ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਪਾਕਿਸਤਾਨ, ਭਾਰਤ ਨਾਲੋਂ ਜ਼ਿਆਦਾ ਕਾਮਯਾਬ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹੁਣ ਜਦ ਕੋਰੋਨਾ ਦੇ ਟੀਕਿਆਂ ਦੀ ਘਾਟ ਆ ਰਹੀ ਹੈ ਤਾਂ ਵੀ ਅਮਰੀਕਾ ਭਾਰਤ ਦੀ ਮਦਦ ਕਰਨ ਲਈ ਨਹੀਂ ਬਹੁੜਿਆ।

Why is Pakistan more successful in Afghanistan than India?

ਅਮਰੀਕੀ ਸਕੱਤਰ ਬਲਿੰਕਨ ਵਲੋਂ ਪਾਕਿਸਤਾਨ ਦੌਰੇ ਦੌਰਾਨ ਭਾਰਤ ਨੂੰ ਅਹਿਮੀਅਤ ਤਾਂ ਦਿਤੀ ਗਈ ਪਰ ਭਾਰਤੀ ਜ਼ਮੀਨ ’ਤੇ ਵਿਚਰਦਿਆਂ ਉਨ੍ਹਾਂ ਨੇ ਦਲਾਈ ਲਾਮਾ ਨਾਲ ਮੁਲਾਕਾਤ ਕਰ ਕੇ ਚੀਨ ਨੂੰ ਵੀ ਨਾਰਾਜ਼ ਕਰ ਲਿਆ ਅਤੇ ਨਾਲ ਹੀ ਆਖ ਦਿਤਾ ਕਿ ਪਾਕਿਸਤਾਨ ਦਾ ਕਿਰਦਾਰ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਲਈ ਭਰੋਸੇਮੰਦ ਹੈ। ਪਾਕਿਸਤਾਨ ਤਾਲਿਬਾਨ ਨਾਲ ਕੁੱਝ ਬੁਨਿਆਦੀ ਗੱਲਾਂ ਤੋਂ ਸਹਿਮਤ ਵੀ ਹੈ ਅਤੇ ਤਾਲਿਬਾਨ ਤੇ ਚੀਨ ਵਿਚਕਾਰ ਤਾਲਮੇਲ ਵੀ ਵਧਾ ਰਿਹਾ ਹੈ।

ਭਾਰਤ ਦੂਜੇ ਪਾਸੇ ਅਫ਼ਗਾਨਿਸਤਾਨ ਵਿਚ ਸ਼ਾਂਤੀ ਲਈ ਤਾਲਿਬਾਨ ਤੇ ਪਾਕਿਸਤਾਨ ਦੀ ਵਿਰੋਧਤਾ ਕਰਦਾ ਹੈ ਪਰ ਭਾਰਤ ਨੇ 3 ਬਿਲੀਅਨ ਡਾਲਰ ਦਾ ਨਿਵੇਸ਼ ਅਫ਼ਗ਼ਾਨਿਸਤਾਨ ਵਿਚ ਕੀਤਾ ਹੋਇਆ ਹੈ ਜਿਸ ਕਾਰਨ ਉਸ ਨੂੰ ਅਫ਼ਗ਼ਾਨਿਸਤਾਨ ਨਾਲ ਚੰਗੇ ਸਬੰਧ ਵੀ ਚਾਹੀਦੇ ਹਨ। ਅਮਰੀਕਾ ਦੇ ਅਫ਼ਗ਼ਾਨਿਸਤਾਨ ਵਿਚੋਂ ਨਿਕਲਣ ਤੋਂ ਬਾਅਦ ਵੀ ਅਫ਼ਗਾਨਿਸਤਾਨ ਦੇ ਗੁਆਂਢੀ ਮੁਲਕਾਂ ਰਾਹੀਂ ਦਖ਼ਲਅੰਦਾਜ਼ੀ ਜਾਰੀ ਰੱਖ ਰਿਹਾ ਹੈ। ਕੀ ਅਜੇ ਵੀ ਅਮਰੀਕਾ ਸਬਕ ਨਹੀਂ ਸਿਖਿਆ?

ਉਨ੍ਹਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਨਾਲ ਹੀ ਉਹ ਦੇਸ਼ ਅੱਜ ਜੰਗ ਦਾ ਅਖਾੜਾ ਬਣ ਚੁੱਕਾ ਹੈ। ਪਰ ਭਾਰਤ ਇਸ ਤੋਂ ਵੀ ਇਹ ਨਹੀਂ ਸਿਖ ਰਿਹਾ ਕਿ ਅਮਰੀਕਾ ਦਾ ਇਕੋ ਹੀ ਏਜੰਡਾ ਹੈ। ਉਹ ਹੈ ‘ਅਮਰੀਕਾ ਦੀ ਚੜ੍ਹਤ’। ਉਸ ਦੇ ਰਸਤੇ ਵਿਚ ਆਉਂਦਾ ਕੋਈ ਵੀ ਦੇਸ਼ ਉਨ੍ਹਾਂ ਲਈ ਇਕ ਪੌੜੀ ਦਾ ਕੰਮ ਕਰਦਾ ਹੈ। ਅਮਰੀਕਾ ਚੀਨ ਨੂੰ ਰੋਕਣ ਲਈ ਭਾਰਤ ਦਾ ਇਸਤੇਮਾਲ ਕਰ ਰਿਹਾ ਹੈ ਪਰ ਫਿਰ ਵੀ ਭਾਰਤ-ਪਾਕਿ ਵਿਚਕਾਰ ਸ਼ਾਂਤੀ ਨਹੀਂ ਕਰਵਾ ਸਕਦਾ। ਪਿਛਲੇ ਕੁੱਝ ਸਾਲਾਂ ਵਿਚ ਅਸੀ ਅਪਣੇ ਪ੍ਰਧਾਨ ਮੰਤਰੀਆਂ ਨੂੰ ਅਮਰੀਕੀ ਰਾਸ਼ਟਰਪਤੀਆਂ ਨਾਲ ਨੇੜਤਾ ਬਣਾਉਂਦੇ ਤਾਂ ਵੇਖਿਆ ਹੈ ਪਰ ਭਾਰਤ ਨੂੰ ਮਿਲਿਆ ਕੀ?

ਸਗੋਂ ਭਾਰਤ ਨੇ ਅਪਣੇ ਛੋਟੇ ਜਹੇ ਖਜ਼ਾਨੇ ਵਿਚੋਂ ਅਮਰੀਕਾ ਨੂੰ ਇਕ ਵੱਡਾ ਡਿਫ਼ੈਂਸ ਆਰਡਰ ਦੇ ਦਿਤਾ ਸੀ। ਹੁਣ ਜਦ ਕੋਰੋਨਾ ਦੇ ਟੀਕਿਆਂ ਦੀ ਘਾਟ ਆ ਰਹੀ ਹੈ ਤਾਂ ਵੀ ਅਮਰੀਕਾ ਭਾਰਤ ਦੀ ਮਦਦ ਕਰਨ ਲਈ ਨਹੀਂ ਬਹੁੜਿਆ। ਇਸ ਦਾ ਕਾਰਨ ਇਹ ਹੈ ਕਿ ਭਾਰਤ ਅਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਰਿਸ਼ਤੇ ਨਹੀਂ ਬਣਾ ਰਿਹਾ ਤੇ ਚੀਨ ਦੀ ਸਰਦਾਰੀ ਤੋਂ ਘਬਰਾ ਕੇ ਉਹ ਅਮਰੀਕਾ ਦੇ ਹੇਠ ਲੱਗ ਗਿਆ ਹੈ। ਇਸ ਤੋਂ ਬੇਹਤਰ ਕੂਟਨੀਤੀ ਪਾਕਿਸਤਾਨ ਦੀ ਰਹੀ ਹੈ ਜਿਸ ਦਾ ਸਾਡੇ ਨਾਲ ਰਿਸ਼ਤਾ ਠੀਕ ਨਹੀਂ ਪਰ ਅਮਰੀਕਾ ਤੇ ਚੀਨ ਦੋਵੇਂ ਹੀ ਉਸ ਤੇ ਭਰੋਸਾ  ਕਰਦੇ ਹਨ। ਭਾਰਤ ਨੂੰ ਅਪਣੀ ਕੂਟਨੀਤੀ ਵਿਚ ਸੋਚ ਵਿਚਾਰ ਕੇ ਸੁਧਾਰ ਲਿਆਉਣ ਦੀ ਸਖ਼ਤ ਲੋੜ ਹੈ।    - ਨਿਮਰਤ ਕੌਰ