ਬਿਨਾਂ ਮਾਸਕ ਦੇ ਜ਼ਿੰਦਗੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਨਸਾਨੀ ਸੁਭਾਅ ਹੈ, ਉਸ ਨੂੰ ਮੌਜੂਦਾ ਸਥਿਤੀ ਪਸੰਦ ਨਹੀਂ ਆਉਂਦੀ। ਅੱਜ ਜਦੋਂ ਅਸੀ ਮਾਸਕ ਦੇ ਗ਼ੁਲਾਮ ਹੋ ਗਏ ਹਾਂ........

mask

ਇਨਸਾਨੀ ਸੁਭਾਅ ਹੈ, ਉਸ ਨੂੰ ਮੌਜੂਦਾ ਸਥਿਤੀ ਪਸੰਦ ਨਹੀਂ ਆਉਂਦੀ। ਅੱਜ ਜਦੋਂ ਅਸੀ ਮਾਸਕ ਦੇ ਗ਼ੁਲਾਮ ਹੋ ਗਏ ਹਾਂ, ਸਾਨੂੰ ਪੁਰਾਣੀ ਬਿਨਾਂ ਮਾਸਕ ਵਾਲੀ ਜ਼ਿੰਦਗੀ ਬੜੀ ਯਾਦ ਆਉਂਦੀ ਹੈ। ਬੰਦੇ ਤਾਂ ਸਿਰਫ਼ ਇਸ ਗੱਲੋਂ ਜ਼ਿਆਦਾ ਨਾਰਾਜ਼ ਹਨ ਕਿ ਹੁਣ ਦੂਰ ਦੀਆਂ ਯਾਤਰਾਵਾਂ ਰੁਕ ਗਈਆਂ ਹਨ।

ਪਰ ਕੁੜੀਆਂ ਤੇ ਔਰਤਾਂ ਨੂੰ ਮੁੱਖ ਨਾਰਾਜ਼ਗੀ ਇਹ ਹੈ ਕਿ ਉਹ ਤਿੱਖੇ ਨੱਕ, ਲਿਪਸਟਿਕ ਲਾਈਆਂ ਫੁੱਲਾਂ ਵਰਗੀਆਂ ਬੁੱਲ੍ਹਾਂ ਦੀਆਂ ਪੰਖੜੀਆਂ ਵਿਖਾਉਣ ਤੋਂ ਅਸਮਰਥ ਹਨ, ਜਿਵੇਂ ਇਕ ਗੀਤ ਹੈ :

'ਜਬ ਤਕ ਨਾ ਪੜੇ ਆਸ਼ਿਕ ਕੀ ਨਜ਼ਰ,
ਸ਼ਿੰਗਾਰ ਅਧੂਰਾ ਰਹਿਤਾ ਹੈ।

ਰੈਸਟੋਰੈਂਟਾਂ ਵਿਚ ਜਾ ਕੇ ਅੱਧਾ ਘੰਟਾ ਮੈਨਿਊ ਪੜ੍ਹ ਕੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਆਰਡਰ ਕਰਨੇ ਤੇ ਹੁਣ ਰਸੋਈ ਵਿਚ ਅਪਣਿਆਂ ਨੂੰ ਵਰਤਾਉਣਾ। ਹੋਰ ਤਾਂ ਹੋਰ, ਰਾਸ਼ਨ ਲਿਆਉਣ ਲੱਗੇ ਇੰਜ ਲਗਦਾ ਹੈ, ਜਿਵੇਂ ਨਸ਼ੇ ਦੀ ਖੇਪ ਕੋਈ ਸਮਗਲਰ ਦੇ ਰਿਹਾ ਹੋਵੇ।

ਦੁਕਾਨਦਾਰ ਤੋਂ ਡਰ, ਨਾਲ ਖੜੇ ਗ੍ਰਾਹਕ ਤੋਂ ਡਰ, ਗੱਡੀ ਵਿਚ ਰੱਖਣ ਲੱਗੇ ਮੁੰਡੂ ਤੋਂ ਡਰ, ਮੰਗਤੇ ਵੇਖ ਕੇ ਲੋਕ ਸ਼ੀਸ਼ੇ ਭੱਜ-ਭੱਜ ਚੁਕਦੇ ਹਨ। ਅਰਬਪਤੀਆਂ ਨੇ ਹੀਰਿਆਂ ਵਾਲੇ ਮਾਸਕ ਬਣਵਾਏ ਹਨ। ਇਹ ਇਉਂ ਹੈ ਜਿਵੇਂ ਪ੍ਰੋ. ਮੋਹਨ ਸਿੰਘ ਦੀ ਕਵਿਤਾ ਵਾਲਾ ਤੋਤਾ ਅਪਣੇ ਮਾਲਕ ਤੋਂ ਸੋਨੇ ਦਾ ਪਿੰਜਰਾ ਬਣਵਾ ਲਵੇ।

ਬਾਲੀਵੁਡ ਦੇ ਅਸ਼ਲੀਲ ਗੀਤ ਸੱਭ ਝੂਠੇ ਪੈ ਗਏ ਹਨ, 'ਆਉ ਜੱਫੀਆਂ ਪੱਪੀਆਂ ਪਾ ਲੇਂ ਹਮ...' 10 ਰੁਪਏ ਦਾ ਮਾਸਕ ਹਜ਼ਾਰਾਂ ਦੇ ਸੂਟ ਦੀ ਟੌਹਰ ਉਡਾ ਦਿੰਦਾ ਹੈ ਪਰ ਇਹ ਬੇਸ਼ਕੀਮਤੀ ਅਮੁਲ ਜ਼ਿੰਦਗੀ ਵੀ ਤਾਂ ਬਚਾਉਂਦਾ ਹੈ। ਕੀ ਸਾਨੂੰ ਬਿਨਾਂ ਮਾਸਕ ਦੀ ਜ਼ਿੰਦਗੀ ਦੁਬਾਰਾ ਮਿਲੇਗੀ?
-ਸੁੱਖਪ੍ਰੀਤ ਸਿੰਘ ਆਰਟਿਸਟ, ਸੰਪਰਕ : 0161-2774789