ਸੰਪਾਦਕੀ: ਗੋਆ ਵਿਚ ਬੱਚੀਆਂ ਨਾਲ ਬਲਾਤਕਾਰ ਅਤੇ ਮੁੱਖ ਮੰਤਰੀ ਦੀ ਨਸੀਹਤ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਸੁਪਨਾ ਹੈ ਕਿ ਇਕ ਦਿਨ ਐਸਾ ਸਮਾਜ ਹੋਵੇਗਾ ਜਿਥੇ ਔਰਤ ਸੁਰੱਖਿਅਤ ਹੋਵੇਗੀ ਅਤੇ ਭਾਵੇਂ ਰਾਤ ਹੋਵੇ ਜਾਂ ਦਿਨ ਕੋਈ ਫ਼ਰਕ ਨਹੀਂ ਪੈਣਾ, ਉਹ ਜਿਥੇ ਮਰਜ਼ੀ ਚਾਹੇ ਜਾ ਸਕਦੀ ਹੈ।

Goa chief minister Pramod Sawant

ਗੋਆ ਵਿਚ 14 ਸਾਲ ਦੀਆਂ 2 ਬੱਚੀਆਂ ਸਾਰੀ ਰਾਤ ਸਮੁੰਦਰ ਕਿਨਾਰੇ ਅਪਣੇ ਦੋਸਤਾਂ ਨਾਲ ਰਹੀਆਂ ਅਤੇ ਉਨ੍ਹਾਂ ਦਾ ਬਲਾਤਕਾਰ ਹੋ ਗਿਆ। ਇਸ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਜਦ ਗੋਆ ਦੇ ਮੁੱਖ ਮੰਤਰੀ ਨੇ ਆਖਿਆ ਕਿ ਕਿਹੋ ਜਹੇ ਮਾਪੇ ਹਨ ਜਿਹੜੇ ਅਪਣੀਆਂ 14 ਸਾਲ ਦੀਆਂ ਨਾਬਾਲਗ਼ ਬੱਚੀਆਂ ਨੂੰ ਪੂਰੀ ਰਾਤ ਬਾਹਰ ਰਹਿਣ ਦਿੰਦੇ ਹਨ?

ਇਸ ਗੱਲ ਦਾ ਵਿਰੋਧ ਕਰਦਿਆਂ ਗੁੱਸੇ ਵਿਚ ਆਏ ਲੋਕਾਂ ਨੇ ਆਖਿਆ ਕਿ ਅਜਿਹੀ ਘਟਨਾ ਲਈ ਮਾਪੇ ਨਹੀਂ ਬਲਕਿ ਸੂਬਾ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸੂਬੇ ਦੀਆਂ ਬੇਟੀਆਂ ਨੂੰ ਸੁਰੱਖਿਆ ਦੇਵੇ। ਵਿਰੋਧ ਕਰਦੀਆਂ ਆਵਾਜ਼ਾਂ ਨਾਲ ਦਿਲ ਤਾਂ ਸਹਿਮਤ ਲਗਦਾ ਹੈ ਕਿ ਇਕ ਅਜਿਹਾ ਸਵਰਗ ਵਰਗਾ ਸਮਾਜ ਹੋਵੇ ਜਿਥੇ ਹਰ ਪਲ ਤੇ ਹਰ ਥਾਂ ਸੁਰੱਖਿਆ ਹੋਵੇ। ਪਰ ਫਿਰ ਦਿਮਾਗ਼ ਵਿਚ ਅਸਲੀਅਤ ਵੀ ਨਮੂਦਾਰ ਹੋਣ ਲਗਦੀ ਹੈ।

ਅਸਲੀਅਤ ਤਾਂ ਇਹ ਹੈ ਕਿ ਅਸੀ ਸਵਰਗ ਵਿਚ ਨਹੀਂ ਰਹਿੰਦੇ ਅਤੇ ਇਸ ਦੀ ਅਜੋਕੇ ਦੌਰ ਵਿਚ ਉਮੀਦ ਕਰਨੀ ਵੀ ਬੇਵਕੂਫ਼ੀ ਹੈ। ਇਹ ਇਕ ਸੁਪਨਾ ਹੈ ਕਿ ਇਕ ਦਿਨ ਐਸਾ ਸਮਾਜ ਹੋਵੇਗਾ ਜਿਥੇ ਔਰਤ ਸੁਰੱਖਿਅਤ ਹੋਵੇਗੀ ਅਤੇ ਫਿਰ ਭਾਵੇਂ ਰਾਤ ਹੋਵੇ ਜਾਂ ਦਿਨ ਕੋਈ ਫ਼ਰਕ ਨਹੀਂ ਪੈਣਾ, ਉਹ ਜਿਥੇ ਮਰਜ਼ੀ ਚਾਹੇ ਜਾ ਸਕਦੀ ਹੈ। ਪਰ ਅਜਿਹਾ ਸਵਰਗ ਬਣਾਉਣ ਲਈ ਕਾਫ਼ੀ ਕੰਮ ਕਰਨ ਦੀ ਲੋੜ ਹੈ।

ਇਸ ਵਾਸਤੇ ਸਾਨੂੰ ਅਪਣੀਆਂ ਬੇਟੀਆਂ ਲਈ ਫ਼ਜ਼ੂਲ ਦੇ ਖ਼ਤਰੇ ਲੈਣ ਦੀ ਜ਼ਰੂਰਤ ਨਹੀਂ। ਇਕ ਗੱਲ ਤਾਂ ਸਾਫ਼ ਹੈ ਕਿ ਇਸ ਬਲਾਤਕਾਰ ਦਾ ਸੱਭ ਤੋਂ ਵੱਡਾ ਦਰਦ ਇਨ੍ਹਾਂ ਬੱਚੀਆਂ ਨੂੰ ਹੀ ਭੁਗਤਣਾ ਪਵੇਗਾ ਤੇ ਸ਼ਾਇਦ ਸਾਰੀ ਉਮਰ ਉਹ ਇਸ ਦਰਦ ਨੂੰ ਅਪਣੇ ਜ਼ਿਹਨ ਵਿਚ ਰੱਖਣਗੀਆਂ। ਔਰਤਾਂ, ਬੱਚੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਉਸ ਸਵਰਗ ਦੇ ਹਕੀਕਤ ਬਣਨ ਤਕ ਅਪਣੀ ਸੁਰੱਖਿਆ ਦੀ ਜ਼ਿੰੇਮਵਾਰੀ ਖੁਦ ਲੈਣੀ ਹੋਵੇਗੀ। ਕਪੜਿਆਂ ਵਿਚ ਜਾਂ ਰਾਤ ਨੂੰ ਬਾਹਰ ਜਾਣਾ ਗ਼ਲਤੀ ਨਹੀਂ ਪਰ ਆਸ-ਪਾਸ ਭਟਕਦੇ ਹੈਵਾਨਾਂ ਨੂੰ ਨਾ ਪਹਿਚਾਣਨਾ ਲੜਕੀਆਂ ਨੂੰ ਹੀ ਮਹਿੰਗਾ ਪਵੇਗਾ।                - ਨਿਮਰਤ ਕੌਰ