ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀਆਂ ਚਿੰਤਾਵਾਂ ਕਿ ਬੇਬਸੀ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਵਿਚ ਸਿੱਖ ਬੱਚੇ ਵੀ ਕ੍ਰਿਸਮਿਸ ਮਨਾ ਰਹੇ ਹਨ। ਚਿੰਤਾ ਇਹ ਵੀ ਜਤਾਈ ਕਿ ਸਿੱਖ, ਈਸਾਈ ਧਰਮ ਵਲ ਜਾ ਰਹੇ ਹਨ ਤੇ ਇਸ ਦਾ ਹੱਲ ਵੀ ਉਨ੍ਹਾਂ ਦੇ ਹੱਥ ਵਿਚ ਹੀ ਹੈ।

Harpreet Singh Giani

 

ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਗਿ: ਹਰਪ੍ਰੀਤ ਸਿੰਘ ਜੀ ਵਲੋਂ ਪੰਜਾਬ ’ਚੋਂ ਵਿਦੇਸ਼ ਜਾਂਦੇ ਨੌਜੁਆਨਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਅੱਜ ਨੌਜੁਆਨ ਡਾਲਰ ਦੀ ਚਮਕ ਦੇਖ ਕੇ ਬਾਹਰ ਜਾ ਰਹੇ ਹਨ ਤੇ ਉਥੇ ਜਾ ਕੇ ਮਜ਼ਦੂਰੀ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਿੱਖ, ਸਿੱਖ ’ਤੇ ਸ਼ੱਕ ਕਰਦਾ ਹੈ ਤੇ ਸਿੱਖਾਂ ਵਿਚ ਧੜੇਬੰਦੀ ਬਹੁਤ ਵੱਧ ਗਈ ਹੈ। ਉਨ੍ਹਾਂ ਦੇ ਸ਼ਬਦਾਂ ਵਿਚ ਸੱਚ ਵੀ ਹੈ, ਦਰਦ ਵੀ ਹੈ ਪਰ ਫਿਰ ਵੀ ਸਮਝ ਨਹੀਂ ਆਉਂਦੀ ਕਿ ਉਹ ਅਪਣੀ ਤਾਕਤ ਨੂੰ ਇਸਤੇਮਾਲ ਕਰ ਕੇ ਸੱਭ ਕੁੱਝ ਬਦਲਣ ਦਾ ਯਤਨ ਕਿਉਂ ਨਹੀਂ ਕਰਦੇ? ਜਿਸ ਧੜੇਬੰਦੀ ਦੀ ਉਹ ਗੱਲ ਕਰ ਰਹੇ ਹਨ, ਕੀ ਉਹ ਅਸਲ ’ਚ ਧੜੇਬੰਦੀ ਹੈ ਜਾਂ ਇਕ ਹੌਲੀ ਹੌਲੀ ਜਾਗ ਰਹੀ ਕੌਮ ਦੀ ਬਗ਼ਾਵਤ?

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਸਾਡੇ ਬੱਚੇ ਪੜ੍ਹ ਲਿਖ ਕੇ ਡਾਕਟਰ, ਇੰਜੀਨੀਅਰ ਬਣ ਕੇ ਬਾਹਰ ਜਾਣ ਤਾਂ ਸਹੀ ਹੈ ਪਰ ਮਜ਼ਦੂਰ ਬਣ ਕੇ ਜਾਣਾ ਗ਼ਲਤ ਹੈ। ਪਰ ਫਿਰ ਇਸੇ ‘ਬ੍ਰੇਨ ਡ੍ਰੇਨ’ ਭਾਵ ਪੜ੍ਹੇ ਲਿਖੇ ਤਬਕੇ ਦੇ ਬਾਹਰ ਪ੍ਰਵਾਸ ਕਰਨ ਅਤੇ ਪੰਜਾਬ ਦਾ ਪਾਣੀ ਮੁਫ਼ਤ ਵਿਚ ਦੂਜੇ ਸੂਬਿਆਂ ਨੂੰ ਲੁਟਾਏ ਜਾਣ ਬਾਰੇ ਵੀ ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ। ਸੂਬੇ ਵਿਚ ਨਸ਼ਿਆਂ ਤੋਂ ਬਚਣ ਵਾਸਤੇ ਵੀ ਆਖਿਆ ਅਤੇ ਈਸਾਈ ਪ੍ਰਚਾਰਕਾਂ ਵਲੋਂ ਗ਼ਲਤ ਹਥਕੰਡੇ ਵਰਤ ਕੇ, ਪੰਜਾਬ ਵਿਚ ਪੈਰ ਪਸਾਰਨ ਤੇ ਵੀ ਉਨ੍ਹਾਂ ਨੇ ਚਿੰਤਾ ਪ੍ਰਗਟਾਈ।

ਸਾਰੀਆਂ ਗੱਲਾਂ ਸੁਣ ਕੇ ਤੇ ਉਨ੍ਹਾਂ ਦੇ ਦਿਲ ਦਾ ਦਰਦ ਸਮਝਦੇ ਹੋਏ ਇਹ ਗੱਲ ਵੀ ਮਨ ਵਿਚ ਆਈ ਕਿ ਜੇ ਇਹ ਗੱਲਾਂ ਕੋਈ ਆਮ ਸਿੱਖ ਕਹਿ ਰਿਹਾ ਹੁੰਦਾ ਤਾਂ ਸਮਝ ਵਿਚ ਆ ਜਾਣੀਆਂ ਸੌਖੀਆਂ ਹੁੰਦੀਆਂ ਪਰ ਅਕਾਲ ਤਖ਼ਤ ਦੀ ਸੰਭਾਲ ਕਰਨ ਵਾਲੇ ਗਿਆਨੀ ਹਰਪ੍ਰੀਤ ਸਿੰਘ ਇਸ ਕਦਰ ਕਮਜ਼ੋਰ ਕਿਉਂ ਹੋ ਗਏ ਹਨ? ਜੇ ਉਹ ਪਾਣੀ ਬਾਰੇ ਫ਼ਿਕਰਮੰਦ ਹਨ ਤਾਂ ਉਨ੍ਹਾਂ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਪਾਣੀਆਂ ਬਾਰੇ ਸੁਪ੍ਰੀਮ ਕੋਰਟ ਵਿਚ ਪਟੀਸ਼ਨ ਪਾਉਣ। ਅਕਾਲੀ ਦਲ ਦੇ ਰਾਜ-ਕਾਲ ਸਮੇਂ ਨਹੀਂ ਕਰ ਸਕਦੇ ਸੀ ਪਰ ਅੱਜ ਤਾਂ ਕਰ ਸਕਦੇ ਹਨ। ਉਨ੍ਹਾਂ ਕੋਲ ਸਿੱਖ ਕੌਮ ਦੇ ਸੱਭ ਤੋਂ ਸਿਆਣੇ ਤੇ ਤੇਜ਼-ਬੁਧੀ ਵਾਲੇ ਦਿਮਾਗ਼ ਹਨ, ਕੀ ਉਨ੍ਹਾਂ ਵਾਸਤੇ ਇਕ ਕਾਨੂੰਨੀ ਲੜਾਈ ਦੀ ਰੂਪ-ਰੇਖਾ ਨਹੀਂ ਬਣਾਈ ਜਾ ਸਕਦੀ?

ਜੇ ਬੱਚਿਆਂ ਦੀ ਪੜ੍ਹਾਈ ਦਾ ਫ਼ਿਕਰ ਹੈ, ਵਿਦੇਸ਼ ਜਾਣ ਦਾ ਫ਼ਿਕਰ ਹੈ ਤਾਂ ਫਿਰ ਦੋ ਹੋਰ ਆਦੇਸ਼ ਦੇ ਸਕਦੇ ਹਨ। ਉਹ ਕਹਿ ਦੇਣ ਕਿ ਅੱਜ ਤੋਂ ਬਾਅਦ ਕੋਈ ਸ਼ਰਧਾਲੂ ਸਾਡੇ ਗੁਰੂ ਘਰਾਂ ਤੇ ਸੰਗਮਰਮਰ ਨਹੀਂ ਲਗਾਏਗਾ ਸਗੋਂ ਉਹ ਸਾਰਾ ਪੈਸਾ ਆਈਲੈਟਸ ਕੇਂਦਰ ਦੇ ਮੁਕਾਬਲੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਦਾ ਕੇਂਦਰ ਬਣਾਉਣ ਵਿਚ ਲੱਗੇਗਾ। ਵੇਖੋ ਫਿਰ ਪੰਜਾਬ ਦੀ ਜਵਾਨੀ ਕਿਸ ਤਰ੍ਹਾਂ ਡਾਕਟਰੀ, ਅਫ਼ਸਰਸ਼ਾਹੀ, ਆਈ.ਆਈ.ਟੀ. ਵਿਚ ਤਿਆਰ ਹੋ ਕੇ ਦੌੜਦੀ ਹੈ। ਉਹ ਹੁਕਮ ਦੇ ਦੇਣ ਕਿ ਅੱਜ ਤੋਂ ਬਾਅਦ ਸਿੱਖ ਉਦਯੋਗਪਤੀ ਪੰਜਾਬ ਦੇ ਕਿਸੇ ਇਕ ਨੌਜੁਆਨ ਨੂੰ ਅਪਣਾ ਛੋਟਾ ਉਦਯੋਗ ਲਗਾਉਣ ਵਿਚ ਮਦਦ ਕਰੇਗਾ। ਫਿਰ ਕਿਉਂ ਬੱਚੇ ਕੈਨੇਡਾ ਵਿਚ ਟਰੱਕ ਚਲਾਉਣਗੇ?

ਉਨ੍ਹਾਂ ਚਿੰਤਾ ਜਤਾਈ ਕਿ ਪੰਜਾਬ ਵਿਚ ਸਿੱਖ ਬੱਚੇ ਵੀ ਕ੍ਰਿਸਮਿਸ ਮਨਾ ਰਹੇ ਹਨ। ਚਿੰਤਾ ਇਹ ਵੀ ਜਤਾਈ ਕਿ ਸਿੱਖ, ਈਸਾਈ ਧਰਮ ਵਲ ਜਾ ਰਹੇ ਹਨ ਤੇ ਇਸ ਦਾ ਹੱਲ ਵੀ ਉਨ੍ਹਾਂ ਦੇ ਹੱਥ ਵਿਚ ਹੀ ਹੈ। ਉਹ ਹੁਕਮ ਦੇਣ ਕਿ ਅੱਜ ਤੋਂ ਬਾਅਦ ਕਿਸੇ ਗੁਰੂ ਘਰ, ਸ਼ਮਸ਼ਾਨ ਘਾਟ ਜਾਂ ਦਫ਼ਤਰ ਵਿਚ ਜਾਤ ਪਾਤ ਆਧਾਰਤ ਵਿਤਕਰਾ ਨਹੀਂ ਹੋਵੇਗਾ। ਉਹ ਆਖ ਦੇਣ ਕਿ ਜਿਹੜਾ ਕੋਈ ਜਾਤ ਨਾਮ ਨਾਲ ਲਗਾਏਗਾ, ਉਹ ਸਿੱਖ ਨਹੀਂ ਮੰਨਿਆ ਜਾਏਗਾ। ਵੇਖੋ ਕਿਸ ਤਰ੍ਹਾਂ ਸਾਰੇ ਸਿੱਖ ਘਰ ਵਾਪਸੀ ਕਰਦੇ ਹਨ।

ਉਹ ਅਪਣੇ ਵਕੀਲਾਂ ਦੀ ਤਾਕਤ ਨਾਲ ਪੰਜਾਬ ਹਾਈ ਕੋਰਟ ’ਤੇ ਦਬਾਅ ਪਾਉਣ ਕਿ ਉਹ ਫ਼ਾਈਲ ਖੋਲ੍ਹੀ ਜਾਵੇ ਜਿਸ ਤੋਂ ਪਤਾ ਚੱਲੇ ਕਿ ਕਿਹੜੇ ਲੋਕ ਨਸ਼ੇ ਦੇ ਵਪਾਰ ਵਿਚ ਅਪਣੀ ਤੇ ਅਫ਼ਸਰਸ਼ਾਹੀ ਦੀ ਤਾਕਤ ਇਸਤੇਮਾਲ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਬੇਬਸ ਨਹੀਂ ਹੋ ਸਕਦੇ ਕਿਉਂਕਿ ਜਿਸ ਥਾਂ ਦੀ ਸੰਭਾਲ ਵਾਸਤੇ ਗਿ: ਹਰਪ੍ਰੀਤ ਸਿੰਘ ਬੈਠੇ ਹਨ, ਉਸ ਤੋਂ ਉੱਚੀ ਥਾਂ ਸਿੱਖ ਕੌਮ ਕੋਲ ਹੈ ਹੀ ਨਹੀਂ। ਸ਼ਰਤ ਇਹ ਹੈ ਕਿ ਉਥੇ ਬੈਠਣ ਵਾਲਾ ‘ਤਖ਼ਤ’ ਦੀ ਤਾਕਤ ਅਤੇ ਤਾਕਤ ਦਾ ਠੀਕ ਮਤਲਬ ਸਮਝੇ ਤੇ ਉਸ ਦੀ ਵਰਤੋਂ ਕਰੇ। ਨਿਰੇ ਵਧੀਆ ਭਾਸ਼ਣ ਦੇਣ ਵਾਲੇ ਹੀ ਗਿਣਨੇ ਹੋਣ ਤਾਂ ਗਿਣੇ ਹੀ ਨਹੀਂ ਜਾ ਸਕਦੇ।

ਭਾਸ਼ਣ ਛੱਡ ਕੇ ਐਕਸ਼ਨ ਕਰਨ ਵਾਲੇ ਹੀ ‘ਤਖ਼ਤਾਂ’ ਉਤੇ ਸੋਭਦੇ ਹਨ। ਭਾਸ਼ਣ ਕਰਨ ਵਾਲੇ ਲੰਮੇ ਸਮੇਂ ਤਕ ਗੱਦੀ ’ਤੇ ਬੈਠੇ ਰਹਿ ਸਕਦੇ ਹਨ ਪਰ ਐਕਸ਼ਨ ਕਰਨ ਵਾਲੇ ਨੂੰ ਹਰ ਪਲ ‘ਤਖ਼ਤ ਜਾਂ ਤਖ਼ਤਾ’ ਚੋਂ ਇਕ ਚੀਜ਼ ਦੀ ਚੋਣ ਕਰਨੀ ਪੈਂਦੀ ਹੈ ਪਰ ਇਤਿਹਾਸ ਵੀ ਤਾਂ ਐਕਸ਼ਨ ਕਰਨ ਵਾਲੇ ਹੀ ਸਿਰਜਦੇ ਹਨ, ਭਾਸ਼ਣਾਂ ਵਾਲੇ ਤਾਂ ਬਿਲਕੁਲ ਵੀ ਨਹੀਂ ਸਿਰਜਦੇ। ਤੇ ਜੇ ਉਹ ਅਪਣੀ ਤਾਕਤ ਨੂੰ ਸਿੱਖ ਕੌਮ ਲਈ ਇਸਤੇਮਾਲ ਕਰਨ ਦਾ ਫ਼ੈਸਲਾ ਕਰ ਲੈਣ ਤਾਂ ਫਿਰ ਵੇਖਣ ਕਿ ਸਿੱਖ, ਸਿੱਖ ’ਤੇ ਕਿਵੇਂ ਯਕੀਨ ਕਰੇਗਾ ਤੇ ਧੜੇਬਾਜ਼ੀ ਪਲਾਂ ਵਿਚ ਗ਼ਾਇਬ ਹੋ ਜਾਵੇਗੀ। ਪਰ ਉਹ ਅਪਣੀ ਤਾਕਤ ਦੀ ਵਰਤੋਂ ਕਿਉਂ ਨਹੀਂ ਕਰਦੇ? ਉਹ ਕਿਉਂ ਆਮ ਸਿੱਖਾਂ ਵਾਂਗ ਬੇਬਸ ਨਜ਼ਰ ਆ ਰਹੇ ਹਨ?                  -ਨਿਮਰਤ ਕੌਰ