ਅਸੈਂਬਲੀ ਵਿਚ ਬਾਦਲਾਂ, ਅਕਾਲ ਤਖ਼ਤ ਦੇ ਜਥੇਦਾਰ ਦੇ ਪ੍ਰਵਾਰ ਅਤੇ ਸ਼੍ਰੋਮਣੀ ਕਮੇਟੀ ਵਿਰੁਧ ਸਾਂਝਾ ਹੱਲਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਖ਼ਾਸ ਸੈਸ਼ਨ ਵਿਚ ਸੱਭ ਤੋਂ ਚੰਗੀ ਤਕਰੀਰ ਕਰਨ ਦਾ ਸਿਹਰਾ ਤਾਂ ਤ੍ਰਿਪਤਇੰਦਰ ਸਿੰਘ ਬਾਜਵਾ ਦੇ ਸਿਰ ਤੇ ਬਝਦਾ ਹੈ..............

Punjab Vidhan Sabha

ਇਸ ਖ਼ਾਸ ਸੈਸ਼ਨ ਵਿਚ ਸੱਭ ਤੋਂ ਚੰਗੀ ਤਕਰੀਰ ਕਰਨ ਦਾ ਸਿਹਰਾ ਤਾਂ ਤ੍ਰਿਪਤਇੰਦਰ ਸਿੰਘ ਬਾਜਵਾ ਦੇ ਸਿਰ ਤੇ ਬਝਦਾ ਹੈ ਜਿਨ੍ਹਾਂ ਸਿਰਫ਼ ਜ਼ੋਰਾ ਸਿੰਘ ਕਮਿਸ਼ਨ ਨੂੰ ਸਾਹਮਣੇ ਰੱਖ ਕੇ ਅਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਤਕਰੀਰ ਵਿਚ ਪੰਜਾਬ ਪੁਲਿਸ ਨੂੰ ਵੀ ਨਕਾਰਿਆ ਜੋ ਡੀ.ਜੀ.ਪੀ. ਸੈਣੀ ਨੂੰ ਹੱਥ ਲਾਉਣ ਤੋਂ ਡਰਦੀ ਹੈ ਅਤੇ 'ਫ਼ਖ਼ਰੇ ਕੌਮ' ਸ. ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਸੱਚ ਕਹਿਣ ਤੋਂ ਪਿੱਛੇ ਨਾ ਹਟੇ। ਉਨ੍ਹਾਂ ਦੀਆਂ ਦਲੀਲਾਂ ਤੱਥਾਂ ਉਤੇ ਟਿਕੀਆਂ ਹੋਈਆਂ ਸਨ ਜੋ ਇਕ ਸੱਚੇ ਸਿੱਖ ਦੇ ਦਿਲ ਅੰਦਰੋਂ ਨਿਕਲੀ ਹੂਕ ਲਗਦੀ ਸੀ ਤੇ ਸਿੱਧਾ ਦਿਲ ਨੂੰ ਜਾ ਛੂੰਹਦੀ ਸੀ।

8 ਘੰਟੇ ਦੇ ਵਿਧਾਨ ਸਭਾ ਸੈਸ਼ਨ ਦਾ ਸ਼ਾਇਦ ਇਤਿਹਾਸ ਵਿਚ ਦੂਜੀ ਵਾਰ ਸਿੱਧਾ ਪ੍ਰਸਾਰਣ ਹੋਇਆ ਸੀ ਅਤੇ ਅੱਧੇ ਤੋਂ ਜ਼ਿਆਦਾ ਪੰਜਾਬ, ਟੀ.ਵੀ. ਸੈੱਟਾਂ ਨਾਲ ਜੁੜਿਆ ਬੈਠਾ ਸੀ। ਅਕਾਲੀ-ਭਾਜਪਾ ਨੇ ਬਾਹਰ ਜਾ ਕੇ, ਉਨ੍ਹਾਂ 17 ਮਿੰਟਾਂ ਵਿਚ ਅਪਣਾ ਪੱਖ ਰੱਖਣ ਦਾ ਮੌਕਾ ਗਵਾ ਲਿਆ। ਲੋਕ ਤਾਂ ਇਹੀ ਮੰਨਣਗੇ ਕਿ ਉਨ੍ਹਾਂ ਕੋਲ ਅਪਣੇ ਬਚਾਅ ਵਿਚ ਕਹਿਣ ਨੂੰ ਹੀ ਕੁੱਝ ਨਹੀਂ ਸੀ ਪਰ ਜਿਹੜਾ ਜੋਸ਼ ਕਾਂਗਰਸ ਦੇ ਵਿਧਾਇਕਾਂ ਵਿਚ ਨਜ਼ਰ ਆਇਆ, ਉਹ ਵੀ ਅਪਣੇ ਆਪ ਵਿਚ ਵਿਲੱਖਣ ਨਜ਼ਾਰਾ ਸੀ।

ਜਿਸ ਤਰ੍ਹਾਂ ਸਾਰੇ ਕਾਂਗਰਸੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਅਪਣੇ ਵਿਚਾਰ ਰੱਖੇ, ਉਸ ਤੋਂ ਸਾਫ਼ ਸੀ ਕਿ ਉਹ ਬਤੌਰ ਸਿਆਸਤਦਾਨ ਨਹੀਂ ਬਲਕਿ ਬਤੌਰ ਸਿੱਖ ਬੋਲ ਰਹੇ ਸਨ। ਕਲ ਜੋ ਸ਼ਬਦੀ ਤੀਰ ਵਿਧਾਨ ਸਭਾ ਵਿਚ ਛੱਡੇ ਗਏ ਉਹ ਸ਼ਾਇਦ ਹੀ ਇਸ ਧਰਮਨਿਰਪੱਖ ਪਾਰਟੀ ਨੇ ਕਦੇ ਕਿਸੇ ਮੰਚ ਤੋਂ ਆਖੇ ਹੋਣ। ਕਲ ਇਸ ਚਿੱਟੀਆਂ ਪੱਗਾਂ ਵਾਲੀ ਪਾਰਟੀ ਦਾ ਜਜ਼ਬਾ ਵੇਖ ਕੇ ਲੱਗ ਰਿਹਾ ਸੀ ਕਿ ਅਸਲ ਵਿਚ ਨੀਲੀਆਂ ਪੱਗਾਂ ਵਾਲੀ ਫ਼ੌਜ ਕਲ ਐਵੇਂ ਚਿੱਟੀਆਂ ਪੱਗਾਂ ਧਾਰਨ ਕਰ ਕੇ ਧਾਵਾ ਬੋਲਣ ਆ ਗਈ ਸੀ।

ਬਾਦਲ ਪ੍ਰਵਾਰ ਦੀ ਨਿਜੀ ਦੌਲਤ, ਫ਼ਾਸਟਵੇ ਕੇਬਲ, ਪੀ.ਟੀ.ਸੀ. ਉਤੇ ਵੀ ਕਈ ਅਣੀਆਲੇ ਤੀਰ ਛੱਡੇ ਗਏ ਪਰ ਗੋਲੀਕਾਂਡ ਅਤੇ ਬੇਅਦਬੀ ਮੁੱਖ ਵਿਸ਼ੇ ਹੀ ਬਣੇ ਰਹੇ। ਕੰਵਰ ਸੰਧੂ ਦੀ ਟਿਪਣੀ ਸ਼ਾਇਦ ਉਨ੍ਹਾਂ ਦੀ ਪੱਤਰਕਾਰੀ ਦੇ ਲੰਮੇ ਤਜਰਬੇ ਸਦਕਾ ਬਹੁਤ ਹੀ ਵਧੀਆ ਸੀ ਪਰ ਵਿਰੋਧੀ ਧਿਰ ਦੇ ਨੇਤਾ ਚੀਮਾ ਦੀ ਟਿਪਣੀ ਨੇ ਸਾਬਤ ਕਰ ਦਿਤਾ ਕਿ ਉਹ ਅਜੇ ਇਸ ਅਹੁਦੇ ਦੇ ਬਰਾਬਰ ਦਾ ਕੱਦ ਨਹੀਂ ਬਣਾ ਸਕੇ।

ਜਿਸ ਤਰ੍ਹਾਂ ਕਾਂਗਰਸੀ ਵਿਧਾਇਕ ਹਰਮੋਹਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਿਰੁਧ ਮਤਾ ਪੇਸ਼ ਕੀਤਾ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬੇਟੇ ਦੇ ਕਰੋੜਾਂ ਦੇ ਨਿਜੀ ਵਪਾਰ ਬਾਰੇ ਤੱਥ ਰੱਖੇ, ਇਹ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਉਤੇ ਕਬਜ਼ਾ ਜਮਾਈ ਬੈਠੇ ਸੇਵਾਦਾਰਾਂ ਵਾਸਤੇ ਬੜੀ ਸ਼ਰਮਨਾਕ ਘੜੀ ਸੀ। ਜਿਸ ਤਰ੍ਹਾਂ ਐਸ.ਜੀ.ਪੀ.ਸੀ./ਅਕਾਲ ਤਖ਼ਤ ਨੂੰ ਅਕਾਲੀ ਦਲ ਦਾ ਬਚਾਅ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਇਹ ਦਰਸਾਉਂਦਾ ਹੈ ਕਿ ਹੁਣ ਸਿਆਸਤ ਅਤੇ ਧਰਮ ਨੂੰ ਵੱਖ ਕਰਨ ਦਾ ਸਮਾਂ ਆ ਗਿਆ ਹੈ।

ਸਿਆਸਤਦਾਨਾਂ ਦੀ ਚੜ੍ਹਤ ਅਤੇ ਨਿਵਾਣ ਇਕ ਖੇਡ ਹੈ ਜਿਸ ਵਿਚ ਤਾਕਤ ਅਤੇ ਕੁਰਸੀ ਦਾ ਨਸ਼ਾ ਉਨ੍ਹਾਂ ਨੂੰ ਅੰਨ੍ਹਾ ਕਰ ਰਿਹਾ ਹੈ। ਪਰ ਜਿਸ ਤਰ੍ਹਾਂ ਵਿਧਾਨ ਸਭਾ ਵਿਚ ਸਿੱਖਾਂ ਦੇ ਸਰਬ-ਉੱਚ ਸਥਾਨ ਦੀ ਦੁਰਵਰਤੋਂ ਕਰਨ ਬਾਰੇ ਟਿਪਣੀਆਂ ਹੋਈਆਂ, ਦੁੱਖ ਤਾਂ ਸੱਭ ਦੇ ਮਨਾਂ ਨੂੰ ਜ਼ਰੂਰ ਹੋਇਆ ਹੋਵੇਗਾ। ਕਾਂਗਰਸੀ ਵਿਧਾਇਕਾਂ ਵਲੋਂ ਇਸ ਮੌਕੇ ਨੂੰ ਇਹ ਸਾਬਤ ਕਰਨ ਲਈ ਵੀ ਵਰਤਿਆ ਗਿਆ ਕਿ ਬਾਦਲ ਪ੍ਰਵਾਰ ਨਾਲ ਉਨ੍ਹਾਂ ਦਾ ਕੋਈ ਖ਼ੁਫ਼ੀਆ ਗਠਜੋੜ ਨਹੀਂ ਅਤੇ ਉਨ੍ਹਾਂ ਨੂੰ ਬਾਦਲਾਂ ਉਤੇ ਨਿਜੀ ਹਮਲੇ ਕਰਨ ਵਿਚ ਕੋਈ ਸੰਕੋਚ ਨਹੀਂ।

ਕਈ ਵਿਧਾਇਕਾਂ ਵਲੋਂ, ਖ਼ਾਸ ਕਰ ਕੇ ਉਹ ਜੋ ਕੈਪਟਨ ਅਮਰਿੰਦਰ ਸਿੰਘ ਦੇ ਖ਼ੇਮੇ ਵਿਚੋਂ ਨਹੀਂ ਹਨ, ਇਸ ਮੌਕੇ ਨੂੰ ਕੈਪਟਨ ਅਮਰਿੰਦਰ ਸਿੰਘ ਉਤੇ ਦਬਾਅ ਪਾਉਣ ਲਈ ਇਸਤੇਮਾਲ ਕੀਤਾ ਗਿਆ। ਇਹ ਵਾਰ ਵਾਰ ਕਿਹਾ ਗਿਆ ਕਿ ਸਾਰੀ ਜ਼ਿੰਮੇਵਾਰੀ ਕੈਪਟਨ ਸਾਹਿਬ ਉਤੇ ਆ ਪਈ ਹੈ ਤੇ ਉਨ੍ਹਾਂ ਨੂੰ ਤੁਰਤ ਕਾਰਵਾਈ ਕਰ ਕੇ ਹੀ ਸੁਰਖ਼ਰੂ ਹੋਣਾ ਪਵੇਗਾ ਨਹੀਂ ਤਾਂ ਅਕਾਲੀਆਂ ਵਿਰੁਧ ਗੁੱਸਾ ਉਨ੍ਹਾਂ ਵਿਰੁਧ ਗੁੱਸੇ ਦਾ ਰੂਪ ਵਟਾ ਲਵੇਗਾ। ਇਹ ਵੀ ਕਿਹਾ ਗਿਆ ਕਿ ਅੱਜ ਸਾਰੇ ਭਾਰਤ ਦੇ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਬੈਠੇ ਪੰਜਾਬੀ ਉਨ੍ਹਾਂ ਵਲ ਨਜ਼ਰਾਂ ਟਿਕਾਈ ਬੈਠੇ ਹਨ।

ਇਸ ਖ਼ਾਸ ਸੈਸ਼ਨ ਦੀ ਸੱਭ ਤੋਂ ਚੰਗੀ ਤਕਰੀਰ ਕਰਨ ਦਾ ਸਿਹਰਾ ਤਾਂ ਤ੍ਰਿਪਤਇੰਦਰ ਸਿੰਘ ਬਾਜਵਾ ਦੇ ਸਿਰ ਤੇ ਬਝਦਾ ਹੈ ਜਿਨ੍ਹਾਂ ਸਿਰਫ਼ ਜ਼ੋਰਾ ਸਿੰਘ ਕਮਿਸ਼ਨ ਨੂੰ ਸਾਹਮਣੇ ਰੱਖ ਕੇ ਅਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਨੇ ਤਕਰੀਰ ਵਿਚ ਪੰਜਾਬ ਪੁਲਿਸ ਨੂੰ ਵੀ ਨਕਾਰਿਆ ਜੋ ਡੀ.ਜੀ.ਪੀ. ਸੈਣੀ ਨੂੰ ਹੱਥ ਲਾਉਣ ਤੋਂ ਡਰਦੀ ਹੈ ਅਤੇ 'ਫ਼ਖ਼ਰੇ ਕੌਮ' ਸ. ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਸੱਚ ਕਹਿਣ ਤੋਂ ਪਿੱਛੇ ਨਾ ਹਟੇ। ਉਨ੍ਹਾਂ ਦੀਆਂ ਦਲੀਲਾਂ ਤੱਥਾਂ ਉਤੇ ਟਿਕੀਆਂ ਹੋਈਆਂ ਸਨ ਜੋ ਇਕ ਸੱਚੇ ਸਿੱਖ ਦੇ ਦਿਲ ਅੰਦਰੋਂ ਨਿਕਲੀ ਹੂਕ ਲਗਦੀ ਸੀ ਤੇ ਸਿੱਧਾ ਦਿਲ ਨੂੰ ਜਾ ਛੂੰਹਦੀ ਸੀ।

ਆਖ਼ਰੀ ਬੋਲ ਕੈਪਟਨ ਅਮਰਿੰਦਰ ਸਿੰਘ ਦੇ ਹਨ ਜਿਨ੍ਹਾਂ ਨੇ ਕਿਹਾ ਤਾਂ ਸੱਭ ਕੁੱਝ ਠੀਕ ਪਰ ਫਿਰ ਵੀ ਉਹ ਬਾਕੀ ਸਾਰੇ ਬੁਲਾਰਿਆਂ ਵਰਗਾ ਜੋਸ਼ ਨਾ ਵਿਖਾ ਸਕੇ ਜਿਸ ਦੀ ਕਿ ਲੋਕਾਂ ਨੂੰ ਉਨ੍ਹਾਂ ਕੋਲੋਂ ਸੁਣਨ ਦੀ ਆਦਤ ਪਈ ਹੋਈ ਸੀ। ਕੈਪਟਨ ਨੂੰ ਗਰਜਣ ਦੀ ਲੋੜ ਸੀ ਪਰ ਉਹ ਅਪਣੇ ਹੀ ਅਕਸ ਦੇ ਬਰਾਬਰ ਦੇ ਨਹੀਂ ਸਨ ਜਾਪ ਰਹੇ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੋਕਾਂ ਦੀ ਨਿਰਾਸ਼ਾ, ਸੋਸ਼ਲ ਮੀਡੀਆ ਰਾਹੀਂ ਝੱਟ ਹੀ ਮਿਲ ਗਈ ਕਿਉਂਕਿ ਉਨ੍ਹਾਂ ਵਲੋਂ ਦੇਰ ਰਾਤ ਟਵਿੱਟਰ ਉਤੇ ਲੋਕਾਂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਬਾਦਲ ਪ੍ਰਵਾਰ ਉਤੇ ਨਰਮ ਨਹੀਂ ਹੋਣ ਵਾਲੇ।

ਅਸਲ ਵਿਚ ਲੋਕ ਸੋਚ ਰਹੇ ਸਨ ਕਿ ਇਕ-ਦੋ ਹਫ਼ਤੇ ਵਿਚ ਹੀ ਇਸ ਡੇਢ ਸਾਲ ਦੀ ਰੀਪੋਰਟ ਤੇ ਐਫ਼.ਆਈ.ਆਰ. ਦਰਜ ਹੋ ਜਾਵੇਗੀ ਪਰ ਇਕ ਹੋਰ ਐਸ.ਆਈ.ਟੀ. ਦੀ ਖ਼ਬਰ ਨਾਲ ਨਿਰਾਸ਼ਾ ਫੈਲ ਗਈ। ਮਾਹਰ ਤਾਂ ਇਹ ਵੀ ਆਖ ਰਹੇ ਹਨ ਕਿ ਸੀ.ਬੀ.ਆਈ. ਤੋਂ ਕੇਸ ਲੈਣ ਦੀ ਇਜਾਜ਼ਤ ਸੁਪਰੀਮ ਕੋਰਟ ਨਹੀਂ ਦੇਵੇਗਾ। ਸਮਝਣਾ ਇਹ ਪਵੇਗਾ ਕਿ ਇਸ ਕਾਂਡ ਵਿਚ ਨਿਆਂ, ਮਾਂਹ ਦੀ ਕਾਲੀ ਦਾਲ ਜਾਂ ਮੀਟ ਵਾਂਗ ਹਲਕੀ ਅੱਗ ਉਤੇ ਪਕਾਇਆਂ ਨਹੀਂ ਮਿਲ ਸਕਦਾ। ਹੁਣ ਲੋਕਾਂ ਦਾ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ।  -ਨਿਮਰਤ ਕੌਰ