Editorial: ਧਾਮੀ ਦੀ ਚੋਣ ਅਤੇ ਪੰਥਕ ਮੁਫ਼ਾਦ... Oct 30, 2024, 8:07 am IST ਸਪੋਕਸਮੈਨ ਸਮਾਚਾਰ ਸੇਵਾ ਵਿਚਾਰ, ਸੰਪਾਦਕੀ Editorial: 146 ਮੈਂਬਰਾਂ ਵਾਲੇ ਸਦਨ ਵਿਚ 142 ਵੋਟਾਂ ਭੁਗਤੀਆਂ Choice of Dhami and sectarian interest... Editorial: ਹਰਜਿੰਦਰ ਸਿੰਘ ਧਾਮੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵਜੋਂ ਲਗਾਤਾਰ ਚੌਥੀ ਵਾਰ ਚੋਣ ਨਾਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਸੁੱਖ ਦਾ ਸਾਹ ਆਇਆ ਹੈ, ਇਹ ਕੋਈ ਅਤਿਕਥਨੀ ਨਹੀਂ। ਅਕਾਲੀ ਦਲ ਦੀਆਂ ਸਫਾਂ ਵਿਚ ਉੱਭਰੀ ਬਗ਼ਾਵਤ ਅਤੇ ਪੰਜ ਜਥੇਦਾਰਾਂ ਵਲੋਂ ਸੁਖਬੀਰ ਸਿੰਘ ਬਾਦਲ ਉੱਪਰ ਲਾਈਆਂ ਬੰਦਸ਼ਾਂ ਤੋਂ ਇਸ ਵਾਰ ਬਾਦਲ ਧੜੇ ਲਈ ਸਖ਼ਤ ਚੁਣੌਤੀ ਦੀਆਂ ਸੰਭਾਵਨਾਵਾਂ ਉੱਭਰੀਆਂ ਸਨ।ਪਰ ਜਿਸ ਆਸਾਨੀ ਨਾਲ ਧਾਮੀ ਜੇਤੂ ਰਹੇ, ਉਸ ਨੇ ਸੁਖਬੀਰ-ਵਿਰੋਧੀਆਂ ਦੇ ਦਾਅਵਿਆਂ ਨੂੰ ‘ਹਵਾਈ’ ਸਾਬਤ ਕੀਤਾ ਹੈ। 146 ਮੈਂਬਰਾਂ ਵਾਲੇ ਸਦਨ ਵਿਚ 142 ਵੋਟਾਂ ਭੁਗਤੀਆਂ। ਉਨ੍ਹਾਂ ਵਿਚੋਂ ਦੋ ਰੱਦ ਹੋਈਆਂ। ਧਾਮੀ ਨੂੰ 107 ਅਤੇ ਉਨ੍ਹਾਂ ਦੀ ਵਿਰੋਧੀ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਪਈਆਂ। ਬੀਬੀ ਦੀਆਂ ਵੋਟਾਂ ਦੀ ਗਿਣਤੀ 2022 ਵਾਲੀ ਚੋਣ ਵਿਚ 42 ਸੀ।ਹੁਣ ਵਾਲੇ ਬਾਗ਼ੀ ਧੜੇ, ਜਿਹੜਾ ਖ਼ੁਦ ਨੂੰ ਅਕਾਲੀ ਦਲ ਸੁਧਾਰ ਲਹਿਰ ਦਾ ਮੁਦਈ ਦੱਸਦਾ ਹੈ, ਦੇ ਬਹੁਤੇ ਆਗੂ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਸਹਿਯੋਗੀ ਸਨ। ਹੁਣ ਉਨ੍ਹਾਂ ਦੀ ਸੁਖਬੀਰ ਤੋਂ ਅਲਹਿਦਗੀ ਦੇ ਬਾਵਜੂਦ ਬੀਬੀ ਦੀ ਚੁਣਾਵੀ ਕਾਰਗੁਜ਼ਾਰੀ ਨਿਹਾਇਤ ਮਾਯੂਸਕੁਨ ਰਹੀ। ਇਸ ਤੋਂ ਇਹੋ ਜ਼ਾਹਿਰ ਹੁੰਦਾ ਹੈ ਕਿ ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਗ਼ੀ ਆਗੂਆਂ ਨੂੰ ‘ਕਾਗ਼ਜ਼ੀ ਸ਼ੇਰ’ ਹੀ ਸਮਝਦੇ ਹਨ। ਜਾਣਕਾਰ ਹਲਕੇ ਇਹ ਵੀ ਮੰਨਦੇ ਹਨ ਕਿ ਬਾਗ਼ੀ ਧੜੇ ਨੂੰ ਬਲ ਬਖ਼ਸ਼ਣ ਦੀ (ਘੱਟੋ-ਘੱਟ) ਦੋ ਜਥੇਦਾਰਾਂ ਦੀ ਸਿਆਸਤ ਵੀ ਫ਼ਲਦਾਇਕ ਸਾਬਤ ਨਹੀਂ ਹੋਈ। ਇਸ ਨਤੀਜੇ ਦਾ ਅਸਰ ਉਨ੍ਹਾਂ ਦੇ ਭਵਿੱਖੀ ਫ਼ੈਸਲਿਆਂ ਉੱਪਰ ਕਿਸ ਤਰ੍ਹਾਂ ਦਾ ਪੈਂਦਾ ਹੈ, ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ।ਹਾਵੀ ਧੜੇ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ‘ਸਹਾਇਤਾ’ ਲਈ 11 ਮੈਂਬਰੀ ਸਲਾਹਕਾਰ ਬੋਰਡ ਦੀ ਸਥਾਪਨਾ ਦਾ ਪ੍ਰਸਤਾਵ, ਸਦਨ ਪਾਸੋਂ ਪਾਸ ਕਰਵਾ ਕੇ ਅਪਣੇ ਇਰਾਦਿਆਂ ਦਾ ਇਜ਼ਹਾਰ ਫ਼ੌਰੀ ਤੌਰ ’ਤੇ ਕਰ ਦਿਤਾ ਹੈ। ਉਂਜ ਵੀ ਇਹ ਗੱਲ ਸਾਫ਼ ਹੀ ਹੈ ਕਿ ‘ਸਿੰਘ ਸਾਹਿਬਾਨ’ ਵਜੋਂ ਸਤਿਕਾਰੇ ਜਾਂਦੇ ਜਥੇਦਾਰਾਂ ਦੀ ਭੂਮਿਕਾ ਕਈ ਅਹਿਮ ਮੌਕਿਆਂ ’ਤੇ ਵਿਵਾਦਿਤ ਰਹੀ ਹੈ।ਉਨ੍ਹਾਂ ਉਪਰ ਸਿਆਸਤਦਾਨਾਂ ਦੇ ਹੱਥਾਂ ਵਿਚ ਖੇਡਣ ਦੇ ਦੋਸ਼ ਪਹਿਲਾਂ ਵੀ ਲੱਗਦੇ ਆਏ ਹਨ ਅਤੇ ਹੁਣ ਵਾਲਾ ਮੰਜ਼ਰ ਵੀ ਬਹੁਤਾ ਵੱਖਰਾ ਨਹੀਂ। ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਰੁਤਬੇਦਾਰਾਂ ਨੇ ਇਹ ਦਾਅਵੇ ਕੀਤੇ ਹਨ ਕਿ ਪਾਰਟੀ ‘ਸਿੱਖ-ਵਿਰੋਧੀ ਤਾਕਤਾਂ’, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਆਦਿ ਸ਼ਾਮਲ ਹਨ, ਨੂੰ ਭਾਂਜ ਦੇਣ ਵਿਚ ਸਫ਼ਲ ਰਹੀ ਹੈ।ਅਜਿਹੇ ਦਾਅਵਿਆਂ ਵਿਚੋਂ ਹੈਂਕੜ ਵੱਧ ਝਲਕਦਾ ਹੈ, ਸੱਚਾਈ ਘੱਟ। ਜਿਨ੍ਹਾਂ ਧਿਰਾਂ ਦੇ ਉਨ੍ਹਾਂ ਨੇ ਨਾਂਅ ਲਏ ਹਨ, ਉਨ੍ਹਾਂ ਵਿਚੋਂ ਕਿਸੇ ਨੇ ਵੀ ਧਾਮੀ ਨੂੰ ਹਰਾਉਣ ਲਈ ਕੋਈ ਸੰਗਠਿਤ ਮੁਹਿੰਮ ਨਹੀਂ ਚਲਾਈ। ਸਿੱਖ ਧਰਮ ਦੀ ਨੁਮਾਇੰਦਗੀ ਕਰਨ ਵਾਲਿਆਂ ਦੀ ਬੋਲ-ਬਾਣੀ ਵਿਚ ਹਲੀਮੀ ਹੋਣੀ ਚਾਹੀਦੀ ਹੈ, ਟੌਹਰਬਾਜ਼ੀ ਤੇ ਮਾਅਰਕੇਬਾਜ਼ੀ ਨਹੀਂ। ਪਰ ਹਲੀਮੀ ਤਾਂ ਹੁਣ ਸ਼ਾਇਦ, ਪੰਥਕ ਕਿਰਦਾਰ ਦਾ ਹਿੱਸਾ ਹੀ ਨਹੀਂ ਰਹੀ।ਸ਼੍ਰੋਮਣੀ ਕਮੇਟੀ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਅਤੇ ਸਿੱਖ-ਧਰਮ ਦੇ ਪ੍ਰਚਾਰ-ਪਾਸਾਰ ਲਈ ਵਜੂਦ ਵਿਚ ਆਈ ਸੀ। ਮੁੱਢਲੇ ਦਹਾਕਿਆਂ ਦੌਰਾਨ ਇਹ ਇਨ੍ਹਾਂ ਅਕੀਦਿਆਂ ਉਪਰ ਖਰੀ ਵੀ ਉਤਰੀ। ਇਕ ਸਦੀ ਹੋ ਗਈ ਇਸ ਦੀ ਸਥਾਪਨਾ ਨੂੰ।ਪਹਿਲੀ ਅਰਧ-ਸਦੀ ਦੌਰਾਨ ਇਸ ਦੀ ਕਾਰਗੁਜ਼ਾਰੀ ਤੇ ਕਿਰਦਾਰ ਜਿੰਨੇ ਨਿੱਗਰ ਰਹੇ, ਅਗਲੀ ਅਰਧ-ਸਦੀ ਦੌਰਾਨ ਇਹ ਓਨੇ ਹੀ ਨਿੱਘਰੇ। ਹੁਣ ਤਾਂ ਹਾਲ ਇਹ ਹੈ ਕਿ ਕਈ ਕਮੇਟੀ ਮੈਂਬਰਾਂ ਦੇ ਘਰਾਂ-ਪ੍ਰਵਾਰਾਂ ਵਿਚ ਟੂ-ਇਨ-ਵਨ ਕਲਚਰ ਦੇਖਣ ਨੂੰ ਮਿਲ ਰਹੀ ਹੈ : ਪੰਥਕ ਥਾਵਾਂ ’ਤੇ ਜਾਣਾ ਹੈ ਤਾਂ ਪੱਗ ਬੰਨ੍ਹ ਲਉ, ਨਹੀਂ ਤਾਂ ਬਾਊ ਦਿਖਣ ਵਿਚ ਵੀ ਕੀ ਹਰਜ਼ ਹੈ! ਸਿੱਖੀ ਦਾ ਪ੍ਰਚਾਰ ਤਾਂ ਕੀ ਕਰਨਾ, ਸ਼੍ਰੋਮਣੀ ਕਮੇਟੀ ਸਿੱਖ ਨੌਜਵਾਨਾਂ ਦੀਆਂ ਦਾੜ੍ਹੀਆਂ ਤੇ ਮੁੱਛਾਂ ਦੀ ‘ਸਟਾਈÇਲੰਗ’ ਕਰਨ ਵਾਲੇ ਸੈਲੂਨਾਂ ਵਿਰੁਧ ਵਿਚਾਰ-ਚਰਚਾ ਵੀ ਨਹੀਂ ਕਰਦੀ।ਗੁਰ-ਅਸਥਾਨਾਂ ਵਿਚ ਆਉਣ ਵਾਲੀ ਬੇਅੰਤ ਮਾਇਆ ਪੱਥਰ ਲਾਉਣ ਤੇ ਸਜਾਵਟਾਂ ਕਰਨ ਉੱਪਰ ਖ਼ਰਚੀ ਜਾ ਰਹੀ ਹੈ, ਸਿੱਖ ਆਈ.ਏ.ਐਸ, ਆਈ.ਪੀ.ਐਸ. ਜਾਂ ਫ਼ੌਜੀ ਅਫ਼ਸਰ ਤਿਆਰ ਕਰਨ ਜਾਂ ਸੁਘੜ ਵਿਗਿਆਨਕ ਤੇ ਡਾਕਟਰ ਪੈਦਾ ਕਰਨ ’ਤੇ ਨਹੀਂ। ਅਜਿਹੇ ਆਲਮ ਵਿਚ ਸਿੱਖਾਂ ਦੇ ਹਿੱਤਾਂ ਦੀ ਕਿੰਨੀ ਕੁ ਹਿਫ਼ਾਜ਼ਤ ਹੋ ਰਹੀ ਹੈ, ਇਹ ਸਾਡੇ ਸਾਹਮਣੇ ਹੀ ਹੈ।