Editorial: ਸ਼ਾਹਰੁਖ਼ ਖ਼ਾਨ ਵਲੋਂ ਡਾਲਰਾਂ ਖ਼ਾਤਰ ਵਿਦੇਸ਼ ਭੱਜਣ ਵਾਲੇ ਨੌਜੁਆਨਾਂ ਦੀਆਂ ਅੱਖਾਂ ਖੋਲ੍ਹਣ ਵਾਲੀ ‘ਡੰਕੀ’ ਫ਼ਿਲਮ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਇਹ ਫ਼ਿਲਮ ਬਾਕਸ ਆਫ਼ਿਸ ’ਤੇ ਪੈਸਾ ਵਸੂਲ  ਕਰਨ ਵਾਲੀ ਫ਼ਿਲਮ ਨਹੀਂ ਤੇ ਅਜੇ ਇਹ 200 ਕਰੋੜ ਟੱਪਣ ਦੇ ਕਰੀਬ ਹੀ ਆਈ ਹੈ।

photo

Shahrukh Khan's 'Dunky' film, which opened the eyes of Punjabi youths who fled abroad for dollars! Editorial in punjabi : ਸ਼ਾਹਰੁਖ਼ ਖ਼ਾਨ ਨੇ ਇਸ ਸਾਲ ਅਪਣੀਆਂ ਫ਼ਿਲਮਾਂ ਵਿਚ ਖ਼ਾਸ ਸਮਾਜਕ ਸੰਦੇਸ਼ ਦੇਣ ਦਾ ਫ਼ੈਸਲਾ ਕੀਤਾ ਤੇ ਜਿਥੇ ਪਠਾਨ ਫ਼ਿਲਮ ਪੂਰੇ ਦੇਸ਼ ਨੂੰ ਕਿਸਾਨੀ, ਸਿਆਸੀ ਸੱਚ ਤੇ ਜਾਗਰੂਕਤਾ ਦੇ ਪ੍ਰਤੱਖ ਦਰਸ਼ਨ ਕਰਾਉਂਦੀ ਸੀ, ਇਸ ਸਾਲ ਦੀ ਆਖ਼ਰੀ ਫ਼ਿਲਮ ‘ਡੰਕੀ’ ਸਿਰਫ਼ ਪੰਜਾਬ ਨੂੰ ਸਮਰਪਿਤ ਹੈ। ਸ਼ਾਹਰੁਖ਼ ਵਰਗੇ ਸਿਤਾਰੇ ਨੂੰ ਪੰਜਾਬ ਦੀ ਇਸ ਸਮੱਸਿਆ ਤੇ ਇਕ ਬਾਲੀਵੁੱਡ ਫ਼ਿਲਮ ਬਣਾਉਣ ਬਾਰੇ ਖ਼ਿਆਲ ਹੀ ਕਿਵੇਂ ਆਇਆ? ਇਹ ਫ਼ਿਲਮ ਬਾਕਸ ਆਫ਼ਿਸ ’ਤੇ ਪੈਸਾ ਵਸੂਲ  ਕਰਨ ਵਾਲੀ ਫ਼ਿਲਮ ਨਹੀਂ ਤੇ ਅਜੇ ਇਹ 200 ਕਰੋੜ ਟੱਪਣ ਦੇ ਕਰੀਬ ਹੀ ਆਈ ਹੈ।

ਭਾਵੇਂ ਇਹ ਰਾਜ ਕੁਮਾਰ ਹਿਰਾਨੀ ਦੀ ਫ਼ਿਲਮ ਹੈ, ਸਾਫ਼ ਹੈ ਕਿ ਇਸ ਫ਼ਿਲਮ ਨੂੰ ਬਣਾਉਣ ਵਿਚ ਪੈਸੇ ਦੀ ਬੱਚਤ ਕਰਨ ਵਾਸਤੇ ਕਈ ਦਿਸ਼ਾਵਾਂ ਵਿਚ ਕਟੌਤੀ ਕੀਤੀ ਗਈ ਹੈ। ਵਾਰ-ਵਾਰ ਇਹੀ ਖ਼ਿਆਲ ਆਉਂਦਾ ਹੈ ਕਿ ਸ਼ਾਹਰੁਖ਼ ਖ਼ਾਨ ਨੂੰ ਇਹ ਫ਼ਿਲਮ ਕਰਨ ਦੀ ਕੀ ਪਈ ਸੀ? ਕਮਜ਼ੋਰ ਸਹਾਇਕ ਅਦਾਕਾਰਾ, ਕਮਜ਼ੋਰ ਮੇਕਅਪ, ਕਮਜ਼ੋਰ ਪ੍ਰੋਡਕਸ਼ਨ ਵਿਚ ਸਿਰਫ਼ ਇਕ ਹੀ ਚੀਜ਼ ਸੀ ਜਿਸ ਕਾਰਨ ਫ਼ਿਲਮ ਵੇਖੀ ਗਈ। ਉਹ ਸ਼ਾਹਰੁਖ਼ ਨਹੀਂ ਸੀ ਬਲਕਿ ਪੰਜਾਬ ਦੀ ਹਕੀਕਤ ਪੇਸ਼ ਕਰਨ ਦਾ ਯਤਨ ਸੀ ਜੋ ਦਰਸ਼ਕ ਦਾ ਧਿਆਨ ਖਿਚਦਾ ਸੀ। ਜਾਣਦੇ ਤਾਂ ਸਾਰੇੇ ਹੀ ਹਾਂ, ਗੱਲਾਂ ਵੀ ਕਰਦੇ ਹਾਂ ਪਰ ਸਾਡੇ ਨੌਜੁਆਨਾਂ ਦੀ ਬੇਬਸੀ ਉਨ੍ਹਾਂ ਨੂੰ ਕਿਸ ਤਰ੍ਹਾਂ ਨਕਲੀ ਏਜੰਟਾਂ ਦਾ ‘ਗਧਾ’ (ਡੰਕੀ) ਬਣਾ ਰਹੀ ਹੈ, ਉਸ ਕਹਾਣੀ ਨੂੰ ਵੇਖ ਕੇ ਹੰਝੂ ਨਹੀਂ ਰੁਕਦੇ।

ਅਕਸਰ ਆਖਿਆ ਜਾਂਦਾ ਹੈ ਕਿ ਜਿਹੜੇ ਨੌਜੁਆਨ ਵਿਦੇਸ਼ਾਂ ਵਿਚ ਜਾਂਦੇ ਹਨ, ਉਹ ਫੁਕਰੀ ਮਾਰਨ ਵਾਸਤੇ ਝੂਠੀਆਂ ਤਸਵੀਰਾਂ ਪਾ ਕੇ ਇਸ ਹੇਰਾਫੇਰੀ ਦਾ ਹਿੱਸਾ ਬਣਦੇ ਹਨ। ਪਰ ਕੌਣ ਘਰ ਦੀ ਅਸਲੀਅਤ ਵਿਖਾਵੇ ਤੇ ਦੱਸੇ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕੀਤਾ ਹੈ। ਜਦ ਉਹ ਗ਼ਲਤ ਰਾਹ ’ਤੇ ਚਲ ਕੇ ਡਾਲਰਾਂ ਦੇ ਵਾੜੇ ਵਿਚੋਂ ਡਾਲਰ ਤੋੜਨ ਵਿਦੇਸ਼ ਜਾਂਦੇ ਹਨ ਤਾਂ ਉਨ੍ਹਾਂ ’ਚੋਂ ਕਿੰਨੇ ਤਾਂ ਰਾਹ ਵਿਚ ਹੀ ਗਵਾਚ ਜਾਂਦੇ ਹਨ ਤੇ ਉਥੇ ਪਹੁੰਚਣ ਵਾਲੇ ਜਿਸ ਰਸਤੇ ਨੂੰ ਲੰਘ ਕੇ ਜਾਂਦੇ ਹਨ, ਉਹ ਅਪਣੇ ਆਪ ਵਿਚ ਹੀ ਇਕ ਤਪੱਸਿਆ ਹੈ। ਫਿਰ ਜਦ ਉਥੇ ਪਹੁੰਚ ਕੇ ਵਿਦੇਸ਼ਾਂ ਵਿਚ ਚੌਥੇ ਦਰਜੇ ਦਾ ਕੰਮ ਕਰਨ ਲਈ ਮਜਬੂਰ ਹੁੰਦੇ ਹਨ ਤਾਂ ਇਕ ਵਾਰ ਫਿਰ ਤੋਂ ਨਕਲੀ ਤਸਵੀਰਾਂ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। 

ਅਪਣੇ ਵਾਸਤੇ ਨਾਗਰਿਕਤਾ ਲੈਣ ਦਾ ਤਰੀਕਾ ਜਾਂ ਤਾਂ ਕਿਸੇ ਵਿਦੇਸ਼ੀ  ਨਾਲ ਵਿਆਹ ਜਾਂ ਅਪਣੇ ਆਪ ਨੂੰ ਦੇਸ਼ ਤੋਂ ਸਤਾਏ ਹੋਏ ਆਖ ਕੇ ਉਨ੍ਹਾਂ ਤੋਂ ਸ਼ਰਨ ਮੰਗਣ ਲਈ ਤਰਲੇ ਕਰਨਾ ਹੁੰਦਾ ਹੈ ਪਰ ਫਿਰ ਹਵਾਈ ਜਹਾਜ਼ ਰਾਹੀਂ ਵਾਪਸ ਪਰਤਣ ਦਾ ਰਸਤਾ ਲੱਖਾਂ ਡਾਲਰ ਕਮਾ ਕੇ ਵੀ ਨਹੀਂ ਮਿਲਣਾ। ਫਿਰ ਤਾਂ ਵਤਨ ਪਰਤਣ ਵਾਸਤੇ ਵੀ ‘ਡੰਕੀ ਰੂਟ’ ਅਥਵਾ ਖੋਤੇ ਦੀ ਸਵਾਰੀ ਵਾਲਾ ਰਾਹ ਹੀ ਚੁਣਨਾ ਪਵੇਗਾ। ਪਨਾਹ ਨਾਲ ਜੁੜੇ ਵੱਖਵਾਦੀ ਮਾਫ਼ੀਆ ਦੀ ਗੱਲ ਇਸ ਫ਼ਿਲਮ ਨੇ ਤਾਂ ਨਹੀਂ ਕੀਤੀ ਪਰ ਅਸੀ ਜਾਣਦੇ ਜ਼ਰੂਰ ਹਾਂ। ਸਾਰੀ ਫ਼ਿਲਮ ਵੇਖ ਕੇ, ਇਹੀ ਸਵਾਲ ਉਠਦਾ ਹੈ ਕਿ ਹੋਰ ਫਿਰ ਕੀਤਾ ਕੀ ਜਾਵੇ? ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿਚ ਬਣ ਚੁੱਕੇ ਹਨ, ਨੌਜੁਆਨ ਜਾਂ ਤਾਂ ਗ਼ਰੀਬੀ ਨਾਲ ਮਰਨਗੇ ਜਾਂ ਵਿਦੇਸ਼ਾਂ ਵਿਚ ਅਪਣੀ ਜਾਨ ਨਾਲ ਜੂਆ ਖੇਡ ਲੈਣਗੇ। ਜੇ ਸਫ਼ਲ ਹੋਏ ਤਾਂ ਭਾਵੇਂ ਉਹ ਆਪ ਔਖੀ ਜ਼ਿੰਦਗੀ ਬਤੀਤ ਕਰਨ, ਭਾਵੇਂ ਉਹ ਚੌਥੇ ਦਰਜੇ ਦੇ ਨਾਗਰਿਕਾਂ ਵਜੋਂ ਬਦਤਰ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਏ ਹੋਣ, ਭਾਵੇਂ ਉਹ ਕਦੇ ਵੀ ਵਾਪਸ ਪੰਜਾਬ ਨਾ ਆ ਸਕਣ, ਉਨ੍ਹਾਂ ਦੀ ਕਮਾਈ ਨਾਲ ਉਨ੍ਹਾਂ ਦੇ ਪ੍ਰਵਾਰ ਤਾਂ ਗ਼ਰੀਬੀ ’ਚੋਂ ਬਾਹਰ ਨਿਕਲ ਸਕਣਗੇ। ਉਨ੍ਹਾਂ ਦੀਆਂ ਝੂਠੀਆਂ ਤਸਵੀਰਾਂ ਫੁਕਰਾਪੰਥੀ ਨਹੀਂ, ਅਪਣੇ ਪ੍ਰਵਾਰਾਂ ਨੂੰ ਝੂਠਾ ਦਿਲਾਸਾ ਹੈ ਤਾਕਿ ਉਹ ਉਨ੍ਹਾਂ ਦੇ ਭੇਜੇ ਪੈਸੇ ਨਾਲ ਆਰਾਮ ਨਾਲ ਜੀਅ ਸਕਣ।

ਸਾਡੀ ਜਵਾਨੀ ਨੂੰ ਜੇ ‘ਗਧੇ’ ਜਾਂ ‘ਡੰਕੀ’ ਬਣਨ ਤੋਂ ਰੋਕਣਾ ਹੈ ਤਾਂ ਇਕੋ ਹੀ ਰਸਤਾ ਹੈ ਕਿ ਜਿਹੜਾ ਬੱਚਾ ਪੜ੍ਹ ਲਿਖ ਕੇ ਤੇ ਵਧੀਆ ਅੰਗਰੇਜ਼ੀ ਸਿਖ ਕੇ ਅਪਣੇ ਹੁਨਰ ਦਾ ਮਾਹਰ ਬਣ ਕੇ ਬਾਹਰ ਜਾਵੇਗਾ, ਉਸ ਵਾਸਤੇ ਔਕੜਾਂ, ਜ਼ਿੰਦਗੀ ਦਾ ਜੂਆ ਨਹੀਂ ਬਣਨਗੀਆਂ। ਮਿਸਤਰੀ,  ਇਲੈਕਟ੍ਰੀਸ਼ਨ, ਪਲੰਬਰ, ਦਰਜ਼ੀ ਜਾਂ ਕਿਸੇ ਵੀ ਕੰਮ ਦੇ ਹੁਨਰ, ਭਾਸ਼ਾ ਦੀ ਮੁਹਾਰਤ ਅਤੇ ਸੱਚੀ ਮਿਹਨਤ ਨਾਲ ਵਿਦੇਸ਼ ਜਾਣ ਦਾ ਰਸਤਾ ਅਪਨਾਉਣ ਵਾਲੀ ਸੋਚ ਨੌਜੁਆਨਾਂ ਅੰਦਰ ਜਗਾਉਣੀ ਪਵੇਗੀ। ਪਤਾ ਨਹੀਂ ਸ਼ਾਹਰੁਖ਼ ਖ਼ਾਨ ਨੇ ਪੰਜਾਬ ਦੇ ਨੌਜੁਆਨਾਂ ਨੂੰ ਇਹ ਤੋਹਫ਼ਾ ਕਿਉਂ ਦਿਤਾ ਹੈ ਪਰ ਇਸ ਨੂੰ ਵੇਖ ਕੇ ਅਪਣੇ ਆਪ ਨੂੰ ਤਿਆਰ ਕਰਨਾ ਸਾਡੇ ਬੱਚਿਆਂ ਵਾਸਤੇ ਜ਼ਰੂਰੀ ਹੋ ਗਿਆ ਹੈ।
- ਨਿਮਰਤ ਕੌਰ