Editorial: ਭਾਰਤ-ਕੈਨੇਡਾ ਸਬੰਧਾਂ ਦੀ ਸੁਧਾਰ ਵਲ ਪੇਸ਼ਕਦਮੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤੀ ਵਿਦੇਸ਼ ਸੇਵਾ ਦੇ 1990 ਬੈਚ ਨਾਲ ਸਬੰਧਿਤ ਇਸ ਅਧਿਕਾਰੀ ਨੂੰ ਸਫ਼ਾਰਤੀ ਪੇਚੀਦਗੀਆਂ ਅਤੇ ਕੂਟਨੀਤਕ ਦਾਅ-ਪੇਚਾਂ ਦਾ ਭਰਵਾਂ ਤਜਰਬਾ ਹ

Editorial: ਭਾਰਤ-ਕੈਨੇਡਾ ਸਬੰਧਾਂ ਦੀ ਸੁਧਾਰ ਵਲ ਪੇਸ਼ਕਦਮੀ

ਭਾਰਤ ਤੇ ਕੈਨੇਡਾ ਵਲੋਂ ਸੀਨੀਅਰ ਡਿਪਲੋਮੈਟਾਂ-ਦਿਨੇਸ਼ ਕੇ. ਪਟਨਾਇਕ ਅਤੇ ਕ੍ਰਿਸਟੋਫਰ ਕੂਟਰ ਦੀ ਹਾਈ ਕਮਿਸ਼ਨਰਾਂ ਵਜੋਂ ਨਿਯੁਕਤੀ, ਦੁਵੱਲੇ ਸਬੰਧਾਂ ਵਿਚ ਸੁਧਾਰ ਵੱਲ ਖ਼ੁਸ਼ਗਵਾਰ ਪੇਸ਼ਕਦਮੀ ਹੈ। ਦੋਵਾਂ ਮੁਲਕਾਂ ਨੇ ਇਸ ਪੇਸ਼ਕਦਮੀ ਦਾ ਐਲਾਨ ਇੱਕੋ ਦਿਨ ਭਾਵ ਵੀਰਵਾਰ ਨੂੰ ਕੀਤਾ। ਪਿਛਲੇ ਦਸ ਮਹੀਨਿਆਂ ਤੋਂ ਦੋਵਾਂ ਮੁਲਕਾਂ ਦੇ ਹਾਈ ਕਮਿਸ਼ਨ, ਬਿਨਾਂ ਹਾਈ ਕਮਿਸ਼ਨਰਾਂ ਤੋਂ ਕੰਮ ਕਰਦੇ ਆ ਰਹੇ ਸਨ। ਇਨ੍ਹਾਂ ਨਿਯੁਕਤੀਆਂ ਦੀ ਅਣਹੋਂਦ ਕਈ ਦੁਵੱਲੇ ਮਸਲਿਆਂ ਦਾ ਹੱਲ ਲੱਭਣ ਵਿਚ ਅੜਿੱਕਾ ਬਣੀ ਹੋਈ ਸੀ। ਹੁਣ ਹਾਈ ਕਮਿਸ਼ਨਰਾਂ ਦੀ ਨਿਯੁਕਤੀ, ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚਲੇ ਵਿੰਗਾਂ-ਟੇਢਾਂ ਨੂੰ ਦੂਰ ਕਰਨ ਵਿਚ ਸਿੱਧੇ ਤੌਰ ’ਤੇ ਸਹਾਈ ਹੋਵੇਗੀ। ਦਿਨੇਸ਼ ਪਟਨਾਇਕ ਇਸ ਸਮੇਂ ਸਪੇਨ ਵਿਚ ਭਾਰਤੀ ਰਾਜਦੂਤ ਹਨ।

ਭਾਰਤੀ ਵਿਦੇਸ਼ ਸੇਵਾ ਦੇ 1990 ਬੈਚ ਨਾਲ ਸਬੰਧਿਤ ਇਸ ਅਧਿਕਾਰੀ ਨੂੰ ਸਫ਼ਾਰਤੀ ਪੇਚੀਦਗੀਆਂ ਅਤੇ ਕੂਟਨੀਤਕ ਦਾਅ-ਪੇਚਾਂ ਦਾ ਭਰਵਾਂ ਤਜਰਬਾ ਹੈ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਨਵਾਂ ਅਹੁਦਾ ਛੇਤੀ ਤੋਂ ਛੇਤੀ ਸੰਭਾਲਣ ਲਈ ਕਿਹਾ ਹੈ। ਇਸ ਹਦਾਇਤ ਤੋਂ ਜ਼ਾਹਿਰ ਹੁੰਦਾ ਹੈ ਕਿ ਭਾਰਤ, ਕੈਨੇਡਾ ਨਾਲ ਅਪਣੇ ਸਬੰਧਾਂ ਵਿਚ ਸਤੰਬਰ 2023 ਤੋਂ ਆਈ ਕੜਵਾਹਟ ਦੂਰ ਕਰਨ ਅਤੇ ਇਨ੍ਹਾਂ ਨੂੰ ਮੁੜ ਤੋਂ ਆਮ ਵਰਗਾ ਬਣਾਉਣ ਲਈ ਸੱਚੇ ਦਿਲੋਂ ਯਤਨਸ਼ੀਲ ਹੈ। ਪਟਨਾਇਕ ਦੀ ਨਿਯੁਕਤੀ ਤੋਂ ਚੰਦ ਘੰਟੇ ਬਾਅਦ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕ੍ਰਿਸਟੋਫਰ ਕੂਟਰ ਨੂੰ ਭਾਰਤ ਵਿਚ ਹਾਈ ਕਮਿਸ਼ਨਰ ਨਾਮਜ਼ਦ ਕੀਤੇ ਜਾਣ ਦਾ ਐਲਾਨ ਕੀਤਾ। ਅਜਿਹਾ ਕਰ ਕੇ ਉਨ੍ਹਾਂ ਨੇ ਸਫ਼ਾਰਤੀ ਹਲਕਿਆਂ ਵਿਚ ਇਸ ਨਾਮ ਨੂੰ ਲੈ ਕੇ ਚੱਲ ਰਹੀ ਚਰਚਾ ਉੱਤੇ ਸਿੱਧੀ ਸਰਕਾਰੀ ਮੋਹਰ ਲਾ ਦਿਤੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵਲੋਂ ਜਾਰੀ ਬਿਆਨਾਂ ਵਿਚ ਉਮੀਦ ਪ੍ਰਗਟਾਈ ਗਈ ਹੈ ਕਿ ਅਨੁਭਵੀ ਡਿਪਲੋਮੈਟਾਂ ਦੀ ਆਮਦ ਦੁਵੱਲੇ ਸਬੰਧਾਂ ਨੂੰ ਲੀਹ ’ਤੇ ਲਿਆਉਣ ਵਿਚ ਚੰਗੀ-ਚੋਖੀ ਸਾਜ਼ਗਾਰ ਹੋਵੇਗੀ।

ਭਾਰਤ ਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ਵਿਚ ਤਲਖ਼ੀ ਦੇ ਦੌਰ ਆਉਣੇ ਕੋਈ ਨਵਾਂ ਰੁਝਾਨ ਨਹੀਂ। ਕੂਟਨੀਤਕ ਤਲਖ਼ੀਆਂ ਦਾ ਰੁਝਾਨ 1970ਵਿਆਂ ਤੋਂ ਚਲਦਾ ਆ ਰਿਹਾ ਹੈ। ਪੰਜਾਬ ਦੇ ਸਿਆਹ ਦਿਨਾਂ, ਖ਼ਾਸ ਕਰ ਕੇ ਖ਼ਾਲਿਸਤਾਨੀ ਹਿੰਸਾ ਦੇ ਸਮੇਂ ਤੋਂ ਆਤੰਕੀਆਂ ਵਲੋਂ ਕੈਨੇਡਾ ਵਿਚ ਰਾਜਸੀ ਪਨਾਹ ਲੈਣਾ ਅਤੇ ਇਸ ਪਨਾਹ ਨੂੰ ਭਾਰਤ-ਵਿਰੋਧੀ ਦਹਿਸ਼ਤੀ ਕਾਰਵਾਈਆਂ ਲਈ ਵਰਤਣਾ ਭਾਰਤ-ਕੈਨੇਡਾ ਸਬੰਧਾਂ ਦਰਮਿਆਨ ਤਣਾਅ ਦਾ ਵਿਸ਼ਾ ਬਣ ਗਿਆ ਸੀ। ਕਨਿਸ਼ਕ ਕਾਂਡ ਅਤੇ ਹੋਰ ਆਤੰਕੀ ਘਟਨਾਵਾਂ ਨੇ ਇਹ ਪ੍ਰਭਾਵ ਪੈਦਾ ਕੀਤਾ ਕਿ ਕੈਨੇਡਾ ਦੇ ਉਦਾਰਵਾਦੀ ਕਾਨੂੰਨ ਉਸ ਮੁਲਕ ਵਿਚ ਖ਼ਾਲਿਸਤਾਨੀ ਅਤਿਵਾਦੀਆਂ ਦੀਆਂ ਸਰਗਰਮੀਆਂ ਲਈ ਜ਼ਰਖ਼ੇਜ਼ ਭੂਮੀ ਸਾਬਤ ਹੋ ਰਹੇ ਹਨ।

ਜੂਨ 2023 ਵਿਚ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੀ ਸਰੀ (ਕੈਨੇਡਾ) ਵਿਚ ਹੱਤਿਆ ਤੋਂ ਉਪਜੇ ਭਾਰਤ-ਵਿਰੋਧੀ ਪ੍ਰਤੀਕਰਮਾਂ ਅਤੇ ਸਤੰਬਰ 2023 ਵਿਚ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੌਮੀ ਪਾਰਲੀਮੈਂਟ ਵਿਚ ਭਾਰਤ ਉੱਤੇ ਨਿੱਜਰ ਦੀ ਹੱਤਿਆ ਵਿਚ ਸ਼ਰੀਕ ਹੋਣ ਦੇ ਦੋਸ਼ ਲਾਏ ਜਾਣ ਕਾਰਨ ਦੁਵੱਲੇ ਸਬੰਧ ਵਿਆਪਕ ਨਿਘਾਰ ਦਾ ਸ਼ਿਕਾਰ ਹੋ ਗਏ ਸਨ। 10 ਮਹੀਨੇ ਪਹਿਲਾਂ ਟਰੂਡੋ ਵਲੋਂ ਕੈਨੇਡਾ ਸਥਿਤ ਤੱਤਕਾਲੀ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਤੇ ਪੰਜ ਹੋਰ ਭਾਰਤੀ ਸਫ਼ਾਰਤੀ ਅਧਿਕਾਰੀਆਂ ਨੂੰ ਨਿੱਜਰ ਹੱਤਿਆ ਕਾਂਡ ਨਾਲ (ਬਿਨਾਂ ਕਿਸੇ ਸਬੂਤ ਦੇ) ਜੋੜੇ ਜਾਣ ਦਾ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਲਿਆ ਸੀ। ਇਸ ਨੇ ਫ਼ੌਰਨ ਉਪਰੋਕਤ ਸਾਰੇ ਡਿਪਲੋਮੈਟ ਵਾਪਸ ਬੁਲਾ ਲਏ।

ਨਾਲ ਹੀ 6 ਕੈਨੇਡੀਅਨ ਅਧਿਕਾਰੀ ਵੀ ਭਾਰਤ ਵਿਚੋਂ ਖਾਰਿਜ ਕਰ ਦਿਤੇ ਗਏ। ਇਸ ਸਾਲ ਮਾਰਚ ਮਹੀਨੇ ਜਸਟਿਨ ਟਰੂਡੋ ਦੀ ਥਾਂ ਲੈਣ ਵਾਲੇ ਨਵੇਂ ਲਿਬਰਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੂਡੋ ਵਾਲੀ ਨੀਤੀ ਤਿਆਗ ਕੇ ਭਾਰਤ-ਕੈਨੇਡਾ ਸਬੰਧਾਂ ਵਿਚ ਸੁਧਾਰ ਲਿਆਉਣ ਦੇ ਸੰਕੇਤ ਦਿਤੇ। ਜੂਨ ਮਹੀਨੇ ਜੀ-7 ਸਿਖਰ ਸੰਮੇਲਨ ਦੌਰਾਨ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਾਰਤਾਲਾਪ ਦੌਰਾਨ ਦੁਵੱਲੇ ਸਬੰਧਾਂ ਨੂੰ ਪੁਰਾਣੇ ਪੱਧਰ ’ਤੇ ਲਿਆਉਣ ਦੀ ਇੱਛਾ ਪ੍ਰਗਟਾਈ। ਇਸ ਇੱਛਾ ਨੂੰ ਹੁਣ ਫ਼ਲ ਪੈਣੇ ਸ਼ੁਰੂ ਹੋ ਗਏ ਹਨ।

ਖ਼ਾਲਿਸਤਾਨੀ ਅਨਸਰਾਂ ਦੀਆਂ ਕੈਨੇਡੀਅਨ ਧਰਤੀ ਤੋਂ ਭਾਰਤ-ਵਿਰੋਧੀ ਸਰਗਰਮੀਆਂ, ਮੋਦੀ ਸਰਕਾਰ ਨੂੰ ਲਗਾਤਾਰ ਖਟਕਦੀਆਂ ਆ ਰਹੀਆਂ ਹਨ, ਇਸ ਬਾਰੇ ਕੋਈ ਦੋ-ਰਾਵਾਂ ਨਹੀਂ। ਹਾਂ, ਮਾਰਕ ਕਾਰਨੀ ਦੀ ਆਮਦ ਮਗਰੋਂ ਇਨ੍ਹਾਂ ਸਰਗਰਮੀਆਂ ਵਿਚ ਕਮੀ ਜ਼ਰੂਰ ਆਈ ਹੈ, ਪਰ ਉਸ ਪੱਧਰ ’ਤੇ ਨਹੀਂ ਜਿਸ ਤੋਂ ਭਾਰਤ ਸਰਕਾਰ ਦੀ ਤਸੱਲੀ ਹੋ ਜਾਵੇ। ਮਾਰਕ ਕਾਰਨੀ ਸਰਕਾਰ ਨੇ ਕੁਝ ਅਪਰਾਧੀ ਵੀ ਭਾਰਤ ਦੇ ਹਵਾਲੇ ਕੀਤੇ ਹਨ। ਜਸਟਿਨ ਟਰੂਡੋ ਦੀ ਸਰਕਾਰ ਵੇਲੇ ਅਜਿਹੀਆਂ ਹਵਾਲਗੀਆਂ ਦੂਰ ਦੀ ਕੌਡੀ ਜਾਪਦੀਆਂ ਸਨ, ਪਰ ਮੌਜੂਦਾ ਕੈਨੇਡੀਅਨ ਸਰਕਾਰ, ਭਾਰਤੀ ਸੰਵੇਦਨਾਵਾਂ ਨੂੰ ਸਮਝਣ ਤੇ ਇਨ੍ਹਾਂ ਦੀ ਕਦਰ ਕਰਨ ਦੇ ਸੰਕੇਤ ਸੰਜੀਦਗੀ ਨਾਲ ਦਿੰਦੀ ਆ ਰਹੀ ਹੈ।

ਭਾਰਤ ਵਾਂਗ ਕੈਨੇਡਾ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਆਪਹੁਦਰੀਆਂ ਨਾਲ ਲਗਾਤਾਰ ਜੂਝਦਾ ਆ ਰਿਹਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਦੋਵੇਂ ਮੁਲਕ ਆਪਸੀ ਸਹਿਯੋਗ ਦੇ ਨਵੇਂ ਦਿਸਹੱਦੇ ਖੋਜਣ ਅਤੇ ਦੁਵੱਲੇ ਰਿਸ਼ਤੇ ਨੂੰ ਨਵੇਂ ਆਯਾਮਾਂ ਨਾਲ ਲੈਸ ਕਰਨ। ਨਵੀਂ ਪੇਸ਼ਕਦਮੀ ਇਸ ਦਿਸ਼ਾ ਵਲ ਸਹੀ ਪ੍ਰਗਤੀ ਹੈ। ਇਸ ਪ੍ਰਗਤੀ ਨੂੰ ਮਜ਼ਬੂਤੀ ਬਖ਼ਸ਼ੇ ਜਾਣ ਦੀ ਲੋੜ ਹੈ।