ਚੰਨੀ ਸਰਕਾਰ ਦੀ ਪ੍ਰੀਖਿਆ ਦਾ ਨਤੀਜਾ ਨਿਕਲਣ 'ਚ 90 ਦਿਨ ਬਾਕੀ ਪਰ ਕਾਂਗਰਸੀ ਆਪਸ 'ਚ ਹੀ ਉਲਝੇ ਨੇ...
ਅੱਜ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਗਵਰਨਰੀ ਰਾਜ ਵਾਸਤੇ ਚਲਾਈ ਜਾ ਰਹੀ ਮੁਹਿੰਮ ਸੱਚ ਲਗਣੀ ਸ਼ੁਰੂ ਹੋ ਗਈ ਹੈ।
ਰਾਹੁਲ ਗਾਂਧੀ ਦੇ ਦੂਤ, ਹਰੀਸ਼ ਰਾਵਤ ਮੁੜ ਤੋਂ ਪੰਜਾਬ ਪਹੁੰਚ ਕੇ ਰੁੱਸੇ ਹੋਏ ਨਵਜੋਤ ਸਿੱਧੂ ਨੂੰ ਮਨਾਉਣ ਆ ਗਏ ਹਨ। ਹਰੀਸ਼ ਰਾਵਤ ਜਦ ਦੇ ਪੰਜਾਬ ਦੇ ਇੰਚਾਰਜ ਬਣੇ ਹਨ, ਉਹ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਵਿਚ ਹੀ ਲੱਗੇ ਰਹੇ ਹਨ। ਪਰ ਇਸ ਤੋਂ ਪਹਿਲਾਂ ਕਿ ਰਾਵਤ, ਸਿੱਧੂ ਨਾਲ ਗੱਲਬਾਤ ਸ਼ੁਰੂ ਕਰ ਸਕਦੇੇ, ਨਵਜੋਤ ਸਿੱਧੂ ਨੇ ਅਪਣੇ ਅਸਤੀਫ਼ੇ ਦਾ ਕਾਰਨ ਦਿੰਦੇ ਹੋਏ ਅਪਣੀ ਸਰਕਾਰ ਦੀ ਨੈਤਿਕਤਾ ਤੇ ਹੀ ਸਵਾਲ ਚੁਕ ਦਿਤਾ ਹੈ।
ਦਾਗ਼ੀ ਮੰਤਰੀਆਂ ਤੇ ਦਾਗ਼ੀ ਅਫ਼ਸਰਾਂ ਨੂੰ ਨਵੀਂ ਸਰਕਾਰ ਦਾ ਹਿੱਸਾ ਬਣਾਉਣ ਕਾਰਨ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡ ਦਿਤੀ ਹੈ। ਹੁਣ ਜਿਸ ਸਰਕਾਰ ਕੋਲ ਸਿਰਫ਼ 90 ਦਿਨ ਕਾਰਗੁਜ਼ਾਰੀ ਵਿਖਾਉਣ ਵਾਸਤੇ ਬਚੇ ਹਨ, ਉਹ ਹੁਣ ਇਸ ਨਵੀਂ ਅੱਗ ਨੂੰ ਬੁਝਾਉਣ ਵਿਚ ਲੱਗੀ ਹੋਈ ਹੈ। ਨਵਜੋਤ ਸਿੱਧੂ ਵਲੋਂ ਚੁਕੇ ਮੁੱਦੇ ਠੀਕ ਹਨ ਜਾਂ ਨਹੀਂ, ਇਸ ਬਾਰੇ ਅਜੇ ਬਹੁਤ ਕੁੱਝ ਸੋਚਣਾ ਹੋਵੇਗਾ ਪਰ ਇਸ ਸਮੇਂ ਸਵਾਲ ਇਹ ਹੈ ਕਿ ਇਹ ਲੋਕ ਜੇ ਇਕ ਪਾਰਟੀ ਵੀ ਇਕ ਹੋ ਕੇ ਨਹੀਂ ਚਲਾ ਸਕਦੇ ਤਾਂ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਗੇ?
ਕੈਪਟਨ ਅਮਰਿੰਦਰ ਸਿੰਘ ਅਪਣੀ ਹੀ ਪਾਰਟੀ ਦੇ ਪੰਜਾਬ ਪ੍ਰਧਾਨ ਨੂੰ ਦੇਸ਼ ਵਿਰੋਧੀ ਆਖ ਕੇ ਕਾਂਗਰਸ ਨੂੰ ਚੁਨੌਤੀ ਦੇਂਦੇ ਹਨ ਜਿਸ ਨਾਲ ਰਾਸ਼ਟਰੀ ਮੀਡੀਆ ਨੂੰ ਪੰਜਾਬੀਆਂ ਵਿਰੁਧ ਪ੍ਰਚਾਰ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਬਾਰੇ ਚਰਚਾਵਾਂ ਚਲ ਰਹੀਆਂ ਹਨ ਕਿ ਉਹ ਸ਼ਾਇਦ ਕਾਂਗਰਸ ਛੱਡ ਸਕਦੇ ਹਨ ਤੇ ਅਪਣੇ ਹਮਾਇਤੀ ਵਿਧਾਇਕਾਂ ਨਾਲ ਸਰਕਾਰ ਡੇਗ ਸਕਦੇ ਹਨ। ਨਵਜੋਤ ਸਿੰਘ ਸਿੱਧੂ ਆਖ ਰਹੇ ਹਨ ਕਿ ਨਵੀਂ ਸਰਕਾਰ ਦਾਗ਼ੀ ਹੈ।
ਅੱਜ ਦੀ ਕਾਂਗਰਸ ਸਰਕਾਰ ਦੇ ਵਜ਼ੀਰ ਆਖ ਰਹੇ ਹਨ ਕਿ ਅਸੀ ਮਾਫ਼ੀਆ (ਟਰਾਂਸਪੋਰਟ, ਰੇਤ) ਨੂੰ ਖ਼ਤਮ ਕਰ ਕੇ ਵਿਖਾਵਾਂਗੇ। ਪਰ ਫਿਰ ਉਹੀ ਮੰਤਰੀ ਜੋ ਪਿਛਲੇ ਸਾਢੇ ਚਾਰ ਸਾਲ ਤੋਂ ਟਰਾਂਸਪੋਰਟ ਮੰਤਰੀ ਸਨ, ਉਹ ਨਵੀਂ ਕੈਬਨਿਟ ਵਿਚ ਵੀ ਹਨ ਅਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਵੀ ਹਨ ਤੇ ਉਨ੍ਹਾਂ ਵਾਸਤੇ ਅਸਤੀਫ਼ਾ ਵੀ ਦੇ ਚੁਕੇ ਹਨ। ਸੋ ਕੀ ਇਹ ਨਵੀਂ ਸਰਕਾਰ ਅਸਲ ਵਿਚ ਪੰਜਾਬ ਦੇ ਸੁਧਾਰ ਵਾਸਤੇ ਜਾਂ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਆਈ ਹੈ ਜਾਂ ਇਹ ਸਿਰਫ਼ ਕੁਰਸੀ ਦੀ ਖੇਡ ਹੈ? ਜਿਹੜਾ ਏ.ਜੀ. ਲਗਾਇਆ ਗਿਆ ਹੈ ਉਹ ਸਰਕਾਰ ਦੀ ਪੈਰਵੀ ਬਰਗਾੜੀ ਕੇਸ ਵਿਚ ਨਹੀਂ ਕਰ ਸਕਦਾ ਕਿਉਂਕਿ ਉਹ ਆਰੋਪੀ ਸੁਮੇਧ ਸੈਣੀ ਦਾ ਵਕੀਲ ਸੀ।
ਇਹ ਕਾਨੂੰਨ ਦਾ ਕਹਿਣਾ ਹੈ। ਪਰ ਫਿਰ ਉਸ ਨੂੰ ਕਿਉਂ ਲਗਾਇਆ ਗਿਆ? ਜੇ ਡੀ.ਜੀ.ਪੀ. ਕੋਲੋਂ ਬਰਗਾੜੀ ਦਾ ਸੱਚ ਕਢਵਾਉਣਾ ਹੀ ਮਕਸਦ ਸੀ ਤਾਂ ਫਿਰ ਉਹ ਅਫ਼ਸਰ ਕਿਉਂ ਲਿਆਂਦੇ ਗਏ ਜਿਨ੍ਹਾਂ ਉਤੇ ਦੋਸ਼ ਇਹ ਸੀ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਦੇ ਇਸ਼ਾਰੇ ਤੇ ਨਿਰਦੋਸ਼ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ? ਪਰ ਜਦ ਮੰਤਰੀ ਮੰਡਲ ਬਣ ਰਿਹਾ ਸੀ, ਇਹ ਸਾਰੇ ਮੁੱਦੇ ਕਿਉਂ ਨਾ ਚੁਕੇ ਗਏ? ਕੀ ਅਸਲੀ ਗੁੱਸਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਗ੍ਰਹਿ ਮੰਤਰਾਲਾ ਮਿਲਣਾ ਸੀ ਜਿਸ ਦੇ ਬਾਅਦ ਮੁੱਖ ਮੰਤਰੀ ਦੀ ਕੁਰਸੀ ਬਹੁਤ ਦੂਰ ਹੁੰਦੀ ਨਜ਼ਰ ਆਈ? ਕਾਂਗਰਸ ਦੀ ਇਸ ਨਵੀਂ ਨੌਟੰਕੀ ਤੋਂ ਬਾਅਦ ਇਕ ਗੱਲ ਸਾਫ਼ ਹੈ ਕਿ ਸੱਚ ਦੀ ਵਾਰੀ ਕੁਰਸੀ ਤੋਂ ਬਾਅਦ ਆਉਂਦੀ ਹੈ। ਜੋ ਸਿਆਸੀ ਲੋਕ ਹਨ, ਕੁਰਸੀ ਉਨ੍ਹਾਂ ਵਾਸਤੇ ਬਹੁਤ ਕੀਮਤੀ ਹੈ ਪਰ ਲੋਕ ਕੇਵਲ ਇਹ ਪੁਛਦੇ ਹਨ ਕਿ ਉਹ ਕੁਰਸੀ ਖ਼ਾਤਰ ਸੂਬੇ ਨੂੰ ਕਿਥੋਂ ਤਕ ਜਾ ਕੇ ਨੁਕਸਾਨ ਪਹੁੰਚਾਉਣ ਲਈ ਤਿਆਰ ਹੋ ਸਕਦੇ ਹਨ?
ਅੱਜ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਗਵਰਨਰੀ ਰਾਜ ਵਾਸਤੇ ਚਲਾਈ ਜਾ ਰਹੀ ਮੁਹਿੰਮ ਸੱਚ ਲਗਣੀ ਸ਼ੁਰੂ ਹੋ ਗਈ ਹੈ। ਜੇ ਇਸੇ ਤਰ੍ਹਾਂ ਕਾਂਗਰਸ ਦੇ ਮੁਖੀ ਪਾਰਟੀ ਨੂੰ ਤੋੜਨ ਵਿਚ ਜੁਟੇ ਰਹੇ ਤਾਂ ਫ਼ਾਇਦਾ ਭਾਜਪਾ ਨੂੰ ਹੋਵੇਗਾ। ਖ਼ਮਿਆਜ਼ਾ ਕਿਸਾਨ ਭੁਗਤੇਗਾ ਕਿਉਂਕਿ ਫਿਰ ਖੇਤੀ ਕਾਨੂੰਨ ਲਾਗੂ ਕਰਨ ਤੋਂ ਕੋਈ ਰੋਕ ਨਹੀਂ ਸਕੇਗਾ। ਪੰਜਾਬ ਵਾਸਤੇ ਜਾਨ ਦੇਣ ਦਾ ਪ੍ਰਣ ਕਰਨ ਵਾਲੇ ਇਹ ਆਗੂ ਅਪਣੀ ਕੁਰਸੀ ਦੇ ਲਾਲਚ ਤੋਂ ਉਪਰ ਉਠ ਕੇ ਅਪਣੇ ਸੂਬੇ ਤੇ ਮੰਡਰਾਉਂਦਾ ਖ਼ਤਰਾ ਵੇਖ ਲੈਣ।
-ਨਿਮਰਤ ਕੌਰ