ਹਿੰਦੁਸਤਾਨ, ਅਪਣਾ ਧਿਆਨ ਪਾਕਿ ਵਲੋਂ ਹਟਾਏ ਤੇ ਗ਼ਰੀਬੀ, ਭੁੱਖਮਰੀ ਵਿਰੁਧ ਜੰਗ ਜਿੱਤਣ ਵਲ ਧਿਆਨ ਦੇਵੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਭਾਰਤ ਦੇ ਹਰ ਤਿੰਨ ਬੱਚਿਆਂ ਵਿਚੋਂ ਇਕ ਬੱਚੇ ਦਾ ਵਿਕਾਸ ਕਮਜ਼ੋਰ ਅਵੱਸਥਾ ਵਿਚ ਹੈ ਅਤੇ 40% ਬੱਚਿਆਂ ਵਿਚ ਖ਼ੂਨ ਦੀ ਕਮੀ ਹੈ।

Photo

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਅੱਜ ਦੀ ਤਰੀਕ 'ਚ ਅਸੀ ਪਾਕਿਸਤਾਨ ਨਾਲ ਲੜਾਈ ਜਿੱਤਣ ਦੇ ਕਾਬਲ ਹੋ ਗਏ ਹਾਂ ਅਤੇ ਕਾਬਲੀਅਤ ਅਜਿਹੀ ਹੈ ਕਿ ਅਸੀ ਦਸ ਦਿਨਾਂ ਅੰਦਰ ਪਾਕਿਸਤਾਨ ਨੂੰ ਹਰਾ ਸਕਦੇ ਹਾਂ। ਤਾੜੀਆਂ! ਆਖ਼ਰਕਾਰ ਸਾਡੇ ਕੋਲ ਪਾਕਿਸਤਾਨ ਨਾਲੋਂ ਵੱਡਾ ਦੁਸ਼ਮਣ ਹੋਰ ਹੈ ਹੀ ਕੌਣ?

ਪਰ ਇਹ ਤਾਂ ਭਾਰਤ ਨੇ ਪਹਿਲਾਂ ਵੀ ਕੀਤਾ ਹੈ ਅਤੇ ਇਕ ਵਾਰੀ ਨਹੀਂ ਵਾਰ ਵਾਰ (1965, 1971, 1999 'ਚ) ਕੀਤਾ ਹੈ ਅਤੇ ਭਾਰਤੀ ਫ਼ੌਜ ਦੀ ਕਾਬਲੀਅਤ ਦੇ ਸਿਰ ਤੇ ਕੀਤਾ ਹੈ। ਹਾਂ ਸ਼ਾਇਦ ਉਸ ਸਮੇਂ ਕੁੱਝ ਵੱਧ ਦਿਨ ਲੱਗੇ ਹੋਣਗੇ ਪਰ ਕੰਮ ਵਿਚ ਕਮੀ ਤਾਂ ਭਾਰਤੀ ਫ਼ੌਜ ਨੇ ਕਦੇ ਨਹੀਂ ਰਹਿਣ ਦਿਤੀ।

ਸੋ ਤਾੜੀਆਂ ਤਾਂ ਵਜਦੀਆਂ ਜੇ ਭਾਰਤ, ਜੋ ਕਿ ਅੱਗੇ ਵਧਦੀ ਮਹਾਂਸ਼ਕਤੀ ਹੈ, ਅੱਜ ਇਹ ਐਲਾਨ ਕਰਦਾ ਕਿ ਉਹ ਹੁਣ ਅਜਿਹੀ ਤਾਕਤ ਬਣ ਚੁੱਕਾ ਹੈ ਕਿ ਹੁਣ ਉਹ ਚੀਨ ਦਾ ਮੁਕਾਬਲਾ ਕਰ ਕੇ ਵਿਵਾਦਤ ਭਾਰਤੀ ਧਰਤੀ ਨੂੰ ਵਾਪਸ ਜਿੱਤ ਸਕਦਾ ਹੈ ਜਾਂ ਕਿ ਹੁਣ ਇਸ ਪਾਸੇ ਦੇ ਛੋਟੇ-ਵੱਡੇ ਦੇਸ਼ਾਂ ਦੀ ਢਾਲ ਬਣਨ ਦੀ ਕਾਬਲੀਅਤ ਧਾਰਨ ਕਰ ਚੁੱਕਾ ਹੈ।

ਪਰ ਭਾਰਤ ਤਾਂ ਅਜੇ ਵੀ ਪਾਕਿਸਤਾਨ ਦੀ ਗੱਲ ਫੜੀ ਬੈਠਾ ਹੈ ਅਤੇ ਇਸ ਦੇ ਵੋਟਾਂ ਬਾਰੇ ਸੋਚ ਕੇ ਬੋਲਣ ਵਾਲੇ ਆਗੂ ਇਸ ਨੂੰ ਇਕ ਮਹਾਂਤਾਕਤ ਬਣਨ ਤੋਂ ਆਪ ਹੀ ਰੋਕ ਰਹੇ ਹਨ। ਅੱਜ ਭਾਰਤ ਨੂੰ ਇਕ ਜੰਗ ਛੇੜਨ ਦੀ ਸਖ਼ਤ ਜ਼ਰੂਰਤ ਹੈ ਅਤੇ ਉਹ ਜੰਗ ਹੈ ਭੁਖਮਰੀ ਅਤੇ ਗ਼ਰੀਬੀ ਵਿਰੁਧ ਜੰਗ। ਪ੍ਰਧਾਨ ਮੰਤਰੀ, ਪਾਕਿਸਤਾਨ ਅਤੇ ਅਪਣੇ ਹੀ ਨਾਗਰਿਕਾਂ ਨਾਲ ਲੜਨ ਵਿਚ ਏਨੇ ਮਸਰੂਫ਼ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿਤਾ ਹੈ।

ਆਲਮੀ ਭੁੱਖ ਸੂਚਕ ਅੰਕ ਨੇ ਪੇਸ਼ ਕੀਤਾ ਹੈ ਕਿ 117 ਦੇਸ਼ਾਂ 'ਚੋਂ ਭਾਰਤ 102ਵੇਂ ਸਥਾਨ 'ਤੇ ਹੈ, ਜਦਕਿ ਪਾਕਿਸਤਾਨ 94 'ਤੇ। ਬੰਗਲਾਦੇਸ਼ 88ਵੇਂ ਅਤੇ ਸ੍ਰੀਲੰਕਾ 66ਵੇਂ ਸਥਾਨ 'ਤੇ ਹੈ। ਸੋ ਅੱਜ ਜੇ ਅਸੀ ਪਾਕਿਸਤਾਨ ਤਕ ਹੀ ਅਪਣੇ ਆਪ ਨੂੰ ਸੀਮਤ ਰਖਣਾ ਹੈ ਤਾਂ ਫਿਰ ਉਨ੍ਹਾਂ ਮੁਕਾਬਲੇ ਅਪਣੀ ਗ਼ਰੀਬੀ ਵਿਰੁਧ ਜੰਗ ਤਾਂ ਜਿੱਤ ਲਈਏ।

ਅੱਜ ਭਾਰਤ ਦਾ ਇਹ ਹਾਲ ਹੈ ਕਿ ਪ੍ਰਧਾਨ ਮੰਤਰੀ ਦਾ ਇਹ ਦਾਅਵਾ ਕਿ ਭਾਰਤ ਸਵੱਛਤਾ ਮੁਹਿੰਮ ਵਿਚ 100% ਸਫ਼ਲ ਹੋ ਚੁੱਕਾ ਹੈ, ਵੀ ਗ਼ਲਤ ਸਾਬਤ ਕੀਤਾ ਗਿਆ ਹੈ। ਉਸ ਪਿੱਛੇ ਕਈ ਕਾਰਨ ਹਨ। ਕਿਤੇ ਪਾਣੀ ਦੀ ਸਪਲਾਈ ਪਖ਼ਾਨੇ ਨਾਲ ਨਹੀਂ ਜੋੜੀ ਗਈ, ਕਿਤੇ ਸੋਚ ਨਹੀਂ ਬਦਲੀ, ਕਿਤੇ ਪਖ਼ਾਨਾ ਹੈ ਪਰ ਸਫ਼ਾਈ ਨਹੀਂ ਅਤੇ ਕਿਤੇ ਪੀਣ ਦਾ ਪਾਣੀ ਪਖ਼ਾਨੇ ਦੇ ਪਾਣੀ ਨਾਲ ਮਿਲ ਜਾਣ ਨਾਲ ਨਵੀਂ ਹੀ ਮੁਸੀਬਤ ਆ ਬਣੀ ਹੈ।

ਪਰ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ ਤੇ ਜਿਹੜਾ 20-30% ਕੰਮ ਰਹਿ ਗਿਆ ਹੈ, ਉਹ ਪੂਰਾ ਹੋ ਵੀ ਸਕਦਾ ਹੈ। ਪਰ ਗ਼ਰੀਬੀ ਘਟਾਉਣ ਵਲ ਧਿਆਨ ਹੀ ਨਹੀਂ ਦਿਤਾ ਗਿਆ। ਅਮੀਰੀ ਵਧਾਉਣ, ਅਮੀਰਾਂ ਦੇ ਕਰਜ਼ੇ ਹਟਾਉਣ ਉਤੇ ਜਿੰਨਾ ਜ਼ੋਰ ਦਿਤਾ ਗਿਆ, ਉਹ ਸਫ਼ਲ ਹੋਇਆ ਅਤੇ ਉਸ ਦਾ ਅਸਰ ਇਹ ਹੈ ਕਿ ਅੱਜ 69 ਭਾਰਤੀ ਦੇਸ਼ ਦੀ 80 ਪ੍ਰਤੀਸ਼ਤ ਦੌਲਤ ਸਾਂਭੀ ਬੈਠੇ ਹਨ। ਇਸ ਦਾ ਮਾੜਾ ਅਸਰ ਸਾਡੇ ਬੱਚਿਆਂ ਦੇ ਵਿਕਾਸ ਉਤੇ ਪੈ ਰਿਹਾ ਹੈ।

ਅੱਜ ਭਾਰਤ ਦੇ ਹਰ ਤਿੰਨ ਬੱਚਿਆਂ ਵਿਚੋਂ ਇਕ ਬੱਚੇ ਦਾ ਵਿਕਾਸ ਕਮਜ਼ੋਰ ਅਵੱਸਥਾ ਵਿਚ ਹੈ ਅਤੇ 40% ਬੱਚਿਆਂ ਵਿਚ ਖ਼ੂਨ ਦੀ ਕਮੀ ਹੈ। 36 ਕਰੋੜ ਭਾਰਤੀ ਅੱਜ ਅਪਣੇ ਲਈ ਦੋ ਵੇਲੇ ਦਾ ਖਾਣਾ ਖ਼ਰੀਦ ਸਕਣ ਦੀ ਹੈਸੀਅਤ ਨਹੀਂ ਰਖਦੇ। ਆਮ ਭਾਰਤੀ ਸਿਹਤਮੰਦ ਜ਼ਿੰਦਗੀ ਦੀ ਔਸਤ ਉਮੀਦ 59.3 ਸਾਲ ਹੈ ਜੋ ਕਿ ਨੇਪਾਲ, ਕੰਬੋਡੀਆ ਅਤੇ ਰਵਾਂਡਾ ਤੋਂ ਵੀ ਘੱਟ ਹੈ।

ਗ਼ਰੀਬੀ ਦੇ ਸੂਚਕ ਅੰਕ ਅਨੁਸਾਰ, ਵਿਸ਼ਵ ਬੈਂਕ ਭਾਰਤ ਨੂੰ ਨਿਕਾਰਾਗੁਆ ਅਤੇ ਹੋਂਡਰਾਸ ਨਾਲ ਜੋੜਦਾ ਹੈ। ਇਹ ਗ਼ਰੀਬੀ ਨਾਲ ਭਰੇ ਦੇਸ਼ ਹਨ ਜੋ ਅਪਣੇ ਆਪ ਨੂੰ ਦੁਨੀਆਂ ਦੀ ਮਹਾਂਸ਼ਕਤੀ ਵਾਂਗ ਨਹੀਂ ਵੇਖਦੇ। ਜਿਹੜੇ ਦੇਸ਼ ਅਪਣੇ ਨਾਗਰਿਕਾਂ ਦਾ ਖ਼ਿਆਲ ਰੱਖਣ ਵਿਚ ਸਫ਼ਲ ਹੋਏ ਹਨ, ਉਹ ਉਹੀ ਹਨ ਜਿਨ੍ਹਾਂ ਨੇ ਅਪਣੇ ਅਰਥਚਾਰੇ ਨੂੰ ਤੰਦਰੁਸਤ ਬਣਾਇਆ ਅਤੇ ਅਪਣਾ ਧਿਆਨ ਸਿਖਿਆ, ਸਿਹਤ ਅਤੇ ਸਫ਼ਾਈ ਵਲ ਦਿਤਾ।

ਨੇਪਾਲ ਨੇ ਮਾਵਾਂ ਦੀ ਸਿਹਤ, ਘਰ ਦੀ ਆਮਦਨ ਵਧਾਉਣ ਅਤੇ ਸਿਹਤ ਉਤੇ ਖ਼ਾਸ ਧਿਆਨ ਦੇ ਕੇ ਅਪਣੇ ਦੇਸ਼ ਵਿਚੋਂ ਭੁਖਮਰੀ ਹਟਾਈ। ਸਾਡੇ ਦੇਸ਼ ਵਿਚ ਅੰਨ ਦੀ ਬਰਬਾਦੀ, ਖੇਤ 'ਚੋਂ ਚੁਕਣ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਸ ਦੇਸ਼ ਵਿਚ ਚੂਹੇ 31 ਹਜ਼ਾਰ ਕਰੋੜ ਦੀ ਫ਼ਸਲ ਸਿਰਫ਼ ਪੰਜਾਬ 'ਚ ਹੀ ਖਾ ਜਾਂਦੇ ਹਨ। ਲੱਖਾਂ ਟਨ ਅਨਾਜ ਗੋਦਾਮਾਂ ਵਿਚ ਸੜ ਕੇ ਬਰਬਾਦ ਹੁੰਦਾ ਹੈ।

ਸਿਖਿਆ, ਸਿਹਤ ਅਤੇ ਮਨਰੇਗਾ ਉਤੇ ਖ਼ਰਚਾ ਘਟਾਇਆ ਜਾ ਰਿਹਾ ਹੈ। ਅੱਜ ਸਰਕਾਰ ਹੀ ਵਿਦਿਆਰਥੀਆਂ ਦੀ ਸੱਭ ਤੋਂ ਵੱਡੀ ਦੁਸ਼ਮਣ ਹੈ। ਇਕ ਛੋਟੇ ਜਿਹੇ ਪਾਕਿਸਤਾਨ ਨੂੰ ਕੂਹਣੀਆਂ ਮਾਰ ਕੇ ਹੀ ਅਪਣੀ 56 ਇੰਚ ਦੀ ਛਾਤੀ ਫੁਲਾ ਦੇਂਦੀ ਹੈ। ਸਰਕਾਰ ਨੂੰ ਦੇਸ਼ ਦੀ ਹਕੀਕਤ ਸਮਝਦਿਆਂ, ਅਸਲ ਮੁੱਦਿਆਂ ਨਾਲ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ।  -ਨਿਮਰਤ ਕੌਰ