ਅਕਾਲੀਆਂ ਨੇ ਦਿੱਲੀ ਦੀ ਕੁਰਸੀ ਦੀ 'ਕੁਰਬਾਨੀ' ਕੀ ਸੋਚ ਕੇ ਦਿਤੀ ਤੇ ...........

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਿਆਸਤ ਦੀ ਬਾਹਰਲੀ ਤੇ ਅੰਦਰਲੀ ਕਹਾਣੀ ਵਿਚ ਅੰਤਰ ਤਾਂ ਹੁੰਦਾ ਹੀ ਹੈ

Harsimrat Kaur Badal and Sukhbir Singh Badal

ਕੇਂਦਰ ਵਿਚ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਲੀਡਰ ਅਪਣੇ ਸੱਭ ਤੋਂ ਪੁਰਾਣੇ ਭਾਈਵਾਲ ਵਿਰੁਧ ਤਾਂ ਖੜੇ ਹੋ ਗਏ ਹਨ ਪਰ ਅਜੇ ਵੀ ਸਵਾਲ ਇਹ ਹੈ ਕਿ ਉਹ ਪੰਜਾਬ ਦੇ ਕਿਸਾਨ ਨਾਲ ਵੀ ਖੜੇ ਹੋਣਗੇ ਜਾਂ ਨਹੀਂ? 2017 ਵਿਚ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ ਬਾਦਲ ਨੂੰ ਅਸੈਂਬਲੀ ਵਿਚ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਦੇ ਕਾਬਲ ਵੀ ਨਹੀਂ ਸੀ ਛਡਿਆ ਪਰ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਚ ਅਪਣੀ ਤਾਕਤ ਬਣਾਈ ਰੱਖੀ ਸੀ। ਅੱਜ ਉਨ੍ਹਾਂ ਨੇ ਅਪਣੀ ਕੇਂਦਰ ਦੀ ਕੁਰਸੀ ਪੰਜਾਬ ਦੀ ਗੱਦੀ ਬਚਾਉਣ ਵਾਸਤੇ 'ਤਿਆਗੀ' ਹੈ ਪਰ ਪੰਜਾਬ ਹੈ ਕਿ ਇਸ 'ਤਿਆਗ' ਨੂੰ ਮੰਨ ਹੀ ਨਹੀਂ ਰਿਹਾ।

ਅਕਾਲੀ ਟਰੈਕਟਰਾਂ 'ਤੇ ਸਵਾਰ ਹੋ ਕੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਰਹੇ ਹਨ। ਇਹੀ ਹੈ ਲੋਕਾਂ ਦਾ ਜਾਦੂ ਜਿਸ ਨੇ ਹੈਲੀਕਾਪਟਰਾਂ ਵਿਚ ਉਡਣ ਵਾਲਿਆਂ ਨੂੰ ਅੱਜ ਅਪਣੀਆਂ ਜੜ੍ਹਾਂ ਯਾਦ ਕਰਵਾ ਦਿਤੀਆਂ ਹਨ। ਹੁਣ ਅਕਾਲੀ ਦਲ ਵਲੋਂ ਅਪਣੀ ਕੇਂਦਰੀ ਕੁਰਸੀ ਦੇ 'ਤਿਆਗ' ਨੂੰ ਇਕ ਰਾਸ਼ਟਰੀ ਲਹਿਰ ਦੀ ਸ਼ੁਰੂਆਤ ਆਖਿਆ ਜਾ ਰਿਹਾ ਹੈ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਮੰਤਰੀ ਬੀਬੀ ਵਲੋਂ ਅਹੁਦੇ ਦਾ ਤਿਆਗ ਕਰਨ ਦਾ ਹੀ ਇਹ ਜਾਦੂਈ ਅਸਰ ਹੋਇਆ ਕਿ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ 8 ਦਿਨ ਪਹਿਲਾਂ ਸਮਾਪਤ ਕਰਨਾ ਪੈ ਗਿਆ ਸਰਕਾਰ ਨੂੰ!! ਅਕਾਲੀ ਦਲ ਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੂੰ ਕਈ ਵਿਰੋਧੀ ਧਿਰਾਂ ਵਲੋਂ ਵੀ ਮੁਬਾਰਕਬਾਦ ਮਿਲ ਰਹੀ ਹੈ ਤੇ ਦੇਸ਼ ਭਰ ਦੇ ਕਿਸਾਨ ਉਨ੍ਹਾਂ ਨੂੰ ਸਹਾਰ ਰਹੇ ਹਨ।

ਪ੍ਰੰਤੂ ਫਿਰ ਵੀ ਪੰਜਾਬ ਦੇ ਕਿਸਾਨ ਭਾਜਪਾ ਦੇ ਭਾਈਵਾਲਾਂ ਨੂੰ ਕਿਸਾਨ ਵਿਰੋਧੀ ਦਸ ਰਹੇ ਹਨ। ਪੰਜਾਬ ਦੇ ਕਿਸਾਨ ਤੇ ਕਿਸਾਨੀ ਨੂੰ ਸਮਝਣ ਵਾਲੇ ਅਜੇ ਵੀ ਅਕਾਲੀ ਦਲ ਨੂੰ ਇਸ ਕਾਨੂੰਨ ਦੇ ਵੱਡੇ ਦੋਸ਼ੀ ਵਜੋਂ ਵੇਖ ਰਹੇ ਹਨ। ਅਪਣੇ ਉਤੇ ਹੋ ਰਹੇ ਸੱਚੇ ਹਮਲਿਆਂ ਦਾ ਜਵਾਬ ਤਾਂ ਉਨ੍ਹਾਂ ਕੋਲੋਂ ਬਣ ਨਹੀਂ ਰਿਹਾ, ਇਸ ਲਈ ਉਹ ਕਾਂਗਰਸ ਨੂੰ ਪੁਰਾਣੇ ਕਾਗ਼ਜ਼ ਵਿਖਾ ਕੇ, ਅਪਣਾ ਬਚਾਅ ਇਹ ਕਹਿ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ''ਤੁਸੀਂ ਵੀ ਤਾਂ ਇਹੋ ਜਿਹਾ ਕਾਨੂੰਨ ਡਾ. ਮਨਮੋਹਨ ਸਿੰਘ ਵੇਲੇ ਪੇਸ਼ ਕੀਤਾ ਸੀ ਤੇ ਮੈਨੀਫ਼ੈਸਟੋ ਵਿਚ ਵੀ ਦਰਜ ਕੀਤਾ ਸੀ।'' ਕਾਂਗਰਸ ਨੇ ਜੋ ਕੀਤਾ, ਉਸ ਦਾ ਜਵਾਬ ਉਹ ਦੇਵੇ ਪਰ 'ਕਿਸਾਨਾਂ ਦੀ ਪਾਰਟੀ' ਗ਼ੈਰ-ਕਿਸਾਨ ਪਾਰਟੀਆਂ ਦੀ ਮਿਸਾਲ ਦੇ ਕੇ ਆਪ ਕਿਉਂ ਬੇਕਸੂਰ ਹੋਣ ਦਾ ਦਾਅਵਾ ਕਰ ਰਹੀ ਹੈ?

ਉਹ ਸਿਰਫ਼ ਏਨਾ ਦੱਸੇ ਕਿ ਕਾਂਗਰਸ ਵੀ ਮਾੜੀ ਤੇ ਬੀਜੇਪੀ ਵੀ ਮਾੜੀ ਪਰ ਅਕਾਲੀ ਕੇਂਦਰੀ ਮੰਤਰੀ ਨੇ ਆਰਡੀਨੈਂਸ ਦੀ ਪ੍ਰਵਾਨਗੀ ਉਤੇ ਦਸਤਖਤ ਕਿਉਂ ਕੀਤੇ ਤੇ ਜੂਨ, ਜੁਲਾਈ, ਅਗੱਸਤ ਤੇ ਅੱਧ ਸਤੰਬਰ ਤਕ ਸਾਰਾ ਬਾਦਲ ਕੁਨਬਾ ਇਸ ਦੇ ਸੋਹਿਲੇ ਕਿਉਂ ਗਾਉਂਦਾ ਰਿਹਾ? ਮੰਨ ਲਿਆ, ਕਾਂਗਰਸ ਨੇ ਵੀ ਗ਼ਲਤ ਕੀਤਾ ਪਰ ਇਸ ਨਾਲ ਅਕਾਲੀਆਂ ਦੇ ਪਾਪ ਕਿਵੇਂ ਧੋਤੇ ਜਾਣਗੇ? ਲੜਾਈ ਅਕਾਲੀਆਂ-ਕਾਂਗਰਸੀਆਂ ਦੀ ਨਹੀਂ, ਪੰਜਾਬ ਨੂੰ ਭਿਖਾਰੀ ਬਣਾਉਣੋਂ ਰੋਕਣ ਦੀ ਹੈ। ਇਹ ਝੂਠ ਹੈ ਕਿ ਉਹ ਚਾਰ ਮਹੀਨੇ ਬੀਜੇਪੀ ਨੂੰ ਸਮਝਾਉਂਦੇ ਰਹੇ। ਜਿਹੜੇ ਦੂਜੇ ਨੂੰ ਸਮਝਾ ਰਹੇ ਹੋਣ, ਉਹ ਆਪ ਚੁੱਪ ਰਹਿੰਦੇ ਹਨ ਪਰ ਗ਼ਲਤ ਕਦਮ ਦੀ ਹਮਾਇਤ ਵਿਚ ਕੁੱਝ ਨਹੀਂ ਬੋਲਦੇ।

ਪਰ ਪੰਜਾਬ ਦੇ ਹਰ ਕਿਸਾਨ ਨੂੰ ਤੇ ਹਰ ਆਮ ਤੇ ਖ਼ਾਸ ਆਦਮੀ ਨੂੰ ਪਤਾ ਹੈ ਕਿ ਅਕਾਲੀ ਦਲ ਕਿਸ ਤਰ੍ਹਾਂ ਅਪਣੇ ਧੂਆਂਧਾਰ ਭਾਸ਼ਣਾਂ ਰਾਹੀਂ ਸੱਚ ਨੂੰ ਝੂਠ ਦੱਸਣ ਦਾ ਯਤਨ ਕਰੇਗਾ। ਉਹ ਅਪਣੇ ਸਿਆਸੀ ਤਜਰਬੇ ਤੋਂ ਸਿਖੇ ਇਕ ਪਾਠ ਨੂੰ ਦੋਹਰਾ ਰਹੇ ਹਨ ਕਿ ਝੂਠ ਨੂੰ ਸੋ ਵਾਰ ਦੁਹਰਾਉਣ ਨਾਲ ਉਹ ਸੱਚ ਬਣ ਜਾਂਦਾ ਹੈ। ਬੀਤੇ ਵਿਚ ਇਹੀ ਚਲਦਾ ਰਿਹਾ ਹੈ ਪਰ ਹੁਣ ਸਮਾਂ ਬਦਲ ਗਿਆ ਹੈ। ਅੱਜ ਕਲ ਵੀਡੀਉ ਦਾ ਜ਼ਮਾਨਾ ਹੈ ਤੇ ਬੀਤੇ ਚਾਰ ਮਹੀਨੇ ਦਾ ਉਨ੍ਹਾਂ ਦਾ ਇਕ ਇਕ ਸ਼ਬਦ, ਹੂਬਹੂ ਅਸਲ ਰੂਪ ਵਿਚ ਫ਼ਿਲਮ ਦੇ ਰੂਪ ਵਿਚ ਸਾਹਮਣੇ ਲਿਆ ਵਿਖਾਇਆ ਜਾਂਦਾ ਹੈ। ਅੱਜ ਵੀ ਅਕਾਲੀ ਦਲ ਅਪਣੇ ਪੁਰਾਣੇ ਭਾਈਵਾਲ ਵਿਰੁਧ ਘੱਟ ਤੇ ਕਾਂਗਰਸ ਦੇ ਮੈਨੀਫ਼ੈਸਟੋ ਵਿਰੁਧ ਜ਼ਿਆਦਾ ਬਿਆਨ ਦੇ ਰਿਹਾ ਹੈ ਜਿਸ ਨਾਲ ਇਹ ਸੋਚ ਫੈਲ ਰਹੀ ਹੈ ਕਿ ਅਜੇ ਵੀ ਅਕਾਲੀ ਦਲ ਅਸਲ ਵਿਚ ਭਾਜਪਾ ਨਾਲ ਹੈ ਤੇ ਸਿਰਫ਼ 2022 ਵਿਚ ਪੰਜਾਬ ਵਿਚ ਸਰਕਾਰ ਬਣਾਉਣ ਵਾਸਤੇ ਭਾਜਪਾ ਨਾਲ ਵੱਖ ਹੋਣ ਦਾ ਦਿਖਾਵਾ ਕਰ ਰਿਹਾ ਹੈ।

ਜਿਹੜੀ ਲੜਾਈ 2022 ਵਿਚ ਐਨ.ਡੀ.ਏ., ਕਾਂਗਰਸ ਤੇ 'ਆਪ' ਵਿਚਕਾਰ ਹੋਣੀ ਸੀ, ਉਹ ਹੁਣ ਭਾਜਪਾ, ਅਕਾਲੀ ਦਲ, 'ਆਪ' ਤੇ ਕਾਂਗਰਸ ਵਿਚਕਾਰ ਹੋਣੀ ਹੈ। ਵੋਟਾਂ ਵੰਡੀਆਂ ਜਾਣਗੀਆਂ ਤੇ 2022 ਵਿਚ ਫਿਰ ਭਾਜਪਾ, ਅਕਾਲੀ ਤੇ ਕੁੱਝ ਹੋਰ ਬਾਗ਼ੀ ਮਿਲ ਕੇ ਸਰਕਾਰ ਬਣਾ ਸਕਦੇ ਹਨ। ਕੋਈ ਆਮ ਮੁੱਦਾ ਹੁੰਦਾ ਤਾਂ ਸ਼ਾਇਦ ਦਿੱਲੀ ਦੀ ਚਾਲ ਕਾਮਯਾਬ ਹੋ ਜਾਂਦੀ ਪਰ ਇਸ ਵਾਰ ਮੁੱਦਾ ਕਿਸਾਨ ਦਾ ਹੈ ਤੇ ਪੰਜਾਬ ਦੀ ਆਰਥਕਤਾ ਤੇ ਵੱਡੀ ਸੱਟ ਸਾਬਤ ਹੋਣ ਵਾਲਾ ਕਾਨੂੰਨ ਸੱਭ ਨੂੰ ਅਸਲ ਰੂਪ ਵਿਚ ਨਜ਼ਰ ਆ ਰਿਹਾ ਹੈ।

ਆੜ੍ਹਤੀਆਂ, ਮੰਡੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ, ਟਰੈਕਟਰ-ਟਰਾਲੀਆਂ ਵਾਲਿਆਂ, ਦੁਕਾਨਦਾਰਾਂ, ਛੋਟੇ ਗੁਦਾਮਾਂ ਵਾਲਿਆਂ ਤੋਂ ਬਾਅਦ  ਆਮ ਇਨਸਾਨ ਦੇ ਪੇਟ ਤੇ ਲੱਤ ਵੱਜੇਗੀ ਤਾਂ ਨਾ ਸਿਰਫ਼ ਅਕਾਲੀ ਦਲ, ਬਲਕਿ ਭਾਜਪਾ ਵੀ ਅਪਣੀ ਵੋਟ 'ਉਡ ਗਈ' ਹੀ ਵੇਖੇਗੀ ਤੇ 'ਉੜਤਾ ਪੰਜਾਬ' ਨੂੰ ਨਵੇਂ ਰੂਪ ਵਿਚ ਵੀ ਵੇਖ ਲਵੇਗੀ। ਲੋਕ ਇਹ ਵੀ ਵੇਖ ਰਹੇ ਹਨ ਕਿ ਅਪਣੇ ਆਪ ਨੂੰ ਅਕਾਲੀ ਅਖਵਾਉਣ ਵਾਲੇ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਅਜੇ ਵੀ ਭਾਜਪਾ ਦੇ ਵਿਧਾਇਕ ਹਨ।

ਬਾਦਲ ਅਕਾਲੀ ਇਸ ਮੁੱਦੇ ਨੂੰ ਸਿਆਸੀ ਸ਼ਤਰੰਜ ਵਾਂਗ ਨਾ ਖੇਡਦੇ ਤੇ ਅਪਣੇ ਸੂਬੇ ਦੇ ਕਿਸਾਨਾਂ ਦੀ ਨਜ਼ਰ ਨਾਲ ਵੇਖਦੇ ਤਾਂ ਸ਼ਾਇਦ ਅੱਜ ਲੋਕਾਂ ਦੀ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪੈਂਦਾ। ਸਿਆਸਤ ਦੀ ਬਾਹਰਲੀ ਤੇ ਅੰਦਰਲੀ ਕਹਾਣੀ ਵਿਚ ਅੰਤਰ ਤਾਂ ਹੁੰਦਾ ਹੀ ਹੈ ਪਰ ਅਕਾਲੀ ਦਲ  (ਬਾਦਲ) ਇਸ ਜੰਗ ਵਿਚ ਬੁਰੀ ਤਰ੍ਹਾਂ ਉਲਝ ਗਿਆ ਜਾਪਦਾ ਹੈ। ਕੀ ਉਹ ਹੁਣ ਅਪਣੇ ਆਪ ਨੂੰ ਸੰਭਾਲ ਸਕੇਗਾ ਜਾਂ ਲੋਕਾਂ ਨੂੰ ਹੋਰ ਉਲਝਾਉਣ ਵਿਚ ਹੀ ਕਾਮਯਾਬ ਹੋਵੇਗਾ?            - ਨਿਮਰਤ ਕੌਰ