ਸੰਪਾਦਕੀ: ਛੋਟੀਆਂ ਛੋਟੀਆਂ ਗੱਲਾਂ ’ਤੇ ਇਤਰਾਜ਼ ਪਰ ਵੱਡੇ ਮੁੱਦਿਆਂ ਬਾਰੇ ਚਰਚਾ ਹੀ ਕੋਈ ਨਹੀਂ!
ਸੰਸਦ ਵਿਚ ਜਿਥੇ ਮਹਿੰਗਾਈ ਬਾਰੇ ਚਿੰਤਾ ਨਹੀਂ, ਬੇਰੋਜ਼ਗਾਰੀ ਬਾਰੇ ਚਿੰਤਾ ਨਹੀਂ, ਉਥੇ ਉਹ ਇਸ ਮਾਮਲੇ ਤੇ ਆਦੀਵਾਸੀ ਔਰਤਾਂ ਦੀ ਇੱਜ਼ਤ ਦਾ ਮਸਲਾ ਬਣਾ ਕੇ ਆਪਸ ਵਿਚ ਲੜਨ ਬੈਠ ਗਏ
ਕਾਂਗਰਸੀ ਸਾਂਸਦ ਅਧੀਰ ਰੰਜਨ ਚੌਧਰੀ ਵਲੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰ-ਪਤਨੀ’ ਕਹਿ ਕੇ ਸੰਬੋਧਤ ਕਰਨ ਤੇ ਕਲ ਆਖ਼ਰਕਾਰ ਲੋਕ ਸਭਾ ਵਿਚ ਕੋਈ ਗੱਲਬਾਤ ਤਾਂ ਹੋਈ। ਕਾਂਗਰਸੀ ਸਾਂਸਦ ਵਲੋਂ ਅਪਣੀ ਸਫ਼ਾਈ ਵਿਚ ਆਖਿਆ ਗਿਆ ਕਿ ਉਨ੍ਹਾਂ ਵਲੋਂ ਗ਼ਲਤੀ ਨਾਲ ‘ਰਾਸ਼ਟਰ-ਪਤਨੀ’ ਲਫ਼ਜ਼ ਵਰਤਿਆ ਗਿਆ ਕਿਉਂਕਿ ਉਨ੍ਹਾਂ ਨੂੰ ਹਿੰਦੀ ਘੱਟ ਹੀ ਆਉਂਦੀ ਹੈ। ਇਹ ਬੰਗਾਲੀਆਂ ਦੀ ਖ਼ਾਸੀਅਤ ਹੈ ਕਿ ਉਹ ਹਿੰਦੀ ਸਿਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਭਾਵੇਂ ਰਾਸ਼ਟਰੀ ਸਿਆਸਤ ਦਾ ਹਿੱਸਾ ਹੋਣ ਕਰ ਕੇ ਉਨ੍ਹਾਂ ਨੂੰ ਹਿੰਦੀ ਵਿਚ ਮੂੰਹ ਮਾਰਨਾ ਹੀ ਪੈਂਦਾ ਹੈ।
Adhir Ranjan Chowdhury
ਸੋ ਸ਼ਾਇਦ ਉਨ੍ਹਾਂ ਨੇੇ ਗ਼ਲਤੀ ਜਾਣਬੁੱਝ ਕੇ ਨਹੀਂ ਕੀਤੀ ਤੇ ਹੁਣ ਰਾਸ਼ਟਰਪਤੀ ਮੁਰਮੂ ਨੂੰ ਚਿੱਠੀ ਲਿਖ ਕੇ ਮਾਫ਼ੀ ਮੰਗ ਲਈ ਹੈ। ਪਰ ਸੰਸਦ ਵਿਚ ਜਿਥੇ ਮਹਿੰਗਾਈ ਬਾਰੇ ਚਿੰਤਾ ਨਹੀਂ, ਬੇਰੋਜ਼ਗਾਰੀ ਬਾਰੇ ਚਿੰਤਾ ਨਹੀਂ, ਉਥੇ ਉਹ ਇਸ ਮਾਮਲੇ ਤੇ ਆਦੀਵਾਸੀ ਔਰਤਾਂ ਦੀ ਇੱਜ਼ਤ ਦਾ ਮਸਲਾ ਬਣਾ ਕੇ ਆਪਸ ਵਿਚ ਲੜਨ ਬੈਠ ਗਏ। ਸਾਧਾਰਣ ਗੱਲਾਂ ਨੂੰ ਲੈ ਕੇ ਏਨਾ ਜ਼ੋਰਦਾਰ ਰੋਸ ਪ੍ਰਗਟ ਕਰਨਾ ਸਾਡੀ ਆਦਤ ਕਿਉਂ ਬਣਦੀ ਜਾ ਰਹੀ ਹੈ? ਇਸ ਹਫ਼ਤੇ ਇਕ ਹੋਰ ਮਾਮਲਾ ਹੋਇਆ ਜਿਥੇ ਬਾਲੀਵੁਡ ਅਦਾਕਾਰ ਰਣਬੀਰ ਸਿੰਘ ਨੇ ਇਕ ਮੈਗਜ਼ੀਨ ਵਾਸਤੇ ਇਕ ਫ਼ੋਟੋਸ਼ੂਟ ਕੀਤਾ। ਜੋ ਫ਼ੋਟੋਸ਼ੂਟ ਉਨ੍ਹਾਂ ਨੇ ਸਿਰਫ਼ ਇਕ ਕਪੜਾ ਪਹਿਨ ਕੇ ਕੀਤਾ, ਉਸ ਤਰ੍ਹਾਂ ਅੱਜ ਤੋਂ ਪਹਿਲਾਂ ਹੋਰ ਮਰਦ ਵੀ ਕਰ ਚੁੱਕੇ ਹਨ। ਪਰ ਅਜੀਬ ਗੱਲ ਹੈ ਕਿ ਇਕ ਔਰਤ ਨੇ ਇਤਰਾਜ਼ ਜਤਾਇਆ ਕਿ ਇਹ ਅਸ਼ਲੀਲ ਹੈ ਤੇ ਉਸ ਦੇ ਸਕੂਲ ਜਾਂਦੇ ਬੱਚੇ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਇਹ ਤਸਵੀਰ ਵੇਖ ਕੇ ਪ੍ਰਭਾਵਤ ਹੋ ਰਹੇ ਹਨ। ਹੈਰਾਨੀ ਤਾਂ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਬੀਬੀ ਦੇ 6-8 ਸਾਲ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ’ਤੇ ਜਾਣ ਦੀ ਇਜਾਜ਼ਤ ਕਿਉਂ ਹੈ?
Draupadi Murmu
ਪਰ ਪੁਲਿਸ ਨੇ ਇਸ ਇਤਰਾਜ਼ ਨੂੰ ਜਾਇਜ਼ ਮੰਨਦਿਆਂ ਹੋਇਆਂ ਇਸ ਸ਼ਿਕਾਇਤ ਨੂੰ ਲੈ ਕੇ ਪਰਚਾ ਦਰਜ ਕਰ ਦਿਤਾ। ਫ਼ਾਲਤੂ ਗੱਲਾਂ ਤੇ ਇਤਰਾਜ਼ ਖੜਾ ਕਰ ਕੇ ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕਰਨ ਦੀ ਰੀਤ ਸਾਡੇ ਸਮਾਜ ਵਿਚ ਪੱਕੀ ਬਣਦੀ ਜਾ ਰਹੀ ਹੈ ਜਦਕਿ ਅਸਲ ਮੁੱਦਿਆਂ ਬਾਰੇ ਅਸੀਂ ਗੱਲ ਹੀ ਨਹੀਂ ਕਰਦੇ। ਜਿਸ ਮਾਂ ਨੂੰ ਰਣਬੀਰ ਸਿੰਘ ਦੀ ਅੱਧ ਨੰਗੀ ਕਲਾਕਾਰੀ ਤੇ ਇਤਰਾਜ਼ ਸੀ, ਉਸ ਨੂੰ ਮੁੰਬਈ ਵਿਚ ਬੱਚਿਆਂ ਦੇ ਦੇਹ ਵਪਾਰ ਤੇ ਇਤਰਾਜ਼ ਕਿਉਂ ਨਹੀਂ? ਮੁੰਬਈ ਵਿਚ ਭਾਰਤ ਦਾ ਸੱਭ ਤੋਂ ਵੱਡਾ ਦੇਹ ਵਪਾਰ ਦਾ ਇਲਾਕਾ ਹੈ ਜਿਥੇ ਕੁੜੀਆਂ ਨੂੰ ਘਰੋਂ ਚੁੱਕ ਕੇ ਵੇਚਿਆ ਜਾਂਦਾ ਹੈ। ਉਨ੍ਹਾਂ ਕੁੜੀਆਂ ਨੂੰ ਘਰੋਂ ਚੁੱਕ ਕੇ ਇਸ ਬਾਜ਼ਾਰ ਵਿਚ ਵੇਚਿਆ ਜਾਂਦਾ ਹੈ ਤੇ ਫਿਰ ਉਨ੍ਹਾਂ ਨੂੰ ਵੇਸਵਾਵਾਂ ਬਣਾਇਆ ਜਾਂਦਾ ਹੈ। ਉਨ੍ਹਾਂ ਦੇ ਕੋਈ ਹੱਕ ਨਹੀਂ, ਕੋਈ ਸੁਰੱਖਿਆ ਨਹੀਂਂ, ਕੋਈ ਆਵਾਜ਼ ਨਹੀਂ, ਕੋਈ ਹਮਾਇਤ ਨਹੀਂ ਅਤੇ ਕਿਸੇ ਨੂੰ ਇਤਰਾਜ਼ ਵੀ ਕੋਈ ਨਹੀਂ!
Ranveer Singh
ਪਿਛਲੇ 10 ਸਾਲਾਂ ਵਿਚ 22 ਕਰੋੜ ਨੌਜਵਾਨਾਂ ਨੇ ਨੌਕਰੀਆਂ ਵਾਸਤੇ ਅਰਜ਼ੀ ਭਰੀ। ਸਿਰਫ਼ 7 ਲੱਖ ਨੂੰ ਨੌਕਰੀ ਮਿਲੀ। ਇਤਰਾਜ਼ ਹੋਇਆ? ਨਹੀਂ। ਦਿੱਲੀ ਵਿਚ ਰਹਿਣ ਵਾਲੇ ਨਾਗਰਿਕਾਂ ਦੀ ਉਮਰ ਘਟਦੀ ਜਾ ਰਹੀ ਹੈ ਕਿਉਂਕਿ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਇਤਰਾਜ਼ ਸਰਕਾਰਾਂ ਨੂੰ ਕਮਜ਼ੋਰ ਕਰਨ ਦਾ ਨਿਸ਼ਾਨ ਮਿਥ ਕੇ ਕੀਤਾ ਜਾ ਰਿਹਾ ਹੈ ਪਰ ਪ੍ਰਦੂਸ਼ਣ ਤੇ ਕੋਈ ਇਤਰਾਜ਼ ਨਹੀਂ। ਅੱਜ ਪੰਜਾਬ ਦੀਆਂ ਕੁੱਝ ਥਾਵਾਂ ’ਤੇ ਟਿਊਬਵੈਲਾਂ ’ਚੋਂ ਗੰਦਾ ਪ੍ਰਦੂਸ਼ਿਤ ਪਾਣੀ ਨਹੀਂ ਸਗੋਂ ਪ੍ਰਦੂਸ਼ਿਤ ਸ਼ਰਾਬ ਨਿਕਲ ਰਹੀ ਹੈ, ਇਤਰਾਜ਼ ਕਿਸ ਨੂੰ ਹੈ?
Parliament
ਗੋਦੀ ਮੀਡੀਆ ਆਖਣ ਨੂੰ ਸੱਭ ਅੱਗੇ ਹੈ ਪਰ ਜਦ ਪੱਤਰਕਾਰਾਂ ’ਤੇ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਜੇਲਾਂ ਵਿਚ ਭੇਜਿਆ ਜਾਂਦਾ ਹੈ, ਕੌਣ ਇਤਰਾਜ਼ ਕਰਦਾ ਹੈ? ਬਿਨਾਂ ਮਤਲਬ ਦੀਆਂ ਗੱਲਾਂ ਜਾਂ ਛੋਟੀਆਂ ਗੱਲਾਂ ਅਰਾਮ ਨਾਲ ਸੁਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ’ਤੇ ਇਤਰਾਜ਼ ਕਰ ਕੇ ਅਸੀਂ ਇਤਰਾਜ਼ ਕਰਨ ਦੀ ਪ੍ਰ੍ਰਕਿਰਿਆ ਨੂੰ ਕਮਜ਼ੋਰ ਕਰ ਰਹੇ ਹਾਂ। ਇਤਰਾਜ਼-ਯੋਗ ਬਹੁਤ ਚੀਜ਼ਾਂ ਹਨ ਪਰ ਸਹੀ ਚੀਜ਼ ’ਤੇ ਇਤਰਾਜ਼ ਕਰਨ ਵਾਲੇ ਲੋਕ ਕਿਥੇ ਹਨ?
- ਨਿਮਰਤ ਕੌਰ