ਟੀ.ਵੀ. ਚੈਨਲਾਂ/ਸੋਸ਼ਲ ਮੀਡੀਆ ਦੇ 'ਚੰਗੇ' ਪ੍ਰੋਗਰਾਮ ਲੋਕ ਵੇਖਦੇ ਹੀ ਨਹੀਂ.....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਜੇ ਤਾਂ ਸੋਸ਼ਲ ਮੀਡੀਆ ਰਾਹੀਂ ਬੜੀਆਂ ਆਜ਼ਾਦ, ਨਿਰਪੱਖ ਆਵਾਜ਼ਾਂ ਨੂੰ ਸੱਚ ਬੋਲਣ ਦੀ ਥਾਂ ਮਿਲ ਰਹੀ ਹੈ ਜੋ ਰਵਾਇਤੀ ਟੀ.ਵੀ. ਚੈਨਲਾਂ ਵਿਚ ਮੁਮਕਿਨ ਹੀ ਨਹੀਂ ਹੈ।

social media

ਸੋਸ਼ਲ ਮੀਡੀਆ ਬੜੀ ਤੇਜ਼ੀ ਨਾਲ ਵਧਦਾ ਮੀਡੀਆ ਬਣ ਰਿਹਾ ਹੈ ਅਤੇ ਬੜੇ ਲੋਕਾਂ ਨੂੰ ਖਟਕਦਾ ਵੀ ਹੈ। ਕਲ ਇਕ ਸਮਾਜਕ ਸੰਸਥਾ ਵਲੋਂ ਕੁੱਝ ਪੰਜਾਬੀ ਡਿਜੀਟਲ ਚੈਨਲਾਂ ਦੀਆਂ ਖ਼ਬਰਾਂ ਵਲ ਧਿਆਨ ਦਿਵਾਉਂਦਿਆਂ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਹ ਆਖਿਆ ਗਿਆ ਕਿ ਇਹ ਪੱਤਰਕਾਰੀ ਨਹੀਂ, ਪੱਥਰਮਾਰੀ ਹੋ ਰਹੀ ਹੈ। ਚੇਤੇ ਰਹੇ ਕਿ ਇਸ ਵਿਚ ਸਾਡੇ ਸਪੋਕਸਮੈਨ ਟੀ.ਵੀ. ਦੀ ਖ਼ਾਸ ਤੌਰ ਤੇ ਨਿੰਦਾ ਨਹੀਂ ਸੀ ਕੀਤੀ ਗਈ ਸਗੋਂ ਬਾਕੀ ਚੈਨਲਾਂ ਦੀ ਜ਼ਿਆਦਾ ਨਿੰਦਾ ਸੀ।

ਜੇਨੀ ਬਾਬਾ ਉਰਫ਼ ਗੜਵਈ ਵਾਲੇ ਬਾਬਾ ਦੀ ਕਹਾਣੀ ਦਾ ਜ਼ਿਕਰ ਹੋਇਆ ਜਿਸ ਨੇ ਅਪਣੀਆਂ ਕਰਾਮਾਤਾਂ ਦੀ ਤਾਕਤ ਨਾਲ ਬਾਰਸ਼ ਲਿਆ ਦਿਤੀ ਪਰ ਉਸ ਦੀ ਤਾਕਤ ਏਨੀ ਜ਼ਿਆਦਾ ਸੀ ਕਿ ਹੜ੍ਹ ਆ ਗਿਆ ਅਤੇ ਸੰਗਤਾਂ ਕਮਲੀਆਂ ਹੋ ਗਈਆਂ। ਇਕ ਖ਼ਬਰ ਇਕ 'ਟਿਕ ਟਾਕ' ਸਨਸਨੀ ਦੀ ਸੀ ਜਿਸ ਦੀ ਚੁੰਮੇ ਵਾਲੀ ਲਾਲੀ ਦੇ ਨਾਂ ਨਾਲ ਮਸ਼ਹੂਰੀ ਬਣੀ ਹੋਈ ਹੈ। ਚੁੰਮੇ ਵਾਲੀ ਲਾਲੀ ਦੀ ਜਦੋਂ ਖ਼ਾਸ ਮੁਲਾਕਾਤ ਪ੍ਰਕਾਸ਼ਤ ਹੋਈ ਤਾਂ 5400 ਲੋਕ ਉਸ ਨੂੰ ਵੇਖ ਰਹੇ ਸਨ ਅਤੇ ਘੰਟਿਆਂ ਵਿਚ ਉਹ ਲੱਖਾਂ 'ਚ ਚਲੀ ਗਈ।

ਜੇ ਮੈਂ ਪੰਜਾਬ ਦੇ ਕਿਸਾਨ ਨਾਲ ਜਾਂ ਕਿਸੇ ਨੌਜੁਆਨ ਜਿਸ ਨੇ ਨਸ਼ਾ ਛੱਡ ਕੇ ਮੁੜ ਜ਼ਿੰਦਗੀ ਚੁਣੀ ਹੈ, ਨਾਲ ਖ਼ਾਸ ਮੁਲਾਕਾਤ ਕਰਾਵਾਂ ਤਾਂ ਸ਼ਾਇਦ ਹੀ 100 ਲੋਕ ਉਸ ਨੂੰ ਲਾਈਵ ਵੇਖਦੇ ਹਨ। ਸੋ ਕਸੂਰਵਾਰ ਕੌਣ ਹੈ? ਸੋਸ਼ਲ ਮੀਡੀਆ ਉਤੇ ਹਲਕੇ ਪ੍ਰੋਗਰਾਮ ਚਲਾਉਣ ਵਾਲੇ ਜਾਂ ਉਹ ਲੋਕ ਜੋ ਚੈਨਲ ਨੂੰ ਉਦੋਂ ਹੀ ਵੇਖਦੇ ਹਨ ਜਦ ਕੋਈ ਗੰਦੀ, ਅਸ਼ਲੀਲ ਜਾਂ ਝੂਠੀ ਕਹਾਣੀ ਘੜ ਕੇ ਵਿਖਾਈ/ਸੁਣਾਈ ਜਾ ਰਹੀ ਹੋਵੇ? ਅਰਥਸ਼ਾਸਤਰ ਦਾ ਇਕ ਆਮ ਜਾਣਿਆ ਜਾਂਦਾ ਸਿਧਾਂਤ ਹੈ¸ਮੰਗ ਅਤੇ ਸਪਲਾਈ।

ਦਰਸ਼ਕ ਜੋ ਵੇਖਦਾ ਹੈ ਤੇ ਜਿਸ ਨੂੰ ਹੁੰਗਾਰਾ ਦਿੰਦਾ ਹੈ, ਮੀਡੀਆ ਉਹੀ ਵਿਖਾਉਂਦਾ ਹੈ। ਫਿਰ ਜਿਹੜਾ ਜ਼ਿਆਦਾ ਚਲਦਾ ਹੈ, ਉਸ ਨੂੰ ਹੀ ਇਸ਼ਤਿਹਾਰ ਮਿਲਦੇ ਹਨ। ਸੋ ਡਿਜੀਟਲ ਚੈਨਲਾਂ ਨੂੰ ਮੰਦਾ ਆਖਣ ਤੋਂ ਪਹਿਲਾਂ ਸਮਾਜ ਦੀ ਪਸੰਦ ਉਤੇ ਨਜ਼ਰ ਮਾਰ ਲਉ। ਅੱਜ ਫਿਰ ਵੀ ਕਈ ਡਿਜੀਟਲ ਚੈਨਲ ਬੜੀਆਂ ਕੋਸ਼ਿਸ਼ਾਂ ਨਾਲ ਅਜਿਹੀਆਂ ਪੇਸ਼ਕਸ਼ਾਂ ਕਰ ਰਹੇ ਹਨ ਜਿਨ੍ਹਾਂ ਵਿਚ ਸਮਾਜ ਅੰਦਰ ਚੰਗੇ ਵਿਚਾਰਾਂ ਬਾਰੇ ਚਰਚਾ ਹੋਵੇ, ਸਮਾਜ ਸਾਹਮਣੇ ਜੋ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ਉਤੇ ਨਜ਼ਰ ਮਾਰੀ ਜਾਵੇ ਪਰ ਜਦੋਂ ਹੁੰਗਾਰਾ ਨਹੀਂ ਮਿਲਦਾ ਤਾਂ ਨਿਰਾਸ਼ਾ ਵੀ ਬਹੁਤ ਹੁੰਦੀ ਹੈ ਅਤੇ ਫਿਰ ਮਜਬੂਰਨ ਅਜਿਹੀਆਂ ਖ਼ਬਰਾਂ ਕਰਨੀਆਂ ਪੈਂਦੀਆਂ ਹਨ ਜਿਨ੍ਹਾਂ ਪ੍ਰਤੀ ਦਰਸ਼ਕ ਹੁੰਗਾਰਾ ਭਰਨ।

ਗ਼ਲਤੀ ਦੀ ਗੱਲ ਨਹੀਂ, ਪਰ ਸੱਭ ਦੀ ਪਸੰਦ ਅਤੇ ਪਾਪੀ ਪੇਟ ਦਾ ਵੀ ਸਵਾਲ ਸਾਹਮਣੇ ਹੁੰਦਾ ਹੈ। ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਆਖਿਆ ਗਿਆ ਹੈ ਪਰ ਕੀ ਇਸ ਥੰਮ੍ਹ ਨੂੰ ਅਪਣੀ ਆਜ਼ਾਦੀ ਬਰਕਰਾਰ ਰੱਖਣ ਵਾਸਤੇ ਸਮਾਜ ਨੇ ਥਾਂ ਦਿਤੀ ਹੈ? ਚਾਰ ਰੁਪਏ ਦੀ ਅਖ਼ਬਾਰ ਚੁਭਦੀ ਹੈ ਪਰ ਚਾਲੀ ਰੁਪਏ ਦਾ ਕੌਫ਼ੀ ਦਾ ਪਿਆਲਾ ਨਹੀਂ। ਅਜੇ ਤਾਂ ਸੋਸ਼ਲ ਮੀਡੀਆ ਰਾਹੀਂ ਬੜੀਆਂ ਆਜ਼ਾਦ, ਨਿਰਪੱਖ ਆਵਾਜ਼ਾਂ ਨੂੰ ਸੱਚ ਬੋਲਣ ਦੀ ਥਾਂ ਮਿਲ ਰਹੀ ਹੈ ਜੋ ਰਵਾਇਤੀ ਟੀ.ਵੀ. ਚੈਨਲਾਂ ਵਿਚ ਮੁਮਕਿਨ ਹੀ ਨਹੀਂ ਸੀ।

ਇਕ ਟੀ.ਵੀ. ਚੈਨਲ ਚਲਾਉਣ ਲਈ, ਸਾਲ ਦਾ 10 ਕਰੋੜ ਰੁਪਿਆ ਖ਼ਰਚਾ ਦੇਣਾ ਪੈਂਦਾ ਹੈ ਅਤੇ ਡਿਜੀਟਲ ਚੈਨਲ ਉਸ ਤੋਂ 100ਵੇਂ ਖ਼ਰਚੇ 'ਚ ਵੀ ਚਲਾਇਆ ਜਾ ਸਕਦਾ ਹੈ। ਇਕ ਅਖ਼ਬਾਰ ਦਾ ਪਰਚਾ ਛਾਪਣ ਉਤੇ 8-10 ਰੁਪਏ ਦਾ ਖ਼ਰਚਾ ਹੁੰਦਾ ਹੈ ਅਤੇ ਟੀ.ਵੀ. ਤੇ ਅਖ਼ਬਾਰਾਂ ਨੂੰ ਸਰਕਾਰੀ ਇਸ਼ਤਿਹਾਰ ਲੈਣ ਲਈ ਕਈ ਤਰ੍ਹਾਂ ਦੀ ਜ਼ਲਾਲਤ ਵੀ ਸਹਿਣੀ ਪੈਂਦੀ ਹੈ।

ਡਿਜੀਟਲ ਮੀਡੀਆ ਨੇ ਸਰਕਾਰਾਂ ਤੋਂ ਆਜ਼ਾਦੀ ਦਿਵਾਈ ਹੈ ਅਤੇ ਜਿਸ ਤਰ੍ਹਾਂ ਇਕ ਆਮ ਇਨਸਾਨ ਹੁਣ ਪੱਤਰਕਾਰੀ ਕਰ ਸਕਦਾ ਹੈ, ਉਸੇ ਤਰ੍ਹਾਂ ਇਕ ਆਮ ਗ੍ਰਹਿਣੀ ਟਿਕ ਟਾਕ ਨਾਲ ਸਟਾਰ ਵੀ ਬਣ ਸਕਦੀ ਹੈ। ਇਸ ਮਾਇਆ ਨੇ ਸਮਾਜ ਵਿਚੋਂ ਕਈ ਪਰਦੇ ਹਟਾਉਣ ਦਾ ਕੰਮ ਕੀਤਾ ਹੈ। ਹੁਣ ਸਮਾਜ ਨੂੰ ਅਪਣਾ ਹੀ ਚਿਹਰਾ ਪਸੰਦ ਨਹੀਂ ਆ ਰਿਹਾ। ਇਹੀ ਹੈ ਤਬਦੀਲੀ ਦੀ ਪਹਿਲੀ ਨਿਸ਼ਾਨੀ। ਜਦੋਂ ਅਪਣੀਆਂ ਕਮਜ਼ੋਰੀਆਂ ਦੀ ਪਛਾਣ ਹੋਵੇਗੀ, ਤਾਂ ਹੀ ਤਾਂ ਤਬਦੀਲੀ ਦੀ ਸ਼ੁਰੂਆਤ ਹੋਵੇਗੀ।  -ਨਿਮਰਤ ਕੌਰ