Editorial: ਪਾਵਨ ਸਰੂਪਾਂ ਦੀ ਵਾਪਸੀ ਅਤੇ ਇਸ ਨਾਲ ਜੁੜੇ ਕੁੱਝ ਸਵਾਲ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਇਨ੍ਹਾਂ ਸਰੂਪਾਂ ਦਾ ਪ੍ਰਕਾਸ਼ ਦੋਹਾ ਦੇ ਉਪ ਨਗਰ, ਬਰਕਤ ਅਲ-ਅਵਾਮੇਰ ਵਿਚ ਕੀਤਾ ਗਿਆ

The return of the holy forms and some related questions...

 

Editorial:  ਇਸਲਾਮੀ ਮੁਲਕ ਕਤਰ ਦੇ ਪੁਲਿਸ ਅਧਿਕਾਰੀਆਂ ਵਲੋਂ ਜ਼ਬਤ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਦੋਹਾ ਸਥਿਤ ਭਾਰਤੀ ਦੂਤਾਵਾਸ ਰਾਹੀਂ ਹੁਣ ਸ੍ਰੀ ਅੰਮ੍ਰਿਤਸਰ ਪੁੱਜ ਗਏ ਹਨ, ਇਹ ਤਸੱਲੀ ਵਾਲੀ ਗੱਲ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਤਰੀ ਅਧਿਕਾਰੀਆਂ ਦੇ ਇਸ ਕਦਮ ਦਾ ਸਵਾਗਤ ਕਰਦਿਆਂ, ਇਸ ਨੂੰ ਦੋਵਾਂ ਮੁਲਕਾਂ ਦਰਮਿਆਨ ਦੋਸਤਾਨਾ ਸਬੰਧਾਂ ਦੀ ਕਦਰਦਾਨੀ ਦਸਿਆ ਹੈ। ਨਾਲ ਹੀ ਮੰਤਰਾਲੇ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ’ਚ ਵਸੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਆਪੋ ਅਪਣੇ ਧਾਰਮਕ ਅਕੀਦਿਆਂ ਦਾ ਪਾਲਣ ਕਰਦੇ ਸਮੇਂ ਉਹ ਸਬੰਧਤ ਮੁਲਕ ਦੇ ਕਾਇਦੇ ਕਾਨੂੰਨਾਂ ਦੀ ਵੀ ਪਾਕੀਜ਼ਗੀ ਨਾਲ ਪਾਲਣਾ ਕਰਨ।

ਇਹ ਅਪੀਲ ਇਸ ਪੱਖੋਂ ਅਹਿਮ ਹੈ ਕਿ ਭਾਰਤੀ ਭਾਈਚਾਰੇ ਵਲੋਂ ਧਾਰਮਿਕ ਤਿੱਥ-ਤਿਉਹਾਰ ਮਨਾਏ ਜਾਣ ਸਮੇਂ ਮੁਕਾਮੀ ਨਿਯਮਾਂ-ਕਾਨੂੰਨਾਂ ਦੀ ਉਲੰਘਣਾ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।

ਅਜਿਹੀਆਂ ਘਟਨਾਵਾਂ ਕਾਰਨ ਸਰਕਾਰਾਂ ਕਸੂਤੀਆਂ ਫਸ ਜਾਂਦੀਆਂ ਹਨ ਅਤੇ ਕਈ ਵਾਰ ਅਣਚਾਹੇ ਸਫ਼ਾਰਤੀ ਸੰਕਟ ਵੀ ਖੜੇ ਹੋ ਜਾਂਦੇ ਹਨ। ਪਾਵਨ ਸਰੂਪਾਂ ਦੇ ਮਾਮਲੇ ’ਚ ਵੀ ਕੁੱਝ ਅਜਿਹਾ ਹੀ ਵਾਪਰਿਆ। ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਇਨ੍ਹਾਂ ਸਰੂਪਾਂ ਦਾ ਪ੍ਰਕਾਸ਼ ਦੋਹਾ ਦੇ ਉਪ ਨਗਰ, ਬਰਕਤ ਅਲ-ਅਵਾਮੇਰ ਵਿਚ ਕੀਤਾ ਗਿਆ। ਅਬੂ ਧਾਬੀ ਤੋਂ ਪ੍ਰਕਾਸ਼ਿਤ ਅੰਗਰੇਜ਼ੀ ਅਖ਼ਬਾਰ ‘ਗ਼ਲਫ਼ ਨਿਊਜ਼’ ਦੀ ਰਿਪੋਰਟ ਮੁਤਾਬਕ ਪਿਛਲੇ ਦਸੰਬਰ ਮਹੀਨੇ ਇਕ ਰਿਹਾਇਸ਼ਗਾਹ ’ਚ ਸਿੱਖ ਭਾਈਚਾਰੇ ਦਾ ਇਕੱਠ ਵੇਖ ਕੇ ਗੁਆਂਢੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

ਪੁਲਿਸ ਨੂੰ ਜਦੋਂ ਸਰਕਾਰੀ ਪ੍ਰਵਾਨਗੀ ਵਾਲੇ ਦਸਤਾਵੇਜ਼ ਨਹੀਂ ਵਿਖਾਈ ਗਏ ਤਾਂ ਉਸ ਨੇ ਦੋਵੇਂ ਸਰੂਪ ਜ਼ਬਤ ਕਰ ਲਏ ਕਿਉਂਕਿ ਸੱਤ ਮਹੀਨਿਆਂ ਤੋਂ ਵੱਧ ਸਮਾਂ ਗੁਜ਼ਰਨ ’ਤੇ ਇਹ ਘਟਨਾ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਧਿਆਨ ’ਚ ਆਈ। ਇਸ ਤੋਂ ਇਹ ਸ਼ੱਕ ਉਭਰਨਾ ਸੁਭਾਵਿਕ ਹੀ ਹੈ ਕਿ ਦੋਵੇਂ ਪਾਵਨ ਸਰੂਪ ਗ਼ੈਰ-ਕਾਨੂੰਨੀ ਢੰਗ ਨਾਲ ਦੋਹਾ ਲਿਆਂਦੇ ਗਏ। ਖ਼ੈਰ! ਸ਼੍ਰੋਮਣੀ ਕਮੇਟੀ ਵਲੋਂ ਭਾਰਤ ਸਰਕਾਰ ਦੀ ਦਖ਼ਲ ਦੀ ਮੰਗ ਕੀਤੇ ਜਾਣ ਮਗਰੋਂ ਵਿਦੇਸ਼ ਮੰਤਰਾਲਾ ਹਰਕਤ ’ਚ ਆਇਆ ਅਤੇ ਚੰਦ ਦਿਨਾਂ ਦੇ ਅੰਦਰ ਹੀ ਪਾਵਨ ਸਰੂਪਾਂ ਦੀ ਭਾਰਤ ਵਾਪਸੀ ਸੰਭਵ ਬਣਾ ਦਿਤੀ।

ਇਹ ਸਾਰਾ ਘਟਨਾਕ੍ਰਮ ਜਿਸ ਢੰਗ ਨਾਲ ਵਾਪਰਿਆ, ਉਸ ਤੋਂ ਕਈ ਤਰ੍ਹਾਂ ਦੇ ਸੰਸੇ ਤੇ ਸਵਾਲ ਲੋਕ ਮਨਾਂ ’ਚ ਉਭਰਨੇ ਸੁਭਾਵਿਕ ਹੀ ਹਨ। ਸ਼ਰਧਾ ਅਪਣੀ ਥਾਂ ਹੈ ਪਰ ਸ਼ਰਧਾ ਦੇ ਨਾਂ ’ਤੇ ਕੁੱਝ ਵੀ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਜੋ ਗ਼ੈਰ-ਕਾਨੂੰਨੀ ਹੋਣ ਦਾ ਪ੍ਰਭਾਵ ਦੇਵੇ। ਸਾਨੂੰ ਸਭਨਾਂ ਨੂੰ ਪਤਾ ਹੈ ਕਿ ਅਰਬ ਜਗਤ ਦੇ ਸਾਰੇ ਇਸਲਾਮੀ ਮੁਲਕਾਂ ’ਚ ਧਾਰਮਿਕ ਕਾਇਦੇ-ਕਾਨੂੰਨ ਬਹੁਤ ਸਖ਼ਤ ਹਨ। ਸਿਰਫ਼ ਸੰਯੁਕਤ ਅਰਬ ਅਮੀਰਾਤ (ਯੂ.ਈ.ਈ.) ਹੀ ਇਕੋ-ਇਕ ਅਜਿਹਾ ਇਸਲਾਮੀ ਮੁਲਕ ਹੈ ਜਿਥੇ ਇਸਲਾਮ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਪ੍ਰਚਾਰ-ਪ੍ਰਸਾਰ ਉਤੇ ਉਜ਼ਰ ਨਹੀਂ ਕੀਤਾ ਜਾਂਦਾ।

ਇਸੇ ਲਈ ਉਥੇ ਮੰਦਰ ਵੀ ਸ਼ਾਨਦਾਰ ਹਨ ਅਤੇ ਗਿਰਜਿਆਂ ਤੇ ਗੁਰਦਵਾਰਿਆਂ ਦੀ ਅਜ਼ਮਤ ਵੀ ਘੱਟ ਨਹੀਂ। ਯੂ.ਏ.ਈ. ਤੋਂ ਇਲਾਵਾ ਬਹਿਰੀਨ, ਓਮਾਨ ਤੇ ਕੁਵੈਤ ’ਚ ਵੀ ਮੰਦਰ-ਗੁਰਦਵਾਰੇ ਮੌਜੂਦ ਹਨ। ਇਹ ਸਾਰੇ ਮੁਕਾਮੀ ਸਰਕਾਰਾਂ ਦੀ ਪ੍ਰਵਾਨਗੀ ਨਾਲ ਉਸਰੇ ਤੇ ਇਨ੍ਹਾਂ ਬਾਰੇ ਕੋਈ ਵਿਵਾਦ ਕਦੇ ਸੁਣਨ ’ਚ ਨਹੀਂ ਆਇਆ। ਜੰਗਗ੍ਰਸਤ ਮੁਲਕ ਯਮਨ ਦੇ ਬੰਦਰਗਾਹੀ ਮਹਾਂਨਗਰ, ਅਦਨ ਵਿਚ ਇਕ ਗੁਰੂ-ਘਰ, ਇਕ ਸਦੀ ਤੋਂ ਵੱਧ ਸਮੇਂ ਤੋਂ ਬਣਿਆ ਹੋਇਆ ਹੈ। ਯਮਨੀ ਸਮਾਜ ਵਿਚਲੀਆਂ ਆਰਥਕ ਤੰਗੀਆਂ ਤੇ ਖ਼ਾਨਾਜੰਗੀ ਵਾਲੇ ਆਲਮ ਦੇ ਬਾਵਜੂਦ ਇਸ ਗੁਰੂ-ਘਰ ’ਚ ਕਥਾ-ਕੀਰਤਨ ਤੇ ਲੰਗਰ ਦਾ ਪ੍ਰਵਾਹ ਬਾਦਸਤੂਰ ਜਾਰੀ ਹੈ।

ਦੂਜੇ ਪਾਸੇ, ਸਾਊਦੀ ਅਰਬ ਤੇ ਕਤਰ ਉਹ ਮੁਲਕ ਹਨ ਜਿਥੇ ਗ਼ੈਰ-ਮੁਸਲਿਮਾਂ ਉਤੇ ਮਜ਼੍ਹਬੀ ਬੰਦਸ਼ਾਂ ਜ਼ਿਆਦਾ ਸਖ਼ਤ ਹਨ। ਇਨ੍ਹਾਂ ਦੋਵਾਂ ’ਚੋਂ ਵੀ ਕਤਰ ਮੁਕਾਬਲਤਨ ਉਦਾਰ ਹੈ। ਦੁਨੀਆਂ ਦੇ ਨਕਸ਼ੇ ’ਤੇ ਇਕ ਕਤਰੇ ਜਿੰਨਾ ਮੁਲਕ ਹੈ ਇਹ, ਪਰ ਹੈ ਬਹੁਤ ਧਨਾਢ। ਇਹ ਗ਼ੈਰ-ਇਸਲਾਮੀ ਇਬਾਦਤਗਾਹਾਂ ਸਥਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ ਪਰ ਸਖ਼ਤ ਬੰਦਸ਼ਾਂ ਲਾ ਕੇ। ਜ਼ਿਕਰਯੋਗ ਪੱਖ ਹੈ ਕਿ ਇਥੇ 7 ਲੱਖ ਦੇ ਕਰੀਬ ਭਾਰਤੀ ਵਸੇ ਹੋਏ ਹਨ ਜੋ ਮੁਲਕ ਦੀ ਕੁਲ ਵਸੋਂ ਦਾ ਚੌਥਾ ਹਿੱਸਾ ਬਣਦੇ ਹਨ।

ਹਿੰਦੂ ਇਸ ਮੁਲਕ ਦੀ ਕੁਲ ਵਸੋਂ ਦਾ 14 ਫ਼ੀ ਸਦ ਬਣਦੇ ਹਨ। ਇਸੇ ਲਈ ਕੌਮੀ ਰਾਜਧਾਨੀ ਦੋਹਾ ’ਚ ਇਕ ਕ੍ਰਿਸ਼ਨ ਮੰਦਰ ਵੀ ਸੁਸ਼ੋਭਿਤ ਹੈ ਅਤੇ ਇਕ ਹੋਰ ਉਸਾਰੀ-ਅਧੀਨ ਹੈ। ਜ਼ਾਹਰ ਹੈ ਕਿ ਜੇ ਸਿੱਖ ਭਾਈਚਾਰੇ ਨੇ ਵੀ ਕਾਨੂੰਨੀ ਪਾਬੰਦੀਆਂ ਦੀ ਪਾਲਣਾ ਪ੍ਰਤੀ ਸੁਹਿਰਦਤਾ ਵਿਖਾਈ ਹੁੰਦੀ ਤਾਂ ਪਾਵਨ ਸਰੂਪਾਂ ਵਾਲਾ ਪ੍ਰਕਰਣ ਨਹੀਂ ਸੀ ਵਾਪਰਨਾ।
ਸ਼੍ਰੋਮਣੀ ਕਮੇਟੀ ਨੇ ਸਰੂਪਾਂ ਦੀ ਵਾਪਸੀ ਦਾ ਖ਼ੈਰ-ਮਕਦਮ ਕੀਤਾ ਹੈ ਅਤੇ ਮੰਨਿਆ ਹੈ ਕਿ ਭਾਰਤ ਸਰਕਾਰ ਨੇ ਮਾਮਲਾ ਨਜਿੱਠਣ ਪੱਖੋਂ ਪੂਰੀ ਫ਼ਰਜ਼ਸ਼ਨਾਸੀ ਦਿਖਾਈ ਹੈ।

ਹੁਣ ਕਮੇਟੀ ਨੂੰ ਆਪ ਵੀ ਫ਼ਰਜ਼ਸ਼ੱਨਾਸੀ ਦਿਖਾਉਣੀ ਚਾਹੀਦੀ ਹੈ : ਉਹ ਇਹ ਪੜਤਾਲ ਕਰਵਾਏ ਕਿ ਇਹ ਸਰੂਪ ਕਿਵੇਂ ਦੋਹਾ ਪਹੁੰਚੇ ਅਤੇ ਕਤਰੀ ਪੁਲਿਸ ਵਲੋਂ ਇਹ ਜ਼ਬਤ ਕੀਤੇ ਜਾਣ ਤੋਂ ਕਈ ਮਹੀਨੇ ਬਾਅਦ ਤਕ ਇਨ੍ਹਾਂ ਬਾਰੇ ਸੂਚਨਾ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਜਾਂ ਭਾਰਤੀ ਦੂਤਾਵਾਸ ਤਕ ਕਿਉਂ ਨਹੀਂ ਪਹੁੰਚਾਈ ਗਈ? ਇਹ ਇਕ ਕੌੜਾ ਸੱਚ ਹੈ ਕਿ ਪਾਵਨ ਸਰੂਪਾਂ ਦੇ ਪ੍ਰਕਾਸ਼ਨ ਤੇ ਅਸਥਾਪਨ ਉਪਰ ਅਕਾਲ ਤਖ਼ਤ ਵਲੋਂ ਕਈ ਸਖ਼ਤ ਪਾਬੰਦੀਆਂ ਆਇਦ ਕੀਤੇ ਜਾਣ ਦੇ ਬਾਵਜੂਦ ਸਰੂਪਾਂ ਨੂੰ ਸੂਟਕੇਸਾਂ ’ਚ ਬੰਦ ਕਰ ਕੇ ਕੂਰੀਅਰ ਸੇਵਾਵਾਂ ਰਾਹੀਂ ਵਿਦੇਸ਼ ਭਿਜਵਾਏ ਜਾਣ ਦੀ ਕੁਪ੍ਰਥਾ ਅਜੇ ਵੀ ਜਾਰੀ ਹੈ।

ਇਹ ਕੁਪ੍ਰਥਾ ਬੰਦ ਕਰਵਾਏ ਜਾਣ ਅਤੇ ਸਿੱਖੀ ਦੇ ਪੈਰੋਕਾਰਾਂ ਨੂੰ ਮੁਕਾਮੀ ਕਾਨੂੰਨਾਂ ਦੇ ਅਦਬ-ਸਤਿਕਾਰ ਦਾ ਪਾਠ ਪੜ੍ਹਾਏ ਜਾਣ ਦੀ ਸਖ਼ਤ ਜ਼ਰੂਰਤ ਹੈ। ਇਹ ਕੰਮ ਸਰਕਾਰਾਂ ਦਾ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਵਰਗੀਆਂ ਉਨ੍ਹਾਂ ਸੰਸਥਾਵਾਂ ਤੇ ਧਰਮਵੇਤਾਵਾਂ ਦਾ ਹੈ ਜੋ ਸਿੱਖੀ ਦੇ ਮੁਹਾਫ਼ਿਜ਼ ਹੋਣ ਦੇ ਦਾਅਵੇ ਕਰਦੇ ਆਏ ਹਨ।