ਪੰਜਾਬ ਦੇ ਕਾਂਗਰਸੀਆਂ ਦੇ ਕੰਨ ਖਿੱਚ ਕੇ ਸਬਕ ਦਿਤਾ ਜਾ ਰਿਹੈ ਕਿ ਜਦ ਵੱਡੇ ਗੱਲ ਕਰ ਰਹੇ ਹੋਣ ਤਾਂ ਛੋਟੇ ਨਹੀਂ ਬੋਲਦੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੇਂਦਰ ਵਿਚ ਤਾਂ ਕਾਂਗਰਸੀ ਲੀਡਰਸ਼ਿਪ, ਮੂੰਹ ਖੋਲ੍ਹਣ ਸਮੇਂ ਬੜੀ ਸਿਆਣਪ ਦਾ ਵਿਖਾਵਾ ਕਰਦੀ ਵਿਖਾਈ ਦੇਂਦੀ

photo

 

ਦਿੱਲੀ ਵਿਚ ਭਾਜਪਾ-ਵਿਰੋਧੀ ਪਾਰਟੀਆਂ ‘ਇੰਡੀਆ’ ਗੁਟ ਬਣਾ ਕੇ ਇਹ ਪ੍ਰਭਾਵ ਦੇ ਰਹੀਆਂ ਹਨ ਕਿ ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ ਸਰਕਾਰ ਦਾ ਮੁਕਾਬਲਾ ਕਰਨ ਲਈ ਇਕਜੁਟ ਹੋ ਗਈਆਂ ਹਨ ਤੇ ‘ਆਪ’ ਪਾਰਟੀ ਜਿਹੜੀ ਪਹਿਲਾਂ ਇਸ ਗੁਟਬੰਦੀ ਵਿਚ ਸ਼ਾਮਲ ਨਹੀਂ ਸੀ ਹੋ ਰਹੀ, ਉਹ ਵੀ ਮਗਰੋਂ ਇਸ ਵਿਚ ਸ਼ਾਮਲ ਹੋ ਚੁਕੀ ਹੈ। ਇਸ ‘ਇੰਡੀਆ’ ਗੁਟਬੰਦੀ ਵਿਚ ਆਗੂ ਵਾਲਾ ਰੋਲ ਕਾਂਗਰਸ ਅਦਾ ਕਰ ਰਹੀ ਹੈ ਜੋ ਸ਼ਾਇਦ ਇਕੋ ਇਕ ਗ਼ੈਰ-ਭਾਜਪਾ ਪਾਰਟੀ ਹੈ ਜਿਸ ਦੀਆਂ ਇਕ ਤੋਂ ਵੱਧ ਰਾਜਾਂ ਵਿਚ ਸਰਕਾਰਾਂ ਹਨ ਤੇ ਸਾਰੇ ਭਾਰਤ ਵਿਚ ਜਿਸ ਦੇ ਚੁਣੇ ਹੋਏ ਪ੍ਰਤੀਨਿਧ, ਅਸੈਂਬਲੀਆਂ, ਨਗਰ ਪਾਲਕਾਵਾਂ ਤੇ ਪੰਚਾਇਤਾਂ ਵਿਚ ਬੈਠੇ ਹੋਏ ਹਨ -- ਕਿਸੇ ਥਾਂ ਥੋੜੇ ਤੇ ਕਿਸੇ ਥਾਂ ਭਰਵੀਂ ਤਾਦਾਦ ਵਿਚ। ਕਹਿਣ ਦਾ ਮਤਲਬ ਕਿ ਇਨ੍ਹਾਂ ਹਾਲਾਤ ਵਿਚ ਜ਼ਿੰਮੇਵਾਰੀ ਵਿਖਾਉਣ ਦਾ ਸਾਰਾ ਬੋਝ ਕਾਂਗਰਸ ਪਾਰਟੀ ਤੇ ਉਸ ਦੇ ਲੀਡਰਾਂ/ਵਰਕਰਾਂ ਦੇ ਮੋਢੇ ’ਤੇ ਆ ਪੈਂਦਾ ਹੈ। ਹੋਰ ਪਾਰਟੀਆਂ (ਬਹੁਤੀਆਂ ਇਲਾਕਾਈ ਹੀ) ਭਾਵੇਂ ਥੋੜੀ ਬਹੁਤ ਖ਼ੁਨਾਮੀ ਕਰ ਜਾਣ ਪਰ ਕਾਂਗਰਸ ਨੂੰ ਨਵੇਂ ਗਠਜੋੜ ਦੇ ਸੁਪ੍ਰੀਮ ਨੇਤਾ ਵਾਂਗ ਹੀ ਸਾਥੀ ਪਾਰਟੀਆਂ ਬਾਰੇ ਮੂੰਹ ਖੋਲ੍ਹਣਾ ਚਾਹੀਦਾ ਹੈ।

ਕੇਂਦਰ ਵਿਚ ਤਾਂ ਕਾਂਗਰਸੀ ਲੀਡਰਸ਼ਿਪ, ਮੂੰਹ ਖੋਲ੍ਹਣ ਸਮੇਂ ਬੜੀ ਸਿਆਣਪ ਦਾ ਵਿਖਾਵਾ ਕਰਦੀ ਵਿਖਾਈ ਦੇਂਦੀ ਹੈ ਪਰ ਉਸ ਦੀਆਂ ਦਿੱਲੀ ਅਤੇ ਪੰਜਾਬ ਇਕਾਈਆਂ ਦੇ ਲੀਡਰ, ਕਾਫ਼ੀ ਦੇਰ ਤੋਂ, ਇਨ੍ਹਾਂ ਦੋਹਾਂ ਰਾਜਾਂ ਵਿਚ ਰਾਜ ਚਲਾ ਰਹੀ ‘ਆਪ’ ਪਾਰਟੀ ਨੂੰ ਸ਼ਰੇਆਮ ਇਹ ਸੁਣਾ ਰਹੇ ਹਨ ਕਿ ਉਹ ਆਪ ਨੂੰ ਅਪਣਾ ‘ਭਾਈਵਾਲ’ ਨਹੀਂ ਸਮਝਦੀਆਂ ਤੇ ਨਾ ਹੀ ਇਸ ਨਾਲ, ਚੋਣਾਂ ਵਿਚ ਕੋਈ ਸਮਝੌਤਾ ਹੀ ਕਰਨਗੀਆਂ। ਪੰਜਾਬ ਦੇ ਕਾਂਗਰਸੀ ਆਗੂ ਤਾਂ ਐਲਾਨੀਆਂ ਕਹਿ ਰਹੇ ਹਨ ਕਿ ਕੁੱਝ ਵੀ ਹੋ ਜਾਵੇ, ਉਹ ‘ਆਪ’ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਤੇ 13 ਦੀਆਂ 13 ਲੋਕ-ਸਭਾ ਸੀਟਾਂ ਤੇ ਲੜਨ ਦੀ ਤਿਆਰੀ ਕਰ ਰਹੇ ਹਨ। ਟੀਵੀ ਚੈਨਲਾਂ ਤੇ ਵੀ ਕਾਂਗਰਸੀ ਬੁਲਾਰੇ, ਭਾਜਪਾ ਤੇ ਅਕਾਲੀਆਂ ਨਾਲ ਮਿਲ ਕੇ, ਆਪ ਪਾਰਟੀ ਸਰਕਾਰ ਦੀ ਹਰ ਗੱਲ ਦੀ ਭਰਪੂਰ ਨਿੰਦਾ ਕਰਦੇ ਹਨ ਤੇ ਇਹੀ ਪ੍ਰਭਾਵ ਦੇਂਦੇ ਹਨ ਕਿ ‘ਆਪ’ ਸਰਕਾਰ ਹਰ ਮਸਲੇ ਤੇ ਫ਼ੇਲ੍ਹ ਸਾਬਤ ਹੋਈ ਹੈ। ਉਹ ਗਵਰਨਰ ਵਲੋਂ ਮੁੱਖ ਮੰਤਰੀ ਨੂੰ ਪ੍ਰੇਸ਼ਾਨ ਕਰਨ ਨੂੰ ਵੀ ‘ਠੀਕ’ ਕਹਿੰਦੇ ਹਨ ਤੇ ਰਾਜਾਂ ਦੇ ਅਧਿਕਾਰਾਂ ਉਤੇ ਮਾਰੇ ਜਾਂ ਰਹੇ ਛਾਪੇ ਨੂੰ ਲੈ ਕੇ ਵੀ ਕੇਂਦਰ ਵਿਰੁਧ ਨਹੀਂ ਬੋਲਦੇ ਸਗੋਂ ‘ਆਪ’ ਸਰਕਾਰ ਨੂੰ ਹੀ ਦੋਸ਼ੀ ਠਹਿਰਾਂਦੇ ਹਨ।

ਇਸ ਹਾਲਤ ਵਿਚ, ਆਪ ਸਰਕਾਰ ਅਗਰ ਗੁੱਸਾ ਖਾ ਕੇ ਜ਼ਿਆਦਾ ਕੜਵਾਹਟ ਵਿਖਾਣ ਵਾਲਿਆਂ ’ਚੋਂ ਕੁੱਝ ਇਕ ਦੇ ਕੰਨ ਖਿੱਚਣ ਦਾ ਫ਼ੈਸਲਾ ਕਰਦੀ ਹੈ ਤਾਂ ਉਸ ਨੂੰ ਦੋਸ਼ ਨਹੀਂ ਦਿਤਾ ਜਾ ਸਕਦਾ। ਜਦ ਦੋਹਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਸਾਂਝੀਆਂ ਮੀਟਿੰਗਾਂ ਕਰ ਰਹੀ ਹੋਵੇ ਤੇ ‘ਆਪ’ ਨੂੰ ਵੀ ਕੇਂਦਰੀ ਗਠਜੋੜ ਦਾ ਭਾਗ ਮੰਨ ਰਹੀ ਹੋਵੇ ਤਾਂ ਪੰਜਾਬ ਦੇ ਕਾਂਗਰਸੀਆਂ ਨੂੰ ਅਪਣੀ ਗੱਲ ਕੇਂਦਰੀ ਲੀਡਰਾਂ ਦੇ ਕੰਨ ਵਿਚ ਕਹਿਣੀ ਚਾਹੀਦੀ ਹੈ, ਪਬਲਿਕ ਵਿਚ ਨਹੀਂ। ਏਨਾ ਕੁ ਜ਼ਬਤ ਹੀ ‘ਆਪ’ ਸਰਕਾਰ ਨੂੰ ਕਾਂਗਰਸੀਆਂ ਵਿਰੁਧ ਕਾਰਵਾਈ ਕਰਨੋਂ ਰੋਕੀ ਰੱਖ ਸਕਦੀ ਸੀ। ਪਰ ਹਰ ਛੋਟੇ ਵੱਡੇ ਆਗੂ ਸਮੇਤ, ਸਾਰੇ ਕਾਂਗਰਸੀ ਇਹ ਦੱਸਣ ਦੀ ਕਾਹਲੀ ਵਿਚ ਹਨ ਕਿ ਉਹ ‘ਸ਼ੇਰ’ ਹਨ ਤੇ ਭਗਵੰਤ ਮਾਨ ਤੋਂ ਨਹੀਂ ਡਰਦੇ। ਅਜਿਹੀਆਂ ਟਾਹਰਾਂ ਮਾਰਨ ਦੀ ਜਲਦੀ ਨਾ ਕਰਦੇ ਤਾਂ ਗੰਭੀਰ ਦੋਸ਼ਾਂ ਦੇ ਬਾਵਜੂਦ, ਹਰ ਕਾਂਗਰਸੀ ਵਿਰੁਧ ਕਾਰਵਾਈ ਰੁਕੀ ਰਹਿੰਦੀ। ਸਿਆਸਤ ਕੋਈ ਦੋ ਦੂਣੀ ਚਾਰ ਦਾ ਪਹਾੜਾ ਤਾਂ ਹੁੰਦੀ ਨਹੀਂ, ਇਹ ਤਾਂ ਇਕ ਹੱਥ ਦੇ ਤੇ ਦੂਜੇ ਹੱਥ ਲੈ ਦਾ ਫ਼ਾਰਮੂਲਾ ਹੈ। ਗੁਣ ਦੋਸ਼ ਬਾਅਦ ਦੀ ਗੱਲ ਹੁੰਦੀ ਹੈ। ਕਾਂਗਰਸੀਆਂ ਨੇ ਅਜੇ ਵੀ ਮਾਪਿਆਂ ਦੀ ਉਸ ਨਸੀਹਤ ਨੂੰ ਯਾਦ ਕਰ ਲੈਣਾ ਚਾਹੀਦਾ ਹੈ ਕਿ ‘ਜਦ ਵੱਡੇ ਗੱਲਬਾਤ ਕਰ ਰਹੇ ਹੋਣ ਤਾਂ ਛੋਟੇ ਨਹੀਂ ਬੋਲਦੇ, ਚੁੱਪ ਕਰ ਕੇ ਸੁਣ ਲੈਂਦੇ ਹਨ।’ ਬਚਪਨ ਵਿਚ ਹਰ ਬੱਚੇ ਨੂੰ ਮਿਲਦੀ ਇਹ ਨਸੀਹਤ ਹੁਣ ਹੀ ਪੰਜਾਬ ਦੇ ਕਾਂਗਰਸੀ ਆਗੂ ਯਾਦ ਕਰ ਲੈਣ ਤਾਂ ਇਹ ਉਨ੍ਹਾਂ ਦੇ ਅਪਣੇ ਭਲੇ ਦੀ ਗੱਲ ਹੀ ਹੋਵੇਗੀ।             -ਨਿਮਰਤ ਕੌਰ