ਸ਼ੁਭਦੀਪ ਬੁੱਝ ਗਿਆ, ਹੋਰ ਬੱਚਿਆਂ ਦੀ ਕੁਰਬਾਨੀ ਦੇਣ ਦੀ ਸਾਡੀ ਤਾਕਤ ਵੀ ਖ਼ਤਮ ਹੋ ਰਹੀ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਸ ਤੋਂ ਵੱਡੀ ਸਜ਼ਾ ਰੱਬ ਕਿਸੇ ਇਨਸਾਨ ਨੂੰ ਨਹੀਂ ਦੇ ਸਕਦਾ ਕਿ ਉਨ੍ਹਾਂ ਨੂੰ ਅਪਣੇ ਸਾਹਮਣੇ ਅਪਣੇ ਬੱਚੇ ਦੀ ਦਰਦਨਾਕ ਮੌਤ ਵੇਖਣੀ ਪਵੇ

Sidhu Moose Wala

 

ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਉਤੇ ਹੋਏ ਘਾਤਕ ਹਮਲੇ ਤੋਂ ਬਾਅਦ ਦੀ ਪਹਿਲੀ ਤਸਵੀਰ ਵੀ ’84 ਦੇ ਸਿੱਖ ਕਤਲੇਆਮ, ਦਿੱਲੀ ਦੀ ਇਕ ਆਮ ਪ੍ਰਚਲਤ ਤਸਵੀਰ ਵਰਗੀ ਹੀ ਲਗਦੀ ਹੈ। ਪੱਗ ਲੱਥੀ ਹੋਈ, ਕੇਸ ਖੁਲ੍ਹੇ ਤੇ ਲਾਸ਼ ਖ਼ੂਨ ਨਾਲ ਲਥਪਥ। ਸਾਡੀਆਂ ਰੂਹਾਂ ਵੀ ਡਰ ਨਾਲ ਕੰਬ ਜਾਂਦੀਆਂ ਹਨ, ਇਸ ਡਰ ਨਾਲ ਕਿ ਇਕ ਹੋਰ ਨੌਜਵਾਨ ਮਾਂ-ਬਾਪ ਦੇ ਸਾਹਮਣੇ ਮਾਰਿਆ ਗਿਆ। ਇਸ ਤੋਂ ਵੱਡੀ ਸਜ਼ਾ ਰੱਬ ਕਿਸੇ ਇਨਸਾਨ ਨੂੰ ਨਹੀਂ ਦੇ ਸਕਦਾ ਕਿ ਉਨ੍ਹਾਂ ਨੂੰ ਅਪਣੇ ਸਾਹਮਣੇ ਅਪਣੇ ਬੱਚੇ ਦੀ ਦਰਦਨਾਕ ਮੌਤ ਵੇਖਣੀ ਪਵੇ ਤੇ ਉਹ ਕੋਹ ਕੋਹ ਕੇ ਮਾਰੇ ਜਾਂਦੇ ਬੱਚੇ ਨੂੰ ਬਚਾਉਣ ਲਈ ਕੁੱਝ ਵੀ ਨਾ ਕਰ ਸਕਣ।

ਪਰ ਦਿੱਲੀ ਨਸਲਕੁਸ਼ੀ ਦੇ ਪੀੜਤ ਮੁੰਡੇ ਤੇ ਮੂਸੇਵਾਲ ਦੀ ਮੌਤ ਵਿਚ ਵੱਡਾ ਫ਼ਰਕ ਹੈ। ਦਿੱਲੀ ਵਿਚ ਮਾਰਿਆ ਗਿਆ ਨੌਜਵਾਨ ਨਫ਼ਰਤ ਤੇ ਸਿਆਸਤ ਦੀ ਸੂਲੀ ਤੇ ਟੰਗਿਆ ਗਿਆ। ਪਰ ਮੂਸੇਵਾਲਾ ਨੇ ਮੌਤ ਨੂੰ ਲਲਕਾਰਿਆ ਸੀ। ਸਿੱਧੂ ਮੂਸੇਵਾਲਾ ਜਾਣਦਾ ਸੀ ਕਿ ਉਹ ਜੋ ਕੁੱਝ ਕਰ ਰਿਹਾ ਹੈ, ਉਸ ਤੋਂ ਉਸ ਨੂੰ ਖ਼ਤਰਾ ਉਪਜ ਸਕਦਾ ਹੈ। ਉਸ ਦਾ ਆਖ਼ਰੀ ਗੀਤ ‘ਲਾਸਟ ਰਾਈਡ’ ਇਕ ਚੁਨੌਤੀ ਵੀ ਸੀ ਤੇ ਸਿੱਧੂ ਦੀ ਅਪਣੀ ਮੌਤ ਦਾ ਅਜ਼ਲੀ ਐਲਾਨ ਵੀ ਸੀ। ‘ਜਵਾਨੀ ਵਿਚ ਮੇਰਾ ਜਨਾਜ਼ਾ ਨਿਕਲੇਗਾ’ ਉਸ ਨੇ ਅਪਣੇ ਗੀਤ ਵਿਚ ਇਹ ਗਾ ਕੇ ਆਪ ਦਸ ਦਿਤਾ ਸੀ ਕਿ ਉਹ ਜਾਣੀ ਪਹਿਚਾਣੀ ਕਿਸੇ ਵੱਡੀ ਤਾਕਤ ਨੂੰ ਚੁਨੌਤੀ ਦੇ ਰਿਹਾ ਸੀ।

ਉਸ ਤਾਕਤ ਬਾਰੇ ਗੱਲ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਨਾ ਚਾਹਾਂਗੀ। ਉਸ ਨਾਲ ਪਹਿਲੀ ਜਾਣ ਪਹਿਚਾਣ ਉਸ ਦੇ ਕੁੱਝ ਗੀਤਾਂ ਰਾਹੀਂ ਹੀ ਹੋਈ ਸੀ ਪਰ ਜਦ ਚੋਣਾਂ ਦੌਰਾਨ ਮਿਲਣ ਦਾ ਮੌਕਾ ਮਿਲਿਆ ਤਾਂ ਅਹਿਸਾਸ ਹੋਇਆ ਕਿ ਉਸ ਵਿਚ ਤੇ ਮੇਰੇ ਬੇਟੇ ਵਿਚ ਕੋਈ ਫ਼ਰਕ ਨਹੀਂ। ਇਸ ਆਧੁਨਿਕ ਦੁਨੀਆਂ ਵਿਚ ਮੂਸੇਵਾਲਾ ਇਕ ਸਿੱਧੇ ਸਾਦੇ ਹਮਦਰਦ ਦਿਲ ਦਾ ਮਾਲਕ ਸੀ ਜਿਸ ਨੂੰ ਛੋਟੀ ਉਮਰ ਵਿਚ ਵੱਡਾ ਪੈਸਾ ਤੇ ਵੱਡੀ ਸ਼ੋਹਰਤ ਮਿਲ ਗਈ ਸੀ। ਸਾਦਗੀ ਉਸ ਵਿਚ ਵੀ ਸੀ ਤੇ ਉਸ ਦੇ ਪ੍ਰਵਾਰ ਵਿਚ ਵੀ ਸੀ ਤੇ ਇਸ ਪੈਸੇ ਤੇ ਬਨਾਵਟ ਵਾਲੀ ਦੁਨੀਆਂ ਵਿਚ ਕੋਈ ਦਿਸ਼ਾ ਵਿਖਾਉਣ ਵਾਲਾ ਉਸ ਕੋਲ ਨਹੀਂ ਸੀ। ਪਰ ਉਸ ਕੋਲ ਅਪਣਾ ਦਿਲ ਸੀ ਤੇ ਸਿੱਖ ਸਿਧਾਂਤ ਸਨ ਜਿਨ੍ਹਾਂ ਤੇ ਚਲ ਕੇ ਉਹ ਅਪਣੇ ਆਪ ਨੂੰ ਰਾਹ ਵਿਖਾ ਰਿਹਾ ਸੀ।

ਉਹ ਨੌਜਵਾਨਾਂ ਦੀ ਬੋਲੀ ਬੋਲਦਾ ਸੀ ਪਰ ਉਨ੍ਹਾਂ ਨੂੰ ਗੁਮਰਾਹ ਕਰਨ ਵਾਲਾ ਨਹੀਂ ਸੀ। ਉਸ ਨੇ ਬੇਮਿਸਾਲ ਗੀਤ ਗਾਏ ਜਿਨ੍ਹਾਂ ਵਿਚ ਸਿਸਟਮ ਤੋਂ ਦੁਖੀ ਹੋ ਕੇ ਇਨਸਾਫ਼ ਨੂੰ ਅਪਣੇ ਹੱਥਾਂ ਵਿਚ ਲੈਣ ਦੀ ਗੱਲ ਵੀ  ਕੀਤੀ ਗਈ। ਉਸ ਨੇ ਧਾਰਾ 295-ਏ ਵਰਗੇ ਗੀਤ ਵੀ ਗਾਏ ਜਿਥੇ ਸਰਕਾਰ ਤੇ ਧਾਰਮਕ ਸੰਸਥਾਵਾਂ ਵਲੋਂ ਸੱਚ ਦੀ ਆਵਾਜ਼ ਬੰਦ ਕਰਨ ਦੀ ਗੱਲ ਵੀ ਚੁਕੀ। ਹਾਂ, ਉਹ ਬੰਦੂਕਾਂ, ਫ਼ੈਸ਼ਨ, ਗੱਡੀਆਂ ਦਾ ਸ਼ੌਕੀਨ ਸੀ ਜਿਵੇਂ ਅੱਜ ਦੇ ਸਾਰੇ ਨੌਜਵਾਨ ਹਨ। ਇਹੀ ਸਮਾਜਕ ਸਿਖਿਆ ਦਿਤੀ ਜਾ ਰਹੀ ਹੈ। ਪਰ ਉਸ ਦਾ ਦਿਲ ਬੜਾ ਕੋਮਲ ਸੀ।

ਉਸ ਨਾਲ ਜਦ ਗੱਲਾਂ ਕਰਨ ਦਾ ਮੌਕਾ ਮਿਲਿਆ, ਉਸ ਦੇ ਪਿਆਰ ਦੀ ਕਹਾਣੀ ਸੁਣੀ, ਉਸ ਦੇ ਛੋਟੇ ਵੱਡੇ ਸੁਪਨੇ ਸੁਣੇ ਤਾਂ ਉਸ ਨਾਲ ਇਕ ਹਮਦਰਦੀ ਭਰੀ ਸਾਂਝ ਬਣ ਗਈ ਸੀ। ਅੱਜ ਸਾਨੂੰ ਉਸ ਦੇ ਕਤਲ ਦਾ ਪਤਾ ਲੱਗਾ ਤਾਂ ਇਕ ਪਲ ਲਈ ਵੀ ਇਹ ਨਹੀਂ ਮਹਿਸੂਸ ਹੋਇਆ ਕਿ ਉਸ ਨੇ ਕੁੱਝ ਗ਼ਲਤ ਵੀ ਕੀਤਾ ਹੋਵੇਗਾ। 
ਉਸ ਦੀ ਮੌਤ ਤੋਂ ਬਾਅਦ ਹੁਣ ਸਰਕਾਰਾਂ ਨੂੰ ਇਹ ਕਹਿਣਾ ਬਣਦਾ ਹੈ ਕਿ ਅਪਣੇ ਸਿਸਟਮ ਦੀਆਂ ਗ਼ਲਤੀਆਂ ਨੂੰ ਤੇਜ਼ੀ ਨਾਲ ਫੜੋ। ਅਪਣੇ ਆਪ ਨੂੰ ਪੁੱਛੋ ਕਿ ਤੁਹਾਨੂੰ ਵਾਰ ਵਾਰ ਅਜਿਹੇ ਹਮਲਿਆਂ ਤੇ ਗਰੋਹਾਂ ਦੇ ਹਮਲਿਆਂ ਦੀ ਅਗਾਊਂ ਜਾਣਕਾਰੀ ਕਿਉਂ ਨਹੀਂ ਹੁੰਦੀ? ਤੁਹਾਡੀਆਂ ਕਮਜ਼ੋਰੀਆਂ ਦੀ ਵੇਦੀ ਤੇ ਕੁਰਬਾਨ ਕੀਤੇ ਜਾਣ ਵਾਲੇ ਸਾਡੇ ਕੋਲ ਹੋਰ ਬੱਚੇ ਨਹੀਂ ਰਹੇ। ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਵੀ ਸਾਡੇ ਬੱਚੇ ਹਨ ਪਰ ਇਨ੍ਹਾਂ ਦੀਆਂ ਬੰਦੂਕਾਂ ਦੀ ਪਿਆਸ ਬੁਝਾਉਣ ਲਈ ਸਾਡੇ ਕੋਲ ਕੁਰਬਾਨੀ ਲਈ ਪੇਸ਼ ਕੀਤੇ ਜਾ ਸਕਣ ਵਾਲੇ ਬੱਚੇ ਨਹੀਂ ਰਹੇ। ਅੱਜ ਸਾਨੂੰ ਅਪਣੇ ਅੰਦਰ ਵਧਦੇ ਡਰ ਨੂੰ ਟਟੋਲ ਕੇ ਸੱਚਾਈ ਨੂੰ ਸਮਝਣ ਦਾ ਯਤਨ ਕਰਨ ਦੀ ਲੋੜ ਹੈ।                                 ਚਲਦਾ