਼ ਕਰਨਾ ਸਹੀ ਹੈ ਕਿਉਂਕਿ ਉਹ ਹਿੰਦੂ ਰਾਜ ਲਿਆਉਣ ਵਿਚ ਮਾਹਰ ਹੈ। ਕੀ ਹਿੰਦੂ ਰਾਜ ਵਾਸਤੇ ਬੱਚੀਆਂ ਦੀ ਕੁਰਬਾਨੀ ਦੇਣ ਦੀ ਨਵੀਂ ਰੀਤ ਹੈ?  -ਨਿਮਰਤ ਕੌਰ