ਸਿਹਤ ਸਹੂਲਤਾਂ ਦੇਣ ਵਿਚ ਕੇਰਲ ਪਹਿਲੇ ਨੰਬਰ 'ਤੇ ਅਤੇ ਆਦਿਤਿਆਨਾਥ ਦਾ ਯੂਪੀ ਆਖ਼ਰੀ ਨੰਬਰ 'ਤੇ !

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਭਾਜਪਾ ਦਾ ਅਗਲਾ ਪ੍ਰਧਾਨ ਮੰਤਰੀ ਚਿਹਰਾ ਬਣਨ ਦੀ ਇੱਛਾ ਵੀ ਰਖਦਾ ਹੈ ਤੇ ਜਿਸ ਸੂਬੇ ਵਿਚ ਜਿਤਣਾ ਭਾਜਪਾ ਵਾਸਤੇ ਬਹੁਤ ਜ਼ਰੂਰੀ ਵੀ ਹੈ

Pinarayi Vijayan, Yogi Adityanath

 

ਨੀਤੀ ਆਯੋਗ ਨੇ ਵਿਸ਼ਵ ਬੈਂਕ ਨਾਲ ਰਲ ਕੇ, ਰਾਜ ਸਰਕਾਰਾਂ ਵਲੋਂ ਦਿਤੀਆਂ ਗਈਆਂ ਸਿਹਤ ਸਹੂਲਤਾਂ ਬਾਰੇ ਵਿਸ਼ਵ ਬੈਂਕ ਨਾਲ ਮਿਲ ਕੇ ਇਕ ਸੂਚੀ ਤਿਆਰ ਕੀਤੀ ਹੈ। ਇਸ ਰੀਪੋਰਟ ਦੇ ਪਹਿਲੇ ਨੰ. ਅਤੇ ਅਖ਼ੀਰਲੇ ਨੰਬਰ ਤੇ ਆਉਣ ਵਾਲੇ ਰਾਜਾਂ ਦੇ ਨਾਂ ਪੜ੍ਹ ਕੇ ਲਗਦਾ ਹੈ ਕਿ ਇਹ ਰੀਪੋਰਟ ਨਿਰਪੱਖ ਹੋ ਕੇ ਲਿਖੀ ਗਈ ਹੈ ਕਿਉਂਕਿ ਪਹਿਲੇ ਨੰ. ਤੇ ਕੇਰਲ ਹੈ, ਅਰਥਾਤ ਉਹ ਸੂਬਾ ਜਿਥੇ ਭਾਜਪਾ ਦੀ ਸਰਕਾਰ ਨਹੀਂ ਤੇ ਅਖ਼ੀਰਲੇ ਨੰ. ਤੇ ਉਤਰ ਪ੍ਰਦੇਸ਼ ਹੈ ਜਿਥੇ ਭਾਜਪਾ ਦੀ ਸਰਕਾਰ ਹੈ ਤੇ ਜਿਸ ਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਭਾਜਪਾ ਦਾ ਅਗਲਾ ਪ੍ਰਧਾਨ ਮੰਤਰੀ ਚਿਹਰਾ ਬਣਨ ਦੀ ਇੱਛਾ ਵੀ ਰਖਦਾ ਹੈ ਤੇ ਜਿਸ ਸੂਬੇ ਵਿਚ ਜਿਤਣਾ ਭਾਜਪਾ ਵਾਸਤੇ ਬਹੁਤ ਜ਼ਰੂਰੀ ਵੀ ਹੈ

ਜਿਸ ਕਾਰਨ ਪ੍ਰਧਾਨ ਮੰਤਰੀ ਪਿਛਲੇ ਕੁੱਝ ਮਹੀਨਿਆਂ ਤੋਂ ਇਥੇ ਜਿੱਤ ਪ੍ਰਾਪਤ ਕਰਨ ਵਲ ਸਾਰਾ ਧਿਆਨ ਲਗਾ ਰਹੇ ਹਨ। ਜਿਥੇ ਹਾਰ ਜਿੱਤ ਏਨਾ ਜ਼ਿਆਦਾ ਮਹੱਤਵ ਰਖਦੀ ਹੋਵੇ, ਉਥੋਂ ਜਦ ਇਸ ਤਰ੍ਹਾਂ ਦੀ ਰੀਪੋਰਟ ਆਵੇ ਤੇ ਉਸ ਨੂੰ ਰੋਕਿਆ ਨਾ ਜਾਏ ਤਾਂ ਉਸ ਦੀ ਨਿਰਪੱਖਤਾ ਉਤੇ ਯਕੀਨ ਬਣ ਹੀ ਜਾਂਦਾ ਹੈ। ਅੱਜ ਦੇ ਸਮੇਂ ਸਰਕਾਰੀ ਅੰਕੜਿਆਂ ਵਲ ਵੇਖ ਕੇ, ਉਨ੍ਹਾਂ ਉਤੇ ਅੱਖ ਬੰਦ ਕਰ ਕੇ ਵਿਸ਼ਵਾਸ ਕਰਨਾ ਬੜਾ ਔਖਾ ਹੈ ਜਿਸ ਕਾਰਨ ਇਸ ਤਰ੍ਹਾਂ ਦੇ ਤੱਥਾਂ ਨੂੰ ਟਟੋਲਣਾ ਬਣਦਾ ਹੈ। ਜਿਥੇ ਉਤਰ ਪ੍ਰਦੇਸ਼ ਵੱਡੇ ਸੂਬਿਆਂ ’ਚੋਂ ਸੱਭ ਤੋਂ ਘੱਟ ਸਿਹਤ ਸਹੂਲਤਾਂ ਦੇਣ ਵਾਲਾ ਰਾਜ ਸਾਬਤ ਹੋਇਆ, ਉਥੇ ਹੇਠੋਂ ਦੂਜੇ ਨੰ. ਤੇ ਵੀ ਭਾਜਪਾ ਦੀ ਭਾਈਵਾਲੀ ਵਾਲਾ ਬਿਹਾਰ ਹੈ ਤੇ ਵਧੀਆ ਸਹੂਲਤਾਂ ਦੇਣ ਵਾਲੇ ਸੂਬਿਆਂ ਵਿਚ ਕੇਰਲ ਤੋਂ ਬਾਅਦ ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰਾ ਦਾ ਨਾਂ ਆਉਂਦਾ ਹੈ।

ਪੰਜਾਬ ਦੀ ਹਾਲਤ ਵਿਚ ਸੁਧਾਰ ਆਇਆ ਹੈ ਤੇ ਨੌਵੇਂ ਨੰ. ਤੋਂ ਅਠਵੇਂ ਸਥਾਨ ਤੇ ਆ ਗਿਆ ਹੈ। ਯੂ.ਟੀ. ਦੀ ਸੂਚੀ ਵਿਚ ਦਿੱਲੀ ਵਿਚ ਗਿਰਾਵਟ ਆਈ ਹੈ ਭਾਵੇਂ ਕੁੱਝ ਹੋਰ ਖ਼ਾਸ ਸਹੂਲਤਾਂ ਵਿਚ ਦਿੱਲੀ ਵਿਚ ਸੁਧਾਰ ਆਇਆ ਹੈ। ਪਿਛਲੇ ਦੋ ਸਾਲ ਵਿਚ ਅਸੀ ਦੁਨੀਆਂ ਨੂੰ ਇਕ ਕੁਦਰਤੀ ਕਹਿਰ ਹੇਠ ਕਰਾਂਹਦੇ ਹੋਏ ਵੇਖਿਆ ਹੈ ਤੇ ਜਿਸ ਤਰ੍ਹਾਂ ਸੂਬੇ ਫਿਸਲੇੇ ਹਨ, ਉਨ੍ਹਾਂ ਦਾ ਮੰਦਾ ਹਾਲ ਇਨ੍ਹਾਂ ਅੰਕੜਿਆਂ ਨੂੰ ਸਹੀ ਵੀ ਸਾਬਤ ਕਰਦਾ ਹੈ। ਭਾਵੇਂ ਕੇਰਲ ਤੇ ਮਹਾਰਾਸ਼ਟਰਾ ਵਿਚ ਕੋਵਿਡ ਨੇ ਸੱਭ ਤੋਂ ਵੱਡਾ ਵਾਰ ਕੀਤਾ ਹੈ, ਇਨ੍ਹਾਂ ਦੋਹਾਂ ਸੂਬਿਆਂ ਨੇ ਇਸ ਕਹਿਰ ਦਾ ਬੜੀ ਸਮਝਦਾਰੀ ਨਾਲ ਟਾਕਰਾ ਕੀਤਾ। ਸਿਰਫ਼ ਕੋਵਿਡ ਦੇ ਕੇਸ ਵਧ ਸਨ ਪਰ ਸਿਹਤ ਸਹੂਲਤਾਂ ਬਹੁਤ ਤਸੱਲੀਬਖ਼ਸ਼ ਸਨ। ਇਨ੍ਹਾਂ ਵਿਚ ਅਸੀ ਦਿੱਲੀ ਵਾਂਗ ਲੋਕਾਂ ਨੂੰ ਸਾਹ ਵਾਸਤੇ ਤੜਫ਼ਦੇ ਵੀ ਵੇਖਿਆ। 

ਸੁਪਰੀਮ ਕੋਰਟ ਨੇ ਵੀ ਇਹ ਟਿਪਣੀ ਕੀਤੀ ਸੀ ਕਿ ਦਿੱਲੀ ਨੂੰ ਬਾਕੀ ਸੂਬਿਆਂ ਨਾਲੋਂ ਵੱਧ ਆਕਸੀਜਨ ਮਿਲੀ ਸੀੇ। ਉਤਰ ਪ੍ਰਦੇਸ਼ ਵਿਚ ਤਾਂ ਲਾਸ਼ਾਂ ਨਦੀਆਂ ਵਿਚ ਵਹਿੰਦੀਆਂ ਵੇਖੀਆਂ ਗਈਆਂ। ਜਿਸ ਤਰ੍ਹਾਂ ਉਤਰ ਪ੍ਰਦੇਸ਼ ਤੇ ਬਿਹਾਰ ਦੇ ਪ੍ਰਵਾਸੀਆਂ ਨੂੰ ਸੜਕਾਂ ਤੇ ਪੈਦਲ ਵਾਪਸ ਜਾਣ ਵਾਸਤੇ ਮਜਬੂਰ ਕੀਤਾ ਗਿਆ, ਉਹ ਦੇਸ਼ ਵਿਚ ਹੋਰ ਕਿਤੇ ਨਹੀਂ ਹੋਇਆ। ਪੰਜਾਬ ਇਕੱਲਾ ਸੂਬਾ ਸੀ ਜਿਸ ਨੇ ਪ੍ਰਵਾਸੀਆਂ ਵਾਸਤੇ ਅਪਣੇ ਖ਼ਰਚੇ ਤੇ ਬਸਾਂ ਵੀ ਚਲਾਈਆਂ ਅਤੇ ਨਾਲ ਖਾਣ ਪੀਣ ਦਾ ਸਮਾਨ ਵੀ ਦਿਤਾ। ਹਰ ਬਸਤੀ ਵਿਚ ਲੰਗਰ ਭੇਜਿਆ ਗਿਆ ਤੇ ਕੋਵਿਡ ਬੀਮਾਰੀ ਵਿਚ ਦਵਾਈਆਂ ਤੋਂ ਲੈ ਕੇ ਆਕਸੀਜਨ ਤਕ ਵੀ ਘਰ ਭੇਜੇ। ਪਰ ਇਹ ਵੇਖਣਾ ਜ਼ਰੂਰੀ ਹੈ ਕਿ ਪਹਿਲੇ ਅਤੇ ਦੂਜੇ ਨੰਬਰ ਤੇ ਆਉਣ ਵਾਲੇ ਸੂਬੇ ਅਜਿਹਾ ਕੀ ਕਰ ਰਹੇ ਹਨ

ਜਿਸ ਨੂੰ ਅਸੀ ਅਪਣੇ ਸੂਬੇ ਵਿਚ ਵੀ ਲਾਗੂ ਕਰ ਸਕਦੇ ਹਾਂ? ਜਦ ਮੰਚਾਂ ਤੋਂ ਸਾਡੇ ਸਿਆਸਤਦਾਨ ਆ ਕੇ ਸਾਨੂੰ ਤੋਹਫ਼ੇ ਵੰਡਦੇ ਹਨ, ਉਨ੍ਹਾਂ ਨੂੰ ਇਹੀ ਪੁਛੋ ਕਿ ਉਹ ਕੀ ਸੋਚ ਦੇਣਗੇ ਜੋ ਪੰਜਾਬ ਨੂੰ ਪਹਿਲਾ ਸਥਾਨ ਦਿਵਾ ਸਕੇਗੀ? ਖ਼ਾਲੀ ਪੈਸਿਆਂ ਤੇ ਤੋਹਫ਼ਿਆਂ ਨਾਲ ਸੁਧਾਰ ਨਹੀਂ ਆਉਂਦਾ। ਜੇ ਆਉਂਦਾ ਹੁੰਦਾ ਤਾਂ ਫਿਰ ਯੂ.ਪੀ. ਬਿਹਾਰ ਵਿਚ ਇਸ ਤਰ੍ਹਾਂ ਦੇ ਹਾਲਾਤ ਕਿਉਂ ਹੁੰਦੇ? ਅਸੀ ਦਿੱਲੀ ਮਾਡਲ ਵਲ ਵੇਖ ਰਹੇ ਹਾਂ ਪਰ ਉਹ ਕਿਉਂ ਡਿਗਿਆ ਹੈ? ਪੰਜਾਬ ਵਿਚ ਅਜਿਹਾ ਕੀ ਹੋਇਆ ਜਿਸ ਨਾਲ ਸੁਧਾਰ ਆਇਆ? ਦੂਜੇ ਦਾ ਘਰ ਹਮੇਸ਼ਾ ਜ਼ਿਆਦਾ ਹਰਾ ਤੇ ਨਰਮ ਜਾਪਦਾ ਹੈ ਪਰ ਅਸਲ ਵਿਚ ਘਾਹ, ਪਾਣੀ ਤੇ ਦੇਖਭਾਲ ਉਤੇ ਸੱਭ ਕੁੱਝ ਨਿਰਭਰ ਕਰਦਾ ਹੈ। ਤੁਹਾਡੀ ਸਿਹਤ ਦੀ ਬਿਹਤਰ ਦੇਖਭਾਲ ਕੌਣ ਕਰ ਸਕਦਾ ਹੈ, ਇਹ ਤਾਂ ਤੁਸੀਂ ਹੀ ਤੈਅ ਕਰਨਾ ਹੈ।  -ਨਿਮਰਤ ਕੌਰ